ਗੀਲੇਨ ਮੈਕਸਵੈੱਲ: ਅਮੀਰ ਪਰ ਇੱਕ ਬੇਤਰਸ ਪਿਤਾ ਦੀ 'ਲਾਡਲੀ' ਕਿਵੇਂ ਕੁੜੀਆਂ ਦੇ ਸੈਕਸ ਸੋਸ਼ਣ ਤੇ ਤਸਕਰੀ ਦੇ ਧੰਦੇ ਵਿਚ ਪੈ ਕੇ ਤਬਾਹ ਹੋਈ

    • ਲੇਖਕ, ਜੌਹਨ ਕੈਲੀ
    • ਰੋਲ, ਬੀਬੀਸੀ ਨਿਊਜ਼

ਗੀਲੇਨ ਮੈਕਸਵੈੱਲ ਨੂੰ ਨਾਬਾਲਗ ਕੁੜੀਆਂ ਨੂੰ ਜਿਨਸੀ ਵਪਾਰ ਲਈ ਤਿਆਰ ਕਰਨ ਅਤੇ ਤਸਕਰੀ ਦੇ ਜੁਰਮ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੱਕ ਜ਼ਮਾਨੇ ਵਿੱਚ ਉਹ ਲੰਡਨ ਅਤੇ ਨਿਊਯਾਰਕ ਦੀਆਂ ਅਮੀਰ ਹਸਤੀਆਂ ਦੀਆਂ ਮਹਿਫ਼ਲਾਂ ਦਾ ਹਿੱਸਾ ਹੁੰਦੀ ਸੀ।

ਉਨ੍ਹਾਂ ਉੱਪਰ ਇਕ ਅਮੀਰ ਫਾਇਨਾਂਸਰ ਜੈਫਰੀ ਐਪਸਟੀਨ ਦੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਵਿੱਚ ਸਹਾਇਤਾ ਕਰਨ ਦੇ ਇਲਜ਼ਾਮ ਲੱਗੇ ਸਨ।

2019 ਵਿਚ ਐਪਸਟੀਨ ਨੇ ਆਤਮ ਹੱਤਿਆ ਕਰ ਲਈ ਸੀ। ਵਕੀਲਾਂ ਦਾ ਕਹਿਣਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਐਪਸਟੀਨ ਨੇ ਇਹ ਸ਼ੋਸ਼ਣ ਮੈਕਸਵੈੱਲ ਦੀ ਸਹਾਇਤਾ ਤੋਂ ਬਿਨਾਂ ਕੀਤਾ ਹੋਵੇ।

ਗੀਲੇਨ ਮੈਕਸਵੈੱਲ ਦਾ ਜਨਮ ਕ੍ਰਿਸਮਿਸ ਵਾਲੇ ਦਿਨ 1961 ਵਿੱਚ ਹੋਇਆ ਸੀ।

ਤਿੰਨ ਦਿਨਾਂ ਬਾਅਦ, ਉੁਨ੍ਹਾਂ ਦੇ 15 ਸਾਲਾ ਭਰਾ ਮਾਈਕਲ ਨੂੰ ਲੈ ਕੇ ਜਾ ਰਹੀ ਇੱਕ ਕਾਰ ਆਕਸਫੋਰਡਸ਼ਾਇਰ ਵਿੱਚ ਇੱਕ ਲਾਰੀ ਨਾਲ ਟਕਰਾ ਗਈ।

ਮਾਈਕਲ ਮੈਕਸਵੈੱਲ ਆਪਣੀ ਜ਼ਿੰਦਗੀ ਦੇ ਬਾਕੀ ਸੱਤ ਸਾਲ ਕੋਮਾ ਵਿੱਚ ਹੀ ਰਹੇ।

ਹਾਲਾਂਕਿ ਮੈਕਸਵੈੱਲ ਦਾ ਜਨਮ ਇੱਕ ਰੱਜੇ-ਪੁੱਜੇ ਪਰਿਵਾਰ ਵਿੱਚ ਹੋਇਆ ਸੀ - ਉਸ ਦੇ ਪਿਤਾ ਪ੍ਰਕਾਸ਼ਨ ਦੇ ਖੇਤਰ ਵਿੱਚ ਵੱਡੇ ਕਾਰੋਬਾਰੀ ਸਨ।

ਪਰ ਗੀਲੇਨ ਮੈਕਸਵੈੱਲ ਦੇ ਜੀਵਨ ਦੇ ਸ਼ੁਰੂਆਤੀ ਸਾਲ ਭਾਵਨਾਤਮਕ ਅਣਗਹਿਲੀ ਵਿੱਚ ਬੀਤੇ ਸਨ।

ਮੈਕਸਵੈੱਲ ਦੀ ਮਾਂ ਬੈਟੀ ਨੇ ਬਾਅਦ ਵਿੱਚ ਆਪਣੀਆਂ ਯਾਦਾਂ ਵਿੱਚ ਮੰਨਿਆ ਕਿ ਮਾਈਕਲ ਨਾਲ ਦੁਰਘਟਨਾ ਹੋਣ ਤੋਂ ਬਾਅਦ ਦੁਖੀ ਮਾਪਿਆਂ ਨੇ ਨਿੱਕੀ ਬੱਚੀ ਵੱਲ "ਬਹੁਤੀ ਤਵੱਜੋ ਨਹੀਂ ਦਿੱਤੀ।

ਬੈਟੀ ਦੇ ਅਨੁਸਾਰ 1965 ਵਿੱਚ ਇੱਕ ਦਿਨ ਤਿੰਨ ਸਾਲਾਂ ਦੀ ਗੀਲੇਨ ਮੈਕਸਵੈੱਲ ਉਸ ਦੇ ਸਾਹਮਣੇ ਖੜ੍ਹੀ ਹੋ ਗਈ ਅਤੇ ਬੋਲੀ, "ਮੰਮੀ, ਮੈਂ ਵੀ ਹਾਂ।"

ਬੈਟੀ ਨੂੰ ਲੱਗਿਆ ਕਿ ਬੱਚੀ ਖੁਦ ਨੂੰ ਦੁਰਕਾਰਿਆ ਹੋਇਆ ਮਹਿਸੂਸ ਕਰ ਰਹੀ ਹੈ।

ਗੀਲੈਨ ਮੈਕਸਵੈੱਲ ਦੀ ਕਹਾਣੀ ਸੰਖੇਪ ਵਿੱਚ

ਗੀਲੇਨ ਮੈਕਸਵੈੱਲ ਨੂੰ ਨਾਬਾਲਗ ਕੁੜੀਆਂ ਨੂੰ ਜਿਨਸੀ ਵਪਾਰ ਲਈ ਤਿਆਰ ਕਰਨ ਅਤੇ ਤਸਕਰੀ ਦੇ ਜੁਰਮ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਉਨ੍ਹਾਂ ਉੱਪਰ ਇਕ ਅਮੀਰ ਫਾਇਨਾਂਸਰ ਜੈਫਰੀ ਐਪਸਟੀਨ ਦੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਵਿੱਚ ਸਹਾਇਤਾ ਕਰਨ ਦੇ ਇਲਜ਼ਾਮ ਲੱਗੇ ਸਨ।

ਮੈਕਸਵੈੱਲ ਦਾ ਬਚਪਨ ਇੱਕ ਅਮੀਰ ਪਰਿਵਾਰ ਵਿੱਚ ਬੀਤਿਆ ਪਰ ਉਨ੍ਹਾਂ ਦੇ ਪਿਤਾ ਹਮੇਸ਼ਾ ਗੁੱਸੇ ਵਿੱਚ ਰਹਿੰਦੇ ਸਨ।

ਰੌਬਰਟ ਨੂੰ ਇੱਕ ਬੁਲੀ ਵਜੋਂ ਜਾਣਿਆਂ ਜਾਂਦਾ ਸੀ, ਜੋ ਘਰ ਵਿੱਚ ਵੀ ਇੱਕ ਬੇਤਰਸ ਪਿਤਾ ਸੀ ਅਤੇ ਆਪਣੇ ਬੱਚਿਆਂ ਨੂੰ ਕੁੱਟਦਾ ਅਤੇ ਗਾਲਾਂ ਕੱਢਦਾ ਸੀ।

ਗੀਲੇਨ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਆਧੁਨਿਕ ਇਤਿਹਾਸ ਅਤੇ ਭਾਸ਼ਾਵਾਂ ਦੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਮਾਹੌਲ ਵਿੱਚ ਬੀਤੇ ਬਚਪਨ ਮੈਕਸਵੈੱਲ ਦੀ ਸ਼ਖਸ਼ੀਅਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਸਿੱਖ ਗਏ ਸਨ ਕਿ ਕਿਸੇ ਤਾਕਤਵਰ ਵਿਅਕਤੀ ਨੂੰ ਕਿਵੇਂ ਖੁਸ਼ ਰੱਖਣਾ ਹੈ।

