ਕੀ ਆਰਥਿਕ ਮੰਦੀ ਆ ਕੇ ਹੀ ਰਹੇਗੀ, ਅਰਥ ਸ਼ਾਸਤਰੀਆਂ ਦੇ ਹਵਾਲੇ ਨਾਲ ਸਮਝੋ

    • ਲੇਖਕ, ਅਤਾਹੋਲਪਾ ਅਮੇਰੀਜ਼
    • ਰੋਲ, ਬੀਬੀਸੀ ਮੁੰਡੋ

ਅਜਿਹੇ ਅਰਥ ਸ਼ਾਸਤਰੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ, ਜੋ ਕਿ ਉਸ 'ਭੂਤ' ਨੂੰ ਆਉਂਦਾ ਦੇਖ ਰਹੇ ਹਨ, ਜਿਸ ਨੂੰ ਸਾਰੀ ਦੁਨੀਆਂ ਮੰਦੀ ਕਹਿੰਦੀ ਹੈ।

ਅਰਥਵਿਵਸਥਾ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਦਿੱਤੇ ਗਏ ਆਰਥਿਕ ਪੈਕੇਜ ਦੇ ਨਾਮ ਉੱਪਰ ਵਧੇਰੇ ਖਰਚ, ਚੀਨ ਵੱਲੋਂ ਦੁਨੀਆ ਨੂੰ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਦੀ ਸਪਲਾਈ ਚੇਨ ਵਿੱਚ ਰੁਕਾਵਟ, ਯੂਕਰੇਨ 'ਤੇ ਰੂਸ ਦਾ ਹਮਲਾ ਅਤੇ ਹੋਰ ਦੂਜੇ ਕਾਰਨਾਂ ਨੇ ਮਹਿੰਗਾਈ ਨੂੰ ਉਸ ਪੱਧਰ 'ਤੇ ਧੱਕ ਦਿੱਤਾ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਵੇਖੀ ਗਈ ਸੀ।

ਇਸ ਨੂੰ ਰੋਕਣ ਲਈ ਕੇਂਦਰੀ ਬੈਂਕਾਂ ਨੂੰ ਵਿਆਜ ਦਰਾਂ ਵਧਾਉਣ ਵਰਗੇ ਕਦਮ ਮਜਬੂਰੀ ਵਿੱਚ ਚੁੱਕਣੇ ਪਏ ਹਨ। ਦੂਜੇ ਪਾਸੇ ਦੁਨੀਆ ਂਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਉਦਾਹਰਣ ਦੇ ਤੌਰ 'ਤੇ ਅਮਰੀਕਾ ਸਮੇਤ ਹੋਰ ਸੂਚਕ ਅੰਕ ਦੇਖੇ ਜਾ ਸਕਦੇ ਹਨ, ਇੱਥੇ ਲੰਬੇ ਸਮੇਂ ਤੋਂ ਗਿਰਾਵਟ ਦਾ ਸਿਲਸਿਲਾ ਜਾਰੀ ਹੈ, ਅਜਿਹਾ ਲੱਗਦਾ ਹੈ ਕਿ ਜਿਵੇਂ ਨਿਵੇਸ਼ਕਾਂ ਦਾ ਭਰੋਸਾ ਹੀ ਖ਼ਤਮ ਹੋ ਗਿਆ ਹੋਵੇ।

ਅਜਿਹੀ ਸਥਿਤੀ ਵਿੱਚ ਜੋ ਚੀਜ਼ ਸਾਡੀ ਉਡੀਕ ਕਰਦੀ ਨਜ਼ਰ ਆ ਰਹੀ ਹੈ, ਉਹ ਹੈ ਮੰਦੀ। ਮੰਦੀ ਦਾ ਅਰਥ ਹੈ ਆਰਥਿਕ ਗਤੀਵਿਧੀਆਂ ਵਿੱਚ ਕਮੀ ਆ ਜਾਣਾ ਅਤੇ ਜਿਸ ਦਾ ਨਤੀਜਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਨਕਾਰਾਤਮਕ ਵਿਕਾਸ ਦਰ ਦੇ ਰੂਪ 'ਚ ਵੇਖਣ ਨੂੰ ਮਿਲਦਾ ਹੈ।

ਜੇ ਕਿਸੇ ਦੇਸ ਦੀ ਅਰਥਵਿਵਸਥਾ ਦੀ ਜੀਡੀਪੀ ਲਗਾਤਾਰ ਦੋ ਤਿਮਾਹੀਆਂ ਤੱਕ ਦਬਾਅ ਹੇਠ ਰਹਿੰਦੀ ਹੈ, ਤਾਂ ਇਸ ਨੂੰ 'ਤਕਨੀਕੀ ਮੰਦੀ' ਕਿਹਾ ਜਾਂਦਾ ਹੈ।

