ਕੌਣ ਸੀ ਅਲ-ਜ਼ਵਾਹਿਰੀ ਜਿਸ ਨੂੰ ਕਾਬੁਲ ’ਚ ਘਰ ਦੀ ਬਾਲਕਨੀ ’ਚ ਅਮਰੀਕਾ ਨੇ ਮਾਰਨ ਦਾ ਦਾਅਵਾ ਕੀਤਾ

    • ਲੇਖਕ, ਰੌਬਰਟ ਪਲਮਰ
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਅਲ-ਕਾਇਦਾ ਦੇ ਆਗੂ ਆਇਮਨ ਅਲ- ਜ਼ਵਾਹਿਰੀ ਨੂੰ ਮਾਰ ਦਿੱਤਾ ਹੈ।

ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਲ-ਜ਼ਵਾਹਰੀ ਨੂੰ ਮਾਰਿਆ।

ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਅਲ-ਜ਼ਵਾਹਰੀ ਅਮਰੀਕੀ ਨਾਗਰਿਕਾਂ ਦੇ ਖ਼ਿਲਾਫ਼ ਹੱਤਿਆ ਅਤੇ ਹਿੰਸਾ ਦਾ ਦੋਸ਼ੀ ਸੀ।

ਉਨ੍ਹਾਂ ਨੇ ਆਖਿਆ,"ਹੁਣ ਇਨਸਾਫ ਹੋ ਗਿਆ ਹੈ ਅਤੇ ਇਹ ਦਹਿਸ਼ਤਗਰਦ ਆਗੂ ਨਹੀਂ ਰਿਹਾ।"

ਬਾਇਡਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਇਸ ਹਮਲੇ ਦੀ ਇਜਾਜ਼ਤ ਦਿੱਤੀ ਗਈ ਸੀ।

ਅਧਿਕਾਰੀਆਂ ਵੱਲੋਂ ਆਖਿਆ ਗਿਆ ਹੈ ਕਿ ਅਲ-ਜ਼ਵਾਹਿਰੀ ਇੱਕ ਸੁਰੱਖਿਅਤ ਘਰ ਦੀ ਬਾਲਕੋਨੀ ਵਿੱਚ ਮੌਜੂਦ ਸੀ ਜਦੋਂ ਡਰੋਨ ਹਮਲੇ ਰਾਹੀਂ ਉਸ ’ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ।

ਇਸ ਦੌਰਾਨ ਉਸ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਪਰ ਇਸ ਹਮਲੇ ਵਿੱਚ ਕੇਵਲ ਅਲ-ਜ਼ਵਾਹਰੀ ਦੀ ਹੀ ਮੌਤ ਹੋਈ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਮੁਤਾਬਕ ਅਲ-ਜ਼ਵਾਹਿਰੀ ਹੋਰ ਵੀ ਕਈ ਹਿੰਸਕ ਹਮਲਿਆਂ ਦਾ ਮਾਸਟਰਮਾਈਂਡ ਸੀ ਜਿਨ੍ਹਾਂ ਵਿੱਚ 2000 ਵਿੱਚ ਅਮਰੀਕੀ ਨੇਵੀ ਉੱਪਰ ਹੋਏ ਹਮਲੇ ਸ਼ਾਮਿਲ ਹਨ। ਇਸ ਹਮਲੇ ਵਿਚ 17 ਅਮਰੀਕੀ ਨਾਵਿਕਾਂ ਦੀ ਮੌਤ ਹੋਈ ਸੀ।

ਉਨ੍ਹਾਂ ਨੇ ਆਖਿਆ,"ਭਾਵੇਂ ਤੁਸੀਂ ਜਿੱਥੇ ਮਰਜ਼ੀ ਲੁਕ ਜਾਵੋ ਅਤੇ ਜਿੰਨਾ ਮਰਜ਼ੀ ਲੰਬਾ ਸਮਾਂ ਲੱਗੇ,ਜੇ ਤੁਸੀਂ ਅਮਰੀਕਾ ਦੇ ਲੋਕਾਂ ਲਈ ਖਤਰਾ ਹੋ ਅਸੀਂ ਤੁਹਾਨੂੰ ਲੱਭਾਂਗੇ ਅਤੇ ਖ਼ਤਮ ਕਰਾਂਗੇ।"

ਤਾਲਿਬਾਨ ਨੇ ਹਮਲੇ ਨੂੰ ਦੱਸਿਆ ਗ਼ਲਤ

ਉਧਰ ਤਾਲਿਬਾਨ ਦੇ ਬੁਲਾਰੇ ਨੇ ਅਮਰੀਕਾ ਦੀ ਇਸ ਗਤੀਵਿਧੀ ਨੂੰ ਅੰਤਰਰਾਸ਼ਟਰੀ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ।

ਤਾਲਿਬਾਨੀ ਬੁਲਾਰੇ ਨੇ ਆਖਿਆ," ਅਜਿਹੀਆਂ ਗਤੀਵਿਧੀਆਂ ਪਿਛਲੇ 20 ਸਾਲਾਂ ਦੇ ਅਸਫ਼ਲ ਤਜਰਬਿਆਂ ਨੂੰ ਦਰਸਾਉਂਦੀਆਂ ਹਨ ਅਤੇ ਇਹ ਅਮਰੀਕਾ,ਅਫਗਾਨਿਸਤਾਨ ਅਤੇ ਇਸ ਇਲਾਕੇ ਦੇ ਲਈ ਠੀਕ ਨਹੀਂ ਹੈ।"