ਪਿਤਾ ਵਾਂਗ ਹੀ, ਐਪਸਟਾਈਨ ਬਹੁਤ ਅਮੀਰ ਆਦਮੀ ਸੀ। ਐਪਸਟਾਈਨ ਦਾ ਪਿਛੋਕੜ ਬਰੁਕਲਿਨ ਵਿੱਚ ਇੱਕ ਮਜ਼ਦੂਰ ਵਰਗ ਨਾਲ ਸਬੰਧਿਤ ਸੀ।

ਗੀਲੇਨ ਦੇ ਕੇਸ ਉੱਪਰ ਨਜ਼ਰ ਰੱਖਣ ਵਾਲੇ ਪੱਤਰਕਾਰ ਮੁਤਾਬਕ ਐਪਸਟਾਈਨ ਦੀ ਜ਼ਿੰਦਗੀ ਦੇ ਜ਼ਿਆਦਾਤਰ ਹਿੱਸੇ ਦੀ ਵਿਉਂਤਬੰਦੀ ਗੀਲੇਨ ਹੀ ਕਰਦੇ ਸਨ।

ਗੀਲੇਨ ਚੰਗੀ ਤਰ੍ਹਾਂ ਜਾਣਦੇ ਸਨ ਕਿ ਐਪਸਟਾਈਨ ਨੂੰ 'ਕੀ ਪਸੰਦ' ਸੀ, ਬਿਲਕੁਲ ਉਵੇਂ ਜਿਵੇਂ ਉਨ੍ਹਾਂ ਨੂੰ ਆਪਣੇ ਪਿਤਾ ਬਾਰੇ ਪਤਾ ਸੀ।

ਉਹ ਐਪਸਟਾਈਨ ਦੇ ਸਵਾਦ ਮੁਤਾਬਕ ਹੀ ਨਾਬਾਲਗ ਕੁੜੀਆਂ ਨੂੰ ਤਿਆਰ ਕਰਦੇ ਸਨ ਅਤੇ ਫਿਰ ਇਹ ਕੰਮ ਨਾਬਾਲਗ ਕੁੜੀਆਂ ਦੀ ਤਸਕਰੀ ਅਤੇ ਉਨ੍ਹਾਂ ਨੂੰ ਜਿਣਸੀ ਪੇਸ਼ੇ ਤੱਕ ਪਹੁੰਚਾਉਣ ਤੱਕ ਵਧ ਗਿਆ।

ਕਠੋਰ ਪਿਤਾ ਨਾਲ ਬੀਤਿਆ ਬਚਪਨ

ਮੈਕਸਵੈੱਲ ਨੂੰ ਕਦੇ ਵੀ ਝਿੜਕਾਂ ਦੀ ਕਮੀ ਨਹੀਂ ਹੋਈ। ਉਨ੍ਹਾਂ ਦੇ ਪਿਤਾ ਆਪਣੇ ਬੱਚਿਆਂ 'ਤੇ ਗੁੱਸਾ ਕਰਦੇ ਰਹਿੰਦੇ ਸੀ, ਪਰ ਉਹ ਜਲਦੀ ਹੀ ਉਨ੍ਹਾਂ ਦੀ ਲਾਡਲੀ ਧੀ ਬਣ ਗਈ ਸੀ।

ਬੈਟੀ ਨੇ ਬਾਅਦ ਵਿੱਚ ਆਪਣੀ 1994 ਦੀਆਂ ਯਾਦਾਂ ਵਿੱਚ ਲਿਖਿਆ, ਉਹ ਲਾਡਲੀ ਧੀ "ਵਿਗੜ ਗਈ, ਮੇਰੇ ਬੱਚਿਆਂ ਵਿੱਚੋਂ ਸਿਰਫ਼ ਉਹ ਹੀ ਹੈ, ਜਿਸ ਬਾਰੇ ਮੈਂ ਇਸ ਤਰ੍ਹਾਂ ਅਸਲ ਵਿੱਚ ਕਹਿ ਸਕਦੀ ਹਾਂ"।

ਮੈਕਸਵੈੱਲ ਦੇ ਉੱਪਰ ਲੱਗੇ ਇਲਜ਼ਾਮ ਬਹੁਤ ਗੰਭੀਰ ਹਨ। ਕਿਹਾ ਗਿਆ ਕਿ ਉਹ ਬੱਚੀਆਂ ਪ੍ਰਤੀ ਕਾਮੁਕ ਰੁਝਾਨ ਰੱਖਣ ਵਾਲੇ ਇੱਕ ਧਨੀ ਨਿਵੇਸ਼ਕ ਜੈਫਰੀ ਐਪਸਟਾਈਨ ਨੂੰ ਸਪਲਾਈ ਕਰਨ ਲਈ ਕੁੜੀਆਂ ਨੂੰ ਮਾਨਸਿਕ ਪੱਖੋਂ ਤਿਆਰਕ ਕਰਦੇ ਸਨ (ਗਰੂਮਿੰਗ ਕਰਦੇ ਸਨ)।

ਨਿਸ਼ਚਿਤ ਹੀ ਮੈਕਸਵੈੱਲ ਦੇ ਅਪਰਾਧਿਕ ਜੀਵਨ ਦੀਆਂ ਜੜਾਂ ਉਨ੍ਹਾਂ ਦੇ ਬਚਪਨ ਵਿੱਚ ਲੱਭਣੀਆਂ ਔਖ਼ੀਆਂ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ:

ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਵਾਲੇ ਫਾਈਨਾਂਸਰ ਜੈਫਰੀ ਐਪਸਟਾਈਨ ਦੁਆਰਾ ਦੁਰਵਿਵਹਾਰ ਕਰਨ ਲਈ ਲੜਕੀਆਂ ਨੂੰ ਮਾਨਸਿਕ ਪੱਖੋਂ ਤਿਆਰ ਕਰਨਾ ਅਤੇ ਫਿਰ ਉਨ੍ਹਾਂ ਦੀ ਤਸਕਰੀ ਕਰਨਾ - ਇਹ ਉਸ ਦੇ ਖ਼ਰਾਬ ਬਚਪਨ ਦਾ ਇੱਕ ਝਲਕਾਰਾ ਹੈ।

ਜਿੱਥੇ ਮੈਕਸਵੈੱਲ ਦੇ ਜੁਰਮਾਂ ਨੂੰ ਮਾਫ਼ ਕਰਨਾ ਅਸੰਭਵ ਹੈ, ਉਨ੍ਹਾਂ ਦੇ ਚਰਿੱਤਰ ਨੂੰ ਸਮਝਣਾ ਵੀ ਓਨਾਂ ਹੀ ਮੁਸ਼ਕਲ ਹੈ। ਗਹੁ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਦੀ ਜ਼ਿੰਦਗੀ ਅਜੀਬ ਹੀ ਰਹੀ ਹੈ।

ਮੈਕਸਵੈੱਲ ਦਾ ਪਾਲਣ ਪੋਸ਼ਣ ਹੈਡਿੰਗਟਨ ਹਿੱਲ ਹਾਲ ਆਕਸਫੋਰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਨੇ ਇਹ ਮਹਿਲ ਨੁਮਾ ਬੰਗਲਾ ਖਰੀਦਿਆ ਨਹੀਂ ਸਗੋਂ ਕਿਰਾਏਦਾਰ ਸੀ।

ਗੀਲੇਨ ਮੈਕਸਵੈੱਲ ਦੇ ਬਚਪਨ ਦੇ ਦੌਰਾਨ, ਹੈਡਿੰਗਟਨ ਹਿੱਲ ਹਾਲ ਵਿੱਚ ਸਿਆਸਤਦਾਨਾਂ, ਮਸ਼ਹੂਰ ਹਸਤੀਆਂ ਅਤੇ ਮੀਡੀਆ ਦੇ ਦਿਗਜਾਂ ਨਾਲ ਸ਼ਾਨਦਾਰ ਪਾਰਟੀਆਂ ਹੁੰਦੀਆਂ ਸਨ।

ਹਾਲਾਂਕਿ ਪਾਰਟੀਆਂ ਤੋਂ ਬਾਅਦ ਇਹ ਥਾਂ ਇੱਕ ਬੱਚੀ ਦੇ ਪਾਲਣ-ਪੋਸ਼ਣ ਲਈ ਬਿਲਕੁਲ ਵੀ ਢੁੱਕਵੀਂ ਨਹੀਂ ਸੀ।

ਰੌਬਰਟ ਨੇ ਆਪਣਾ ਜੀਵਨ ਇੱਕ ਮਾਮੂਲੀ ਬ੍ਰਿਟਿਸ਼ ਫ਼ੌਜੀ ਵਜੋਂ ਸ਼ੁਰੂ ਕੀਤਾ ਅਤੇ ਅਖੀਰ ਵਿੱਚ ਉਹ ਦੇਸ ਦੇ ਸਭ ਤੋਂ ਵੱਡੇ ਅਖ਼ਬਾਰਾਂ ਵਿੱਚੋਂ ਇੱਕ ਦਿ ਡੇਲੀ ਮਿਰਰ ਦੇ ਮਾਲਕ ਬਣੇ।

ਇਸ ਸਫ਼ਰ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ।

ਰੌਬਰਟ ਨੂੰ ਇੱਕ ਬੁਲੀ ਵਜੋਂ ਜਾਣਿਆਂ ਜਾਂਦਾ ਸੀ, ਜੋ ਘਰ ਵਿੱਚ ਵੀ ਇੱਕ ਬੇਤਰਸ ਪਿਤਾ ਸੀ ਅਤੇ ਆਪਣੇ ਬੱਚਿਆਂ ਨੂੰ ਕੁੱਟਦਾ ਅਤੇ ਗਾਲਾਂ ਕੱਢਦਾ ਸੀ।

ਇਹ ਵੀ ਪੜ੍ਹੋ:

ਜੌਹਨ ਪ੍ਰੈੱਸਟਨ ਦੁਆਰਾ ਲਿਖੀ ਜੀਵਨੀ ਮੁਤਾਬਕ ਰੌਬਰਟ ਖਾਣੇ ਦੀ ਮੇਜ਼ ਉੱਪਰ ਬੱਚਿਆਂ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਜਿਵੇਂ ਉਨ੍ਹਾਂ ਦੀ ਮੌਖਿਕ ਪ੍ਰੀਖਿਆ ਲੈ ਰਿਹਾ ਹੋਵੇ।

ਜੇ ਉਹ ਕਿਸੇ ਬੱਚੇ ਦੇ ਜਵਾਬਾਂ ਤੋਂ ਨਾਖੁਸ਼ ਹੁੰਦੇ ਤਾਂ ਬੱਚਿਆਂ ਦੀਆਂ ਅੱਖਾਂ ਵਿੱਚ ਅੱਥਰੂ ਆਉਣਾ ਆਮ ਗੱਲ ਸੀ।

ਪ੍ਰੈੱਸਟਨ ਨੂੰ ਰੌਬਰਟ ਦੇ ਇੱਕ ਪੁੱਤਰ ਇਆਨ ਨੇ ਦੱਸਿਆ,"ਉਹ ਸਾਨੂੰ ਬੈਲਟ ਨਾਲ ਕੁੱਟਦਾ ਸੀ - ਕੁੜੀਆਂ ਨੂੰ ਵੀ ਤੇ ਮੁੰਡਿਆਂ ਨੂੰ ਵੀ।"

ਹਾਲਾਂਕਿ ਗੀਲੇਨ ਮੈਕਸਵੈੱਲ ਆਪਣੇ ਪਿਤਾ ਦੀ ਲਾਡਲੀ ਸੀ ਪਰ ਉਸ ਨੂੰ ਵੀ ਇਸ ਸਭ ਵਿੱਚੋਂ ਗੁਜ਼ਰਨਾ ਪੈਂਦਾ ਸੀ।

ਇੱਥੇ ਗੀਲੇਨ ਵਿੱਚ ਇੱਕ ਵੱਖਰਾ ਰੁਝਾਨ ਦਿਖਦਾ ਸੀ। ਜਿੱਥੇ ਹੋਰ ਭੈਣ-ਭਰਾ ਜਾਂ ਤਾਂ ਦੂਰ ਹੋ ਗਏ ਸਨ ਜਾਂ ਬਾਗ਼ੀ ਹੋ ਗਏ ਸਨ। ਗੀਲੇਨ ਆਨੇ-ਬਾਹਨੇ ਆਪਣੇ ਪਿਤਾ ਨੂੰ ਖੁਸ਼ ਕਰਨਾ ਚਾਹੁੰਦੀ।

ਸਾਲ 2000 ਵਿੱਚ ਉਨ੍ਹਾਂ ਨੇ ਟੈਟਲਰ ਰਸਾਲੇ ਨੂੰ ਦੱਸਿਆ ਕਿ ਉਹ ਇੱਕ "ਪ੍ਰੇਰਣਾਦਾਇਕ" ਪਿਤਾ ਸਨ ਅਤੇ ਉਸ ਨੇ ਆਪਣੇ ਪਿਤਾ ਨੂੰ ਖੁਸ਼ ਰੱਖਣ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ। ਇਹ ਬਹੁਤ ਕਾਰਗਰ ਸਾਬਤ ਹੋਇਆ ਸੀ।

ਮੈਕਸਵੈਲ ਐੱਸਐੱਨਆਰ ਨੇ ਬਾਅਦ ਵਿੱਚ ਬੈਟੀ ਜਾਂ ਤਿੰਨ ਵੱਡੀਆਂ ਧੀਆਂ ਦੀ ਬਜਾਏ ਆਪਣੇ ਨਿੱਜੀ ਸਮੁੰਦਰੀ ਬੇੜੇ ਦਾ ਨਾਮ ਲੇਡੀ ਗੀਲੇਨ ਰੱਖਿਆ।

ਜ਼ਾਹਿਰ ਹੈ ਕਿ ਉਨ੍ਹਾਂ ਨੂੰ ਆਪਣੀ ਸਭ ਤੋਂ ਛੋਟੀ ਧੀ ਤੋਂ ਵੱਡੀਆਂ ਉਮੀਦਾਂ ਸਨ। ਰੌਬਰਟ ਗੀਲੇਨ ਦਾ ਵਿਆਹ ਜੌਹਨ ਐਫ਼ ਕੈਨੇਡੀ ਜੂਨੀਅਰ ਨਾਲ ਕਰਨਾ ਚਾਹੁੰਦੇ ਸਨ।

'ਉਹ ਦੂਜੀਆਂ ਔਰਤਾਂ ਲਈ ਬਹੁਤ ਹੀ ਆਕਰਸ਼ਕ ਸੀ'

ਗੀਲੇਨ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਆਧੁਨਿਕ ਇਤਿਹਾਸ ਅਤੇ ਭਾਸ਼ਾਵਾਂ ਦੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ।

ਇੱਥੇ ਲੇਖਿਕਾ ਐਨਾ ਪਾਸਟਰਨੈਕ ਉਨ੍ਹਾਂ ਦੀ ਸਮਕਾਲੀ ਸੀ। ਬਾਅਦ ਵਿੱਚ ਐਨਾ ਅਤੇ ਗੀਲੈਨ ਇੱਕੋ ਜਿਹੇ ਸਮਾਜਿਕ ਘੇਰੇ ਦੀਆਂ ਮੈਂਬਰ ਬਣੀਆਂ ।

ਐਨਾ ਕਹਿੰਦੇ ਹਨ ਕਿ ਗੀਲੇਨ ਪਾਰਟੀਆਂ ਵਿੱਚ ਸ਼ਿਸ਼ਟਾਚਾਰ ਨਿਭਾਉਂਦਿਆਂ ਹਮੇਸ਼ਾ ਧਿਆਨ ਰੱਖਦੇ ਸਨ ਕਿ ਉਸ ਮਹਿਫ਼ਲ ਵਿੱਚ ਕੌਣ ਕਿੰਨਾ ਤਾਕਤਵਰ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਭੈਣ ਅਤੇ ਆਕਸਫੋਰਡ ਦੀ ਇੱਕ ਹੋਰ ਸਮਕਾਲੀ ਰਸ਼ੈਲ ਜੌਹਨਸਨ ਨੇ ਗੀਲੇਨ ਮੈਕਸਵੈੱਲ ਨੂੰ ਇੱਕ ਵਾਰ ਜੂਨੀਅਰ ਮੁੰਡਿਆਂ ਦੇ ਕਾਮਨ ਰੂਮ ਵਿੱਚ ਦੇਖਿਆ।

ਉਹ ਦੱਸਦੇ ਹਨ, "ਉਹ ਸ਼ਰਾਰਤੀ ਅੱਖਾਂ ਵਾਲੀ ਗਲੈਮਰਸ, ਮੇਜ਼ ਉੱਤੇ ਉੱਚੀ ਅੱਡੀ ਵਾਲੇ ਬੂਟ ਮੇਰੇ ਭਰਾ ਬੌਰਿਸ ਦੇ ਪੱਟ ਉੱਤੇ ਰੱਖ ਕੇ ਦੇਖ ਰਹੀ ਸੀ।"

ਗ੍ਰੈਜੂਏਟ ਹੋਣ ਤੋਂ ਬਾਅਦ, ਮੈਕਸਵੈੱਲ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਮਾਲਕੀ ਵਾਲੇ ਫੁੱਟਬਾਲ ਕਲੱਬ ਆਕਸਫੋਰਡ ਯੂਨਾਈਟਿਡ ਵਿੱਚ ਇੱਕ ਨਿਰਦੇਸ਼ਕ ਲਗਾ ਦਿੱਤਾ।

