You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਵਿੱਚ ਭੂਚਾਲ: 'ਅਣਗਿਣਤ ਲੋਕ ਅਜੇ ਵੀ ਕੱਚੇ ਘਰਾਂ ਦੇ ਮਲਬੇ ਹੇਠ ਦੱਬੇ ਹੋਏ'
- ਲੇਖਕ, ਫਰੈਂਸਿਸ ਮਾਓ, ਮੈਥਿਊ ਡੇਵਿਸ ਤੇ ਲੀਓ ਸੈਂਡਜ਼
- ਰੋਲ, ਬੀਬੀਸੀ ਨਿਊਜ਼
ਅਫ਼ਗਾਨਿਸਤਾਨ ਵਿਚ ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬੁੱਧਵਾਰ ਰਾਤ ਨੂੰ ਆਏ ਭੂਚਾਲ ਵਿਚ ਬਹੁਤ ਸਾਰੇ ਬੱਚਿਆਂ ਦੀ ਮੌਤ ਹੋਈ ਹੈ।
1000 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਭੂਚਾਲ ਦੇ ਰਾਹਤ ਕਾਰਜ ਵਿਚ ਮੀਂਹ, ਠੰਢ ਅਤੇ ਸਰੋਤਾਂ ਦੀ ਥੁੜ ਕਾਰਨ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਗਾਰੇ ਤੋਂ ਬਣੇ ਕੱਚੇ ਘਰਾਂ ਦੇ ਮਲਬੇ ਵਿਚ ਕਿੰਨੇ ਲੋਕ ਦੱਬੇ ਹੋਏ ਹਨ, ਅਜੇ ਵਿਚ ਦਾ ਅੰਕੜਾ ਪਤਾ ਨਹੀਂ ਲੱਗ ਸਕਿਆ ਹੈ।
ਤਾਲਿਬਾਨ ਪ੍ਰਸ਼ਾਸ਼ਨ ਨੇ ਕੌਮਾਂਤਰੀ ਏਜੰਸੀਆਂ ਤੋਂ ਰਾਹਤ ਕਾਰਜਾਂ ਵਿਚ ਮਦਦ ਕਰਨ ਦੀ ਮੰਗ ਕੀਤੀ ਹੈ। ਸੰਪਰਕ ਸਾਧਨ ਬਿਲਕੁੱਲ ਤਬਾਹ ਹੋ ਚੁੱਕੇ ਹਨ।
ਰਾਇਟਰਜ਼ ਏਜੰਸੀ ਨੇ ਤਾਲਿਬਾਨ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ, ''ਸੰਪਰਕ ਸਾਧਨ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਇਸ ਲਈ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ।''
ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਬੁੱਧਵਾਰ ਨੂੰ ਆਏ 6.1 ਤੀਬਰਤਾ ਦੇ ਭੂਚਾਲ ਤੋਂ ਬਾਅਦ ਦੇਸ ਦੀ ਤਾਲਿਬਾਨ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਤੋਂ ਰਾਹਤ ਕਾਰਜਾਂ ਵਿੱਚ ਮਦਦ ਦੀ ਮੰਗ ਕੀਤੀ ਹੈ।
ਸੰਯੁਕਤ ਰਾਸ਼ਟਰ ਇਮਦਾਦ ਭੇਜਣ ਲਈ ਸੰਘਰਸ਼ ਕਰ ਰਿਹਾ ਹੈ। ਇਲਾਕੇ ਵਿੱਚ ਸਾਧਨਾਂ ਦੀ ਕਮੀ ਅਤੇ ਖਰਾਬ ਮੌਸਮ ਕਾਰਨ ਰਾਹਤ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।
