ਹਰੇ ਇਨਕਲਾਬ ਤੋਂ ਬਾਅਦ ਕਿਵੇਂ ਸਾਡਾ ਖਾਣਾ ਪੋਸ਼ਕਹੀਣ ਹੋ ਗਿਆ ਤੇ ਕੀ ਹੈ ਇਸ ਸਮੱਸਿਆ ਦਾ ਹੱਲ

ਤਸਵੀਰ ਸਰੋਤ, fcafotodigital/getty images
- ਲੇਖਕ, ਰਸ਼ੈਲ ਲੋਵੈਲ
- ਰੋਲ, .
ਅਨਾਜ ਅਤੇ ਫ਼ਲ-ਸਬਜ਼ੀਆਂ ਪਹਿਲਾਂ ਨਾਲੋਂ ਵੱਡੀਆਂ ਰਸੀਲੀਆਂ ਅਤੇ ਸੁਆਦੀ ਜ਼ਰੂਰ ਹੋਈਆਂ ਹਨ, ਪਰ ਇਨ੍ਹਾਂ ਵਿੱਚ ਪੋਸ਼ਕ ਤੱਤਾਂ ਦੀ ਮਿਕਦਾਰ ਲਗਾਤਾਰ ਘਟੀ ਹੈ।
ਕਦੇ ਕਿਹਾ ਜਾਂਦਾ ਸੀ ਕਿ ਦਿਨ ਦਾ ਇੱਕ ਸੇਬ ਡਾਕਟਰ ਨੂੰ ਤੁਹਾਡੇ ਤੋਂ ਦੂਰ ਰੱਖਣ ਲਈ ਕਾਫ਼ੀ ਹੈ। ਹੁਣ ਜੋ ਸੇਬ ਅਸੀਂ ਖਾ ਰਹੇ ਹਾਂ ਉਹ ਦੇਖਣ ਨੂੰ ਤਾਂ ਸੇਬ ਵਰਗਾ ਹੈ, ਸੁਆਦ ਵੀ ਸੇਬ ਵਰਗਾ ਹੈ ਪਰ ਕੀ ਇਹ ਓਨਾ ਹੀ ਪੌਸ਼ਟਿਕ ਹੈ, ਜਿੰਨਾ ਕਦੇ ਹੋਇਆ ਕਰਦਾ ਸੀ।
ਪਾਲਕ ਤੋਂ ਲੈ ਕੇ ਕਈ ਹੋਰ ਮਸ਼ਹੂਰ ਸਬਜ਼ੀਆਂ ਵਿੱਚ ਪੋਸ਼ਕ ਤੱਤਾਂ ਵਿੱਚ 1950 ਦੇ ਮੁਕਾਬਲੇ ਬਹੁਤ ਜ਼ਿਆਦਾ ਕਮੀ ਆਈ ਹੈ।
ਸਾਲ 2004 ਦੇ ਅਮਰੀਕਾ ਵਿੱਚ 43 ਸਬਜ਼ੀਆਂ ਉੱਪਰ ਕੀਤੇ ਗਏ ਇੱਕ ਅਧਿਐਨ ਮੁਤਾਬਕ ਵੀਹਵੀਂ ਸਦੀ ਦੇ ਅੱਧ ਦੇ ਮੁਕਾਬਲੇ ਪੋਸ਼ਕ ਤੱਤਾਂ ਵਿੱਚ 38% ਦੀ ਕਮੀ ਆਈ ਹੈ।
ਕੈਲਸ਼ੀਅਮ 16%, ਲੋਹਾ 15% ਅਤੇ ਫਾਸਫੋਰਸ ਵਿੱਚ 9% ਦੀ ਕਮੀ ਹੈ। ਇਸੇ ਤਰ੍ਹਾਂ ਵਿਟਾਮਿਨਾਂ- ਰਿਬੋਫਲੇਵਿਨ ਅਤੇ ਅਸੌਰਬਿਕ ਐਸਿਡ ਦੋਵਾਂ ਵਿੱਚ ਵਰਨਣਯੋਗ ਗਿਰਾਵਟ ਆਈ ਹੈ। ਪ੍ਰੋਟੀਨ ਵਿੱਚ ਵੀ ਕੁਝ ਕਮੀ ਆਈ ਹੈ।
ਕਣਕ ਵਿੱਚ ਪਾਏ ਜਾਂਦੇ ਪੋਸ਼ਕ ਤੱਤਾਂ ਵਿੱਚ ਵੀ ਗਿਰਾਵਟ ਦਾ ਕੁਝ ਅਜਿਹਾ ਹੀ ਰੁਝਾਨ ਦੇਖਿਆ ਗਿਆ ਹੈ।ਇਸ ਲੇਖ ਵਿੱਚ ਇਸੇ ਦੀ ਚਰਚਾ ਕੀਤੀ ਗਈ ਹੈ।
ਹਰਾ ਇਨਕਲਾਬ: ਝਾੜ ਵਧਿਆ ਪਰ ਪੋਸ਼ਣ ਘਟਿਆ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਮੂਹਰੇ ਖੜ੍ਹੇ ਖੁਰਾਕ ਦੇ ਸੰਕਟ ਨਾਲ ਸਿੱਝਣ ਲਈ ਖੇਤੀ ਵਿਗਿਆਨੀਆਂ ਨੇ ਫ਼ਸਲਾਂ ਨੂੰ ਉੱਨਤ ਕਰਨਾ ਸ਼ੁਰੂ ਕੀਤਾ।
ਫ਼ਸਲਾਂ ਦੀਆਂ ਕਈ ਨਵੀਂਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ। ਖਾਦਾਂ, ਕੀੜੇਮਾਰ ਅਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਝਾੜ ਵਧਾਉਣ ਲਈ ਕੀਤੀ ਜਾਣ ਲੱਗੀ।
ਇਸ ਦੇ ਨਾਲ ਹੀ ਸਿੰਚਾਈ ਦੀਆਂ ਸਹੂਲਤਾਂ ਵਿੱਚ ਵੀ ਸੁਧਾਰ ਹੋਇਆ ਅਤੇ ਖੇਤੀਬਾੜੀ ਦੀ ਮੀਂਹ ਅਤੇ ਵਰਖਾ ਉੱਪਰ ਨਿਰਭਰਤਾ ਘੱਟ ਗਈ।

- ਅਨਾਜ ਅਤੇ ਫ਼ਲ-ਸਬਜ਼ੀਆਂ ਪਹਿਲਾਂ ਨਾਲੋਂ ਵੱਡੀਆਂ ਰਸੀਲੀਆਂ ਅਤੇ ਸੁਆਦੀ ਜ਼ਰੂਰ ਹੋਈਆਂ ਹਨ ਪਰ ਇਨ੍ਹਾਂ ਵਿੱਚ ਪੋਸ਼ਕ ਤੱਤਾਂ ਦੀ ਮਿਕਦਾਰ ਲਗਾਤਾਰ ਘਟੀ ਹੈ।
- ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਮੂਹਰੇ ਖੜ੍ਹੇ ਖੁਰਾਕ ਦੇ ਸੰਕਟ ਖੜ੍ਹਾ ਸੀ।
- ਹਰੇ ਇਨਕਲਾਬ ਸਦਕਾ ਫ਼ਸਲਾਂ ਦਾ ਝਾੜ ਵਧਾਉਣ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਢਿੱਡ ਭਰਿਆ ਜਾ ਸਕੇ।
- ਕਹਿੰਦੇ ਹਨ ਕਿ ਕੀੜੇਮਾਰਾਂ ਅਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੇ ਮਿੱਟੀ ਦੀ ਰਸਾਇਣਕ ਬਣਤਰ ਨੂੰ ਵਿਗਾੜ ਦਿੱਤਾ ਅਤੇ ਇਸ ਦਾ ਅਸਰ ਫ਼ਸਲਾਂ ਦੀ ਸਿਹਤ ਉੱਪਰ ਵੀ ਪਿਆ।
- ਸਾਨੂੰ ਖਾਣੇ ਵਿੱਚ ਸਿਰਫ਼ ਕਾਰਬੋਹਾਈਡਰੇਟਸ ਹੀ ਨਹੀਂ ਚਾਹੀਦੇ ਸਗੋਂ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਵੀ ਚਾਹੀਦੇ ਹੁੰਦੇ ਹਨ ਜੋ ਆਧੁਨਿਕ ਖੇਤੀ ਪ੍ਰਣਾਲੀ ਵਿੱਚੋਂ ਮਨਫ਼ੀ ਹਨ।
- ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੌਸ਼ਟਿਕਤਾ ਦੇ ਪੱਖੋਂ ਸਭ ਤੋਂ ਬਿਤਰੀਨ ਖਾਣਾ ਹਾਸਲ ਹੋਵੇ ਤਾਂ ਕਈ ਸਾਰੇ ਕਾਰਕਾਂ ਨੂੰ ਸਮਝਣਾ ਜ਼ਰੂਰੀ ਹੈ।
- ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਕਿ ਉਹ ਝਾੜ ਨਾਲੋਂ ਜ਼ਿਆਦਾ ਫ਼ਸਲ ਦੀ ਗੁਣਵੱਤਾ ਵੱਲ ਧਿਆਨ ਦੇਣ।
- ਇੱਕ ਅਜਿਹੀ ਪ੍ਰਣਾਲੀ ਦੀ ਜ਼ਰੂਰਤ ਹੈ ਜੋ ਖਾਣੇ ਵਿੱਚ ਪੋਸ਼ਣ 'ਤੇ ਧਿਆਨ ਰੱਖੇ ਅਤੇ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਤੁਲਨਾਯੋਗ ਬਣਾਵੇ, ਇੱਕ ਵਪਾਰਕ ਮਾਡਲ ਜੋ ਪੋਸ਼ਣ ਨੂੰ ਹਰ ਚੀਜ਼ ਤੋਂ ਉੱਪਰ ਰੱਖੇ।

ਫ਼ਸਲਾਂ ਦੀਆਂ ਕਈ ਨਵੀਂ ਕਿਸਮਾਂ ਵਿਕਸਤ ਕੀਤੀਆਂ ਗਈਆਂ, ਖਾਦਾਂ, ਕੀੜੇਮਾਰ ਅਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਝਾੜ ਵਧਾਉਣ ਲਈ ਕੀਤੀ ਜਾਣ ਲੱਗੀ।
ਸਾਲ 1961 ਤੋਂ ਲੈਕੇ 2014 ਤੱਕ ਵਿਸ਼ਵੀ ਪੱਧਰ ਤੇ ਅਨਾਜ ਦੇ ਝਾੜ ਵਿੱਚ 175 ਫੀਸਦੀ ਦਾ ਵਾਧਾ ਹੋਇਆ। ਜਿੱਥੇ ਕਣਕ ਦਾ ਝਾੜ 1.1 ਟਨ ਪ੍ਰਤੀ ਹੈਕਟੇਅਰ ਸੀ, ਉਹ ਵਧ ਕੇ 3.4 ਟਨ ਹੋ ਗਿਆ ਹੈ।
ਕੁਝ ਫ਼ਸਲਾਂ ਦਾ ਝਾੜ ਤਾਂ ਵਧ ਗਿਆ ਪਰ ਉਨ੍ਹਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਆਉਣ ਲੱਗੀ। ਨਤੀਜੇ ਵਜੋਂ ਖੇਤੀਬਾੜੀ ਵਿੱਚ ਵਰਤੀ ਜਾਂਦੀ ਤਕਨੀਕ ਉੱਪਰ ਸਖਤੀ ਵਧਣ ਲੱਗੀ।
ਕੁਝ ਲੋਕ ਦਾਅਵਾ ਕਰਦੇ ਹਨ ਕਿ ਕੀੜੇਮਾਰਾਂ ਅਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੇ ਮਿੱਟੀ ਦੀ ਰਸਾਇਣਕ ਬਣਤਰ ਨੂੰ ਵਿਗਾੜ ਦਿੱਤਾ ਅਤੇ ਇਸ ਦਾ ਅਸਰ ਫ਼ਸਲਾਂ ਦੀ ਸਿਹਤ ਉੱਪਰ ਵੀ ਪਿਆ।

ਤਸਵੀਰ ਸਰੋਤ, PASCAL ROSSIGNOL/reuters
ਬ੍ਰਿਟੇਨ ਵਿੱਚ ਫ਼ਸਲਾਂ ਉਗਾਉਣ ਬਾਰੇ ਇੱਕ 170 ਸਾਲ ਲੰਬੇ ਅਧਿਐਨ ਵਿੱਚ ਦੇਖਿਆ ਗਿਆ ਕਿ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕਾਰਕ ਫ਼ਸਲਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਲਈ ਜ਼ਿੰਮੇਵਾਰ ਹਨ।
ਸਟੀਵ ਮੈਕਗ੍ਰਾ, ਰੌਥਮਾਸਟਡ ਰਿਸਰਚ ਬ੍ਰਿਟੇਨ ਵਿੱਚ ਮਿੱਟੀ ਅਤੇ ਪੌਦਾ ਵਿਗਿਆਨ ਦੇ ਪ੍ਰੋਫ਼ੈਸਰ ਹਨ।
ਉਹ ਦੱਸਦੇ ਹਨ, ''ਬਰੌਡਬਾਕ ਤਜ਼ਰਬਾ ਖੇਤੀਬਾੜੀ ਖੇਤਰ ਵਿੱਚ ਦੁਨੀਆਂ ਦਾ ਸਭ ਤੋਂ ਲੰਬਾ ਤਜ਼ਰਬਾ ਹੈ। ਇਹ ਸਾਲ 1843 ਵਿੱਚ ਸ਼ੁਰੂ ਹੋਇਆ। ਇਸ ਵਿੱਚ ਬਣਾਵਟੀ ਅਤੇ ਕੁਦਰਤੀ ਖਾਦਾਂ ਦੇ ਸਰਦੀ ਦੀਆਂ ਫ਼ਸਲਾਂ ਉੱਪਰ ਅਸਰ ਦੀ ਤੁਲਨਾ ਕੀਤੀ ਗਈ ਹੈ।''
''ਇਸ ਵਿੱਚ ਵੱਖੋ-ਵੱਖ ਤਰੀਕਿਆਂ ਨਾਲ ਉਗਾਈ ਕਣਕ ਦੇ ਜ਼ਿੰਕ ਤੇ ਲੋਹੇ ਦੇ ਪੱਧਰਾਂ ਦਾ ਵਿਸ਼ੇਸ਼ ਪ੍ਰੀਖਣ ਕੀਤਾ ਗਿਆ ਹੈ।''
''ਪਹਿਲੀ ਗੱਲ ਇਹ ਕਿ ਸਾਡੀ ਖੋਜ ਨੇ ਦਿਖਾਇਆ ਕਿ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਸੀ, ਜਿਸ ਨੂੰ ਕਿ ਫਸਲਾਂ 'ਚ ਪੋਸ਼ਕ ਤੱਤਾਂ ਦੀ ਕਮੀ ਦਾ ਕਾਰਨ ਮੰਨਿਆ ਜਾ ਸਕਦਾ ਸੀ।''
''ਜੋ ਜੈਵਿਕ ਉਪਲੱਬਧ (ਬਾਇਓਅਵੇਲੇਬਲ) ਹਨ, ਉਹ ਵੀ ਅਜਿਹੇ ਰੂਪ 'ਚ ਹਨ ਕਿ ਪੌਦੇ ਉਨ੍ਹਾਂ ਨੂੰ ਸੋਖ ਸਕਦੇ ਹਨ ਅਤੇ ਖੇਤੀ ਦੇ ਵੱਖ-ਵੱਖ ਤਰੀਕਿਆਂ ਦਾ ਵੀ ਇਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ।''
ਕਣਕ ਉੱਪਰ ਪਿਆ ਇਸ ਤਰ੍ਹਾਂ ਅਸਰ

ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਮਿੱਟੀ ਵੀ ਪਹਿਲਾਂ ਵਾਂਗ ਚੰਗੀ ਹੈ, ਤਾਂ ਫਿਰ ਹੋਰ ਕੀ ਬਦਲ ਗਿਆ ਹੈ? ਕੀ ਪੌਦਿਆਂ ਨੇ ਹੀ ਆਪਣੇ ਆਪ 'ਚ ਪਰਿਵਰਤਨ ਕਰ ਲਏ ਹਨ?
