'ਪਾਈਰੇਟਸ ਆਫ਼ ਦਿ ਕਰੇਬੀਅਨ' ਵਾਲੇ ਜੌਹਨੀ ਡੈੱਪ ਨੇ ਜਿੱਤਿਆ ਪਤਨੀ ਖਿਲਾਫ ਮੁਕੱਦਮਾ - ਜਾਣੋ 10 ਅਹਿਮ ਪੜਾਅ

    • ਲੇਖਕ, ਹੋਲੀ ਹੌਂਡਰਿਚ
    • ਰੋਲ, ਬੀਬੀਸੀ ਨਿਊਜ਼

'ਦਿ ਪਾਈਰੇਟਸ ਆਫ਼ ਦਿ ਕਰੇਬੀਅਨ' ਵਰਗੀਆਂ ਮਸ਼ਹੂਰ ਫਿਲਮਾਂ ਤੋਂ ਜਾਣੇ ਜਾਂਦੇ ਹਾਲੀਵੁੱਡ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਐਂਬਰ ਹਰਡ ਵਿਚਕਾਰ ਲੜਿਆ ਜਾ ਰਿਹਾ ਮਾਣਹਾਨੀ ਦਾ ਮੁਕੱਦਮਾ ਪਿਛਲੇ ਲਗਭਗ ਇੱਕ ਮਹੀਨੇ ਤੋਂ ਸੁਰਖੀਆਂ ਵਿੱਚ ਹੈ।

ਡਾੱਪ ਨੇ ਹੁਣ ਇਹ ਮੁਕੱਦਮਾ ਜਿੱਤ ਲਿਆ ਹੈ। ਅਦਾਲਤ ਨੇ ਡੈੱਪ ਨੂੰ ਮਾਣਹਾਨੀ ਦੇ ਲਈ 15 ਮਿਲੀਅਨ ਡਾਲਰ ਦਿੱਤੇ ਜਾਣ ਲਈ ਕਿਹਾ ਹੈ।

ਐਂਬਰ ਹਰਡ ਨੂੰ ਡੈੱਪ ਖਿਲਾਫ ਤਿੰਨ ਵਿੱਚੋਂ ਇੱਕ ਮੁਕੱਦਮੇ ਵਿੱਚ ਅਦਾਲਤ ਨੇ ਦੋ ਮਿਲੀਅਨ ਡਾਲਰ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ।

ਅਦਾਲਤ ਨੇ ਲਗਾਤਾਰ ਛੇ ਮਹੀਨੇ ਮਸ਼ਹੂਰ ਜੋੜੀ ਦੇ ਉਤਰਾਵਾਂ-ਚੜ੍ਹਾਵਾਂ ਨਾਲ ਭਰੇ ਰਿਸ਼ਤੇ ਅਤੇ ਆਖਰ ਇਸ ਦੇ ਦੁਖਦਾਈ ਅੰਤ ਦੇ ਪਹਿਲੂਆਂ ਬਾਰੇ ਸੁਣਵਾਈ ਕੀਤੀ ਹੈ।

ਡੈੱਪ ਨੇ ਆਪਣੀ ਸਾਬਕਾ ਪਤਨੀ (ਐਂਬਰ ਹਰਡ) ਵੱਲੋਂ ਲਿਖੇ ਇੱਕ ਲੇਖ ਕਾਰਨ ਉਨ੍ਹਾਂ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ। ਵਾਸ਼ਿੰਗਟਨ ਪੋਸਟ ਲਈ ਲਿਖੇ ਲੇਖ ਵਿੱਚ ਹਰਡ ਨੇ ਬਿਨਾਂ ਡੈੱਪ ਦਾ ਨਾਮ ਲਿਆਂ ਘਰੇਲੂ ਸ਼ੋਸ਼ਣ ਦੀ ਸ਼ਿਕਾਰ ਹੋਣ ਬਾਰੇ ਗੱਲ ਕੀਤੀ ਸੀ।

ਡੈੱਪ ਦੇ ਮੁਕੱਦਮੇ ਦੇ ਜਵਾਬ ਵਿੱਚ ਐਂਬਰ ਨੇ ਮੋੜਵਾਂ ਮੁਕੱਦਮਾ ਦਰਜ ਕੀਤਾ।

ਜਾਣੋ ਇਸ ਕੇਸ ਵਿੱਚ ਆਏ 10 ਪੜਾਵਾਂ ਬਾਰੇ ਜੋ ਇਸ ਨੂੰ ਸਮਝਣ ਵਿੱਚ ਮਦਦ ਕਰਨਗੇ।

ਚੇਤਾਵਨੀ: ਰਿਪੋਰਟ ਵਿੱਚ ਹਿੰਸਾ ਦਾ ਵਰਣਨ ਹੈ ਜੋ ਪਾਠਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ।

'ਆਪਸੀ ਬਦਸਲੂਕੀ'

ਕੁਝ ਨਿਰੀਖਕਾਂ ਮੁਤਾਬਕ ਡੈੱਪ ਅਤੇ ਐਂਬਰ ਦੇ ਰਿਸ਼ਤੇ ਦਾ ਨਿਚੋੜ ਦੋ ਸ਼ਬਦਾਂ 'ਆਪਸੀ ਦੁਰਵਿਵਹਾਰ' ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵਿਸ਼ੇਸ਼ਣ ਹਰਡ ਅਤੇ ਡੈੱਪ ਦੀ ਸਾਬਕਾ ਵਿਆਹ ਕਾਊਂਸਲਰ ਕਲੀਨਿਕਲ ਮਨੋਵਿਗਿਆਨੀ ਲੌਰੇਲ ਐਂਡਰਸਨ ਵੱਲੋਂ ਵਰਤਿਆ ਗਿਆ।