ਬਚੇ ਹੋਏ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਭੂਚਾਲ ਦੇ ਕੇਂਦਰ ਵਿੱਚ ਆਏ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਸੜਕਾਂ, ਮੋਬਾਈਲ ਫ਼ੋਨ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ। ਖਦਸ਼ੇ ਹਨ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਇਹ ਵੀ ਪੜ੍ਹੋ-'ਸਾਡੇ ਤੱਕ ਰਾਹਤ ਟੀਮਾਂ ਨਹੀਂ ਪਹੁੰਚੀਆਂ 40 ਲਾਸ਼ਾਂ ਮੈਂ ਇਕੱਲਾ ਕੱਢ ਚੁੱਕਾ ਹਾਂ' -ਮਦਦ ਲਈ ਵਿਲਕਦੇ ਲੋਕ
- ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਆਏ ਭੂਚਾਲ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾਣ ਅਤੇ 1500 ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ।
- ਬਚਾਅ ਕਾਰਜ ਜਾਰੀ ਹਨ। ਦੇਸ ਦੀ ਤਾਲਿਬਾਨ ਸਰਕਾਰ ਨੇ ਕੌਮਾਂਤਰੀ ਬਿਰਾਦਰੀ ਤੋਂ ਸੰਕਟ ਦੀ ਘੜੀ ਵਿੱਚ ਮਦਦ ਦੀ ਗੁਹਾਰ ਲਗਾਈ ਹੈ।
- ਭੂਚਾਲ ਵਿੱਚ ਸੈਂਕੜੇ ਘਰ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਏ ਹਨ ਅਤੇ ਚਸ਼ਮਦੀਦਾਂ ਮੁਤਾਬਕ ਤੁਸੀਂ ''ਜਿੱਧਰ ਜਾਓ ਹਰ ਗਲੀ ਵਿੱਚ ਮਾਤਮ ਹੈ''।
- ਇਹ ਪਿਛਲੇ ਦੋ ਦਹਾਕਿਆਂ ਦੌਰਾਨ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਜਿਸਦੇ ਝਟਕੇ ਪਾਕਿਸਤਾਨ ਤੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ।
- ਅਫ਼ਗਾਨਿਸਤਾਨ ਭੂਚਾਲ ਪੱਖੋਂ ਸਰਗਰਮ ਭੂਗੋਲਿਕ ਖਿੱਤੇ ਵਿੱਚ ਹੈ ਤੇ ਹੇਠਾਂ ਕਈ ਫਾਲਟ ਲਾਈਨਾਂ ਹਨ। ਪਿਛਲੇ ਇੱਕ ਦਹਾਕੇ ਦੌਰਾਨ ਉੱਥੇ ਭੂਚਾਲ ਕਾਰਨ ਲਗਭਗ ਸੱਤ ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
- ਦੋ ਦਹਾਕਿਆਂ ਤੋਂ ਜਾਰੀ ਜੰਗ ਨੇ ਦੇਸ ਦੇ ਆਪਦਾ ਪ੍ਰਬੰਧਨ ਢਾਂਚੇ ਨੂੰ ਤਾਬਾਹ ਕਰ ਛੱਡਿਆ ਹੈ। ਹਾਲਾਂਕਿ ਇਮਦਾਦ ਏਜੰਸੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਕੁਝ ਇਮਾਰਤਾਂ ਨੂੰ ਠੀਕ-ਠਾਕ ਕਰਕੇ ਵਰਤੋਂ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਜਿਹੜੀ ਗਲੀ ਜਾਓ ਉੱਧਰ ਹੀ ਮਾਤਮ