ਰੌਬਰਟ ਨੇ ਆਪਣੀ ਧੀ ਨੂੰ ਕਾਰਪੋਰੇਟ ਤੋਹਫ਼ੇ ਸਪਲਾਈ ਕਰਨ ਵਾਲੀ ਆਪਣੀ ਕੰਪਨੀ ਨਾਲ ਵੀ ਜੋੜ ਲਿਆ।

ਹਾਲਾਂਕਿ ਅਖ਼ਬਾਰਾਂ ਵਿੱਚ ਗੀਲੇਨ ਨੂੰ ਇੱਕ ਕਾਰੋਬਾਰੀ/ਪੇਸ਼ਵਰ ਮਹਿਲਾ ਵਜੋਂ ਨਹੀਂ ਸਗੋਂ ਲੋਕਾਂ ਨਾਲ ਮਿਲਣ-ਗਿਲਣ ਵਾਲੀ (ਸੋਸ਼ਲਾਈਟ) ਵਜੋਂ ਜ਼ਿਆਦਾ ਜਾਣਿਆ ਜਾਂਦਾ ਸੀ।

ਇਸ ਦੌਰਾਨ ਗੀਲੇਨ ਨੇ ਇਤਾਲਵੀ ਕੁਲੀਨ ਕਾਉਂਟ ਜਿਆਨਫ੍ਰੈਂਕੋ ਸਿਕੋਗਨਾ ਨਾਲ ਮਿਲਣਾ-ਗਿਲਣਾ ਸ਼ੁਰੂ ਕਰ ਦਿੱਤਾ।

ਗੀਲੇਨ ਨੇ ਔਰਤਾਂ ਲਈ ਇੱਕ ਕਿਸਮ ਦੇ ਪ੍ਰਾਈਵੇਟ ਮੈਂਬਰੀ ਵਾਲੇ ਕਲੱਬ ਦੀ ਸਥਾਪਨਾ ਵੀ ਕੀਤੀ।

ਪਾਸਟਰਨਕ ਨੇ ਕੁਝ ਮੌਕਿਆਂ 'ਤੇ ਹਾਜ਼ਰੀ ਭਰੀ, ਪਾਸਟਰਨਕ ਮੈਕਸਵੈੱਲ ਨੂੰ ਇੱਕ ਨਾਰੀਵਾਦੀ ਚੈਂਪੀਅਨ ਮੰਨਿਆ ਹੈ ।

ਪਾਸਟਰਨਕ ਦਾ ਕਹਿਣਾ ਹੈ, "ਮੈਨੂੰ ਲੱਗਦਾ ਹੈ ਕਿ ਔਰਤਾਂ ਉਸ ਲਈ ਅਸਲ ਵਿੱਚ ਮਹੱਤਵਪੂਰਨ ਨਹੀਂ ਸਨ - ਉਹ ਕੇਵਲ ਇੱਕ ਹੋਰ ਸ਼ਕਤੀਸ਼ਾਲੀ ਆਦਮੀ ਨੂੰ ਹਾਸਲ ਕਰਨ ਦੀਆਂ ਸਾਧਨ ਸਨ।"

ਪਿਤਾ ਦੀ ਮੌਤ ਨੇ ਬਦਲੀ ਜ਼ਿੰਦਗੀ

ਜਨਵਰੀ 1991 ਵਿੱਚ, ਗੀਲੇਨ ਦੇ ਪਿਤਾ ਨੇ ਤੰਗੀ ਵਿੱਚੋਂ ਲੰਘ ਰਹੇ 'ਨਿਊਯਾਰਕ ਡੇਲੀ ਨਿਊਜ਼' ਅਖ਼ਬਾਰ ਨੂੰ ਹਾਸਲ ਕਰ ਲਿਆ।

ਗੀਲੈਨ ਨੂੰ ਆਪਣੇ ਨੁਮਾਇੰਦੇ ਵਜੋਂ ਅਖ਼ਬਾਰ ਦੇ ਹੈੱਡਕੁਆਰਟਰ ਵਿੱਚ ਭੇਜਿਆ। ਇੱਥੋਂ ਗੀਲੈਨ ਦਾ ਮੈਨਹਟਨ ਦੀ ਸਮਾਜਿਕ ਜੀਵਨ ਵਿੱਚ ਦਾਖਲਾ ਹੋਇਆ।

ਉਸੇ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਪਿਤਾ ਦੀ ਇੱਕ ਸਮੁੰਦਰੀ ਹਾਦਸੇ ਵਿੱਚ ਮੌਤ ਹੋ ਗਈ। ਗਮਜ਼ਦਾ ਗੀਲੇਨ ਨੂੰ ਪਿਤਾ ਦੀ ਮੌਤ ਤੋਂ ਅਗਲੇ ਹੀ ਦਿਨ ਦੁਨੀਆਂ ਦੀ ਪ੍ਰੈੱਸ ਦੇ ਸਨਮੁੱਖ ਇੱਕ ਭਾਵੁਕ ਭਾਸ਼ਣ ਦੇਣ ਲਈ ਕਿਹਾ ਗਿਆ।

ਜਲਦੀ ਹੀ ਇਹ ਸਾਹਮਣੇ ਆਇਆ ਕਿ ਰੌਬਰਟ ਮੈਕਸਵੈੱਲ ਨੇ ਆਪਣੇ 32,000 ਕਰਮਚਾਰੀਆਂ ਦੇ ਖਰਚੇ 'ਤੇ ਅਖ਼ਬਾਰ ਕੰਪਨੀ ਦੇ ਸ਼ੇਅਰ ਦੀ ਕੀਮਤ ਨੂੰ ਨਕਲੀ ਤੌਰ 'ਤੇ ਵਧਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਮਿਰਰ ਗਰੁੱਪ ਦੇ 440 ਮਿਲੀਅਨ ਯੂਰੋ (583 ਮਿਲੀਅਨ ਡਾਲਰ) ਦੇ ਪੈਨਸ਼ਨ ਫੰਡ 'ਤੇ ਹੱਥ ਸਾਫ਼ ਕੀਤਾ ਸੀ।

ਹੁਣ ਮੈਕਸਵੈੱਲ ਪਰਿਵਾਰ ਅਤੇ ਬ੍ਰਿਟਿਸ਼ ਸਰਕਾਰ ਨੂੰ ਕੰਡੇ ਚੁਗਣੇ ਪੈ ਗਏ ਸਨ। ਬਾਅਦ ਵਿੱਚ ਫੰਡ ਦੇ ਇੱਕ ਬੇਲਆਊਟ ਲਈ 100 ਮਿਲੀਅਨ ਯੂਰੋ (132 ਮਿਲੀਅਨ ਡਾਲਰ) ਦਾ ਭੁਗਤਾਨ ਕੀਤਾ ਗਿਆ ਸੀ।

ਜੂਨ 1992 ਵਿੱਚ, ਰੌਬਰਟ ਦੇ ਦੋ ਪੁੱਤਰਾਂ, ਇਆਨ ਅਤੇ ਕੇਵਿਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ। ਆਖਿਰਕਾਰ ਜਨਵਰੀ 1996 ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।

ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਉਸ ਦੇ ਪਿਤਾ ਦੇ ਅਪਰਾਧ ਦਾ ਸਪੱਸ਼ਟ ਤੌਰ 'ਤੇ ਪਤਾ ਸੀ, ਪਰ ਗੀਲੇਨ ਮੈਕਸਵੈੱਲ ਨੇ ਆਪਣੇ ਪਿਤਾ ਦਾ ਬਚਾਅ ਕਰਨਾ ਜਾਰੀ ਰੱਖਿਆ।

'ਉਹ ਕੋਈ ਬਦਮਾਸ਼ ਨਹੀਂ ਸਨ'

ਉਸ ਨੇ 1992 ਦੇ ਸ਼ੁਰੂ ਵਿੱਚ ਵੈਨਿਟੀ ਫੇਅਰ ਦੇ ਐਡਵਰਡ ਕਲੇਨ ਨੂੰ ਦੱਸਿਆ, "ਮੇਰੇ ਲਈ ਇੱਕ ਚੋਰ ਉਹ ਹੈ ਜੋ ਪੈਸੇ ਚੋਰੀ ਕਰਦਾ ਹੈ। ਕੀ ਮੇਰੇ ਪਿਤਾ ਨੇ ਅਜਿਹਾ ਕੀਤਾ ਸੀ? ਨਹੀਂ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੀ ਕੀਤਾ ਸੀ।

ਸਪੱਸ਼ਟ ਤੌਰ 'ਤੇ, ਕੁਝ ਹੋਇਆ ਹੈ। ਕੀ ਉਨ੍ਹਾਂ ਨੇ ਇਸ ਨੂੰ ਆਪਣੀ ਜੇਬ ਵਿੱਚ ਰੱਖਿਆ ਸੀ? ਕੀ ਉਹ ਪੈਸੇ ਲੈ ਕੇ ਭੱਜ ਗਏ ਸਨ? ਨਹੀਂ। ਅਤੇ ਇਹ ਇੱਕ ਬਦਮਾਸ਼ ਦੀ ਮੇਰੀ ਪਰਿਭਾਸ਼ਾ ਹੈ।"

ਇਹ ਵੀ ਪੜ੍ਹੋ:

ਜਦੋਂ ਕਿ ਉਸ ਦੇ ਬਾਕੀ ਭੈਣ-ਭਰਾਵਾਂ ਨੇ ਮੰਨਿਆ ਕਿ ਰੌਬਰਟ ਮੈਕਸਵੈੱਲ ਦੀ ਮੌਤ ਜਾਂ ਤਾਂ ਇੱਕ ਦੁਰਘਟਨਾ ਸੀ ਜਾਂ ਖੁਦਕੁਸ਼ੀ ਪਰ ਗੀਲੈਨ ਲਗਾਤਾਰ ਕਹਿੰਦੇ ਰਹੇ ਕਿ ਰੌਬਰਟ ਦਾ ਕਤਲ ਕੀਤਾ ਗਿਆ ਸੀ।

ਉਸ ਦੇ ਵਿਰੋਧ ਦੇ ਬਾਵਜੂਦ, ਮਿਰਰ ਪੈਨਸ਼ਨ ਸਕੈਂਡਲ ਦੇ ਉਜਾਗਰ ਹੋਣ ਤੋਂ ਬਾਅਦ ਬ੍ਰਿਟੇਨ ਹੁਣ ਗੀਲੈਨ ਲਈ ਰਹਿਣਯੋਗ ਬਹੁਤ ਵਧੀਆ ਵਿਕਲਪ ਨਹੀਂ ਰਿਹਾ ਸੀ।

ਨਵੰਬਰ 1992 ਦੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਨੇ ਨਿਊਯਾਰਕ ਵਿੱਚ 4,000 ਡਾਲਰ (3,019 ਯੂਰੋ) ਦੀ ਇੱਕ ਤਰਫਾ ਕੌਨਕੋਰਡ (ਕੌਨਕੌਰਡ -ਇੱਕ ਅਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਉੱਡਣ ਵਾਲਾ ਜਹਾਜ਼ ਸੀ।) ਟਿਕਟ ਖਰੀਦੀ ਸੀ।

2005 ਵਿੱਚ, ਹੈਰੀ ਮਾਉਂਟ ਮੈਨਹਟਨ ਵਿੱਚ ਇਕੱਲਤਾ ਮਹਿਸੂਸ ਕਰ ਰਿਹਾ ਸੀ। 33 ਸਾਲ ਦੀ ਉਮਰ ਵਿੱਚ, ਉਸ ਨੂੰ 'ਡੇਲੀ ਟੈਲੀਗ੍ਰਾਫ' ਦੇ ਨਿਊਯਾਰਕ ਦੇ ਪੱਤਰਕਾਰ ਵਜੋਂ ਲਗਾ ਦਿੱਤਾ ਗਿਆ ਸੀ ਅਤੇ ਸ਼ਹਿਰ ਵਿੱਚ ਉਸ ਦੀ ਬਹੁਤ ਥੋੜ੍ਹੀ ਜਾਣ-ਪਛਾਣ ਸੀ।

ਜਦੋਂ ਇੱਕ ਦੋਸਤ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਮੈਕਸਵੈੱਲ ਦੇ ਘਰ ਇੱਕ ਪਾਰਟੀ ਵਿੱਚ ਉਸ ਦੇ ਨਾਲ ਜਾਣਾ ਚਾਹੁੰਦਾ ਹੈ, ਤਾਂ ਮਾਉਂਟ ਨੇ ਤੁਰੰਤ ਹਾਂ ਕਰ ਦਿੱਤੀ।

ਉਹ ਆਖਿਰਕਾਰ ਗੀਲੇਨ ਮੈਨਹਟਨ ਦੇ ਕੁਲੀਨ ਵਰਗ ਵਿੱਚ ਇੱਕ ਪ੍ਰਮੁੱਖ ਸ਼ਖ਼ਸੀਅਤ ਵਜੋਂ ਜਾਣੀ ਜਾਂਦੇ ਸੀ, ਜਿਸ ਦੀਆਂ ਬਿਲ ਕਲਿੰਟਨ, ਡੌਨਲਡ ਟਰੰਪ ਅਤੇ ਇੱਥੋਂ ਤੱਕ ਕਿ ਪੋਪ ਜੌਨ ਪਾਲ ਨਾਲ ਫੋਟੋਆਂ ਖਿਚਵਾਈਆਂ ਗਈਆਂ ਸਨ।

ਅਮਰੀਕੀ ਸਮਾਜ ਦੇ ਮਹਾਨ ਅਤੇ ਚੰਗੇ ਲੋਕਾਂ ਵਿੱਚ ਉਨ੍ਹਾਂ ਦਾ ਬ੍ਰਿਟਿਸ਼ ਲਹਿਜ਼ਾ ਇੱਕ ਖ਼ਾਸ ਰੁਤਬਾ ਬਖ਼ਸ਼ਦਾ ਸੀ।।

ਜਦੋਂ ਮਾਊਂਟ ਅਪਰ ਈਸਟ ਸਾਈਡ 'ਤੇ ਉਸ ਦੇ ਪੰਜ ਮੰਜ਼ਿਲਾ ਮਹਿਲ 'ਤੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ ਜਦੋਂ ਉਹ ਉਸ ਵੱਲ ਵਧੀ ਅਤੇ ਉਸ 'ਤੇ ਸਵਾਲਾਂ ਦੀ ਝੜੀ ਲਗਾ ਦਿੱਤੀ।

ਗੀਲੈਨ ਨੇ ਹੈਰੀ ਦੇ ਜਵਾਬ ਇਸ ਲਹਿਜ਼ੇ ਨਾਲ ਸੁਣੇ ਕਿ ਹੈਰੀ ਨੂੰ ਲੱਗਿਆ ਕਿ ਉਹ ਦੁਨੀਆਂ ਦਾ ਸਭ ਤੋਂ ਦਿਲਕਸ਼ ਵਿਅਕਤੀ ਹੋਵੇ।

ਮਾਊਂਟ ਹੁਣ ਓਲਡੀ ਮੈਗਜ਼ੀਨ ਦੇ ਸੰਪਾਦਕ ਹਨ ਅਤੇ ਕਹਿੰਦੇ ਹਨ, "ਉਨ੍ਹਾਂ ਦੇ ਮੇਰੇ ਪ੍ਰਤੀ ਖਾਸ ਤੌਰ 'ਤੇ ਦੋਸਤਾਨਾ ਹੋਣ ਦਾ ਕੋਈ ਕਾਰਨ ਨਹੀਂ ਸੀ।

ਮਾਉਂਟ ਨੇ ਮੰਨਿਆ ਕਿ ਉਸ ਦੀ ਚੰਚਲਤਾ ਅਤੇ ਆਕਰਸ਼ਣ ਗੀਲੇਨ ਦੇ ਦੁਖੀ ਬਚਪਨ ਵਿੱਚੋਂ ਪਨਪੇ ਸਨ।

ਮਾਊਂਟ ਮੁਤਾਬਕ, "ਤੁਹਾਡੇ ਵਿੱਚ ਚੰਗੇ ਰਿਸ਼ਤਿਆਂ ਅਤੇ ਆਤਮਵਿਸ਼ਵਾਸ ਦਾ ਇੱਕ ਮਿਸ਼ਰਣ ਬਣ ਜਾਂਦਾ ਹੈ ਅਤੇ ਤੁਸੀਂ ਮਹਾਨ ਅਤੇ ਚੰਗੇ ਵਿਚਾਰਾਂ ਨਾਲ ਅੱਗੇ ਵਧਦੇ ਹੋ - ਪਰ ਬੁਨਿਆਦੀ ਤੌਰ 'ਤੇ, ਤੁਹਾਨੂੰ ਆਪਣੇ ਬਾਰੇ ਸਪਸ਼ਟਤਾ ਨਹੀਂ ਹੁੰਦੀ।"

"ਅਤੇ ਜਿਹੜੇ ਲੋਕ ਖੁਦ ਬਾਰੇ ਨਿਸ਼ਚਤ ਨਹੀਂ ਹਨ, ਉਹ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਥੋੜ੍ਹੇ ਚੰਗੇ ਹੁੰਦੇ ਹਨ ਜੋ ਅਕਸਰ ਨਿਸ਼ਚਤ ਹੁੰਦੇ ਹਨ।"

ਬਾਅਦ ਵਿੱਚ ਮਾਉਂਟ ਨੂੰ ਅਹਿਸਾਸ ਹੋਇਆ ਕਿ ਇੱਥੇ ਕੁਝ ਅਜਿਹਾ ਸੀ ਜਿਸ ਤੋਂ ਉਹ ਖੁੰਝ ਗਿਆ ਸੀ।

ਸੈਕਸ ਲਈ ਕੁੜੀਆਂ ਦਾ "ਵੱਡਾ ਨੈੱਟਵਰਕ" ਚਲਾਉਣ ਦਾ ਇਲਜ਼ਾਮ

ਗੀਲੇਨ ਮੈਕਸਵੈੱਲ ਕੋਲ ਕਥਿਤ ਤੌਰ 'ਤੇ ਟਰੱਸਟ ਫੰਡ ਵਿੱਚੋਂ 80,000 ਯੂਰੋ (106,000 ਡਾਲਰ)-ਦੀ ਪੂੰਜੀ ਬਚੀ ਸੀ।

ਮਾਊਂਟ ਨੇ ਬਾਅਦ ਵਿੱਚ ਸੋਚਿਆ ਕਿ ਇਹ ਰਾਸ਼ੀ ਤਾਂ ਮੈਕਵੈੱਲ ਦੇ ਆਲੀਸ਼ਾਨ ਬੰਗਲੇ ਦੀ ਕੀਮਤ ਚੁਕਾਉਣ ਲਈ ਕਾਫ਼ੀ ਨਹੀਂ ਸੀ। ਕਈ ਸਾਲਾਂ ਬਾਅਦ, ਸਰਕਾਰੀ ਵਕੀਲ ਨੇ ਦੱਸਿਆ ਕਿ ਜਾਇਦਾਦ ਦਾ ਖ਼ਰਚਾ ਜੈਫਰੀ ਐਪਸਟਾਈਨ ਵੱਲੋਂ ਚੁੱਕਿਆ ਗਿਆ ਸੀ।

ਇਹ ਵੀ ਪੜ੍ਹੋ:

ਉਸ ਸਮੇਂ ਮਾਉਂਟ ਨੂੰ ਮਸ਼ਹੂਰ ਪੂੰਜੀਕਾਰ ਨਾਲ ਗੀਲੇਨ ਦੇ ਰਿਸ਼ਤਿਆਂ ਦੀ ਜਾਣਕਾਰੀ ਨਹੀਂ ਸੀ।

ਪਰ ਜਲਦੀ ਹੀ ਐਪਸਟਾਈਨ ਦੇ ਮੈਕਸਵੈੱਲ ਨਾਲ ਸਬੰਧਾਂ ਦੀ ਜਾਂਚ ਸ਼ਹਿਰ ਦੇ ਹਰ ਪੱਤਰਕਾਰ ਦੁਆਰਾ ਕੀਤੀ ਗਈ।

2005 ਵਿੱਚ, ਇੱਕ 14 ਸਾਲ ਦੀ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਐਪਸਟਾਈਨ ਨੇ ਉਨ੍ਹਾਂ ਦੀ ਧੀ ਨਾਲ ਛੇੜਛਾੜ ਕੀਤੀ ਸੀ।

ਤਿੰਨ ਸਾਲ ਬਾਅਦ ਉਸ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਮਿਲੀ। ਰਿਹਾਈ ਤੋਂ ਬਾਅਦ ਐਪਸਟਾਈਨ 'ਤੇ ਇਲਜ਼ਾਮਾਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ।

ਉਸ 'ਤੇ ਸੈਕਸ ਲਈ ਕੁੜੀਆਂ ਦਾ "ਵੱਡਾ ਨੈੱਟਵਰਕ" ਚਲਾਉਣ ਦਾ ਦੋਸ਼ ਸੀ।

ਉਸ ਨੂੰ 2019 ਵਿੱਚ ਸੈਕਸ ਤਸਕਰੀ ਦੇ ਦੋਸ਼ਾਂ ਵਿੱਚ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਮਹੀਨੇ ਬਾਅਦ ਹੀ ਉਸ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਫਿਰ ਅਧਿਕਾਰੀਆਂ ਦਾ ਧਿਆਨ ਮੈਕਸਵੈੱਲ ਵੱਲ ਗਿਆ।

ਪਿਤਾ ਵਾਂਗ ਹੀ, ਐਪਸਟਾਈਨ ਬਹੁਤ ਅਮੀਰ ਆਦਮੀ ਸੀ। ਐਪਸਟਾਈਨ ਦਾ ਪਿਛੋਕੜ ਬਰੁਕਲਿਨ ਵਿੱਚ ਇੱਕ ਮਜ਼ਦੂਰ ਵਰਗ ਨਾਲ ਸਬੰਧਿਤ ਸੀ।

ਰੌਬਰਟ ਮੈਕਸਵੈੱਲ ਵਾਂਗ, ਆਖਿਰ ਉਹ ਵੀ ਬਦਨਾਮ ਹੋ ਗਏ ਅਤੇ ਵਿਵਾਦਿਤ ਹਾਲਾਤ ਵਿੱਚ ਖੁਦਕੁਸ਼ੀ ਕਰਕੇ ਮਰ ਗਏ।

ਗੀਲੇਨ ਮੈਕਸਵੈੱਲ ਦਾ ਐਪਸਟਾਈਨ ਨਾਲ ਸਬੰਧ ਬਿਨਾਂ ਸ਼ੱਕ ਆਪਸੀ-ਫਆਇਦੇਦਾਰੀ ਦਾ ਰਿਸ਼ਤਾ ਸੀ।

ਗੀਲੇਨ ਐਪਸਟਾਈਨ ਨੂੰ ਆਪਣੇ ਅਮੀਰ ਅਤੇ ਸ਼ਕਤੀਸ਼ਾਲੀ ਦੋਸਤਾਂ ਨਾਲ ਮਿਲਾਉਂਦੇ ਸਨ।

ਬਦਲੇ ਵਿੱਚ ਗੀਲੇਨ ਨੂੰ ਆਪਣੀ ਮਹਿੰਗੀ ਜੀਵਨ ਸ਼ੈਲੀ ਲਈ ਪੂੰਜੀ ਮਿਲਦੀ ਸੀ। ਇਸੇ ਉਮੀਦ ਨਾਲ ਗੀਲੇਨ ਇਸ ਰਿਸ਼ਤੇ ਵਿੱਚ ਆਏ ਸਨ।

ਮੁਕੱਦਮੇ ਦੀ ਸੁਣਵਾਈ ਦੌਰਾਨ ਜੋੜੇ ਦੀ ਨੇੜਤਾ 'ਤੇ ਵੀ ਜ਼ੋਰ ਦੇਣ ਨਾਲ ਵਕੀਲਾਂ ਨੇ ਦੇਖਿਆ ਕਿ "ਜਦੋਂ ਉਹ ਐਪਸਟਾਈਨ ਨੂੰ ਮਿਲੇ ਸਨ ਤਾਂ ਮੈਕਸਵੈੱਲ ਕੋਈ ਤਕੜੀ ਅਮੀਰ ਨਹੀਂ ਸੀ।"

ਪਿਤਾ ਦੀ ਮੌਤ ਤੋਂ ਬਾਅਦ ਗੀਲੇਨ ਨਿਊਯਾਰਕ ਵਾਪਸ ਆ ਕੇ ਜਾਇਦਾਦ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ ਅਤੇ 2,000 ਡਾਲਰ ਕਿਰਾਏ 'ਤੇ ਇੱਕ ਅਪਾਰਟਮੈਂਟ ਵਿੱਚ ਰਹਿ ਰਹੇ ਸਨ।

ਕਿਸੇ ਵੀ ਨੁੱਕਰ ਤੋਂ ਇਹ ਜੀਵਨ ਦਾ ਕੋਈ ਵਧੀਆ ਮਿਆਰ ਨਹੀਂ।

ਇਹ ਵੀ ਪੜ੍ਹੋ:

ਫਿਰ ਵੀ ਗੀਲੇਨ ਮੈਕਸਵੈੱਲ ਦੇ ਐਪਸਟਾਈਨ ਨਾਲ ਰਿਸ਼ਤੇ ਦੀ ਡੁੰਘਾਈ ਨੂੰ ਮਾਪਣਾ ਆਸਾਨ ਨਹੀਂ ਹੈ।

ਇਹ ਕਦੋਂ ਸ਼ੁਰੂ ਹੋਇਆ, ਇਹ ਕਿੰਨੀ ਦੇਰ ਤੱਕ ਚੱਲਿਆ ਅਤੇ ਇਸ ਨੂੰ ਅਸਲ ਵਿੱਚ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ।

ਇਹ ਮੁਕੱਦਮੇ ਦੇ ਸਾਰੇ ਵਿਵਾਦ ਦੇ ਮੁੱਦੇ ਸਨ। ਜਿਨ੍ਹਾਂ ਦਾ ਹੁਣ ਹੀ ਸਿੱਟਾ ਨਿਕਲਿਆ ਹੈ।

ਮੈਕਸਵੈੱਲ ਦੇ ਮੁਕੱਦਮੇ ਵਿੱਚ 1994-97 ਦੀ ਮਿਆਦ ਨਾਲ ਸਬੰਧਤ ਚਾਰ ਇਲਜ਼ਾਮ ਸਨ।

ਜਦੋਂ ਇਲਜ਼ਾਮਾਂ ਵਿੱਚ ਕਿਹਾ ਗਿਆ ਸੀ ਕਿ ਉਹ ਐਪਸਟਾਈਨ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਵਿੱਚੋਂ ਸੀ ਅਤੇ ਉਸ ਨਾਲ "ਸਰੀਰਕ ਨੇੜਤਾ" ਵਿੱਚ ਵੀ ਸੀ।

ਕਈ ਲੋਕਾਂ ਨਾਲ ਜੁੜਿਆ ਨਾਮ

2000 ਦੇ ਦਹਾਕੇ ਤੱਕ ਉਹ ਗੀਲੇਨ ਦਾ ਨਾਮ ਇੱਕ ਹੋਰ ਵਪਾਰੀ, ਟੇਡ ਵੇਟ ਨਾਲ ਜੋੜਿਆ ਗਿਆ ਪਰ ਅਜਿਹਾ ਲੱਗਦਾ ਹੈ ਕਿ ਇਸ ਦੌਰਾਨ ਵੀ ਗੀਲੇਨ ਨੇ ਐਪਸਟਾਈਨ ਲਈ ਕੰਮ ਕਰਨਾ ਜਾਰੀ ਰੱਖਿਆ।

ਸਾਲ 2003 'ਵੈਨਿਟੀ ਫੇਅਰ' ਮੈਗਜ਼ੀਨ ਵਿੱਚ ਛਪੇ ਪ੍ਰੋਫਾਈਲ ਦੇ ਸਮੇਂ ਤੱਕ, ਐਪਸਟਾਈਨ ਨੇ ਮੈਕਸਵੈੱਲ ਨੂੰ ਆਪਣਾ "ਸਭ ਤੋਂ ਵਧੀਆ ਦੋਸਤ" ਦੱਸਿਆ।

ਵਕੀਲਾਂ ਦੁਆਰਾ ਜਾਰੀ ਕੀਤੀਆਂ ਮੈਕਸਵੈੱਲ ਅਤੇ ਐਪਸਟਾਈਨ ਦੀਆਂ ਨਜ਼ਦੀਕੀਆਂ ਦੀਆਂ ਫ਼ੋਟੋਆਂ ਦੋਵਾਂ ਦੇ ਨਜ਼ਦੀਕੀ ਰਿਸ਼ਤਿਆਂ ਦੀ ਗਵਾਹੀ ਭਰਦੀਆਂ ਹਨ।

ਇਹ ਸਿੱਟਾ ਕੱਢਣਾ ਆਕਰਸ਼ਕ ਹੈ ਕਿ ਜਿਵੇਂ ਮੈਕਸਵੈੱਲ ਨੇ ਆਪਣੇ ਸ਼ਾਤਿਰ, ਬਦਮਾਸ਼ ਪਿਤਾ ਦੀ ਸਨਕ ਨੂੰ ਖੁਸ਼ ਕਰਨਾ ਸਿੱਖਿਆ, ਉਸੇ ਤਰ੍ਹਾਂ ਉਨ੍ਹਾਂ ਨੇ ਉਹੀ ਹੁਨਰ ਐਪਸਟਾਈਨ 'ਤੇ ਵਰਤਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਦੇ ਰਿਸ਼ਤੇ ਦੀ ਸਟੀਕ ਪ੍ਰਕਿਰਤੀ ਜੋ ਵੀ ਹੋਵੇ, ਸਰਕਾਰੀ ਪੱਖ ਨੇ ਉਨ੍ਹਾਂ ਦੇ ਦੁਰਵਿਵਹਾਰ ਦੇ ਪੈਟਰਨ ਵਿੱਚ ਉਨ੍ਹਾਂ ਦੀ ਨੇੜਤਾ ਨੂੰ ਇੱਕ ਮਹੱਤਵਪੂਰਨ ਕਾਰਕ ਵਜੋਂ ਦਰਸਾਇਆ।

ਗੀਲੇਨ ਮੈਕਸਵੈੱਲ ਨੇ ਐਪਸਟਾਈਨ ਲਈ ਪੀੜਤਾਂ ਦੀ ਭਾਲ ਕੀਤੀ ਅਤੇ ਉਨ੍ਹਾਂ ਨੂੰ ਐਪਸਟਾਈਨ ਲਈ ਤਿਆਰ ਕੀਤਾ।

ਦਸੰਬਰ 2021 ਵਿੱਚ, ਇੱਕ ਜਿਊਰੀ ਨੇ ਗੀਲੈਨ ਨੂੰ ਛੇ ਇਲਜ਼ਾਮਾਂ ਵਿੱਚੋਂ ਪੰਜ ਵਿੱਚ ਦੋਸ਼ੀ ਪਾਇਆ - ਜਿਸ ਵਿੱਚ ਸਭ ਤੋਂ ਗੰਭੀਰ ਇਲਜ਼ਾਮ, ਇੱਕ ਨਾਬਾਲਗ ਕੁੜੀ ਦੀ ਸੈਕਸ ਤਸਕਰੀ ਦਾ ਵੀ ਸੀ।

ਸਾਰਾ ਰੈਨਸੋਮ ਮੁਤਾਬਕ ਐਪਸਟਾਈਨ ਦੁਆਰਾ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਸੀ, ਉਸ ਨੇ ਬੀਬੀਸੀ ਦੇ ਪੈਨੋਰਾਮਾ ਪ੍ਰੋਗਰਾਮ ਵਿੱਚ ਦੱਸਿਆ, "ਗੀਲੇਨ ਨੇ ਕੁੜੀਆਂ ਨੂੰ ਕੰਟਰੋਲ ਕੀਤਾ।"

"ਉਹ ਸਾਰੀਆਂ ਕੁੜੀਆਂ ਦੀ ਜਾਂਚ ਕਰਵਾਉਂਦੀ ਸੀ। ਉਹ ਜਾਣਦੀ ਸੀ ਕਿ ਜੈਫਰੀ ਨੂੰ ਕੀ ਪਸੰਦ ਹੈ। ਇਹ ਇੱਕ ਸਾਂਝਾ ਯਤਨ ਸੀ।"

ਐਪਸਟਾਈਨ ਦੀ ਮੌਤ ਤੋਂ ਬਾਅਦ ਦੇ ਮਹੀਨਿਆਂ ਵਿੱਚ, ਮੈਕਸਵੈੱਲ ਅੰਡਰਗਰਾਊਂਡ ਹੋ ਗਏ। ਅਖ਼ਬਾਰਾਂ ਨੇ ਉਸ ਦੇ ਟਿਕਾਣੇ ਬਾਰੇ ਅੰਦਾਜ਼ਾ ਲਗਾਇਆ।

ਜੇਲ੍ਹ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ

ਫਿਰ, ਜੁਲਾਈ 2020 ਵਿੱਚ, ਗੀਲੇਨ ਨੂੰ ਅਮਰੀਕਾ ਦੇ ਨਿਊ ਹੈਂਪਸ਼ਾਇਰ ਰਾਜ ਵਿੱਚ ਉਸ ਦੀ ਇਕਾਂਤ ਹਵੇਲੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੁਝ ਮਹੀਨਿਆਂ ਬਾਅਦ, ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਉਸ ਨੇ ਸਕਾਟ ਬੋਰਗਰਸਨ ਨਾਮ ਦੇ ਇੱਕ ਤਕਨੀਕੀ ਸੀਈਓ ਨਾਲ ਵਿਆਹ ਕੀਤਾ ਸੀ।

ਮੈਕਸਵੈੱਲ ਨੂੰ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਸੀ।

ਜਦੋਂ ਉਹ ਆਪਣੇ ਕੇਸ ਦੀ ਸੁਣਵਾਈ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸੀ, ਗੀਲੇਨ ਦੇ ਭਰਾ ਇਆਨ ਨੇ ਬੀਬੀਸੀ ਦੇ ਟੂਡੇ ਪ੍ਰੋਗਰਾਮ ਨੂੰ ਦੱਸਿਆ ਕਿ ਗੀਲੇਨ ਨੂੰ ਇੱਕ ਕੰਕਰੀਟ ਬੈੱਡ ਦੇ ਨਾਲ 6 ਫੁੱਟ X 9 ਫੁੱਟ ਸੈੱਲ ਵਿੱਚ ਰੱਖਿਆ ਜਾ ਰਿਹਾ ਹੈ।

ਭਰਾ ਨੇ ਕਿਹਾ, "ਉਹ 24 ਘੰਟੇ 10 ਕੈਮਰਿਆਂ ਦੀ ਨਿਗਰਾਨੀ ਵਿੱਚ ਹੈ।" "ਉਸ ਨੂੰ ਆਪਣੇ ਸੈੱਲ ਦੇ ਕੋਨਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਉਸ ਨੂੰ ਸੈੱਲ ਦੇ ਦਰਵਾਜ਼ੇ ਤੋਂ ਢਾਈ ਫੁੱਟ ਤੋਂ ਜ਼ਿਆਦਾ ਨੇੜੇ ਨਹੀਂ ਜਾਣ ਦਿੱਤਾ ਜਾਂਦਾ।"

ਇਹ ਇੱਕ ਅਜਿਹੀ ਔਰਤ ਲਈ ਕਿਸਮਤ ਦਾ ਅਪਮਾਨਜਨਕ ਪਹਿਲੂ ਹੈ ਜਿਸ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਧਨ ਦੌਲਤ ਵਿੱਚ ਘਿਰਿਆ ਹੋਇਆ ਸੀ।

ਇਹ ਸਰਕਾਰੀ ਪੱਖ 'ਤੇ ਛੱਡ ਦਿੱਤਾ ਕਿ ਉਹ ਦੱਸੇ ਕਿ ਗੀਲੇਨ ਨੇ ਇਨ੍ਹਾਂ ਅਪਰਾਧਾਂ ਨੂੰ ਆਖਰ ਕਿਉਂ ਕੀਤਾ ਜਿਨ੍ਹਾਂ ਨੇ ਅੱਜ ਉਨ੍ਹਾਂ ਨੂੰ ਇੱਥੇ ਪਹੁੰਚਾ ਦਿੱਤਾ।

ਸਰਕਾਰੀ ਵਕੀਲਾਂ ਨੇ ਕਿਹਾ ਕਿ ਗੀਲੇਨ ਲਈ ਪੈਸਾ ਇੱਕ ਵੱਡੀ ਪ੍ਰੇਰਣਾ ਸੀ।

ਪੱਤਰਕਾਰ ਜੌਹਨ ਸਵੀਨੀ, ਜਿਸ ਨੇ ਆਪਣੇ ਪੋਡਕਾਸਟ ਹੰਟਿੰਗ ਗੀਲੇਨ ਵਿੱਚ ਕੇਸ ਦੀ ਪੜਚੋਲ ਕੀਤੀ ਅਤੇ ਇਸ ਬਾਰੇ ਇੱਕ ਕਿਤਾਬ ਲਿਖ ਰਹੇ ਹਨ।

ਉਨ੍ਹਾਂ ਮੁਤਾਬਕ ਇਸ ਖੇਡ ਵਿੱਚ ਇੱਕ ਗਹਿਰਾ ਮਨੋਵਿਗਿਆਨਕ ਮਕਸਦ ਸੀ।

ਇਹ ਵੀ ਪੜ੍ਹੋ:

ਉਹ ਕਹਿੰਦੇ ਨੇ, "ਗੀਲੇਨ ਦੇ ਆਪਣੇ ਪਿਤਾ ਨਾਲ ਰਿਸ਼ਤਿਆਂ ਨੂੰ ਸਮਝੇ ਬਿਨਾਂ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਜੈਫਰੀ ਐਪਸਟਾਈਨ ਦੇ ਨਾਲ ਰਿਸ਼ਤਿਆਂ ਵਿੱਚ ਕੀ ਹੋਇਆ।"

"ਸੱਚਾਈ ਇਹ ਹੈ ਕਿ ਗੀਲੇਨ ਨੇ ਆਪਣੇ ਪਿਤਾ ਦੀ ਸੇਵਾ ਕਰਨੀ ਸਿੱਖੀ ਅਤੇ ਫਿਰ ਉਸ ਨੂੰ ਇੱਕ ਦੂਜੇ ਰਾਕਖਸ਼ਸ ਦੀ ਸੇਵਾ ਕਰਨੀ ਪਈ - ਇਹੀ ਉਸ ਨੇ ਆਪਣੀ ਸਾਰੀ ਜ਼ਿੰਦਗੀ ਕੀਤਾ ਹੈ।"

ਭਰਾ ਵੱਲੋਂ ਮੀਡੀਆ ਨੂੰ ਫਟਕਾਰ ਨਾਲ ਕੇਸ ਦੀ ਸ਼ੁਰੂਆਤ

ਰੌਬਰਟ ਮੈਕਸਵੈੱਲ ਅਤੇ ਜੈਫਰੀ ਐਪਸਟਾਈਨ ਵਿਚਕਾਰ ਇੱਕ ਹੋਰ ਸਮਾਨਤਾ ਇਹ ਹੈ ਕਿ ਦੋਵੇਂ ਆਪਣੇ ਜੁਰਮਾਂ ਲਈ ਪੂਰੀ ਤਰ੍ਹਾਂ ਬਚ ਗਏ।

ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਗੀਲੇਨ ਮੈਕਸਵੈੱਲ, ਐਪਸਟਾਈਨ ਲਈ ਬਲੀ ਦਾ ਬੱਕਰਾ ਸੀ - ਇੱਕ ਔਰਤ ਨੂੰ ਸਾਥੀ ਦੇ ਕੁਕਰਮਾਂ ਲਈ ਇਲਜ਼ਾਮ ਦੇਣ ਦੀ ਸਦੀਆਂ ਪੁਰਾਣੀ ਕਹਾਣੀ ਹੈ।

ਪਾਸਟਰਨਕ ਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ ਕਿ ਮੈਕਸਵੈੱਲ ਕਿਸੇ ਵੀ ਤਰ੍ਹਾਂ ਐਪਸਟਾਈਨ ਨਾਲੋਂ ਘੱਟ ਕਸੂਰਵਾਰ ਹੈ।

ਲੇਖਕ ਦਾ ਕਹਿਣਾ ਹੈ, "ਅਜਿਹਾ ਕੋਈ ਵੀ ਤਰੀਕਾ ਨਹੀਂ ਹੈ ਕਿ ਉਹ ਗੀਲੇਨ ਤੋਂ ਬਿਨਾਂ ਬਹੁਤ ਸਾਰੀਆਂ ਛੋਟੀਆਂ ਕੁੜੀਆਂ ਤੱਕ ਪਹੁੰਚ ਸਕਦੇ, ਜਿਨ੍ਹਾਂ ਦੀਆਂ ਜ਼ਿੰਦਗੀਆਂ ਦੋਵਾਂ ਨੇ ਖਤਮ ਕਰ ਦਿੱਤੀਆਂ ਹਨ।"

ਜਦੋਂ ਮੁਕੱਦਮਾ ਚੱਲ ਰਿਹਾ ਸੀ, ਇਆਨ ਮੈਕਸਵੈੱਲ ਨੇ ਆਪਣੀ ਭੈਣ ਦੇ ਬਚਾਅ ਵਿੱਚ 'ਦਿ ਸਪੈਕਟੇਟਰ' ਮੈਗਜ਼ੀਨ ਲਈ ਇੱਕ ਲੇਖ ਲਿਖਿਆ। ਇਸ ਦੀ ਸ਼ੁਰੂਆਤ ਮੀਡੀਆ ਨੂੰ ਫਟਕਾਰ ਨਾਲ ਹੋਈ।

ਉਸ ਨੇ ਕਿਹਾ ਕਿ ਉਹ ਉਸ ਦੇ ਨਾਂ ਦਾ ਗਲਤ ਉਚਾਰਨ ਕਰ ਰਹੇ ਹਨ। ਇਹ "ਜਿਜ਼ਲੇਨ" ਨਹੀਂ ਸੀ। ਇਸ ਦੀ ਬਜਾਏ, ਉਸ ਨੇ ਜ਼ੋਰ ਦੇ ਕੇ ਕਿਹਾ, ਇਹ "ਗੀਲੇਨ" ਹੈ।

ਕੇਸ ਦੀ ਉੱਪਰ ਨਿਗਾਹ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ, ਇਹ ਜ਼ਿਕਰਯੋਗ ਜਾਪਦਾ ਸੀ ਕਿ ਅਜਿਹਾ ਬੁਨਿਆਦੀ ਵੇਰਵਾ ਕਿੰਨਾ ਲਗਾਤਾਰ ਗਲਤ ਸੀ।

ਆਖ਼ਰਕਾਰ ਉਹ ਇੱਕ ਔਰਤ ਹੈ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਖ਼ਬਰਾਂ ਦੇ ਪੰਨਿਆਂ ਅਤੇ ਗੱਪ-ਸ਼ੱਪ ਦੇ ਕਾਲਮਾਂ ਵਿੱਚ ਬਤੀਤ ਕੀਤੀ।

ਜਿਵੇਂ-ਜਿਵੇਂ ਮੁਕੱਦਮਾ ਅੱਗੇ ਵਧਿਆ, ਇਹ ਸਪੱਸ਼ਟ ਹੋ ਗਿਆ ਕਿ ਉਸ ਬਾਰੇ ਜਿੰਨਾ ਅਨੁਮਾਨ ਲਗਾਇਆ ਗਿਆ ਸੀ - ਕਿਸੇ ਵੀ ਸਮੇਂ ਉਸ ਦੇ ਰਿਸ਼ਤੇ ਦੀ ਸਥਿਤੀ, ਉਸ ਦੀ ਆਮਦਨ ਦਾ ਸਰੋਤ, ਅਤੇ ਅਕਸਰ, ਉਸ ਦਾ ਟਿਕਾਣਾ - ਸੰਭਾਵੀ ਤੌਰ 'ਤੇ ਉਹ ਨਹੀਂ ਸੀ ਜਿਵੇਂ ਉਹ ਜਾਪਦਾ ਸੀ।

ਗੀਲੇਨ ਦੇ ਅਪਰਾਧਾਂ ਦਾ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਸਕਦਾ।

ਹਾਲਾਂਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਜਨਤਕ ਰੂਪ ਵਿੱਚ ਵਿਚਰਦਿਆਂ ਬਤੀਤ ਕੀਤਾ ਪਰ ਫਿਰ ਵੀ ਉਨ੍ਹਾਂ ਦੀ ਅਸਲੀਅਤ ਬਹੁਤ ਸਾਰੇ ਲੋਕਾਂ ਲਈ ਇੱਕ ਰਹੱਸ ਬਣੀ ਹੋਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)