ਡੈੱਪ ਦੀ ਟੀਮ ਵੱਲੋਂ ਗਵਾਹੀ ਲਈ ਬੁਲਾਏ ਜਾਣ 'ਤੇ ਡਾ. ਐਂਡਰਸਨ ਨੇ ਦੋਵਾਂ ਦੇ ਉਤਰਾਵਾਂ-ਚੜ੍ਹਾਵਾਂ ਵਾਲੇ ਰਿਸ਼ਤੇ ਦਾ ਵਰਣਨ ਕੀਤਾ। ਸੁਣਵਾਈ ਦੌਰਾਨ ਦੋਵਾਂ ਧਿਰਾਂ ਨੇ ਬਹਿਸ ਵਿੱਚੋਂ ਵਾਕਆਊਟ ਕਰਨ ਦੀ ਧਮਕੀ ਵੀ ਦਿੱਤੀ। ਡਾ. ਐਂਡਰਸਨ ਮੁਤਾਬਕ ਐਂਬਰ ਹੀ ਸਨ ਜੋ ਅਕਸਰ ਲੜਾਈ ਛੇੜਦੇ ਸਨ।

ਡਾ. ਐਂਡਰਸਨ ਨੇ ਅਦਾਲਤ ਨੂੰ ਦੱਸਿਆ ਕਿ ਹਰਡ ਨੂੰ ਮਿਲਣ ਤੋਂ ਕਈ ਸਾਲ ਪਹਿਲਾਂ ਤੋਂ ਡੈੱਪ ਨੇ ਆਪਣੇ ਆਪ ਨੂੰ ਜਬਤ ਵਿੱਚ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਪਿਛਲੇ ਸਾਥੀਆਂ ਨਾਲ ਵੀ ਹਿੰਸਾ ਨਹੀਂ ਕੀਤੀ ਸੀ। ਹਾਲਾਂਕਿ ਐਂਬਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਉਕਸਾਇਆ ਗਿਆ। ਉਹ ਜੋ ਕਰ ਰਹੇ ਸਨ ''ਉਹ ਦੁਵੱਲਾ ਦੁਰਵਿਹਾਰ ਸੀ''।

ਇੱਕ ਤੋਂ ਵੱਧ ਮੌਕਿਆਂ 'ਤੇ ਹਰਡ ਨੇ ਡੈੱਪ ਨੂੰ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਉਕਸਾਉਣ ਲਈ ਗਾਲੀ-ਗਲੋਚ ਸ਼ੁਰੂ ਕੀਤਾ।

ਡਾ. ਐਂਡਰਸਨ ਨੇ ਅਦਾਲਤ ਨੂੰ ਦੱਸਿਆ, "ਬੇਇਜ਼ਤ ਮਹਿਸੂਸ ਕਰਨ ਦੀ ਸੂਰਤ ਵਿੱਚ ਲੜਾਈ ਛੇੜਨਾ ਐਂਬਰ ਲਈ ਮਾਣ ਵਾਲੀ ਗੱਲ ਸੀ।''

'ਆਪਾਂ ਐਂਬਰ ਨੂੰ ਸਾੜ ਦੇਈਏ'

ਚਾਰ ਦਿਨਾਂ ਦੀ ਸੁਣਵਾਈ ਦੇ ਦੌਰਾਨ ਡੈੱਪ ਨੂੰ ਉਨ੍ਹਾਂ ਦੇ ਕਈ ਟੈਕਸਟ ਮੈਸਜ ਅਤੇ ਈਮੇਲਜ਼ ਦਿਖਾਈਆਂ ਗਈਆਂ ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦੀ ਬੇਇਜ਼ਤੀ ਕੀਤੀ ਸੀ।

ਮਿਸਾਲ ਵਜੋਂ ਇੱਕ ਸਵਾਲ ਵਿੱਚ ਡੈੱਪ ਨੂੰ ਸਾਲ 2013 ਵਿੱਚ ਅਦਾਕਾਰ ਪਾਲ ਬੈਟਨੀ ਨਾਲ ਟੈਕਸਟ ਮੈਸਜਾਂ ਰਾਹੀਂ ਹੋਈ ਗੱਲਬਾਤ ਬਾਰੇ ਪੁੱਛਿਆ ਗਿਆ।

ਡੈੱਪ ਨੇ ਬੈਟਨੀ ਨੂੰ ਹਰਡ ਦਾ ਜ਼ਿਕਰ ਕਰਦੇ ਹੋਏ ਲਿਖਿਆ ਸੀ "ਆਪਾਂ ਉਸ ਨੂੰ ਸਾੜ ਦੇਈਏ"। "ਉਸ ਨੂੰ ਸਾੜਨ ਤੋਂ ਪਹਿਲਾਂ ਉਸ ਨੂੰ ਡੋਬ ਦਿੰਦੇ ਹਾਂ।'' ਡੈੱਪ ਨੇ ਬੈਟਨੀ ਨੂੰ ਲਿਖਿਆ, ''ਤਾਂ ਜੋ ਪੱਕਾ ਹੋ ਜਾਵੇ ਕਿ ਉਹ ਮਰ ਚੁੱਕੀ ਹੈ।''

ਡੈੱਪ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਮੈਸਜਾਂ ਬਾਰੇ ਦੱਸ ਕੇ ਜੱਜਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।

ਇਨ੍ਹਾਂ ਸੁਨੇਹਿਆਂ ਵਿੱਚ ਇੱਕ ਫ਼ਿਲਮ ਮੌਂਟੀ ਪਾਈਥਨ ਸਕੈਚ ਦੇ ਸੰਵਾਦਾਂ ਦਾ ਜ਼ਿਕਰ ਸੀ, ਜਿਸ ਨੂੰ ਉਹ ਆਪਣੇ ਬਚਪਨ ਵਿੱਚ ਦੇਖਿਆ ਕਰਦੇ ਸਨ।

ਉਨ੍ਹਾਂ ਕਿਹਾ ਕਿ ਇਹ ਸੁਨੇਹੇ ਮਨਘੜਤ ਸਨ ਅਤੇ ਹਾਸਾ-ਮਾਜ਼ਾਕ ਸਨ।

ਐਂਬਰ ਦੀ ਸ਼ਖਸ਼ੀਅਤ ਦੇ ਵਿਗਾੜ ਤੇ ਤਣਾਅ

ਡੈੱਪ ਦੀ ਟੀਮ ਵੱਲੋਂ ਗਵਾਹੀ ਲਈ ਬੁਲਾਏ ਜਾਣ 'ਤੇ ਫੋਰੈਂਸਿਕ ਮਨੋਵਿਗਿਆਨੀ ਡਾ. ਸ਼ੈਨਨ ਕਰੀ ਨੇ ਜੱਜਾਂ ਨੂੰ ਦੱਸਿਆ ਕਿ ਉਨ੍ਹਾਂ ਮੁਤਾਬਕ ਐਂਬਰ ਹਰਡ ਦੋ ਵਿਕਾਰਾਂ ਤੋਂ ਪੀੜਤ ਹਨ: ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਅਤੇ ਹਿਸਟ੍ਰਿਓਨਿਕ ਪਰਸਨੈਲਿਟੀ ਡਿਸਆਰਡਰ।

ਡਾਕਟਰ ਕਰੀ ਨੇ ਦੱਸਿਆ ਕਿ ਦਸੰਬਰ 2021 ਵਿੱਚ ਹਰਡ ਨਾਲ ਲਗਭਗ 12 ਘੰਟੇ ਬਿਤਾਉਣ, ਐਂਬਰ ਦੀ ਮਾਨਸਿਕ ਸਿਹਤ ਦੀ ਜਾਂਚ ਕਰਨ ਅਤੇ ਉਸ ਦੇ ਮੈਡੀਕਲ ਰਿਕਾਰਡ ਘੋਖਣ ਤੋਂ ਬਾਅਦ ਉਨ੍ਹਾਂ ਨੇ ਇਹ ਨਤੀਜਾ ਕੱਢਿਆ ਸੀ।

ਡਾ. ਕਰੀ ਮੁਤਾਬਕ ਬਾਰਡਰਲਾਈਨ ਪਰਸਨੈਲਿਟੀ ਇੱਕ ਅਸਥਿਰਤਾ ਦੀ ਬਿਮਾਰੀ ਹੈ। ਜਿਸ ਵਿੱਚ "ਬਹੁਤ ਜ਼ਿਆਦਾ ਗੁੱਸਾ, ਘੱਟ ਤਾਕਤਵਰ ਲੋਕਾਂ ਪ੍ਰਤੀ ਬੇਰਹਿਮੀ ਅਤੇ ਧਿਆਨ ਖਿੱਚੂ ਵਿਹਾਰ" ਸ਼ਾਮਲ ਹੁੰਦੇ ਹਨ।

ਅਦਾਲਤ ਵਿੱਚ ਹਰਡ ਦੀ ਇੱਕ ਆਡੀਓ ਕਲਿੱਪ ਸੁਣਾਈ ਗਈ ਜਿਸ ਵਿੱਚ ਉਹ ਡੈੱਪ ਨੂੰ ਛੱਡ ਕੇ ਨਾ ਜਾਣ ਲਈ ਗਿੜਗਿੜਾ ਰਹੇ ਹਨ।

ਕੈਰੀ ਨੇ ਕਿਹਾ ਕਿ ਹਰਡ ਦੇ ਅੰਦਰ ਛੱਡੇ ਜਾਣ ਦਾ ਇੱਕ ਡਰ ਹੈ। ਜੋ ਉਨ੍ਹਾਂ ਤੋਂ ਇਹ ਸਭ ਕੁਝ ਕਰਵਾਉਂਦਾ ਹੈ।

ਹਾਲਾਂਕਿ ਡਾਕਟਰ ਕਰੀ ਦੇ ਨਤੀਜਿਆਂ ਨੂੰ ਹਰਡ ਦੀ ਟੀਮ ਵੱਲੋਂ ਹਵਾਹੀ ਲਈ ਬੁਲਾਏ ਗਏ ਮਨੋਵਿਗਿਆਨੀ ਡਾ. ਡਾਨ ਹੂਗਜ਼ ਨੇ ਰੱਦ ਕਰ ਦਿੱਤਾ।

ਇਸ ਦੀ ਬਜਾਏ, ਡਾਕਟਰ ਹੂਗਜ਼ ਨੇ ਹਰਡ ਨੂੰ ਪੋਸਟ-ਟਰਾਮੈਟਿਕ ਡਿਸਆਰਡਰ ਤੋਂ ਪੀੜਤ ਦਿਖਾ ਦਿੱਤਾ ਜੋ ਡੈੱਪ ਵੱਲੋਂ ਕੀਤੀ ਗਈ ਹਿੰਸਾ ਦੇ ਕਾਰਨ ਹੋਇਆ।

ਨਸ਼ੇ ਦੀ ਸ਼ਰੇਆਮ ਵਰਤੋਂ

ਪੂਰੇ ਮੁਕੱਦਮੇ ਦੌਰਾਨ ਜੱਜਾਂ ਨੂੰ ਡੈੱਪ ਵੱਲੋਂ ਨਸ਼ੇ ਦੀ ਵਰਤੋਂ ਬਾਰੇ ਦੋ ਵਿਰੋਧੀ ਦਲੀਲਾਂ ਸੁਣਨ ਨੂੰ ਮਿਲੀਆਂ।

ਡੈੱਪ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਸਾਲ 2014 ਵਿੱਚ ਓਪੀਔਡ ਆਕਸੀਕੋਡੋਨ ਦੀ ਲਤ ਛੱਡ ਦਿੱਤੀ ਸੀ। (ਅਤੇ) ਉਸ ਤੋਂ ਬਾਅਦ ਉਹ ਐਂਬਰ ਨਾਲ ਆਪਣੇ ਰਿਸ਼ਤੇ ਵਿੱਚ ਸੰਜੀਦਾ ਸਨ।

ਜਦਕਿ ਹਰਡ ਨੇ ਇੱਕ ਵੱਖਰੇ ਹੀ ਡੈੱਪ ਬਾਰੇ ਦੱਸਿਆ - ਕਿ ਡੈੱਪ ਸ਼ਰਾਬ ਅਤੇ ਨਸ਼ੇ ਤੋਂ ਦੂਰ ਰਹਿਣ ਦੀਆਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ, ਇਨ੍ਹਾਂ ਵਿੱਚ ਗਲਤਾਨ ਰਹਿੰਦੇ ਸਨ।

ਹਰਡ ਨੇ ਦੱਸਿਆ ਕਿ ਡੈੱਪ ਅਕਸਰ ਸ਼ਰਾਬ, ਕੋਕੀਨ ਅਤੇ ਦਰਦ ਨਿਵਾਰਕ ਦਵਾਈਆਂ ਖਾਂਦੇ ਸਨ।

ਐਂਬਰ ਨੇ ਕਿਹਾ, "ਉਹ ਬੇਸੁੱਧ ਹੋ ਜਾਂਦਾ, ਬਿਮਾਰ ਹੋ ਜਾਂਦਾ ਅਤੇ ਤਵਾਜ਼ਨ ਗੁਆ ਦਿੰਦਾ।"

ਗਵਾਹੀ ਦੇ ਅਨੁਸਾਰ, ਇਹ ਵਿਵਹਾਰ ਡੈੱਪ ਦੇ ਬੱਚਿਆਂ ਦੇ ਸਾਹਮਣੇ ਹੋਇਆ ਸੀ।

ਮੁਕੱਦਮੇ ਵਿੱਚ ਪੇਸ਼ ਇੱਕ ਮਿਸਾਲ ਮੁਤਾਬਕ, ਬਹਾਮਾਸ ਵਿੱਚ ਡੈੱਪ ਦੇ ਨਿੱਜੀ ਟਾਪੂ ਦੇ ਲੰਬੇ ਸਮੇਂ ਤੋਂ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਸੀ ਕਿ ਡੈੱਪ ਆਪਣੇ ਬੇਟੇ ਦੇ ਸਾਹਮਣੇ ਹੀ ਰੇਤ 'ਤੇ ਧੁੱਤ ਪਏ ਸਨ।

ਡੈੱਪ ਨੇ ਹਰਡ ਦੇ ਉਸ ਦੇ ਨਸ਼ੇ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਸ ਵੱਲੋਂ ਕੀਤਾ ਗਿਆ ਵਰਨਣ "ਬੇਹੱਦ ਵਧਾਇਆ ਚੜ੍ਹਾਇਆ" ਅਤੇ "ਕਤਈ ਝੂਠਾ" ਹੈ।

ਡੈੱਪ ਦੀ ਟੀਮ ਨੇ ਦੱਸਿਆ ਕਿ ਹਰਡ ਖੁਦ ਵੀ ਸ਼ਰਾਬ ਪੀਂਦੇ ਸਨ ਅਤੇ ਕਈ ਵਾਰ ਨਸ਼ੇ ਵੀ ਕਰਦੇ ਸਨ।

ਦੋਵਾਂ ਵਿੱਚੋਂ ਜ਼ਿਆਦਾ ਬੁਰਾ 'ਦੈਂਤ' ਕੌਣ ਹੈ?

ਦੋਵਾਂ ਵਿੱਚੋਂ ਦੈਂਤ ਕੌਣ ਹੈ? ਮਾਮਲੇ ਦੀ ਸੁਣਵਾਈ ਦੌਰਾਨ ਜੱਜਾਂ ਨੂੰ ਇਸ ਸਵਾਲ ਦੇ ਵੀ ਦੋ ਵਿਰੋਧੀ ਵੇਰਵੇ ਸੁਣਨ ਨੂੰ ਮਿਲੇ।

ਹਰਡ ਨੇ ਅਦਾਲਤ ਨੂੰ ਦੱਸਿਆ ਕਿ 'ਦੈਂਤ' ਉਸ ਦੇ ਸਾਬਕਾ ਪਤੀ ਦਾ ਹਨੇਰਾ ਪੱਖ ਸੀ, ਉਸ ਦਾ ਅਸਥਿਰ ਅਤੇ ਹਿੰਸਕ ਰੂਪ, ਜੋ ਉਦੋਂ ਸਾਹਮਣੇ ਆਇਆ ਜਦੋਂ ਡੈੱਪ ਬੇਹੱਦ ਸ਼ਰਾਬੀ ਹਾਲਤ ਵਿੱਚ ਸੀ।