ਭੂਚਾਲ ਤੋਂ ਬਾਅਦ ਇੱਕ ਸ਼ਖਸ ਨੇ ਦੱਸਿਆ, ਮਦਦ ਲਈ ਕੁਝ ਹੈਲੀਕਾਪਟਰ ਪਹੁੰਚੇ ਪਰ ਮੇਰੇ ਸਮਝ ਨਹੀਂ ਆ ਰਹੀ ਕਿ ਉਹ ਲਾਸ਼ਾਂ ਢੋਣ ਤੋਂ ਇਲਾਵਾ ਹੋਰ ਕੀ ਕਰ ਸਕਣਗੇ।''
ਪ੍ਰਭਾਵਿਤ ਖੇਤਰਾਂ ਵਿੱਚ ਜੋ ਰਾਹਤ ਕਰਮੀ ਪਹੁੰਚੇ ਹਨ ਉਹ ਬਿਨਾਂ ਔਜਾਰਾਂ ਦੇ ਸਿਰਫ਼ ਹੱਥਾਂ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੂਰਬੀ ਅਫ਼ਗਾਨਿਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਪਹੁੰਚਣਾ ਸੁਖਾਲਾ ਨਹੀਂ ਹੈ।
ਚਸ਼ਮਦੀਦਾਂ ਵਿੱਚੋਂ ਇੱਕ ਪੱਤਰਕਾਰ ਨੇ ਸਥਿਤੀ ਨੂੰ ਬਿਆਨ ਕਰਦਿਆਂ ਕਿਹਾ, ''ਹਰ ਗਲੀ ਜਿੱਧਰ ਵੀ ਤੁਸੀਂ ਜਾਓ ਤੁਹਾਨੂੰ ਆਪਣੇ ਪਿਆਰਿਆਂ ਦੀ ਮੌਤ 'ਤੇ ਲੋਕਾਂ ਦੇ ਵਿਰਲਾਪ ਦੀਆਂ ਅਵਾਜ਼ਾ ਸੁਣਾਈ ਦੇਣਗੀਆਂ।''
ਪਕਤਿਕਾ ਸੂਬੇ ਦੇ ਗਇਆਨ ਅਤੇ ਬਾਰਮਾਲ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਰਿਪੋਰਟ ਕੀਤਾ ਗਿਆ ਹੈ। ਗਇਆਨ ਵਿੱਚ ਤਾਂ ਇੱਕ ਪੂਰਾ ਪਿੰਡ ਹੀ ਤਬਾਹ ਹੋ ਗਿਆ ਹੈ।
ਇੱਕ ਪੀੜਤ ਸ਼ਬੀਰ ਨੇ ਬੀਬੀਸੀ ਨੂੰ ਦੱਸਿਆ, ''ਧਰਤੀ ਹਿੱਲ ਰਹੀ ਸੀ ਅਤੇ ਮੇਰਾ ਬੈੱਡ ਖਿਸਕਣ ਲੱਗਿਆ। ਛੱਤ ਡਿੱਗ ਗਈ। ਮੈਂ ਫ਼ਸ ਗਿਆ ਪਰ ਮੈਂ ਅਕਾਸ਼ ਦੇਖ ਸਕਦਾ ਸੀ। ਮੇਰਾ ਮੋਢਾ ਹਿੱਲ ਗਿਆਸ ਮੇਰਾ ਸਿਰ ਬਹੁਤ ਪੀੜ ਕਰ ਰਿਹਾ ਸੀ ਪਰ ਮੈਂ ਨਿਕਲ ਆਇਆ। ਮੈਨੂੰ ਯਕੀਨ ਹੈ ਕਿ ਉਸ ਕਮਰੇ ਦੇ ਅੰਦਰ ਮੇਰੇ ਪਰਿਵਾਰ ਦੇ ਹੋਰ ਜੋ ਸੱਤ ਜਾਂ ਨੌਂ ਜਣੇ ਮੌਜੂਦ ਸਨ। ਉਹ ਸਾਰੇ ਮਾਰੇ ਗਏ ਹਨ।''
'ਜੋ ਥੋੜ੍ਹਾ-ਬਹੁਤ ਸੀ ਉਹ ਵੀ ਭੂਚਾਲ ਨੇ ਤਬਾਹ ਕਰ ਦਿੱਤਾ'
ਪਕਤਿਕਾ ਵਿੱਚ ਇੱਕ ਡਾਕਟਰ ਨੇ ਦੱਸਿਆ ਕਿ ਪੀੜਤਾਂ ਵਿੱਚ ਮੈਡੀਕਲ ਵਰਕਰ ਵੀ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ,''ਸਾਡੇ ਕੋਲ ਭੂਚਾਲ ਤੋਂ ਪਹਿਲਾਂ ਵੀ ਕਾਫ਼ੀ ਲੋਕ ਅਤੇ ਸਹੂਲਤਾਂ ਪਹਿਲਾਂ ਹੀ ਨਹੀਂ ਸਨ ਅਤੇ ਜੋ ਥੋੜ੍ਹਾ-ਬਹੁਤ ਸੀ ਉਹ ਵੀ ਭੂਚਾਲ ਨੇ ਤਬਾਹ ਕਰ ਦਿੱਤਾ ਹੈ। ਮੈਨੂੰ ਨਹੀਂ ਪਤਾ ਕਿ ਸਾਡੇ ਕਿੰਨੇ ਸਹਿ-ਕਰਮੀ ਅਜੇ ਵੀ ਜ਼ਿੰਦਾ ਹਨ।''