ਉੱਧਰ ਅਮਰੀਕੀ ਅਧਿਕਾਰੀਆਂ ਨੇ ਆਖਿਆ ਕਿ ਇਹ ਅਪਰੇਸ਼ਨ ਪੂਰੀ ਤਰ੍ਹਾਂ ਕਾਨੂੰਨੀ ਸੀ।

ਇਹ ਗਤੀਵਿਧੀ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਤੋਂ ਵਾਪਸੀ ਦੇ ਤਕਰੀਬਨ ਇੱਕ ਸਾਲ ਬਾਅਦ ਹੋਈ ਹੈ।

ਅੱਖਾਂ ਦੀ ਡਾਕਟਰ ਤੋਂ ਅਮਰੀਕਾ ਉੱਪਰ ਹਮਲੇ ਤੱਕ ਦਾ ਸਫ਼ਰ

ਅਲ ਜ਼ਵਾਹਿਰੀ ਪੇਸ਼ੇ ਤੋਂ ਅੱਖਾਂ ਦੇ ਸਰਜਨ ਸਨ ਅਤੇ ਉਨ੍ਹਾਂ ਨੇ ਮਿਸਰ ਵਿੱਚ ਇਸਲਾਮਿਕ ਜਹਾਦ ਮਿਲੀਟੈਂਟ ਸਮੂਹ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਸੀ।2011 ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਉਹ ਅਲ-ਕਾਇਦਾ ਦੇ ਮੁਖੀ ਬਣੇ।

ਇਸ ਤੋਂ ਪਹਿਲਾਂ ਅਕਸਰ ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਦੇ ਨਜ਼ਦੀਕੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ ਅਤੇ ਅਲਕਾਇਦਾ ਦੀ ਵਿਚਾਰਧਾਰਾ ਪਿੱਛੇ ਉਨ੍ਹਾਂ ਦਾ ਵੱਡਾ ਹੱਥ ਮੰਨਿਆ ਜਾਂਦਾ ਸੀ।

ਇਹ ਵੀ ਪੜ੍ਹੋ:

ਕੁਝ ਮਾਹਿਰਾਂ ਮੁਤਾਬਕ ਅਮਰੀਕਾ ਉੱਪਰ 9/11 ਦੇ ਹਮਲਿਆਂ ਪਿੱਛੇ ਵੀ ਉਨ੍ਹਾਂ ਦਾ 'ਦਿਮਾਗ' ਮੰਨਿਆ ਜਾਂਦਾ ਹੈ।

80 ਦੇ ਦਹਾਕੇ ਦੌਰਾਨ ਉਨ੍ਹਾਂ ਨੂੰ ਜੇਲ੍ਹ ਵੀ ਹੋਈ ਸੀ ਅਤੇ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਮਿਸਰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਹਿੰਸਕ ਜਿਹਾਦੀ ਮੁਹਿੰਮਾਂ ਵਿੱਚ ਹਿੱਸਾ ਲਿਆ।

ਅਫ਼ਗਾਨਿਸਤਾਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਨਾਲ ਹੱਥ ਮਿਲਾਇਆ ਅਤੇ ਮੰਨਿਆ ਜਾਂਦਾ ਹੈ ਕਿ ਦੋਹਾਂ ਨੇ ਮਿਲ ਕੇ ਅਮਰੀਕਾ ਉੱਪਰ ਸਤੰਬਰ 2011 ਦੇ ਹਮਲੇ ਕੀਤੇ।

ਓਸਾਮਾ ਬਿਨ ਲਾਦੇਨ ਨੂੰ ਲੱਭਣ ਅਤੇ ਮਾਰਨ ਵਿੱਚ ਅਮਰੀਕਾ ਨੂੰ ਤਕਰੀਬਨ ਇੱਕ ਦਹਾਕੇ ਦਾ ਸਮਾਂ ਲੱਗਿਆ।ਇਸ ਤੋਂ ਬਾਅਦ ਅਲ ਜਵਾਹਰੀ ਅਲ-ਕਾਇਦਾ ਦੇ ਮੁਖੀ ਬਣੇ।

ਅਮਰੀਕਾ ਵੱਲੋਂ ਉਨ੍ਹਾਂ ਦੀ ਮੌਤ ਨੂੰ ਜਿੱਤ ਦੇ ਤੌਰ ਤੇ ਵੇਖਿਆ ਜਾਵੇਗਾ ਪਰ ਪਿਛਲੇ ਸਾਲ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਅਲ-ਜ਼ਵਾਹਿਰੀ ਇਸਲਾਮਿਕ ਸਟੇਟ ਵਰਗੇ ਨਵੇਂ ਸਮੂਹਾਂ ਤੋਂ ਦੂਰ ਹੀ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਅਲ-ਕਾਇਦਾ ਦਾ ਨਵਾਂ ਆਗੂ ਉੱਭਰੇਗਾ ਪਰ ਸ਼ਾਇਦ ਇਸ ਦੇ ਪਹਿਲਾਂ ਰਹੇ ਆਗੂ ਓਸਾਮਾ ਬਿਨ ਲਾਦੇਨ,ਅਲ- ਜ਼ਵਾਹਿਰੀ ਜਿਨ੍ਹਾਂ ਦਬਦਬਾ ਨਾ ਹੋਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)