ਡੈੱਪ ਦੁਆਰਾ ਸਟਾਫ਼ ਅਤੇ ਦੋਸਤਾਂ ਨੂੰ ਭੇਜੇ ਗਏ ਟੈਕਸਟ ਸੁਨੇਹੇ ਇਸ ਵਰਣਨ ਦਾ ਸਮਰਥਨ ਕਰਦੇ ਜਾਪਦੇ ਹਨ।

ਡੈੱਪ ਨੇ ਇੱਕ ਵਾਰ ਲਿਖਿਆ, "ਐਂਬਰ ਅਤੇ ਮੈਂ ਬਿਲਕੁਲ ਸਹੀ ਰਹੇ ਹਾਂ ... ਮੈਂ ਆਪਣੇ ਅੰਦਰਲੇ ਦੈਂਤ ਬੱਚੇ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਹੈ ਅਤੇ ਇਹ (ਨੁਸਖਾ) ਕੰਮ ਕਰ ਗਿਆ ਹੈ।"

ਕਟਹਿਰੇ ਵਿੱਚ ਖੜ੍ਹੇ ਡੈੱਪ ਨੇ ਕਿਹਾ ਕਿ "ਦੈਂਤ" ਇੱਕ ਮੁਹਾਵਰਾ ਸੀ ਜਿਸ ਦੀ ਵਰਤੋਂ ਉਨ੍ਹਾਂ ਨੇ ਝਗੜੇ ਤੋਂ ਬਚਣ ਦੀ ਕੋਸ਼ਿਸ਼ ਵਿੱਚ ਆਪਣੀ ਤਤਕਾਲੀ ਪਤਨੀ ਨੂੰ ਸ਼ਾਂਤ ਕਰਨ ਲਈ ਕੀਤੀ ਸੀ।

ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਖੁਦ ਇਸ ਦੀ ਵਰਤੋਂ ਕਿਉਂ ਕੀਤੀ, ਡੈੱਪ ਨੇ ਜਵਾਬ ਦਿੱਤਾ: "ਕਿਉਂਕਿ ਮੈਂ ਇਸ ਨੂੰ ਹਰ ਸਮੇਂ ਸੁਣਿਆ ਹੈ।"

ਡੈੱਪ ਨੇ ਕਿਹਾ ਉਨ੍ਹਾਂ ਨੇ ਹਰਡ ਨੂੰ 'ਕਦੇ ਨਹੀਂ' ਮਾਰਿਆ

ਕਟਹਿਰੇ ਵਿੱਚ ਖੜ੍ਹੇ ਡੈੱਪ ਨੇ ਆਪਣੇ ਸਾਬਕਾ ਸਾਥੀ ਦੇ ਬਦਸਲੂਕੀ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜਿਊਰੀ ਮੈਂਬਰਾਂ ਨੂੰ ਉਨ੍ਹਾਂ ਨੇ ਦੱਸਿਆ, "ਮੈਂ ਕਦੇ ਵੀ ਹਰਡ ਨੂੰ ਨਹੀਂ ਮਾਰਿਆ, ਨਾ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਔਰਤ ਨੂੰ ਮਾਰਿਆ ਹੈ"।

ਇਸ ਦੀ ਬਜਾਏ, ਡੈੱਪ ਨੇ ਕਿਹਾ ਕਿ ਉਹ ਖ਼ੁਦ ਹਰਡ ਦੇ ਸਤਾਏ ਹੋਏ ਸਨ, ਜਿਨ੍ਹਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨੂੰ ਬੇਇਜ਼ਤ ਕੀਤਾ।

ਡੈੱਪ ਨੇ ਕਿਹਾ, "ਇਹ ਇੱਕ ਥੱਪੜ ਨਾਲ ਸ਼ੁਰੂ ਹੋ ਸਕਦਾ ਹੈ, ਇਹ ਇੱਕ ਧੱਕੇ ਨਾਲ ਸ਼ੁਰੂ ਹੋ ਸਕਦਾ ਹੈ। ਇਹ ਮੇਰੇ ਸਿਰ 'ਤੇ ਟੀਵੀ ਰਿਮੋਟ ਮਾਰਨ ਨਾਲ ਸ਼ੁਰੂ ਹੋ ਸਕਦਾ ਹੈ।"

"ਉਸ ਨੂੰ [ਹਰਡ] ਨੂੰ ਝਗੜੇ ਅਤੇ ਹਿੰਸਾ ਦੀ ਲੋੜ ਹੈ। ਇਹ ਕਿਤੋਂ ਵੀ ਬਾਹਰ ਨਿਕਲ ਸਕਦਾ ਹੈ।"

ਡੈੱਪ ਦੀ ਟੀਮ ਨੇ ਇਨ੍ਹਾਂ ਦਾਅਵਿਆਂ ਨੂੰ ਠੋਸ ਬਣਾਉਣ ਲਈ ਹਰਡ ਦੇ ਆਪਣੇ ਸ਼ਬਦਾਂ - ਆਡੀਓ ਰਿਕਾਰਡਿੰਗਾਂ ਅਤੇ ਲਿਖਤੀ ਨੋਟਸ ਸਬੂਤ ਵਜੋਂ ਪੇਸ਼ ਕੀਤੇ।

ਇੱਕ ਰਿਕਾਰਡਿੰਗ ਵਿੱਚ ਹਰਡ ਨੂੰ ਸੁਣਿਆ ਜਾ ਸਕਦਾ ਹੈ ਡੈੱਪ ਨੂੰ ਬੱਚਾ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ''ਮਾਰਨ'' ਦੀ ਗੱਲ ਮੰਨ ਰਹੇ ਸਨ।

ਡੈੱਪ ਨੂੰ ਲਿਖੀ ਇੱਕ ਚਿੱਠੀ ਵਿੱਚ ਉਹ ਆਪਣੇ "ਪਾਗਲਪਣ" ਲਈ ਮੁਆਫ਼ੀ ਮੰਗਦੇ ਹਨ। ਹਰਡ ਨੇ ਲਿਖਿਆ, "ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਮਾਰਿਆ।"

ਹਰਡ ਨੇ ਅੱਗੇ ਲਿਖਿਆ, "ਜਦੋਂ ਮੈਨੂੰ ਠੇਸ ਪਹੁੰਚਦੀ ਹੈ ਤਾਂ ਮੈਂ ਦੁਸ਼ਟ ਹੋ ਸਕਦੀ ਹਾਂ"।

ਡੈੱਪ ਨੇ ਖੂਨ ਨਾਲ ਕੰਧ 'ਤੇ ਸੁਨੇਹਾ ਲਿਖਿਆ

ਜਿਊਰੀ ਮੈਂਬਰਾਂ ਨੇ 2015 ਦੀ ਆਸਟਰੇਲੀਆ ਫੇਰੀ ਦੇ ਕਈ ਵੇਰਵੇ ਸੁਣੇ - ਕੁਝ ਵਧਾਏ ਚੜ੍ਹਾਏ ਹੋਏ, ਕਈ ਵਿਰੋਧਾਭਾਸੀ।

ਉੱਥੇ ਡੈੱਪ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ।

ਡੈੱਪ ਦੇ ਮੁਤਾਬਕ ਫੇਰੀ ਦੌਰਾਨ ਉਨ੍ਹਾਂ ਦੀ ਸਾਬਕਾ ਪਤਨੀ ਨੇ ਉਨ੍ਹਾਂ ਉੱਪਰ ਵੋਡਕਾ ਦੀ ਬੋਤਲ ਵਗਾਹ ਮਾਰੀ ਤਾਂ ਉਨ੍ਹਾਂ ਨੇ ਆਪਣੀ ਵਿਚਕਾਰਲੀ ਉਂਗਲੀ ਦਾ ਸਿਰਾ ਹੀ ਗੁਆ ਦਿੱਤਾ ਸੀ। ਉਹ ਬੋਤਲ ਚੂਰ-ਚੂਰ ਹੋ ਗਈ ਸੀ।

ਡੈੱਪ ਨੇ ਜੱਜਾਂ ਨੂੰ ਦੱਸਿਆ ਕਿ ਉਹ ਸਦਮੇ ਵਿੱਚ ਚਲੇ ਗਏ ਅਤੇ ਕੰਧ 'ਤੇ ਆਪਣੇ ਖੂਨ ਨਾਲ ਹਰਡ ਲਈ ਸੰਦੇਸ਼ ਲਿਖਿਆ।

ਡੈੱਪ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਨਰਵਸ ਬਰੇਕਡਾਊਨ ਕਿਵੇਂ ਦਾ ਹੁੰਦਾ ਹੈ, ਪਰ ਸ਼ਾਇਦ ਜੋ ਮੈਂ ਮਹਿਸੂਸ ਕੀਤਾ ਉਸ ਦੇ ਬਹੁਤ ਜ਼ਿਆਦਾ ਨੇੜੇ ਸੀ।"

ਹਰਡ ਨੇ ਡੈੱਪ ਦੀ ਉਂਗਲ ਫੱਟੜ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸਗੋਂ ਡੈੱਪ ਨੇ ਉਸ ਰਾਤ ਸ਼ਰਾਬ ਦੀ ਬੋਤਲ ਨਾਲ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਸੀ।

ਹਰਡ ਦੀ ਟੀਮ ਵੱਲੋਂ ਸੱਦੇ ਗਏ ਇੱਕ ਸਰਜਨ ਨੇ ਵੀ ਡੈੱਪ ਦੇ ਇਲਜ਼ਾਮ ਨੂੰ ਚੁਣੌਤੀ ਦਿੱਤੀ। ਸਰਜਨ ਨੇ ਕਿਹਾ ਘਟਨਾਵਾਂ ਦਾ ਉਨ੍ਹਾਂ ਦਾ ਵਰਣਨ ਬਹੁਤ ਅਸੰਭਵ ਲੱਗਦਾ ਹੈ ਕਿਉਂਕਿ ਉਨ੍ਹਾਂ ਦੀ ਉਂਗਲੀ ਦਾ ਨਹੁੰ ਠੀਕ ਸੀ।

ਡਾ. ਰਿਚਰਡ ਮੂਰ ਨੇ ਕਿਹਾ ਕਿ ਜੇਕਰ ਡੈੱਪ ਨੇ ਜਿਵੇਂ ਬਿਆਨ ਕੀਤਾ ਸੀ, ਤਾਂ ਉਨ੍ਹਾਂ ਦੀਆਂ ਉਂਗਲਾਂ ਦੇ ਨਹੁੰ ਬੋਤਲ ਨਾਲ ਖਰਾਬ ਹੋ ਜਾਣੇ ਚਾਹੀਦੇ ਸਨ।

ਡੈੱਪ ਦੀ ਵਕੀਲ ਨੇ ਖੱਟੀ ਵਾਹ-ਵਾਹ

ਸ਼ੁਰੂ ਵਿੱਚ ਐਂਬਰ ਹਰਡ ਅਤੇ ਜੌਹਨੀ ਡੈੱਪ ਅਦਾਲਤ ਵਿੱਚ ਆਪਣੀ ਫਿਲਮੀ ਚਕਾਚੌਂਧ ਲੈ ਕੇ ਪਹੁੰਚੇ ਸਨ। ਅਜਿਹੇ ਵਿੱਚ ਡੈੱਪ ਦੇ ਵਕੀਲ, ਕੈਮਿਲ ਵਾਸਕੁਏਜ਼ ਸੀ, ਜੋ ਮੁਕੱਦਮੇ ਦਾ ਸਟਾਰ ਬਣ ਕੇ ਉੱਭਰੇ।

ਮਾਣਹਾਨੀ ਦੇ ਮੁਕੱਦਮੇ ਦੌਰਾਨ ਕੈਲੀਫੋਰਨੀਆ ਦੀ ਇਸ ਮੁਟਿਆਰ ਵਕੀਲ ਨੇ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਕੈਮਿਲ ਵਾਸਕੁਏਜ਼ ਉਸ ਦੇ ਨਾਮ ਵਾਲੀਆਂ ਟੀ-ਸ਼ਰਟਾਂ ਅਤੇ ਹੈਸ਼ਟੈਗਸ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ।

ਵਾਸਕੁਏਜ਼ ਦੀ ਤਿੱਖੀ ਸ਼ੈਲੀ ਐਂਬਰ ਹਰਡ ਦੀ ਪੁੱਛਗਿੱਛ ਤੋਂ ਸਪੱਸ਼ਟ ਹੋ ਗਈ। ਦੋਵਾਂ ਵਿਚਾਲੇ ਗੱਲਬਾਤ ਕਈ ਵਾਰ ਕਾਫ਼ੀ ਭਖ ਜਾਂਦੀ ਸੀ।

ਇੱਕ ਮੌਕੇ 'ਤੇ ਦੋਵਾਂ ਨੇ ਡੁੱਲ੍ਹੀ ਹੋਈ ਵਾਈਨ ਦੀ ਤਸਵੀਰ ਉੱਤੇ ਝਗੜਾ ਕੀਤਾ। ਇਹ ਹਰਡ ਵੱਲੋਂ ਅਦਾਲਤ ਵਿੱਚ ਰੱਖੀਆਂ ਕਈ ਤਸਵੀਰਾਂ ਵਿੱਚੋਂ ਇੱਕ ਸੀ। ਇਹ ਤਸਵੀਰ ਕਥਿਤ ਤੌਰ 'ਤੇ ਦੋਵਾਂ ਦਰਮਿਆਨ 2016 ਵਿੱਚ ਹੋਈ ਇੱਕ ਵੱਡੀ ਲੜਾਈ ਵਿੱਚੋਂ ਸੀ। ਇਹ ਲੜਾਈ ਆਖਰ ਡੈੱਪ ਵੱਲੋਂ ਐਂਬਰ ਦੇ ਕੁੱਟਾਪੇ ਨਾਲ ਖ਼ਤਮ ਹੋਈ।

ਵਾਸਕੁਏਜ਼ ਦੀ ਜੀਰਾ ਦੌਰਾਨ ਹਰਡ ਨੇ ਜੱਜਾਂ ਵੱਲ ਰੁਖ਼ ਕੀਤਾ ਅਤੇ ਦਾਅਵਾ ਕੀਤਾ ਕਿ ਫੋਟੋਆਂ ਨਾਲ ਡੈੱਪ ਦੇ ਵਕੀਲਾਂ ਵੱਲੋਂ ਉਨ੍ਹਾਂ ਦੇ ਸਾਬਕਾ ਪਤੀ ਦੇ ਕੇਸ ਨੂੰ ਲਾਭ ਪਹੁੰਚਾਉਣ ਲਈ ਛੇੜਛਾੜ ਕੀਤੀ ਗਈ ਹੈ।

ਵਾਸਕੁਏਜ਼ ਨੇ ਹਰਡ ਨੂੰ ਸਖ਼ਤੀ ਨਾਲ ਟੋਕਿਆ," ਮੈਨੂੰ ਖੁਸ਼ੀ ਹੋਵੇਗੀ, ਜੇ ਤੁਸੀਂ ਜਿਊਰੀ ਦੇ ਸਾਹਮਣੇ ਤਰਕ ਨਾ ਕਰੋਂ।"

ਕੇਟ ਮੌਸ ਦੀ ਅਦਾਲਤ ਵਿੱਚ ਪੇਸ਼ੀ

ਆਖਰੀ ਸਮੇਂ 'ਤੇ ਬ੍ਰਿਟਿਸ਼ ਸੁਪਰਮਾਡਲ ਕੇਟ ਮੌਸ ਗਵਾਹਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ,ਜੋ ਕਿ ਸਾਲ 1994-98 ਦੌਰਾਨ ਡੈੱਪ ਨਾਲ ਇੱਕ ਰਿਸ਼ਤੇ ਵਿੱਚ ਸਨ।

ਮੌਸ ਨੂੰ ਡੈੱਪ ਦੇ ਵਕੀਲਾਂ ਵੱਲੋਂ ਹਰਡ ਦੁਆਰਾ ਫੈਲਾਈ ਗਈ ਇੱਕ ਅਫਵਾਹ ਦਾ ਖੰਡਨ ਕਰਨ ਲਈ ਬੁਲਾਇਆ ਗਿਆ ਸੀ। ਕਿਹਾ ਗਿਆ ਸੀ ਕਿ ਡੈੱਪ ਨੇ 1990 ਦੇ ਦਹਾਕੇ ਵਿੱਚ ਮੌਸ ਨੂੰ ਪੌੜੀਆਂ ਤੋਂ ਹੇਠਾਂ ਧੱਕਾ ਦੇ ਦਿੱਤਾ ਸੀ।

ਹਰਡ ਨੇ 2015 ਵਿੱਚ ਡੈੱਪ ਨਾਲ ਇੱਕ ਲੜਾਈ ਦਾ ਜ਼ਿਕਰ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਡੈੱਪ ਨੂੰ ਮਾਰਿਆ ਸੀ ਕਿਉਂਕਿ ਉਨ੍ਹਾਂ ਨੇ ਐਂਬਰ ਦੀ ਭੈਣ ਨੂੰ ਪੌੜੀਆਂ ਦੇ ਸਿਖਰ ਤੋਂ ਧੱਕਾ ਦੇ ਦਿੱਤਾ ਸੀ।

ਹਰਡ ਨੇ ਕਿਹਾ, "ਮੈਂ ਕੇਟ ਮੌਸ ਅਤੇ ਪੌੜੀਆਂ ਬਾਰੇ ਸੋਚਿਆ ਅਤੇ ਮੈਂ ਉਸ ਵੱਲ ਤੁਰੰਤ ਲਪਕੀ।"

ਵੀਡੀਓ ਕਾਲ 'ਤੇ ਆਪਣੀ ਸੰਖੇਪ ਗਵਾਹੀ ਵਿੱਚ ਕੇਟ ਮੌਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਡੈੱਪ ਨੇ ਕਦੇ ਉਸ ਨੂੰ ਪੌੜੀਆਂ ਤੋਂ ਧੱਕਾ ਦਿੱਤਾ ਸੀ।

ਕੇਟ ਮੌਸ ਨੇ ਕਿਹਾ, "ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਂ ਪੌੜੀਆਂ ਤੋਂ ਹੇਠਾਂ ਧਿਲਕ ਗਈ ਅਤੇ ਮੇਰੀ ਪਿੱਠ 'ਤੇ ਸੱਟ ਲੱਗ ਗਈ।"

ਮੌਸ ਨੇ ਕਿਹਾ, "ਉਹ ਮੇਰੀ ਮਦਦ ਕਰਨ ਲਈ ਦੌੜ ਕੇ ਆਏ ਅਤੇ ਮੈਨੂੰ ਮੇਰੇ ਕਮਰੇ ਵਿੱਚ ਲੈ ਗਏ ਅਤੇ ਮੈਨੂੰ ਡਾਕਟਰੀ ਸਹਾਇਤਾ ਦਿੱਤੀ।"

ਮੌਸ ਨੇ ਕਿਹਾ, "ਉਸ ਨੇ ਕਦੇ ਮੈਨੂੰ ਧੱਕਾ ਨਹੀਂ ਦਿੱਤਾ, ਠੁੱਡਾ ਨਹੀਂ ਮਾਰਿਆ ਅਤੇ ਨਾ ਹੀ ਮੈਨੂੰ ਪੌੜੀਆਂ ਤੋਂ ਥੱਲੇ ਸੁੱਟਿਆ।"

'ਜਾਨੋਂ ਮਾਰਨ ਦੀਆਂ ਧਮਕੀਆਂ'

ਜੀਰਾ ਦੇ ਆਖਰੀ ਦਿਨ ਹਰਡ ਨੇ ਉਸ ਸ਼ੋਸ਼ਣ ਬਾਰੇ ਭਾਵੁਕ ਗਵਾਹੀ ਦਿੱਤੀ ਜੋ ਉਨ੍ਹਾਂ ਮੁਤਾਬਕ ਉਨ੍ਹਾਂ ਨੇ ਡੈੱਪ ਤੋਂ ਤਲਾਕ ਲੈਣ ਤੋਂ ਬਾਅਦ ਸਹਾਰਿਆ ਸੀ।

ਐਂਬਰ ਨੇ ਕਿਹਾ, "ਮੈਨੂੰ ਰੋਜ਼ਾਨਾ ਨਹੀਂ ਤਾਂ ਨਿਯਮਤ ਰੂਪ ਵਿੱਚ ਸੈਂਕੜੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਇਸ ਮੁਕੱਦਮੇ ਦੇ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ। ਕੁੱਟਮਾਰ ਦੀ ਮੇਰੀ ਗਵਾਹੀ ਦਾ ਮਜ਼ਾਕ ਉਡਾ ਰਹੇ ਹਨ।"

ਐਂਬਰ ਨੇ ਅੱਗੇ ਕਿਹਾ, "ਹਰ ਦਿਨ ਮੈਨੂੰ ਫਿਰ ਤੋਂ ਉਹੀ ਸਦਮਾ ਜਿਉਣਾ ਪੈਂਦਾ ਹੈ।''

ਉਸ ਨੇ ਮੁਕੱਦਮੇ ਨੂੰ "ਭਿਆਨਕ" ਅਤੇ "ਅਪਮਾਨਜਨਕ" ਦੱਸਿਆ।

ਐਂਬਰ ਨੇ ਕਿਹਾ, "ਸ਼ਾਇਦ ਭੁੱਲਣਾ ਸੌਖਾ ਹੋਵੇ ਪਰ ਮੈਂ ਇੱਕ ਇਨਸਾਨ ਹਾਂ।"

"ਅੱਜ ਜਿੱਥੇ ਮੈਂ ਖੜ੍ਹੀ ਹਾਂ, ਮੈਂ ਕਰੀਅਰ ਨਹੀਂ ਬਣਾ ਸਕਦੀ। ਮੈਂ ਲੋਕਾਂ ਨੂੰ ਆਪਣੇ ਨਾਲ ਜੋੜ ਵੀ ਨਹੀਂ ਸਕਦੀ ਕਿਉਂਕਿ ਉਨ੍ਹਾਂ ਨੂੰ ਵੀ ਧਮਕੀਆਂ ਅਤੇ ਹਮਲੇ ਸਹਿਣੇ ਪੈਣਗੇ"।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।