1950 ਵਿੱਚ, ਮੈਕਸੀਕੋ 'ਚ ਕੰਮ ਕਰ ਰਹੇ ਇੱਕ ਅਮਰੀਕੀ ਵਿਗਿਆਨੀ ਨੋਰਮਨ ਬੋਰਲਾਗ ਨੇ ਰੋਗ ਪ੍ਰਤੀਰੋਧੀ ਸਮਰੱਥਾ ਵਾਲੀ ਕਣਕ ਦੇ ਕੁਝ ਛੋਟੇ ਪੌਦੇ ਤਿਆਰ ਕੀਤੇ।
ਇਨ੍ਹਾਂ ਪੌਦਿਆਂ ਦਾ ਕੱਦ 20 ਫੀਸਦੀ ਤੱਕ ਛੋਟਾ ਕਰਨ ਨਾਲ ਉਨ੍ਹਾਂ ਦੇ ਡਿੱਗਣ ਅਤੇ ਬਿਮਾਰੀਆਂ ਦੀ ਸੰਭਾਵਨਾ ਬਹੁਤ ਘਟ ਗਈ।
ਮੈਕਗ੍ਰਾ ਕਹਿੰਦੇ ਹਨ, ''ਇਨ੍ਹਾਂ ਛੋਟੇ ਪੌਦਿਆਂ ਦੀ ਖੋਜ ਦਾ ਫਾਇਦਾ ਇਹ ਹੋਇਆ ਕਿ ਪੌਦਿਆਂ ਦੀ ਊਰਜਾ ਉਨ੍ਹਾਂ ਬੂਟਿਆਂ ਨੂੰ ਵਧਾਉਣ ਦੀ ਥਾਵੇਂ ਦਾਣਿਆਂ (ਬੱਲੀਆਂ) 'ਤੇ ਲੱਗਣ ਲੱਗੀ।''
ਵੀਡੀਓ: ਕੁਦਰਤੀ ਤੌਰ ਤੇ ਉਗਾਈ ਖੁਰਾਕ ਦੇ ਬਦਲੀ ਜ਼ਿੰਦਗੀ ਤਾਂ ਕੀਤਾ ਇਹ ਫ਼ੈਸਲਾ
''ਇਸ ਦੀ ਥਾਵੇਂ ਛੋਟੇ ਪੌਦੇ, ਕਾਰਬੋਹਾਈਡਰੇਟ ਨੂੰ ਦਾਣਿਆਂ ਵਿੱਚ ਭੇਜਦੇ ਹਨ।''
ਅਜਿਹਾ ਕਣਕ ਦੇ ਐਂਡੋਸਪਰਮ ਨੂੰ ਵੱਡਾ ਕਰਨ ਨਾਲ ਸੰਭਵ ਹੋ ਸਕਿਆ। ਐਂਡੋਸਪਰਮ ਕਿਸੇ ਬੀਜ ਵਿੱਚ ਅੰਡੇ ਦੀ ਜ਼ਰਦੀ ਵਾਲਾ ਕਾਰਜ ਕਰਦਾ ਹੈ।ਵਧ ਰਹੇ ਭਰੂਣ ਨੂੰ ਊਰਜਾ ਦਿੰਦਾ ਹੈ।
ਬੀਜ ਵਿੱਚ ਇਹ ਕਾਰਬੋਹਾਈਡਰੇਟ ਦਾ ਭੰਡਾਰ ਹੁੰਦਾ ਹੈ, ਇਹੀ ਕਣਕ ਦੇ ਦਾਣੇ ਦੇ ਇਸੇ ਹਿੱਸੇ ਵਿੱਚ ਸਭ ਤੋਂ ਜਿਆਦਾ ਕਾਰਬੋਹਾਈਡਰੇਟ ਹੁੰਦੀ ਹੈ।
ਅਜਿਹੇ ਸਮੇਂ 'ਚ ਜਦੋਂ ਵਿਕਾਸ਼ਸ਼ੀਲ ਦੇਸ਼ਾਂ ਵਿੱਚ ਜਨਸੰਖਿਆ ਵਧ ਰਹੀ ਸੀ ਅਤੇ ਅਕਾਲ ਬਰੂਹਾਂ 'ਤੇ ਖੜ੍ਹਾ ਸੀ, ਉਸ ਵੇਲੇ ਅਜਿਹੀਆਂ ਮੋਟੇ ਦਾਣੇ ਵਾਲੀਆਂ ਫ਼ਸਲਾਂ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਗਿਆ।
ਹਾਲਾਂਕਿ ਉਸ ਸਮੇਂ ਜੋ ਨੁਕਸਾਨ ਨਜ਼ਰ ਨਹੀਂ ਆਇਆ ਉਹ ਇਹ ਸੀ ਕਿ ਕਣਕ ਦੇ ਪ੍ਰਤੀ ਬੂਟਾ ਦਾਣੇ ਤਾਂ ਵਧ ਗਏ ਸਨ ਪਰ ਉਨ੍ਹਾਂ 'ਚ ਮਿਲਣ ਵਾਲੇ ਪੋਸ਼ਕ ਤੱਤਾਂ ਵਿੱਚ ਉਸ ਅਨੁਪਾਤ ਵਿੱਚ ਵਾਧਾ ਨਹੀਂ ਹੋਇਆ ਸੀ।
ਸਾਨੂੰ ਖਾਣੇ ਵਿੱਚੋਂ ਕੀ ਕੁਝ ਚਾਹੀਦਾ ਹੈ?
ਮੈਕਗ੍ਰਾ ਕਹਿੰਦੇ ਹਨ, ''ਅਸੀਂ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਇੱਕ ਦਾਣੇ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਤਾਂ ਪਹਿਲਾਂ ਵਾਂਗ ਹੀ ਸੀ ਪਰ ਸਟਾਰਚ ਦੀ ਮਾਤਰਾ ਦੁੱਗਣੀ-ਤਿੱਗਣੀ ਹੋ ਗਈ ਸੀ।''
ਇਹ ਵੀ ਪੜ੍ਹੋ:
''ਜਿਸ ਦਾ ਮਤਲਬ ਹੈ ਕਿ ਜਦੋਂ ਕਣਕ ਦਾ ਆਟਾ ਤਿਆਰ ਕੀਤਾ ਜਾਵੇਗਾ ਤਾਂ ਉਹ ਪੋਸ਼ਣ ਪੱਖੋਂ ਹਲਕਾ ਹੋਵੇਗਾ, ਇਸ 'ਚ ਪੋਸ਼ਕ ਤੱਤਾਂ ਦੇ ਮੁਕਾਬਲੇ ਦੇ ਕਾਰਬੋਹਾਈਡਰੇਟ ਦੇ ਅਨੁਪਾਤ ਵਿੱਚ ਕਮੀ ਆ ਜਾਵੇਗੀ।''
ਕਾਰਬੋਹਾਈਡਰੇਟ ਮਨੁੱਖੀ ਸਿਹਤ ਲਈ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਉਹ ਸਾਨੂੰ ਰੋਜ਼ਾਨਾ ਦੀ ਦੌੜਭੱਜ ਲਈ ਊਰਜਾ ਦਿੰਦੇ ਹਨ। ਇੱਥੇ ਇੱਕ 'ਪਰ' ਵੀ ਹੈ।
ਵੀਡੀਓ: ਇਨ੍ਹਾਂ ਨੇ ਬੰਜਰ ਜ਼ਮੀਨ ਨੂੰ ਕੀਤਾ ਜੰਗਲ ਵਿੱਚ ਤਬਦੀਲ
ਉਹ ਇਹ ਕਿ ਸਾਨੂੰ ਖਾਣੇ ਵਿੱਚ ਸਿਰਫ਼ ਕਾਰਬੋਹਾਈਡਰੇਟਸ ਹੀ ਨਹੀਂ ਚਾਹੀਦੇ ਸਗੋਂ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਵੀ ਚਾਹੀਦੇ ਹੁੰਦੇ ਹਨ।
ਸਰੀਰ ਵਿੱਚ ਵਿਕਾਸ ਅਤੇ ਜੈਵ-ਰਾਸਾਇਣਿਕ ਪ੍ਰਕਿਰਿਆਵਾਂ ਲਈ ਮਹੱਤਵਪੂਰਨ ਹੁੰਦੇ ਹਨ।
ਮਿਸਾਲ ਵਜੋਂ, ਸਿਲੇਨੀਅਮ ਡੀਐਨਏ ਬਣਾਉਣ ਵਿੱਚ ਲੋੜੀਂਦਾ ਹੈ, ਜ਼ਿੰਕ ਸਰੀਰ ਦੀ ਬੀਮਾਰੀਆਂ ਨਾਲ ਲੜਾਈ ਲੜਨ ਵਿੱਚ ਮਦਦ ਕਰਦਾ ਹੈ।
ਇਸੇ ਤਰ੍ਹਾਂ ਮੈਗਨੀਸ਼ੀਅਮ ਕੇਂਦਰੀ ਨਾੜੀ ਪ੍ਰਣਾਲੀ, ਮਾਸਪੇਸ਼ੀਆਂ ਅਤੇ ਦਿਲ ਨੂੰ ਸਹੀ ਰੱਖਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ।
ਸਾਡੀ ਅਜੋਕੀ ਖੇਤੀ ਦਾ ਮਾਡਲ ਬਦਲਣ ਦੀ ਲੋੜ
ਹਰੀ ਕ੍ਰਾਂਤੀ ਨੇ ਬੇਸ਼ੱਕ ਸੰਸਾਰ ਦੀ ਭੁੱਖ ਨਾਲ ਨਜਿੱਠਣ ਵਿੱਚ ਮਦਦ ਕੀਤੀ ਹੈ ਪਰ ਅੱਜ ਅਸੀਂ ਖਾਣੇ ਦੀ ਇੱਕ ਅਜਿਹੀ ਸੰਸਾਰ ਪੱਧਰੀ ਪ੍ਰਣਾਲੀ ਨਾਲ ਜੁੜ ਗਏ ਹਾਂ।
ਜੋ ਸਾਨੂੰ ਕੈਲੋਰੀਆਂ ਅਤੇ ਕਾਸਮੈਟਿਕ ਸੰਪੂਰਨਤਾ ਦੇਣ ਲਈ ਵਿਕਸਿਤ ਕੀਤੀ ਗਈ ਹੈ, ਨਾ ਕਿ ਜ਼ਰੂਰੀ ਪੋਸ਼ਣ ਲਈ।
ਇਹ ਇੱਕ ਅਜਿਹੀ ਸਥਿਤੀ ਹੈ, ਜਿੱਥੇ ਲੋਕ ਰੱਜੇ ਤਾਂ ਮਹਿਸੂਸ ਕਰਦੇ ਹਨ ਪਰ ਸਿਹਤਮੰਦ ਨਹੀਂ ਹੋ ਸਕਦੇ, ਕਿਉਂਕਿ ਉਨ੍ਹਾਂ ਦਾ ਖਾਣਾ ਕੈਲੋਰੀ ਨਾਲ ਭਰਪੂਰ ਹੈ ਪਰ ਪੌਸ਼ਟਿਕ ਤੱਤਾਂ ਦੀ ਬਹੁਤ ਕਮੀ ਹੈ।
ਇਹ ਵੀ ਪੜ੍ਹੋ:
ਸ਼ੁਰੂਆਤ ਵਿੱਚ ਇਹ ਸੁਣਨ ਵਿੱਚ ਕੁਝ ਅਜੀਬ ਲੱਗ ਸਕਦਾ ਹੈ ਪਰ ਮੋਟੇ ਵਿਅਕਤੀਆਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਸਕਦੀ ਹੈ।
ਫਿਰ ਕੀ ਸਾਡੇ ਕਮਜ਼ੋਰ ਖਾਣੇ ਨੂੰ ਮੁੜ ਤੋਂ ਤਕੜਾ ਬਣਾਇਆ ਜਾ ਸਕਦਾ ਹੈ?
ਹਾਲਾਂਕਿ ਕੁਝ ਵਿਗਿਆਨੀ ਮੰਨਦੇ ਹਨ ਕਿ ਦਹਾਕਿਆਂ ਦੌਰਾਨ ਸਾਡੇ ਖਾਣੇ ਵਿੱਚ ਆਈ ਪੋਸ਼ਕ ਤੱਤਾਂ ਦੀ ਕਮੀ, ਨਵੀਆਂ ਤਕਨੀਕਾਂ ਨਾਲ ਵਧੀ ਖਾਣੇ ਦੀ ਉਪਲੱਭਧਤਾ ਦੇ ਮੁਕਾਬਲੇ ਬਹੁਤ ਘੱਟ ਹੈ।
ਇਸ ਦੇ ਨਾਲ ਹੀ ਮਿੱਟੀ ਦੀ ਗੁਣਵੱਤਾ ਅਤੇ ਖਾਣੇ ਦੇ ਪੋਸ਼ਕ ਤੱਤਾਂ ਦੇ ਰਿਸ਼ਤੇ ਨੂੰ ਅਜੇ ਵੀ ਬਹੁਤ ਅਹਿਮ ਮੰਨਿਆ ਜਾਂਦਾ ਹੈ।
ਇਸ ਮਿੱਟੀ ਅਤੇ ਖਾਣੇ ਦੇ ਪੋਸ਼ਕ ਤੱਤਾ ਦੇ ਰਿਸ਼ਤੇ ਨੂੰ ਸਮਝਣ ਲਈ ਅਮਰੀਕਾ ਵਿੱਚ ਵੱਖ-ਵੱਖ ਫਾਰਮਿੰਗ ਤਕਨੀਕਾਂ ਨਾਲ ਉਗਾਈਆਂ ਸਬਜ਼ੀਆਂ ਦਾ ਅਧਿਐਨ ਕੀਤਾ ਗਿਆ।
ਪੈਨਸਲਵੀਨੀਆ ਦੇ ਰੋਡੇਲ ਇੰਟੀਚਿਊਟ ਵਿੱਚ ਮਿੱਟੀ ਵਿਗਿਆਨੀ ਗਲੈਡੀਸ ਜ਼ਿਨਾਤੀ ਕਹਿੰਦੇ ਹਨ, ''ਸਬਜ਼ੀਆਂ ਦੀਆਂ ਪ੍ਰਣਾਲੀਆਂ ਦਾ ਟ੍ਰਾਇਲ 2016 ਵਿੱਚ ਸ਼ੁਰੂ ਹੋਇਆ ਸੀ। ਇਸ ਵਿੱਚ ਰਵਾਇਤੀ ਖੇਤੀ (ਜਿਸ ਵਿੱਚ ਜ਼ਮੀਨ ਤੋਂ ਵੱਧ ਤੋਂ ਵੱਧ ਉਪਜ ਲੈਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ) ਅਤੇ ਆਰਗੈਨਿਕ ਖੇਤੀ (ਜਿਸ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਾਰ ਰੱਖਣ ਅਤੇ ਵਧਾਉਣ ਉੱਪਰ ਵੀ ਧਿਆਨ ਦਿੱਤਾ ਜਾਂਦਾ ਹੈ।) ਨਾਲ ਉਗਾਈਆਂ ਫ਼ਸਲਾਂ ਦੀ ਤੁਲਨਾ ਕੀਤੀ ਗਈ।''
''ਇਸ ਅਧਿਐਨ ਦਾ ਮੁੱਖ ਉਦੇਸ਼ ਵੱਖ-ਵੱਖ ਖੇਤੀ ਪ੍ਰਣਾਲੀਆਂ ਦਾ ਫ਼ਸਲਾਂ ਦੇ ਪੋਸ਼ਕ ਤੱਤਾਂ ਅਤੇ ਮਨੁੱਖੀ ਸਿਹਤ ਦੇ ਅੰਤਰ ਸੰਬੰਧ ਸਥਾਪਿਤ ਕਰਨਾ ਹੈ।''
ਮਿੱਟੀ ਦਾ ਧਿਆਨ ਰੱਖਣ ਦੀ ਲੋੜ
ਜ਼ਿਨਾਤੀ ਨੇ ਪਾਇਆ ਗਿਆ ਕਿ ਮਿੱਟੀ ਵਿੱਚ ਜਿੰਨੇ ਜ਼ਿਆਦਾ ਮਾਈਕ੍ਰੋਬ ਅਤੇ ਉੱਲੀ (ਫ਼ੰਗਸ) ਹੋਵੇਗੀ, ਫ਼ਸਲ ਇਹ ਉਨੇ ਹੀ ਜ਼ਿਆਦਾ ਪੋਸ਼ਕ ਤੱਤ ਭੇਜ ਸਕੇਗੀ। ਜੋ ਅੰਤ ਵਿੱਚ ਸਾਡੀ ਖੁਰਾਕ ਦਾ ਹਿੱਸਾ ਬਣਨਗੇ।
ਮਿੱਟੀ ਵਿੱਚ ਮੁਖ ਤੌਰ 'ਤੇ 4 ਤੱਤ ਹੁੰਦੇ ਹਨ: ਪੱਥਰਾਂ-ਰੋੜਿਆਂ ਦੇ ਰੂਪ 'ਚ ਖਣਿਜ, ਹਵਾ, ਪਾਣੀ ਅਤੇ ਜੈਵਿਕ ਤੱਤ (ਜਿਵੇਂ ਪੌਦੇ, ਉੱਲੀ, ਕੀੜੇ ਜਿੰਦਾ ਜਾ ਉਨ੍ਹਾਂ ਦੀ ਰਹਿੰਦਖੂਹੰਦ)।

ਇਸ ਗੱਲ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਆਖਰ ਇਹ ਸਾਰੇ ਤੱਤ ਆਪਸ ਵਿੱਚ ਤਾਲਮੇਲ ਕਿਵੇਂ ਬਿਠਾਉਂਦੇ ਹਨ।
ਇੱਕ ਚਮਚੇ ਜਿੰਨੀ ਮਿੱਟੀ ਵਿੱਚ ਇੰਨੇ ਜ਼ਿਆਦਾ ਸੂਖਮ ਜੀਵ ਹੁੰਦੇ ਹਨ, ਜਿੰਨੇ ਇਸ ਧਰਤੀ ਉੱਪਰ ਕੁੱਲ ਜੀਵ ਹੋਣਗੇ।
ਇੱਥੇ ਅਸੀਂ 10000 ਪ੍ਰਜਾਤੀਆਂ ਅਤੇ ਉਨ੍ਹਾਂ ਦੇ ਖਰਬਾਂ ਮੈਂਬਰਾਂ ਦੀ ਗੱਲ ਕਰ ਰਹੇ ਹਾਂ।
ਮਿੱਟੀ ਵਿੱਚਲੇ ਇਹ ਸੂਖਮ ਜੀਵ ਅਤੇ ਉੱਲੀ ਦਾ ਇੱਕ ਗੁੰਝਲਦਾਰ ਨੈਟਵਰਕ ਪੌਦਿਆਂ ਅਤੇ ਰੁੱਖਾਂ ਦੀਆਂ ਜੜਾਂ ਦੇ ਥੱਲੇ ਕੰਮ ਕਰਦਾ ਹੈ।
ਇਹ ਮਿੱਟੀ ਤੋਂ ਪੌਦੇ ਵਿੱਚ ਪੋਸ਼ਕ ਤੱਤਾਂ ਨੂੰ ਪਹੁੰਚਾਉਣ ਦਾ ਕੰਮ ਇਹ ਇਹ ਸੂਖਮ ਜੀਵ ਹੀ ਕਰਦੇ ਹਨ।
ਇਜ਼ਰਾਈਲ ਦਾ ਤਜ਼ਰਬਾ
ਪੌਦਿਆਂ ਅਤੇ ਸੂਖਮ ਜੀਵਾਂ ਦਾ ਰਿਸ਼ਤਾ (ਮਾਈਕੋਰਿਜ਼ੇ) ਖੇਤੀਬਾੜੀ ਲਈ ਇੰਨਾ ਅਹਿਮ ਹੈ। ਖੇਤੀਯੋਗ ਜ਼ਮੀਨ/ਮਿੱਟੀ ਦੀ ਗੁਣਵੱਤਾ ਸੁਧਾਰਨ ਲਈ ਮਾਈਕੋਰਿਜ਼ੇ ਇਸ ਰਿਸ਼ਤੇ ਦੀ ਵਰਤੋਂ ਕੀਤੀ ਜਾਂਦੀ ਹੈ।
ਇਜ਼ਰਾਈਲ ਵਿੱਚ ਗਰਾਊਂਡਵਰਕ ਬਾਇਓਏਜੀ ਨੇ ਇਜ਼ਰਾਈਲ ਦੇ ਮਾਰੂਥਲ ਤੋਂ ਖਾਸ ਕਿਸਮ ਦਾ ਮਾਈਕੋਰਿਜ਼ੇ ਕੱਢ ਕੇ ਮਿੱਟੀ ਦੇ ਬੈਕਟੀਰੀਆ ਤਿਆਰ ਕੀਤੇ ਹਨ।

ਤਸਵੀਰ ਸਰੋਤ, Getty Images
ਮਿੱਟੀ ਨੂੰ ਤਕੜਿਆਂ ਕਰਨ ਲਈ ਵਿਕਸਿਤ ਇਹ ਵਿਸ਼ੇਸ਼ ਕਿਸਮ ਦੀ ਖਾਦ, ਜਿਸ ਨੂੰ ਆਪਾਂ ਕਹਿ ਸਕਦੇ ਹਾਂ। ਪੌਦਿਆਂ ਦੀਆਂ ਜੜ੍ਹਾਂ ਦੇ ਛੱਲੇ ਉੱਲੀ ਦੇ ਤਾਣੇਬਾਣੇ ਨੂੰ ਵਿਕਸਿਤ ਹੋਣ ਵਿੱਚ ਮਦਦਗਾਰ ਹੁੰਦੀ ਹੈ।
ਉੱਲੀ ਜ਼ਮੀਨ ਵਿੱਚ ਪੋਸ਼ਕ ਤੱਤ ਜਜ਼ਬ ਕਰਦੀ ਹੈ ਅਤੇ ਰੁੱਖਾਂ ਤੱਕ ਉਸ ਰੂਪ ਵਿੱਚ ਪਹੁੰਚਾਉਂਦੀ ਹੈ ਜਿਸ ਰੂਪ ਵਿੱਚ ਪੌਦੇ ਉਨ੍ਹਾਂ ਨੂੰ ਸੋਖ ਸਕਣ ਅਤੇ ਬਦਲੇ ਵਿੱਚ ਰੁੱਖ ਉੱਲੀ ਨੂੰ ਸ਼ੂਗਰ ਦਿੰਦੇ ਹਨ।
ਪ੍ਰਯੋਗਸ਼ਾਲਾ ਵਿੱਚ ਤਿਆਰ ਇਹ ਇੱਕ ਕਿਸਮ ਦੇ ਉੱਲੀਜਨਕ ਪਾਊਡਰ (ਇਨੌਕਿਊਲੈਂਟਸ) ਜਾਂ ਤਾਂ ਬੀਜਾਂ ਨੂੰ ਜੜ੍ਹਾਂ ਨੂੰ ਲਗਾਇਆ ਜਾਂਦਾ ਹੈ।
ਕੁਝ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ ਬਨਾਵਟੀ ਰਸਾਇਣਕ ਖਾਦਾਂ ਦੇ ਮੁਕਾਬਲੇ ਜ਼ਿਆਦਾ ਸੁਧਾਰ ਹੋਇਆ।
ਇਨੌਕਿਊਲੈਂਟਸ ਵਿੱਚ ਮੁੱਖ ਤੌਰ ਤੇ ਸਜੀਵ ਮਾਈਕ੍ਰੋਬਸ ਹੁੰਦੇ ਹਨ ਜੋ ਕਿ ਬੂਟਿਆਂ ਦੇ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ।
ਅਮਰੀਕਾ ਵਿੱਚ ਓਹਾਈਓ ਵਾਸੀ ਇੱਕ ਕਿਸਾਨ ਕੋਰੀ 8,000 ਏਕੜ ਜ਼ਮੀਨ ਉੱਪਰ ਮੱਕੀ ਅਤੇ ਸੋਇਆਬੀਨ ਦੀ ਖੇਤੀ ਕਰਦੇ ਹਨ ਅਤੇ ਇਸ ਬੈਕਟੀਰੀਆ ਵਰਤੋਂ ਦਾ ਟ੍ਰਾਇਲ ਕਰ ਰਹੇ ਹਨ।

ਉਨ੍ਹਾਂ ਨੇ ਦੇਖਿਆ ਹੈ ਕਿ ਇਸ ਦੇ ਨਾਲ ਉਨ੍ਹਾਂ ਦੀ ਫਸਲ ਵਿੱਚ ਤਾਂ ਵਾਧਾ ਹੋਇਆ ਹੀ ਹੈ ਅਤੇ ਨਾਲ ਹੀ ਉਨ੍ਹਾਂ ਦਾ ਰਸਾਇਣਕ ਖਾਦਾਂ ਉੱਪਰ ਖਰਚਾ ਵੀ ਸਮੇਂ ਦੇ ਨਾਲ ਘਟਿਆ ਹੈ।
ਜ਼ਿਨਾਤੀ ਕਹਿੰਦੇ ਹਨ, "ਅਸੀਂ ਅਸਲ ਵਿੱਚ ਮਿੱਟੀ ਦੀ ਸਿਹਤ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਜਦੋਂ ਤੁਸੀਂ ਮਿੱਟੀ ਦੀ ਸਿਹਤ 'ਤੇ ਕੰਮ ਕਰਦੇ ਹੋ, ਤਾਂ ਇਹ ਪੌਦਿਆਂ ਦੀ ਸਿਹਤ ਵਿੱਚ ਵੀ ਸੁਧਾਰ ਕਰਦਾ ਹੈ।''
''ਅਸੀਂ ਅਜੇ ਵੀ ਸਿੰਥੈਟਿਕ ਖਾਦ ਦੀ ਵਰਤੋਂ ਕਰ ਰਹੇ ਹਾਂ ਪਰ ਅਸੀਂ ਇਹ ਵਰਤੋਂ ਘਟਦੀ ਜਾ ਰਹੀ ਹੈ, ਲਗਭਗ 25 ਫੀਸਦੀ ਘੱਟ।''
ਪੋਸ਼ਟਿਕ ਖਾਣਾ ਹਾਸਲ ਕਰਨ ਲਈ ਕੀ ਸਿਰਫ਼ ਮਿੱਟੀ ਅਤੇ ਖਾਦ ਦਾ ਧਿਆਨ ਰੱਖਣਾ ਕਾਫ਼ੀ ਹੈ?
''ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਕੁਝ ਸਾਡੀ ਮਿੱਟੀ ਵਿੱਚ ਪਹਿਲਾਂ ਤੋਂ ਮੌਜੂਦ ਹੈ ਉਸ ਨੂੰ ਵਧਾਇਆ ਜਾਵੇ ਨਾ ਕਿ ਹੋਰ-ਹੋਰ ਚੀਜ਼ਾਂ ਪਾਈਆਂ ਜਾਣ।''
ਫ਼ਸਲਾਂ ਉਗਾਉਣ ਅਤੇ ਪੋਸ਼ਕਾਂ ਨੂੰ ਮਿੱਟੀ ਤੋਂ ਸਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਸਿਰਫ਼ ਇਹ ਸੂਖਮ ਜੀਵ ਜਾਂ ਉੱਲੀ ਹੀ ਨਹੀਂ ਹਨ ਸਗੋਂ ਇਹ ਬੂਟਿਆਂ ਉਪਰ ਵੀ ਨਿਰਭਰ ਹੈ। ਬੂਟੇ ਜੋ ਸਖਤ ਪੌਣ-ਪਾਣੀ ਨੂੰ ਝੱਲ ਸਕਣ।

ਕੀਨੀਆ ਦੀ ਅਰਥ ਵਿਵਸਥਾ ਵਿੱਚ ਪਸ਼ੂ-ਪਾਲਣ ਦਾ ਅਹਿਮ ਯੋਗਦਾਨ ਹੈ, ਇੰਨਾ ਕਿ ਇਹ ਉੱਥੋਂ ਦੀ ਜੀਡੀਪੀ ਦਾ 12% ਹਿੱਸਾ ਪਾਉਂਦਾ ਹੈ।
ਪਸ਼ੂ-ਪਾਲਣ ਦਾ ਖਾਦ ਅਤੇ ਪੋਸ਼ਣ ਸੁਰੱਖਿਆ,ਆਮਦਨ ਵਧਾਉਣ ਮਿੱਟੀ ਲਈ ਖਾਦ ਬਣਆਉਣ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਹੈ।
ਉੱਥੇ ਪ੍ਰਤੀ ਗਾਂ ਔਸਤ ਦੁੱਧ-ਉਤਪਾਦਨ ਪ੍ਰਤੀ ਦਿਨ ਅੱਠ ਲੀਟਰ ਹੈ ਜਦਕਿ ਵਿਸ਼ਵੀ ਔਸਤ 25-50 ਲੀਟਰ ਦੀ ਹੈ।
ਨੇਪੀਅਰ ਘਾਹ ਬਨਾਮ ਬ੍ਰਾਚੀਰੀਆ ਘਾਹ
ਡੋਨਾਲਡ ਨਜਾਰੂਈ ਕੀਨੀਆ ਖੇਤੀਬਾੜੀ ਅਤੇ ਪਸ਼ੂ-ਪਾਲਣ ਖੋਜ ਸੰਗਠਨ ਵਿੱਚ ਕੰਮ ਕਰਦੇ ਹਨ ਅਤੇ ਦੁੱਧ ਉਤਪਾਦਨ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਕੰਮ ਕਰੇ ਹਨ। ਉਹ ਅਜਿਹਾ ਕਰਨ ਲਈ ਚਾਰੇ ਦੀ ਗੁਣਵੱਤਾ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਕਹਿੰਦੇ ਹਨ, ''ਦੇਸ ਵਿੱਚ ਜ਼ਿਆਦਾਤਰ ਛੋਟੇ ਦੁੱਧ ਉਤਾਪਾਦਕਾਂ ਕੋਲ ਸਿਰਫ਼ 2 ਜਾਂ 5 ਗਾਵਾਂ ਹਨ। ਇਸ ਲਈ ਕਿਸੇ ਵੀ ਤਰ੍ਹਾਂ ਉਤਪਾਦਨ ਵਿੱਚ ਹੋਣ ਵਾਲਾ ਵਾਧਾ ਉਨ੍ਹਾਂ 'ਤੇ ਵੱਡਾ ਅਸਰ ਪਾਵੇਗਾ।''
ਇਹ ਵੀ ਪੜ੍ਹੋ:
90% ਤੋਂ ਵੱਧ ਛੋਟੇ ਡੇਅਰੀ ਕਿਸਾਨ ਚਾਰੇ ਵਜੋਂ ਨੈਪੀਅਰ ਘਾਹ 'ਤੇ ਨਿਰਭਰ ਕਰਦੇ ਹਨ। ਨੇਪੀਅਰ ਘਾਹ ਅਕਸਰ ਸਿੱਧਾ ਵੱਢ ਕੇ ਪਸ਼ੂਆਂ ਨੂੰ ਚਾਰ ਦਿੱਤਾ ਜਾਂਦਾ ਹੈ, ਜਿਸ ਨਾਲ ਬੀਮਾਰੀਆਂ ਅਤੇ ਕੀੜਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ,ਇਸ ਨਾਲ ਬਾਇਓਮਾਸ ਝਾੜ ਵਿੱਚ ਕਮੀ ਆਉਂਦੀ ਹੈ। ਇਸ ਲਈ ਕਿਸੇ ਹੋਰ ਬਿਹਤਰ ਅਤੇ ਟਿਕਾਊ ਬਦਲਾਂ ਦੀ ਭਾਲ ਕਰਨੀ ਜ਼ਰੂਰੀ ਸੀ ਜਿਨ੍ਹਾਂ ਦੀ ਵਰਤੋਂ ਕਿਸਾਨ ਆਪਣੇ ਪਸ਼ੂਆਂ ਲਈ ਸਕਣ।''
ਚਾਰੇ ਲਈ ਵਿਦੇਸ਼ਾਂ ਵਿੱਚ ਭਾਲ ਕੀਤੀ ਗਈ, ਜੋ ਕਿ ਘਾਹ ਦੀ ਬ੍ਰਾਚੀਰੀਆ ਕਿਮਸ ਉੱਪਰ ਆਕੇ ਖਤਮ ਹੋਈ। ਇਸ ਘਾਹ ਨੂੰ ਦੱਖਣੀ ਅਮਰੀਕਾ, ਆਸਟਰੇਲੀਆ ਅਤੇ ਏਸ਼ੀਆ ਵਿੱਚ ਵਪਾਰਕ ਪੱਧਰ ਉੱਪਰ ਉਗਾਇਆ ਜਾਂਦਾ ਹੈ। ਇਨ੍ਹਾਂ ਦੇਸਾਂ ਵਿੱਚ ਘਾਹ ਨੇ ਪਸ਼ੂ-ਪਾਲਣ ਦੇ ਧੰਦੇ ਦਾ ਮੁਹਾਂਦਰਾ ਬਦਲ ਦਿੱਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਾਹ ਮੂਲ ਰੂਪ ਨਾਲ ਅਫ਼ਰੀਕਾ ਦੀ ਹੀ ਹੈ ਪਰ ਉੱਥੇ ਅਜੇ ਤੱਕ ਵੀ ਇਸ ਦੀ ਵਰਤੋਂ ਪਸ਼ੂਆਂ ਦੇ ਚਾਰੇ ਵਜੋਂ ਨਹੀਂ ਕੀਤੀ ਗਈ।
ਨਜਾਰੂਈ ਕਹਿੰਦੇ ਹਨ ਕਿ ਨੇਪੀਅਰ ਦੇ ਮੁਕਾਬਲੇ, ਇਸ ਘਾਹ ਦੇ ਇਸਤੇਮਾਲ ਨਾਲ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਹੋਇਆ, ਦੁੱਧ ਉਤਪਾਦਨ ਵਧਿਆ ਅਤੇ ਕਰੂਡ ਪ੍ਰੋਟੀਨ ਦਾ ਪੱਧਰ ਵਧਿਆ।
ਇਸ ਨੂੰ ਹਜਮ ਕਰਨਾ ਸੌਖਾ ਹੈ, ਇਸ ਲਈ ਇਸ ਨੂੰ ਖਾਣ ਵਾਲੇ ਜਾਨਵਰ ਹਰੇ ਗ੍ਰਹਿ-ਪ੍ਰਭਾਵ ਵਾਲੀਆਂ ਗੈਸਾਂ ਵੀ ਵਾਤਾਵਰਣ ਵਿੱਚ ਘੱਟ ਛੱਡਦੇ ਹਨ।
ਨਜਾਰੂਈ ਅਨੁਸਾਰ, "ਇਹ ਘਾਹ ਆਪਣੀਆਂ ਸੰਘਣੀਆਂ ਜੜਾਂ ਕਾਰਨ ਜ਼ਿਆਦਾ ਕਾਰਬਨ ਸਟੋਰ ਵੀ ਕਰਦਾ ਹੈ।"
ਇਹ ਸੂਪਰ-ਘਾਹ ਦੀਆਂ ਜੜਾਂ ਦੇ ਨੈਟਵਰਕ ਕਾਰਨ ਸੋਕੇ ਅਤੇ ਭੂਖੋਰ ਨੂੰ ਰੋਕਣ ਵਿੱਚ ਵੀ ਮਦਦ ਮਿਲਦੀ ਹੈ। ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹ। ਆਪਣੀਆਂ ਜੜਾਂ ਕਾਰਨ ਉਹ ਮਿੱਟੀ ਵਿੱਚੋਂ ਡੂੰਘੇ ਦੱਬੇ ਪੌਸ਼ਟਿਕ ਤੱਤਾਂ ਖਿੱਚਣ ਦੀ ਸਮਰੱਥਾ ਰੱਖਦੀ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਖਾਣੇ ਵਿਚਲੇ ਪੋਸ਼ਕ ਤੱਤਾਂ ਦੀ ਮਿਕਦਾਰ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ। ਭਾਵੇਂ ਇਹ ਕਾਰਕ ਕੁਦਰਤੀ ਹੋਣ, ਭਾਵੇਂ ਕਾਸ਼ਤਕਾਰੀ ਦੇ ਤਰੀਕੇ ਹੋਣ, ਮੌਸਮ ਹੋਵੇ।
ਕਿਸਾਨਾਂ ਨੂੰ ਪੋਸ਼ਟਿਕ ਤੱਤਾਂ ਵਾਲੀਆਂ ਫ਼ਸਲਾਂ ਲਈ ਉਤਸ਼ਾਹਿਤ ਕਰਨਾ ਜ਼ਰੂਰੀ

ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੌਸ਼ਟਿਕਤਾ ਦੇ ਪੱਖੋਂ ਸਭ ਤੋਂ ਬਿਤਰੀਨ ਖਾਣਾ ਹਾਸਲ ਹੋਵੇ। ਸਾਡੇ ਲਈ ਇਨ੍ਹਾਂ ਸਾਰੇ ਕਾਰਕਾਂ ਨੂੰ ਸਮਝਣਾ ਜ਼ਰੂਰੀ ਹੈ। ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਕਿ ਉਹ ਝਾੜ ਨਾਲੋਂ ਜ਼ਿਆਦਾ ਫ਼ਸਲ ਦੀ ਗੁਣਵੱਤਾ ਵੱਲ ਧਿਆਨ ਦੇਣ।
ਮੈਕਗ੍ਰਾਥ ਕਹਿੰਦੇ ਹਨ ਕਿ ਇਸ ਲਈ ਸਾਨੂੰ ਖਾਣੇ ਦੇ ਉਤਪਾਦਨ ਦੀ ਇੱਕ ਅਜਿਹੀ ਪ੍ਰਣਾਲੀ ਦੀ ਜ਼ਰੂਰਤ ਹੈ ਜੋ ਖਾਣੇ ਵਿੱਚ ਪੋਸ਼ਣ 'ਤੇ ਧਿਆਨ ਰੱਖੇ ਅਤੇ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਤੁਲਨਾਯੋਗ ਬਣਾਵੇ, ਇੱਕ ਵਪਾਰਕ ਮਾਡਲ ਜੋ ਪੋਸ਼ਣ ਨੂੰ ਹਰ ਚੀਜ਼ ਤੋਂ ਉੱਪਰ ਰੱਖੇ।
ਹਾਲਾਂਕਿ, ਇਹ ਦੇਖਣਾ ਬਾਕੀ ਹੈ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ।
ਉਹ ਕਹਿੰਦੇ ਹਨ, "ਕਿਸਾਨਾਂ ਨੂੰ ਪ੍ਰਭਾਵੀ ਪੋਸ਼ਕ ਤੱਤਾਂ ਵਾਲੀ ਫ਼ਸਲ ਉਗਾਉਣ ਲਈ ਭੁਗਤਾਨ ਕੀਤੇ ਜਾਣ ਦੀ ਲੋੜ ਹੈ। ਉਹ ਜੋ ਪ੍ਰਤੀ ਟਨ ਦੇ ਹਿਸਾਬ ਨਾਲ ਭੁਗਤਾਨ ਕਰਨ ਦੀ ਪ੍ਰਣਾਲੀ ਹੈ ਉਸ ਵਿੱਚ ਮਨੁੱਖੀ ਸਿਹਤ ਦਾ ਨਜ਼ਰੀਆ ਸ਼ਾਮਲ ਨਹੀਂ ਹੈ।''
ਸਾਡੇ ਤੱਕ ਪੁਹੰਚਦੇ ਖਾਣੇ ਦੇ ਪੋਸ਼ਕ ਤੱਤਾਂ ਅਤੇ ਖੇਤੀਬਾੜੀ ਦੇ ਦਰਮਿਆਨ ਅਜਿਹਾ ਬਹੁਚ ਕੁਝ ਹੈ ਜਿਸ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਅਜੇ ਹੋਰ ਖੋਜ ਦੀ ਲੋੜ ਹੈ।
ਸਾਡੀ ਦੁਨੀਆਂ ਦੇ ਦੋ ਅਰਬ ਲੋਕ ਸੂਖਮ ਪੋਸ਼ਕ ਤੱਤਾਂ ਦੀ ਕਮੀ ਨਾਲ ਜੂਝ ਰਹੇ ਹਨ। ਇਹ ਬਹੁਤ ਵੱਡਾ ਅੰਕੜਾ ਹੈ। ਹਾਲਾਂਕਿ ਜੇ ਖੁਰਾਕ ਵਿੱਚ ਪੋਸ਼ਕ ਤੱਤਾਂ ਦੀ ਰਾਹ ਉੱਪਰ ਤੁਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਿਹਤ ਦੇ ਪੱਖੋਂ ਬਹੁਤ ਕੁਝ ਚੰਗਾ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