ਫਾਈਨੈਂਸ਼ੀਅਲ ਟਾਈਮਜ਼ ਅਤੇ ਯੂਨੀਵਰਸਿਟੀ ਆਫ਼ ਸ਼ਿਕਾਗੋ ਬੂਥ ਦੇ ਇੱਕ ਸਾਂਝੇ ਸਰਵੇਖਣ 'ਚ ਅਮਰੀਕਾ ਦੇ ਦਸ ਅਰਥਸ਼ਾਸਤਰੀਆਂ ਵਿੱਚੋਂ ਸੱਤ ਨੇ ਇਹ ਗੱਲ ਕਹੀ ਹੈ ਕਿ ਮੰਦੀ ਭਾਵੇਂ ਇਸ ਸਾਲ ਤਾ ਨਹੀਂ ਪਰ ਅਗਲੇ ਸਾਲ ਤਾਂ ਜ਼ਰੂਰ ਹੀ ਆਉਣ ਵਾਲੀ ਹੈ।

ਇਹ ਸਰਵੇਖਣ ਜੂਨ ਦੇ ਸ਼ੁਰੂ ਵਿੱਚ ਸ਼ੇਅਰ ਬਾਜ਼ਾਰਾਂ ਵਿੱਚ 'ਬਲੈਕ ਵੀਕ' ਅਤੇ ਵਿਆਜ ਦਰਾਂ ਵਿੱਚ ਵਾਧੇ ਦੇ ਫ਼ੈਸਲੇ ਤੋਂ ਪਹਿਲਾਂ ਹੋਇਆ ਸੀ। ਇਸ ਲਈ ਮੰਦੀ ਨੂੰ ਨਜ਼ਦੀਕ ਮਹਿਸੂਸ ਕਰਨ ਵਾਲੇ ਅਰਥ ਸ਼ਾਸਤਰੀਆਂ ਦਾ ਇਹ ਅਨੁਪਾਤ ਹੁਣ ਹੋਰ ਵੀ ਵੱਧ ਗਿਆ ਹੋਵੇਗਾ।

ਮੰਦੀ ਦੀ ਲਪੇਟ 'ਚ ਆਉਣ ਦੇ ਕਈ ਖਤਰਨਾਕ ਨਤੀਜੇ ਹੋ ਸਕਦੇ ਹਨ। ਨਿਵੇਸ਼ ਦਾ ਮਾਹੌਲ ਖਰਾਬ ਹੋ ਸਕਦਾ ਹੈ। ਖਪਤ ਅਤੇ ਲੈਣ-ਦੇਣ ਵਿੱਚ ਕਮੀ ਕਾਰਨ ਕੰਪਨੀਆਂ ਬੰਦ ਹੋਣ ਦੀ ਕਗਾਰ ਉੱਤੇ ਪਹੁੰਚ ਸਕਦੀਆਂ ਹਨ। ਨੌਕਰੀਆਂ ਘੱਟ ਜਾਣਗੀਆਂ, ਲੋਕ ਅਤੇ ਵਪਾਰਕ ਅਦਾਰੇ ਕਰਜ਼ੇ ਦੀ ਅਦਾਇਗੀ ਕਰਨ 'ਚ ਡਿਫਾਲਟ ਹੋਣੇ ਸ਼ੁਰੂ ਹੋ ਜਾਣਗੇ ਅਤੇ ਬਹੁਤ ਸਾਰੇ ਲੋਕ ਦੀਵਾਲੀਆ ਵੀ ਹੋ ਸਕਦੇ ਹਨ।

ਬੀਬੀਸੀ ਮੁੰਡੋ ਨੇ ਇਸ ਬਾਰੇ ਚਾਰ ਉੱਘੇ ਅਰਥ ਸ਼ਾਸਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਤੋਂ ਪੁੱਛਿਆ ਗਿਆ, ਕੀ ਉਹ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਅਤੇ ਦੁਨੀਆ ਦੀਆਂ ਦੂਜੀਆਂ ਅਰਥਵਿਵਸਥਾਵਾਂ ਵਿੱਚ ਅਸਲ ਵਿੱਚ ਮੰਦੀ ਦਾ ਕੋਈ ਖਤਰਾ ਮੰਡਰਾਉਂਦਾ ਵੇਖ ਰਹੇ ਹਨ।

'2023 'ਚ ਮੰਦੀ ਦਾ 65% ਡਰ'

ਡੇਵਿਡ ਵੇਸਲ ਵਾਸ਼ਿੰਗਟਨ ਡੀਸੀ ਵਿੱਚ ਬਰੁਕਿੰਗਜ਼ ਇੰਸਟੀਚਿਸ਼ਨ ਦੇ ਹੰਚਿਸ ਸੈਂਟਰ ਫ਼ਾਰ ਫਿਸਕਲ ਐਂਡ ਮੋਨੇਟਰੀ ਪਾਲਿਸੀ ਦੇ ਡਾਇਰੈਕਟਰ ਹਨ।

ਉਹ ਕਹਿੰਦੇ ਹਨ, "ਮੰਦੀ ਦੀ ਭਵਿੱਖਬਾਣੀ ਕਰਨਾ ਇੱਕ ਮੁਸ਼ਕਲ ਕੰਮ ਹੈ। ਮੰਦੀ ਆਮ ਤੌਰ 'ਤੇ ਅਜਿਹੀਆਂ ਸਥਿਤੀਆਂ ਵਿੱਚ ਆਉਂਦੀ ਹੈ, ਜਿਸ ਬਾਰੇ ਤੁਹਾਨੂੰ ਪਹਿਲਾਂ ਤੋਂ ਕੋਈ ਅੰਦਾਜ਼ਾ ਨਹੀਂ ਹੁੰਦਾ ਹੈ। ਕਈ ਵਾਰ ਜਦੋਂ ਆਰਥਿਕ ਮਾਹਰ ਇਹ ਗੱਲ ਪੂਰੇ ਭਰੋਸੇ ਨਾਲ ਕਹਿ ਰਹੇ ਹੁੰਦੇ ਹਨ ਮੰਦੀ ਆਉਣ ਵਾਲੀ ਹੈ , ਪਰ ਬਾਅਦ 'ਚ ਪਤਾ ਲੱਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ।"

ਵੇਸਲ ਅੱਗੇ ਕਹਿੰਦੇ ਹਨ, "ਹਾਲਾਂਕਿ ਮੈਂ 2023 ਵਿੱਚ ਅਮਰੀਕਾ ਵਿੱਚ ਮੰਦੀ ਦੀ ਠੋਸ ਸੰਭਾਵਨਾ ਦੇਖਦਾ ਹਾਂ। ਇਹ ਸੰਭਾਵਨਾ 65% ਤੱਕ ਹੈ। ਇਸ ਦੇ ਪਿੱਛੇ ਕਾਰਨ ਵੀ ਹੈ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇ ਪਾਵੇਲ ਤੋਂ ਪਹਿਲੇ ਦੇ ਚੇਅਰਮੈਨ ਮਹਿੰਗਾਈ ਦਰ ਨੂੰ ਘਟਾਉਣ ਅਤੇ ਉਸ ਨੂੰ ਕੰਟਰੋਲ ਕਰਨ ਵਿੱਚ ਸਫ਼ਲ ਰਹੇ ਸਨ। ਪਾਵੇਲ ਬਿਲਕੁੱਲ ਵੀ ਨਹੀਂ ਚਾਹੁਣਗੇ ਕਿ ਉਨ੍ਹਾਂ ਨੂੰ ਇਸ ਗੱਲ ਲਈ ਯਾਦ ਕੀਤਾ ਜਾਵੇ ਕਿ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਮੁਖੀਆਂ ਵੱਲੋਂ ਕੀਤੇ ਕੰਮ 'ਤੇ ਪਾਣੀ ਫੇਰ ਦਿੱਤਾ ਹੈ।"

ਉਨ੍ਹਾਂ ਦੇ ਅਨੁਸਾਰ, " ਫਿਲਹਾਲ ਫੈਡਰਲ ਰਿਜ਼ਰਵ ਨੂੰ ਮੰਗ ਨੂੰ ਹੌਲੀ ਰੱਖਣ, ਕੀਮਤਾਂ 'ਤੇ ਉਪਰਲਾ ਦਬਾਅ ਦੂਰ ਕਰਨ ਅਤੇ ਮਹਿੰਗਾਈ ਦੇ ਮਨੋਵਿਗਿਆਨ ਦੀ ਪਕੜ ਮਜ਼ਬੂਤ ਹੋਣ ਤੋਂ ਰੋਕਣ ਲਈ ਵਿਆਜ ਦਰਾਂ ਵਧਾਉਣ ਦੀ ਲੋੜ ਹੈ। ਹਾਲਾਂਕਿ ਵਿਆਜ ਦਰਾਂ ਵਧਾਉਣ ਜਾਂ ਉਨ੍ਹਾਂ ਨੂੰ ਕਾਇਮ ਰੱਖਣ ਵਰਗੇ ਮਾਮਲਿਆਂ ਵਿੱਚ ਫੈਡਰਲ ਨੂੰ ਹੋਰ ਵਧੇਰੇ ਮੁਸ਼ਕਲ ਫ਼ੈਸਲੇ ਲੈਣੇ ਪੈਣਗੇ, ਤਾਂ ਕਿ ਅਰਥ ਵਿਵਸਥਾ ਨੂੰ ਹੌਲੀ ਕਰਕੇ ਮਹਿੰਗਾਈ ਦਰ ਨੂੰ 2% ਦੇ ਟੀਚੇ ਤੋਂ ਘੱਟ ਕੀਤਾ ਜਾ ਸਕੇ।"

ਵੇਸਲ ਦੱਸਦੇ ਹਨ , "ਹਰੇਕ ਵਿਕਲਪ ਦੇ ਪੱਖ ਵਿੱਚ ਚੰਗੀਆਂ ਦਲੀਲਾਂ ਹੋ ਸਕਦੀਆਂ ਹਨ। ਮੈਨੂੰ ਉਮੀਦ ਹੈ ਕਿ ਪਵੇਲ ਦਰਾਂ ਨੂੰ ਸੌਖਾ ਕਰਨ ਦੀ ਬਜਾਏ ਕਸਣ ਦੀ ਗਲਤੀ ਕਰਨਗੇ, ਜਿਸ ਨਾਲ ਕਿ ਮੰਦੀ ਆਉਣ ਦੀ ਸੰਭਾਵਨਾ ਪੱਕੀ ਹੈ। ਹਾਲਾਂਕਿ ਇਹ ਇੱਕ ਮੱਧਮ ਮੰਦੀ ਹੋਵੇਗੀ। ਕਾਸ਼ ਮੈਂ ਗਲਤ ਸਾਬਤ ਹੋਵਾਂ। ਦੁਨੀਆਂ ਦੀਆਂ ਸਪਲਾਈ ਚੇਨਾਂ ਵਿੱਚ ਆਈਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ, ਕੋਰੋਨਾ ਦੇ ਕਾਰਨ ਪਏ ਮਾੜੇ ਅਸਰ ਦੂਰ ਹੋ ਜਾਵੇ ਅਤੇ ਨਾਲ ਹੀ ਸਾਨੂੰ ਅਤੇ ਫੈਡਰਲ ਦੋਵਾਂ ਨੂੰ ਥੋੜਾ ਕਿਸਮਤ ਦਾ ਵੀ ਸਾਥ ਮਿਲ ਜਾਵੇ।"

ਹਾਲਾਂਕਿ ਉਹ ਕਹਿੰਦੇ ਹਨ ਕਿ "ਪਰ ਮੈਨੂੰ ਨਹੀਂ ਲੱਗਦਾ ਕਿ ਅਜਿਹੀ ਖ਼ੁਸ਼ਕਿਸਮੀ ਦੀ ਕੋਈ ਗੁਜਾਇਸ਼ ਹੈ।"

'ਅਗਲੇ ਸਾਲ ਦੇ ਸ਼ੁਰੂ 'ਚ ਆ ਸਕਦੀ ਹੈ ਮੰਦੀ'

ਗੈਬਰੀਅਲ ਗੈਸਵੇ 'ਇੰਡੀਪੈਂਡੇਂਟ ਇੰਸਟੀਚਿਊਟ ਦੇ ਸੈਂਟਰ ਫ਼ਾਰ ਗਲੋਬਲ ਪ੍ਰੋਸਪੇਰੀਟੀ' 'ਚ ਰਿਸਰਚ ਐਸੋਸੀਏਟ ਅਤੇ Elindependent.org (ਓਕਲੈਂਡ, ਕੈਲੀਫੋਰਨੀਆ) ਦੇ ਡਾਇਰੈਕਟਰ ਹਨ।

ਗੈਸਵੇ ਕਹਿੰਦੇ ਹਨ, " ਮੈਂ ਇਹ ਕਹਿਣ ਦੀ ਹਿੰਮਤ ਰੱਖਦਾ ਹਾਂ ਕਿ ਸ਼ਾਇਦ 2023 ਦੇ ਸ਼ੁਰੂ 'ਚ ਅਸੀਂ ਯੂਰਪ ਅਤੇ ਅਮਰੀਕਾ ਦੋਵਾਂ ਥਾਵਾਂ 'ਤੇ ਇੱਕ ਅਹਿਮ ਮੰਦੀ ਦਾ ਸਾਹਮਣਾ ਕਰਾਂਗੇ। ਇਹ ਕੋਰੋਨਾ ਮਹਾਮਾਰੀ, ਸਪਾਲਈ ਚੇਨਾਂ 'ਚ ਆਈ ਰੁਕਾਵਟ, ਯੂਕਰੇਨ 'ਤੇ ਰੂਸੀ ਹਮਲੇ, ਭੋਜਨ ਦੀ ਕਮੀ ਜਾਂ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਨਹੀਂ ਆਵੇਗੀ, ਸਗੋਂ ਇਸ ਦਾ ਅਸਲ ਕਾਰਨ ਕੁਝ ਹੋਰ ਹੀ ਹੋਵੇਗਾ।"

ਉਨ੍ਹਾਂ ਦੇ ਅਨੁਸਾਰ, ਜੇਕਰ ਆਸਟ੍ਰੀਅਨ ਸਕੂਲ ਆਫ਼ ਇਕਨਾਮਿਕਸ ਦੀਆਂ ਸ਼ਰਤਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਵੱਲੋਂ ਪੈਸੇ ਦੀ ਤਰਲਤਾ ਵਿੱਚ ਕੀਤੇ ਗਏ ਵੱਡੇ ਵਾਧੇ ਕਾਰਨ ਪੈਦਾ ਹੋਏ ਬਣਾਵਟੀ ਉਛਾਲ ਨੂੰ ਲਗਾਮ ਲੱਗੇਗੀ ਅਤੇ ਡਿਪਰੈਸ਼ਨ ਸ਼ੁਰੂ ਹੋ ਜਾਵੇਗਾ।

ਗੈਸਵ ਅੱਗੇ ਦੱਸਦੇ ਹਨ, "ਫ਼ਿਲਹਾਲ ਉੱਤਰੀ ਅਰਧ ਗੋਲੇ ਵਿੱਚ ਗਰਮੀਆਂ ਰਹਿਣ ਅਤੇ ਸਾਲ ਦੇ ਅੰਤ ਵਿੱਚ ਤਿਉਹਾਰਾਂ ਦੇ ਕਰਕੇ, ਮੇਰਾ ਅੰਦਾਜ਼ਾ ਹੈ ਕਿ ਮੰਦੀ ਇੱਕ ਮੱਧਮ ਮਿਜ਼ਾਜ ਦੀ ਹੋਵੇਗੀ । ਇਸ ਦੌਰਾਨ ਲੋਕ ਘੁੰਮਣਗੇ, ਖਰਚ ਕਰਨਗੇ ਅਤੇ ਮਹਾਂਮਾਰੀ ਦੌਰਾਨ ਸਰਕਾਰਾਂ ਵੱਲੋਂ ਦਿੱਤੀਆਂ ਗਈਆਂ ਵਿੱਤੀ ਸਹਾਇਤਾ ਸਹੂਲਤਾਂ ਦਾ ਲਾਭ ਲੈਣਗੇ। ਪਰ ਮੌਜ਼ ਮਸਤੀ ਦਾ ਦੌਰ ਹਮੇਸ਼ਾ ਨਹੀਂ ਚਲਦਾ।"

ਉਹ ਅੱਗੇ ਕਹਿੰਦੇ ਹਨ, "ਕਦੇ ਨਾ ਕਦੇ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਹੋ ਜਾਣਗੀਆਂ, ਚੀਜ਼ਾਂ ਆਮ ਵਾਂਗ ਹੋ ਜਾਣਗੀਆਂ ਅਤੇ ਕਈ ਅਰਥ ਸ਼ਾਸਤਰੀ ਉਸ ਆਮ ਸਥਿਤੀ ਨੂੰ ਮੰਦੀ ਦਾ ਨਾਮ ਦਿੰਦੇ ਹਨ। ਇਹ ਵੀ ਸੱਚ ਹੈ ਕਿ ਹੁਣ ਅਮਰੀਕਾ ਦੇ ਕਰਜ਼ ਬਾਂਡਾਂ ਦਾ ਰਿਟਰਨ ਵੱਧ ਰਿਹਾ ਹੈ, ਜਿਸ ਨਾਲ ਅੰਤਰਰਾਸ਼ਟਰੀ ਪੂੰਜੀ ਦੀ ਅਮਰੀਕਾ ਵੱਲ ਪਰਤਣ ਦੀ ਖਿੱਚ ਵਧੇਗੀ।"

"ਇਸ ਲਈ ਇਹ ਵੇਖਣਾ ਜ਼ਰੂਰੀ ਹੋਵੇਗਾ ਕਿ ਦੁਨੀਆ ਤੋਂ ਕਿੰਨੀ ਪੂੰਜੀ ਅਮਰੀਕਾ ਵਾਪਸ ਆਉਂਦੀ ਹੈ। ਇਸ ਦੇ ਨਾਲ ਹੀ ਡਾਲਰ ਕਿੰਨਾ ਮਜ਼ਬੂਤ ਹੁੰਦਾ ਹੈ ਅਤੇ ਦੂਜੇ ਦੇਸ਼ਾਂ ਦੀਆਂ ਮੁਦਰਾਵਾਂ 'ਚ ਕਿੰਨੀ ਗਿਰਾਵਟ ਵੇਖਣ ਨੂੰ ਮਿਲਦੀ ਹੈ, ਇਸ ਸਭ 'ਤੇ ਵੀ ਨਜ਼ਰ ਬਣੀ ਰਹੇਗੀ। ਇੰਨ੍ਹਾਂ ਸਭ ਦਾ ਆਰਥਿਕਤਾ 'ਤੇ ਕੀ ਅਸਰ ਪੈਂਦਾ ਹੈ।"

'ਇਸ ਸਾਲ ਦੇ ਅੰਤ ਤੱਕ ਆ ਸਕਦੀ ਹੈ ਮੰਦੀ'

ਲਿੰਡਸੇ ਪਿਏਗਜ਼ਾ ਸ਼ਿਕਾਗੋ ਦੇ ਸਟੀਫੇਲ ਫਾਈਨੈਂਸ਼ੀਅਲ ਦੇ ਸੀਈਓ ਅਤੇ ਪ੍ਰਮੁੱਖ ਅਰਥ ਸ਼ਾਸਤਰੀ ਹਨ।

ਪਿਏਗਜ਼ਾ ਦੱਸਦੇ ਹਨ , "ਫੈਡਰਲ ਰਿਜ਼ਰਵ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਆਪਣੇ ਸੰਕਲਪ ਨੂੰ ਨਵਾਂ ਅਤੇ ਮਜ਼ਬੂਤ ਬਣਾਇਆ ਹੈ। ਜੂਨ 'ਚ ਵਿਆਜ ਦਰਾਂ 'ਚ 0.75% ਦਾ ਵਾਧਾ ਕੀਤਾ ਗਿਆ ਸੀ ਅਤੇ ਜੁਲਾਈ 'ਚ ਫਿਰ ਤੋਂ 0.75% ਦੇ ਵਾਧੇ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।”

“ਹਾਲਾਂਕਿ , ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਫੈਡਰਲ ਰਿਜ਼ਰਵ ਮੰਦੀ ਲਿਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਪਰ ਹੁਣ ਜੋ ਕੁਝ ਹੋ ਰਿਹਾ ਹੈ, ਉਸ ਨਾਲ ਸ਼ਾਇਦ ਇਸ ਸਾਲ ਦੇ ਅੰਤ ਤੱਕ ਨਕਾਰਾਤਮਕ ਵਿਕਾਸ ਦਰ ਜਾਂ ਸਟੈਗਫਲੇਸ਼ਨ ਭਾਵ ਇਕੋ ਸਮੇਂ ਮੰਦੀ ਅਤੇ ਮਹਿੰਗਾਈ ਆ ਸਕਦੀ ਹੈ।"

"ਸਪਲਾਈ ਚੇਨ ਵਿੱਚ ਰੁਕਾਵਟ ਪੈਣ ਅਤੇ ਜੰਗ ਦੇ ਜਾਰੀ ਰਹਿਣ ਦੇ ਕਾਰਨ ਲੋਕ ਅਜੇ ਵੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਜਦੋਂ ਫੈਡਰਲ ਰਿਜ਼ਰਵ ਤਕਰੀਬਨ 4% ਦੀ ਤਜਵੀਜ਼ਸ਼ੁਦਾ ਜਾਂ ਉਸ ਤੋਂ ਵੀ ਵੱਧ ਤੇਜ਼ੀ ਨਾਲ ਦਰਾਂ ਵਧਾ ਰਿਹਾ ਹੈ, ਤਾਂ ਇਸ ਨਾਲ ਅਰਥਵਿਵਸਥਾ ਦੇ ਕਮਜ਼ੋਰ ਹੋਣ ਦਾ ਖਤਰਾ ਹੈ।"

ਉਨ੍ਹਾਂ ਦੇ ਅਨੁਸਾਰ, "ਵਿਆਜ ਦਰ ਵਧਾਉਣ ਦੀ ਰਣਨੀਤੀ ਦਾ ਇੱਕ ਆਮ ਆਦਮੀ ਅਤੇ ਅਮਰੀਕੀ ਅਰਥਚਾਰੇ 'ਤੇ ਕਿਤੇ ਵਧੇਰੇ ਪ੍ਰਭਾਵ ਪਵੇਗਾ। ਪੂੰਜੀ ਦੇ ਮਹਿੰਗਾ ਹੋਣ ਦੇ ਨਾਲ ਖਪਤ ਅਤੇ ਨਿਵੇਸ਼ ਦੋਵੇਂ ਘੱਟ ਜਾਂਦੇ ਹਨ ਅਤੇ ਇਸ ਨਾਲ ਮੰਗ ਵੀ ਘਟਦੀ ਹੈ। ਅਜਿਹਾ ਪਹਿਲਾਂ ਹੀ ਹੋ ਚੁੱਕਿਆ ਹੈ ਅਤੇ ਚੀਜ਼ਾਂ ਦੀ ਵਿਕਰੀ ਘਟਦੀ ਹੋਈ ਨਜ਼ਰ ਆ ਰਹੀ ਹੈ। ਪਰ ਕੋਰੋਨਾ ਜਾਂ ਯੂਕਰੇਨ ਜੰਗ ਦੇ ਚੱਲਦਿਆਂ ਸਪਲਾਈ ਦੇ ਖੇਤਰ ਵਿੱਚ ਆਈ ਖੜੋਤ ਨੂੰ ਸ਼ਾਇਦ ਹੀ ਦੂਰ ਕੀਤਾ ਜਾ ਸਕੇ।"

'ਨਹੀਂ ਆਵੇਗੀ ਮੰਦੀ'

ਐਂਡਰੇਸ ਮੋਰੇਨ ਜਾਰਾਮਿਲੋ ਅਰਥ ਸ਼ਾਸਤਰੀ ਹੋਣ ਦੇ ਨਾਲ-ਨਾਲ ਇੱਕ ਸੁਤੰਤਰ ਵਿੱਤੀ ਸਲਾਹਕਾਰ ਅਤੇ ਸ਼ੇਅਰ ਬਾਜ਼ਾਰ ਦੇ ਵਿਸ਼ਲੇਸ਼ਕ (ਬੋਗੋਟਾ) ਵੀ ਹਨ।

ਉਨ੍ਹਾਂ ਦਾ ਕਹਿਣਾ ਹੈ, "ਕਈ ਅਰਥਸ਼ਾ ਸਤਰੀਆਂ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਘਟਦੀ ਵਿਕਾਸ ਦਰ ਦੇ ਦੌਰ ਵਿੱਚੋਂ ਲੰਘਦੇ ਹੋਏ ਅਸੀਂ ਮੰਦੀ ਦੇ ਦੌਰ ਦਾ ਸਾਹਮਣਾ ਕਰ ਰਹੇ ਹਾਂ। ਪਰ ਵਿਆਜ ਦਰ ਵਧਣ ਦੇ ਕਾਰਨ ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਹੁਣ ਇਹ ਚੱਕਰ ਉਲਟਾ ਘੁੰਮਣ ਵਾਲਾ ਹੈ। ਬੇਸ਼ੱਕ ਅਜਿਹਾ ਹੋ ਸਕਦਾ ਹੈ, ਪਰ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਵੀ ਦੁਨੀਆ ਦੀ ਭੂ-ਰਾਜਨੀਤੀ ਇਸ ਹੱਦ ਤੱਕ ਨਹੀਂ ਵਿਗੜੀ ਹੈ ਕਿ ਮੰਦੀ ਹੀ ਆ ਜਾਵੇ।"

ਉਹ ਅੱਗੇ ਕਹਿੰਦੇ ਹਨ, "ਅਜੇ ਤੱਕ ਇਸ ਦਾ ਪਤਾ ਨਹੀਂ ਹੈ। ਅਮਰੀਕਾ ਨੇ ਆਪਣੀਆਂ ਵਿਆਜ ਦਰਾਂ ਨੂੰ ਵਧਾਉਣ 'ਚ ਕਾਫ਼ੀ ਸਮਾਂ ਲਿਆ ਹੈ, ਤਾਂ ਜੋ ਮੰਦੀ ਨਾ ਆਵੇ। ਅਜਿਹੇ ਸਮੇਂ 'ਚ ਜਦੋਂ ਮਹਿੰਗਾਈ ਬਹੁਤ ਜ਼ਿਆਦਾ ਹੁੰਦੀ ਹੈ , ਤਾਂ ਉੱਚੀਆਂ ਵਿਆਜ ਦਰਾਂ ਛੋਟੀ ਮੰਦੀ ਦਾ ਕਾਰਨ ਬਣ ਸਕਦੀਆਂ ਹਨ।

ਉਨ੍ਹਾਂ ਅਨੁਸਾਰ, "ਜੇਕਰ ਅਜਿਹਾ ਹੋਣਾ ਹੈ ਤਾਂ ਇਸ ਦਾ ਅਸਰ ਬਹੁਤ ਘੱਟ ਹੋਵੇਗਾ। ਮੈਨੂੰ ਲੱਗਦਾ ਹੈ ਕਿ ਸਰਕਾਰ ਮੰਦੀ ਨੂੰ ਆਉਣ ਤੋਂ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗੀ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਜਾਂ ਭੂ-ਰਾਜਨੀਤੀ ਹੈ, ਜੋ ਕਿ ਅਰਥਚਾਰੇ ਦਾ ਪੂਰਾ ਨਜ਼ਰੀਆ ਹੀ ਬਦਲ ਸਕਦੀਆਂ ਹਨ। ਇਸ ਲਈ ਸਾਨੂੰ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ।”

“ਦੁਨੀਆਂ ਦੀ ਆਰਥਿਕਤਾ ਇੱਕ ਚੱਕਰ ਵਿੱਚ ਚਲਦੀ ਹੈ। ਵਿਆਜ ਦਰਾਂ ਅਤੇ ਆਰਥਿਕ ਮੰਦੀ, ਦੋਵੇਂ ਹੀ ਉਸ ਚੱਕਰ ਦਾ ਇੱਕ ਹਿੱਸਾ ਹਨ, ਜੋ ਕਿ ਉਥਲ-ਪੁਥਲ ਰਹਿਣ ਤੱਕ ਗੰਭੀਰ ਰਹਿੰਦੀਆਂ ਹਨ। ਫਿਲਹਾਲ ਅਜੇ ਤੱਕ ਕੋਈ ਗੜਬੜ ਹੁੰਦੀ ਨਜ਼ਰ ਨਹੀਂ ਆ ਰਹੀ ਹੈ।"

"ਇੰਨ੍ਹਾਂ ਗੱਲਾਂ ਨੂੰ ਤੈਅ ਕਰਨ ਲਈ ਹੀ ਕੇਂਦਰੀ ਬੈਂਕ ਅਤੇ ਆਰਥਿਕ ਨੀਤੀ ਹੁੰਦੀ ਹੈ, ਤਾਂ ਜੋ ਉਨ੍ਹਾਂ ਚੱਕਰਾਂ ਨੂੰ ਮੁਕੰਮਲ ਕੀਤਾ ਜਾ ਸਕੇ ਅਤੇ ਆਰਥਵਿਵਸਥਾ ਇੰਨੀ ਤੇਜ਼ੀ ਨਾਲ ਨਾ ਵਧੇ ਕਿ ਉਸ ਨਾਲ ਮਹਿੰਗਾਈ ਬਹੁਤ ਵੱਧ ਜਾਵੇ ਅਤੇ ਨਾ ਹੀ ਅਰਥਵਿਵਸਥਾ 'ਚ ਇੰਨ੍ਹੀ ਗਿਰਾਵਟ ਆਵੇ ਕਿ ਇਸ ਨਾਲ ਬੇਰੁਜ਼ਗਾਰੀ, ਤਣਾਅ, ਡਿਪਰੈਸ਼ਨ ਅਤੇ ਹੋਰ ਚੀਜ਼ਾਂ ਪੈਦਾ ਹੋਣ ਜਾਣ।"

ਉਨ੍ਹਾਂ ਅਨੁਸਾਰ, "ਅਸੀਂ ਹਾਲ ਵਿੱਚ ਹੀ ਕੋਰੋਨਾ ਦਾ ਜੋ ਬੁਰਾ ਪ੍ਰਭਾਵ ਵੇਖਿਆ ਹੈ, ਉਹ ਦੁਨੀਆ ਲਈ ਬਿਲਕੁਲ ਨਵਾਂ ਸੀ। ਇਸ ਦੇ ਕਾਰਨ ਲਗਭਗ ਪੂਰੀ ਦੁਨੀਆ ਨੇ ਨਕਾਰਾਤਮਕ ਵਿਕਾਸ ਦਰ ਨੂੰ ਝੱਲਿਆ ਹੈ ਅਤੇ ਉਸ ਤੋਂ ਬਾਅਦ ਜੋ ਸੁਧਾਰ ਹੋ ਰਹੇ ਹਨ, ਉਸ ਨਾਲ ਕੁਝ ਉਥਲ-ਪੁਥਲ ਹੈ। ਪਰ ਇਹ ਬਹੁਤ ਜ਼ਿਆਦਾ ਵੀ ਨਹੀਂ ਹੈ। "

ਜਾਰਾਮਿਲੋ ਦਾ ਮੰਨਣਾ ਹੈ, "ਮੈਨੂੰ ਲੱਗਦਾ ਹੈ ਕਿ ਹੁਣ ਸਭ ਤੋਂ ਬੁਰਾ ਸਮਾਂ ਖਤਮ ਹੋ ਗਿਆ ਹੈ। ਦੂਜੇ ਦੇਸ਼ਾਂ ਵਾਂਗ ਹੀ ਹੁਣ ਅਮਰੀਕਾ ਵੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ । ਅਤੇ ਮਹਿੰਗਾਈ 'ਤੇ ਕਾਬੂ ਪਾਉਣ ਦੇ ਕਾਰਨ ਅਰਥਵਿਵਸਥਾ ਥੋੜ੍ਹੀ ਹੌਲੀ ਹੋ ਗਈ ਹੈ। ਹੋ ਸਕਦਾ ਹੈ ਕਿ ਇਹ ਨਕਾਰਾਤਮਕ ਵੀ ਹੋ ਜਾਵੇ, ਪਰ ਇਹ ਇੰਨੀ ਵੀ ਮਾੜੀ ਗੱਲ ਨਹੀਂ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)