ਇੱਕ ਸਥਾਨਕ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ, ''ਬਹੁਤ ਸਾਰੇ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਮੋਬਾਈਲ ਕੰਮ ਨਹੀਂ ਕਰ ਰਹੇ। ਮੇਰੇ ਭਰਾ ਅਤੇ ਉਸ ਦਾ ਪਰਿਵਾਰ ਮਾਰਿਆ ਗਿਆ ਹੈ। ਇਹ ਗੱਲ ਮੈਨੁੰ ਕਈ ਘੰਟਿਆਂ ਬਾਅਦ ਪਤਾ ਚੱਲੀ। ਕਈ ਪਿੰਡ ਤਬਾਹ ਹੋ ਗਏ ਹਨ।''
'ਹੁਣ ਤੱਕ 40 ਲਾਸ਼ਾਂ ਕੱਢ ਚੁੱਕਿਆ ਹਾਂ'
ਬੀਬੀਸੀ ਨੇ ਇੱਕ ਤਸਵੀਰ ਦੇਖੀ ਹੈ ਜਿਸ ਵਿੱਚ ਇੱਕ ਤਿੰਨ-ਚਾਰ ਸਾਲ ਦੀ ਬੱਚੀ, ਘੱਟੇ ਨਾਲ ਭਰੀ ਹੋਈ ਇੱਕ ਢਹਿ ਗਏ ਘਰ ਦੇ ਸਾਹਮਣੇ ਸੋਚਾਂ ਵਿੱਚ ਗੁੰਮ ਖੜ੍ਹੀ ਹੈ। ਇਹ ਸਪਸ਼ਟ ਨਹੀਂ ਕਿ ਉਸ ਦੇ ਪਰਿਵਾਰ ਦਾ ਕੀ ਹਸ਼ਰ ਹੋਇਆ ਹੈ। ਬੀਬੀਸੀ ਵੱਲੋਂ ਰਿਪੋਰਟ ਲਿਖੇ ਜਾਣ ਸਮੇਂ ਬੱਚੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ
ਅਲੇਮ ਅਫਾ (49) ਪਕਤਿਕਾ ਸੂਬੇ ਵਿੱਚ ਮਦਦ ਲਈ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਉੱਥੇ ਕੋਈ ਸਰਕਾਰੀ ਬਚਾਅ ਕਰਮੀ ਨਹੀਂ ਹਨ ਅਤੇ ਗੁਆਂਢੀ ਸ਼ਹਿਰਾਂ ਅਤੇ ਪਿੰਡਾਂ ਤੋਂ ਹੀ ਲੋਕ, ਪੀੜਤਾਂ ਨੂੰ ਬਚਾਉਣ ਲਈ ਪੁੱਜ ਰਹੇ ਸਨ।
ਮੈਂ ਸਵੇਰੇ ਆਇਆ ਸੀ ਅਤੇ ਹੁਣ ਤੱਕ 40 ਲਾਸ਼ਾਂ ਕੱਢ ਚੁੱਕਿਆ ਹਾਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ, ਬਹੁਤ ਛੋਟੇ ਬੱਚੇ ਹਨ।
ਅਫ਼ਗਾਨਿਸਤਾਨ ਦੀ ਦੁੱਖਾਂ ਮਾਰੀ ਧਰਤ
ਅਫ਼ਗਾਨ ਲੋਕ ਪਹਿਲਾਂ ਹੀ ਮੁਸੀਬਤਾਂ ਦੇ ਪਹਾੜ ਹੇਠ ਹਨ। ਦੇਸ ਵਿੱਚ ਕਈ ਦਹਾਕਿਆਂ ਤੋਂ ਜਾਰੀ ਤਣਾਅ ਕਾਰਨ ਗ਼ਰੀਬੀ ਚਾਰੇਪਾਸੇ ਫ਼ੈਲੀ ਹੋਈ ਹੈ।
ਜਦੋਂ ਪਿਛਲੇ ਸਾਲ ਤਾਲਿਬਾਨ ਨੇ 20 ਸਾਲ ਬਾਅਦ ਮੁੜ ਦੇਸ ਵਿੱਚ ਆਪਣਾ ਰਾਜ ਬਹਾਲ ਕੀਤਾ ਤਾਂ ਕਈ ਦੇਸਾਂ ਨੇ ਅਫ਼ਗਾਨਿਸਤਾਨ ਦੀ ਮਦਦ ਕਰਨੀ ਬੰਦ ਕਰ ਦਿੱਤੀ।
ਦੇਸ ਦੀ ਪਹਿਲਾਂ ਤੋਂ ਹੀ ਕਮਜ਼ੋਰ ਆਪਦਾ ਪ੍ਰਬੰਧਨ ਪ੍ਰਣਾਲੀ ਕਰਾਹ ਰਹੀ ਹੈ। ਬਹੁਤ ਸਾਰੇ ਹਸਪਤਾਲਾਂ ਦੀਆਂ ਇਮਾਰਤਾਂ ਵਰਤੋਂਯੋਗ ਨਹੀਂ ਹਨ।
ਅਫ਼ਗਾਨਿਸਤਾਨ ਦੀ ਅਬਾਦੀ ਅਜਿਹੀ ਨਹੀਂ ਹੈ ਜੋ ਮਜ਼ਬੂਤ ਹੋਵੇ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੀ ਹੋਵੇ।
ਇਹ ਵੀ ਪੜ੍ਹੋ: