ਜਸਟਿਨ ਬੀਬਰ: ਨਿੱਕੀ ਉਮਰੇ ਦੁਨੀਆਂ ਦਾ ਵੱਡਾ ਗਾਇਕ ਬਣਨ ਵਾਲੇ ਸਟਾਰ ਬਾਰੇ ਦਿਲਚਸਪ ਕਿੱਸੇ

ਛੋਟੀ ਉਮਰ ਵਿੱਚ ਹੀ ਕੌਮਾਂਤਰੀ ਗਾਇਕੀ ਵਿੱਚ ਆਪਣੀ ਥਾਂ ਬਣਾਉਣ ਵਾਲੇ ਗਾਇਕ ਜਸਟਿਨ ਬੀਬਰ ਇਸੇ ਸਾਲ ਅਕਤੂਬਰ ਵਿੱਚ ਭਾਰਤ ਆ ਰਹੇ ਹਨ।

ਉਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਵਿੱਚ ਆਪਣੀ ਪੇਸ਼ਕਾਰੀ ਕਰਨਗੇ। ਉਹ ਭਾਰਤ ਵਿੱਚ ਆਪਣੇ ਜਸਟਿਸ ਵਰਲਡ ਟੂਅਰ ਦੇ ਹਿੱਸੇ ਵਜੋਂ ਆਉਣਗੇ।

ਖ਼ਬਰ ਏਜੰਸੀ ਏਐਨਆਈ ਮੁਤਾਬਕ 22 ਮਈ ਤੋਂ ਸ਼ੁਰੂ ਹੋ ਰਹੇ ਇਸ ਦੌਰੇ ਦੌਰਾਨ ਜਸਟਿਨ ਨੇ 30 ਦੇਸਾਂ ਦਾ ਦੌਰਾ ਕਰਨਗੇ ਅਤੇ 125 ਸ਼ੋਅ ਕਰਨਗੇ।

ਉਨ੍ਹਾਂ ਦਾ ਇਹ ਦੌਰਾ ਮਈ 2022 ਤੋਂ ਲੈਕੇ ਮਾਰਚ 2023 ਤੱਕ ਜਾਰੀ ਰਹੇਗਾ।

ਜੇ ਜਸਟਿਨ ਭਾਰਤ ਆਉਂਦੇ ਹਨ ਤਾਂ ਇਹ ਉਨ੍ਹਾਂ ਦਾ ਦੂਜਾ ਭਾਰਤ ਦੌਰਾ ਹੋਵੇਗਾ। ਪਿਛਲੀ ਵਾਰ ਉਹ 2017 ਵਿੱਚ ਭਾਰਤ ਆਏ ਸਨ ਅਤੇ ਮੁੰਬਈ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਸੀ।

ਉਸ ਸਮੇਂ ਉਨ੍ਹਾਂ ਦੇ 40000 ਪ੍ਰਸ਼ੰਸਕ ਪੇਸ਼ਕਾਰੀ ਦੇਖਣ ਪਹੁੰਚੇ ਸਨ।

ਜਸਟਿਨ ਬੀਬਰ ਆਪਣੀ ਗਾਇਕੀ ਤੋਂ ਇਲਾਵਾ ਹੋਰ ਵੀ ਕਈ ਵਜ੍ਹਾਂ ਤੋਂ ਚਰਚਾ ਵਿੱਚ ਰਹਿੰਦੇ ਹਨ। ਕੁਝ ਦਿਲਚਸਪ ਕਿੱਸੇ ਅਤੇ ਘਟਨਾਵਾਂ-

ਜਸਟਿਨ ਬੀਬਰ ਤੇ ਸੋਸ਼ਲ ਮੀਡੀਆ

ਜਸਟਿਨ ਬੀਬਰ ਦਾ ਪੂਰਾ ਨਾਮ ਜਸਟਿਨ ਡਰਿਊ ਬੀਬਰ ਹੈ। ਉਨ੍ਹਾਂ ਦਾ ਜਨਮ ਕੈਨੇਡਾ ਦੇ ਓਂਟਾਰਓ ਸੂਬੇ ਦੇ ਲੰਡਨ ਇਲਾਕੇ ਵਿੱਚ ਹੋਇਆ।

ਉਨ੍ਹਾਂ ਨੇ ਸਿਰਫ਼ ਹਾਈ ਸਕੂਲ ਤੱਕ ਪੜ੍ਹਾਈ ਕੀਤੀ ਹੈ ਅਤੇ ਕਾਲਜ ਯੂਨੀਵਰਸਿਟੀ ਨਹੀਂ ਗਏ ਹਨ।

ਕਿਹਾ ਜਾਂਦਾ ਹੈ ਕਿ ਸਾਲ 2018 ਤੱਕ ਜਸਟਿਨ ਦੇ ਪਿੰਡੇ ਉੱਪਰ 59 ਟੈਟੂ ਸਨ।

ਜਸਟਿਨ ਬੀਬਰ ਟਵਿੱਟਰ ਉੱਪਰ ਚਾਰ ਕਰੋੜ ਫੌਲੋਵਰ ਹਾਸਲ ਕਰਨ ਵਾਲੇ ਪਹਿਲੇ ਵਿਅਕਤੀ ਸੀ।

ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਲੇਡੀ ਗਾਗਾ ਕੋਲ ਸੀ। ਲੇਡੀ ਗਾਗਾ ਨੇ ਇਹ ਰਿਕਾਰਡ ਇਸ ਤਰ੍ਹਾਂ ਬਣਾਏ ਸਨ ਪਹਿਲਾਂ ਇੱਕ ਕਰੋੜ, ਫਿਰ ਦੋ ਕਰੋੜ ਅਤੇ ਫਿਰ ਤਿੰਨ ਕਰੋੜ।

ਪਰ 4 ਕਰੋੜ ਦਾ ਅੰਕੜਾ ਪਾਰ ਕਰਨ ਵਾਲੇ ਬੀਬਰ ਪਹਿਲੇ ਵਿਅਕਤੀ ਸਨ।

ਇਹ ਵੀ ਪੜ੍ਹੋ:

ਲੇਡੀ ਗਾਗਾ ਤੋਂ ਪਹਿਲਾਂ ਬ੍ਰਿਟਨੀ ਸਪੀਅਰਜ਼ ਟਵਿੱਟਰ ਉੱਪਰ ਸਭ ਤੋਂ ਜ਼ਿਆਦਾ ਫੌਲਵਰਾਂ ਸਨ।

ਜਸਟਿਨ ਬੀਬੀਰ 'ਤੇ ਜਿਣਸੀ ਹਿੰਸਾ ਦੇ ਇਲਜ਼ਾਮ

ਸਾਲ 2014 ਅਤੇ 2015 ਦੌਰਾਨ ਦੋ ਵੱਖ-ਵੱਖ ਔਰਤਾਂ ਵੱਲੋਂ ਜਿਣਸੀ ਹਿੰਸਾ ਦੇ ਇਲਜ਼ਾਮ ਲਾਏ ਗਏ।

ਜਸਟਿਨ ਨੇ ਇਨ੍ਹਾਂ ਇਲਜ਼ਾਮਾਂ ਦਾ ਸਖਤ ਖੰਡਨ ਕੀਤਾ ਅਤੇ ਕਿਹਾ ਕਿ ਇਹ ਇਲਜ਼ਾਮ ਕੋਰੇ ਝੂਠ ਹਨ।

ਹਾਲਾਂਕਿ ਇਹ ਕਦੇ ਸਪਸ਼ਟ ਨਹੀਂ ਹੋ ਸਕਿਆ ਕਿ ਬੀਬਰ ਅਤੇ ਦੋਵਾਂ ਔਰਤਾਂ ਵਿੱਚਕਾਰ ਕਦੇ ਕੋਈ ਰਾਜੀਨਾਮਾ ਹੋ ਸਕਿਆ ਸੀ।

ਬੀਬਰ ਨੇ ਬਾਅਦ ਵਿੱਚ ਇਨ੍ਹਾਂ ਔਰਤਾਂ ਉੱਪਰ ਮਾਣਹਾਨੀ ਦੇ ਕੇਸ ਵੀ ਕੀਤੇ ਪਰ ਇਸੇ ਸਾਲ ਮਾਰਚ ਵਿੱਚ ਉਨ੍ਹਾਂ ਨੇ ਇਹ ਕੇਸ ਵਾਪਸ ਲੈ ਲਏ।

ਗਰਲਫਰੈਂਡ ਨੂੰ ਲੈਕੇ ਫੈਨਜ਼ ਨੂੰ ਧਮਕੀ

ਸਾਲ 2016 ਵਿੱਚ ਉਨ੍ਹਾਂ ਨੇ ਆਪਣੀ ਨਵੀਂ ਗਰਲਫਰੈਂਡ ਸੋਫ਼ੀਆ ਰਿਚੀ ਨਾਲ ਤਸਵੀਰ ਸਾਂਝੀ ਕੀਤੀ। ਉਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਫ਼ੀਆ ਬਾਰੇ ਚੰਗਾ-ਮਾੜਾ ਲਿਖਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਜਸਟਿਨ ਨੇ ਖਿੱਝ ਕੇ ਲਿਖਿਆ ਕਿ ਜੇ ਤੁਸੀਂ ਵਾਕਈ ਮੇਰੇ ਪ੍ਰਸ਼ੰਸਕ ਹੋ ਤਾਂ ਜਿਨ੍ਹਾਂ ਲੋਕਾਂ ਨੂੰ ਮੈਂ ਪਸੰਦ ਕਰਦਾ ਹਾਂ ਉਨ੍ਹਾਂ ਪ੍ਰਤੀ ਇੰਨੇ ਮਤਲਬੀ ਨਹੀਂ ਹੋ ਸਕਦੇ।

ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਉਹ ਆਪਣਾ ਇੰਸਟਾਗ੍ਰਾਮ ਅਕਾਊਂਟ ਪ੍ਰਾਈਵੇਟ ਕਰ ਲੈਣਗੇ।

ਇਸ ਤੋਂ ਉਨ੍ਹਾਂ ਦੀ ਪੁਰਾਣੀ ਗਰਲਫਰੈਂਡ ਅਤੇ ਅਮਰੀਕੀ ਗਾਇਕਾ ਸਲੀਨਾ ਗੋਮੇਜ਼ ਨੇ ਕਿਹਾ ਕਿ ਜੇਕਰ ਉਹ ਇਨ੍ਹਾਂ ਟਿੱਪਣੀਆਂ ਲਈ ਤਿਆਰ ਨਹੀਂ ਹਨ

... ਤਾਂ ਉਨ੍ਹਾਂ ਨੂੰ ਤਸਵੀਰਾਂ ਇੰਸਟਾਗ੍ਰਾਮ ਉੱਪਰ ਨਹੀਂ ਪਾਉਣੀਆਂ ਚਾਹੀਦੀਆਂ ਸੀ ਅਤੇ ਆਪਣੇ ਦੋਵਾਂ ਤੱਕ ਹੀ ਰੱਖਣੀਆਂ ਚਾਹੀਦੀਆਂ ਸਨ।

ਜਸਟਿਨ ਬੀਬਰ ਅਤੇ ਸਲੀਨਾ ਗੋਮੇਜ਼ 2011 ਤੋਂ 2014 ਤੱਕ ਰਿਸ਼ਤੇ ਵਿੱਚ ਰਹੇ ਸਨ ਪਰ ਬਾਅਦ ਵਿੱਚ ਉਹ ਵੱਖ ਹੋ ਗਏ। ਹਾਲਾਂਕਿ ਉਸ ਤੋਂ ਬਾਅਦ ਵੀ ਉਹ ਕਈ ਵਾਰ ਇੱਕਠੇ ਦੇਖੇ ਜਾਂਦੇ ਰਹੇ।

ਹਾਈਬਰਿਡ ਬਿੱਲੀਆਂ ਖ਼ਰੀਦਣ ਤੋਂ ਵਿਵਾਦ

ਸਾਲ 2019 ਵਿੱਚ ਜਸਟਿਨ ਨੇ ਇੱਕ ਹਾਈਬ੍ਰਿਡ ਬਲੂੰਗੜਿਆਂ ਦਾ ਜੋੜਾ ਬਹੁਤ ਮਹਿੰਗੀ ਕੀਮਤ ਤੇ ਖ਼ਰੀਦਿਆ।

ਜੋ ਬਲੂੰਗੜੇ ਉਨ੍ਹਾਂ ਨੇ ਖ਼ਰੀਦੇ ਸਨ ਉਹ ਘਰੇਲੂ ਬਿੱਲੀ ਅਤੇ ਸਵਾਨਾ ਦੀ ਇੱਕ ਚਿੱਤੀਦਾਰ ਵੱਡੇ ਕੰਨਾਂ ਵਾਲੀ ਬਿੱਲੀ ਦੇ ਕਰਾਸ ਬਰੀਡ ਸਨ। ਇਨ੍ਹਾਂ ਨੂੰ ਡਿਜ਼ਾਈਨਰ ਬਿੱਲੀਆਂ ਕਿਹਾ ਜਾਂਦਾ ਹੈ।

ਜਾਨਵਰਾਂ ਦੇ ਹੱਕਾਂ ਲਈ ਕੌਂਮੰਤਰੀ ਸੰਗਠਨ ਪੇਟਾ ਨੇ ਜਸਟਿਨ ਉੱਪਰ ਹਾਬ੍ਰਿਡ ਬਿੱਲੀਆਂ ਦੀ ਖ਼ਤਰਨਾਕ ਮੰਗ ਨੂੰ ਵਧਾਵਾ ਦੇਖਣ ਦਾ ਇਲਜ਼ਾਮ ਲਗਾਇਆ।

ਪੇਟਾ ਦਾ ਕਹਿਣਾ ਸੀ ਕਿ ਗਾਇਕ ਨੂੰ ਕੋਈ ਜਾਨਵਰ ਕਿਸੇ ਸ਼ੈਲਟਰ ਵਿੱਚੋਂ ਗੋਦ ਲੈਣਾ ਚਾਹੀਦਾ ਸੀ ਅਤੇ ਇਸ ਤਰ੍ਹਾਂ ਆਪਣੇ ਫੈਨਜ਼ ਨੂੰ ਵੀ ਪ੍ਰਰਿਤ ਕਰਨਾ ਚਾਹੀਦਾ ਸੀ।

ਜਸਟਿਨ ਨੇ ਬਾਰੇ ਕਾਫ਼ੀ ਖੁੱਲ੍ਹ ਕੇ ਸਾਹਮਣੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਪੇਟਾ ਨੂੰ ''ਪੋਸ਼ਿੰਗ ਅਤੇ ਪਸ਼ੂ ਹਿੰਸਾ'' ਵਰਗੀਆਂ ਅਸਲੀ ਸਮੱਸਿਆਵਾਂ ਉੱਪਰ ਕੰਮ ਕਰਨ ਚਾਹੀਦਾ ਹੈ।

ਜਾਓ ਅਤੇ ਅਸਲੀ ਸਮੱਸਿਆਵਾਂ ਉੱਪਰ ਧਿਆਨ ਦਿਓ। ਤੁਸੀਂ ਚਿੜ੍ਹ ਰਹੇ ਹੋ ਕਿਉਂਕਿ ਮੈਨੂੰ ਇੱਕ ਖ਼ਾਸ ਕਿਸਮ ਦੀ ਬਿੱਲੀ ਚਾਹੀਦੀ ਸੀ।

ਤੁਸੀਂ ਉਦੋਂ ਨਹੀਂ ਚਿੜੇ ਜਦੋਂ ਮੈਂ ਆਪਣਾ ਕੁੱਤਾ ਔਸਕਰ ਲਿਆ ਸੀ ਅਤੇ ਉਹ ਵੀ ਬਚਾਇਆ ਹੋਇਆ ਨਹੀਂ ਸੀ...ਕੀ ਜ਼ਰੂਰੀ ਹੈ ਕਿ ਅਸੀਂ ਜੋ ਵੀ ਜਾਨਵਰ ਪਾਲੀਏ ਉਹ ਬਚਾਇਆ ਹੀ ਗਿਆ ਹੋਵੇ?

ਮੈਂ (ਜਾਨਵਰ) ਗੋਦ ਲੈਣ ਵਿੱਚ ਯਕੀਨ ਕਰਦਾ ਹਾਂ ਪਰ ਇਹ ਵੀ ਸਮਝਦਾ ਹਾਂ ਕਿ ਪਸੰਦਾਂ ਹੁੰਦੀਆਂ ਹਨ ਅਤੇ ਬਰੀਡਰ ਇਸੇ ਲਈ ਹੁੰਦੇ ਹਨ।

ਜਸਟਿਨ ਸਿਰਫ਼ ਇਨ੍ਹਾਂ ਬਲੂੰਗੜਿਆਂ ਕਾਰਨ ਹੀ ਚਰਚਾ ਵਿੱਚ ਹੀ ਨਹੀਂ ਆਏ। ਉਨ੍ਹਾਂ ਨੂੰ ਇਗਜ਼ੌਟਿਕ ਜਾਨਵਰਾਂ ਦਾ ਸ਼ੌਂਕ ਹੈ।

2013 ਵਿੱਚ ਉਨ੍ਹਾਂ ਨੇ ਕਪਚਿਨ ਬਾਂਦਰ ਖ਼ਰੀਦਿਆ ਜਿਸ ਨੂੰ ਉਹ ਜਰਮਨੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ।

ਹਾਲਾਂਕਿ ਉਸ ਬਾਂਦਰ ਦੇ ਉਨ੍ਹਾਂ ਕੋਲ ਢੁਕਵੇਂ ਕਾਗਜ਼ਾਤ ਨਹੀਂ ਸਨ। ਕਸਟਮ ਨੇ ਉਸ ਨੂੰ ਜ਼ਬਤ ਕਰ ਲਿਆ।

ਬਾਅਦ ਵਿੱਚ ਜਸਟਿਨ ਨੇ ਉਹ ਬਾਂਦਰ ਕਸਟਮ ਤੋਂ ਛੁਡਵਾਇਆ ਨਹੀਂ। ਆਖਰ ਉਹ ਬਾਂਦਰ ਕਸਟਮ ਨੇ ਇੱਕ ਚਿੜੀਆ ਘਰ ਦੇ ਹਵਾਲੇ ਕਰ ਦਿੱਤਾ।

ਜਦੋਂ ਆਪਣੀ ਨਸ਼ੇ ਦੀ ਲਤ ਬਾਰੇ ਬੋਲੇ

ਸਾਲ 2020 ਵਿਚ ਜਸਟਿਨ ਬੀਬਰ ਨੇ ਦੱਸਿਆ ਨੂੰ ਅਲ੍ਹੱੜਪੁਣੇ ਵਿੱਚ ਉਨ੍ਹਾਂ ਦੀ ਨਸ਼ੇ ਦੀ ਲਤ ਪਾਗਲਪਨ ਦੀ ਹੱਦ ਤੱਕ ਵਧ ਗਈ ਸੀ।

ਯੂਟਿਊਬ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ 13 ਸਾਲ ਦੇ ਸਨ ਤਾਂ ਉਹ ਗੋਲੀਆਂ ਖਾਣ ਅਤੇ ਭੰਗ ਫੂਕਣ ਦੇ ਆਦੀ ਹੋ ਗਏ ਸਨ।

ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਨਹੀਂ ਪਤਾ ਕਿ ਇਹ ਕਿੰਨਾ ਗੰਭੀਰ ਹੋ ਗਿਆ ਸੀ।

ਮੈਂ ਸਵੇਰੇ ਉੱਠਦਾ ਸੀ ਅਤੇ ਪਹਿਲਾ ਕੰਮ ਜੋ ਮੈਂ ਕਰਦਾ ਸੀ ਉਹ ਸੀ ਗੋਲੀਆਂ ਖਾਣੀਆਂ ਅਤੇ ਇੱਕ ਸਿਗਾਰ ਪੀਕੇ ਆਪਣੇ ਦਿਨ ਦੀ ਸ਼ੁਰੂਆਤ ਕਰਦਾ।

ਆਪਣੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੂੰ ਡਰ ਪੈ ਗਿਆ ਸੀ ਕਿ ਉਨ੍ਹਾਂ ਦੀ ਨਸ਼ੇ ਦੀ ਲਤ ਉਨ੍ਹਾਂ ਨੂੰ ਮਾਰ ਦੇਵੇਗੀ। ਕਈ ਕਿਸਮ ਦੇ ਰਸਾਇਣਕ ਨਸ਼ੇ ਲਗਾਤਾਰ ਲੈਂਦੇ ਰਹਿੰਦੇ ਸਨ।

ਬੀਬਰ ਨੇ ਦੱਸਿਆ ਕਿ ਉਨ੍ਹਾਂ ਦੇ ਸੁਰੱਖਿਆ ਸਟਾਫ਼ ਦਾ ਕੋਈ ਮੈਂਬਰ ਸਾਰੀ ਰਾਤ ਉਨ੍ਹਾਂ ਦੀ ਨਬਜ਼ ਸਿਰਫ਼ ਇਹ ਦੇਖਣ ਲਈ ਦੇਖਦਾ ਸੀ ਕਿ ਮੈਂ ਸਾਹ ਲੈ ਰਿਹਾ ਹਾਂ।

ਬੀਬਰ ਦਾ ਸ਼ੌਹਰਤ ਨਾਲ ਸੰਘਰਸ਼ ਉਨ੍ਹਾਂ ਨੂੰ ਹੋਰ ਤਕੜੇ ਨਸ਼ਿਆਂ ਵੱਲ ਧੱਕ ਰਿਹਾ ਸੀ।

ਬੀਬਰ ਨੇ ਦੱਸਿਆ ਕਿ ਮੈਂ ਜਵਾਨ ਸੀ, ਅਤੇ ਇੰਡਸਟਰੀ ਵਿੱਚ ਉਨ੍ਹਾਂ ਲੋਕਾਂ ਵਰਗਾ ਹੀ ਸੀ ਜੋ ਤਜ਼ਰਬੇ ਕਰਦੇ ਹਨ ਸਧਾਰਨ ਚੀਜ਼ਾਂ ਕਰਦੇ ਹਨ।

ਜਦਕਿ ਮੇਰੇ ਅਨੁਭਵ ਕੈਮਰਿਆਂ ਦੇ ਸਾਹਮਣੇ ਦਾ ਸੀ ਅਤੇ ਮੇਰੇ ਕੋਲ ਇੱਕ ਵੱਖਰੇ ਪੱਧਰ ਦਾ ਐਕਸਪੋਜ਼ਰ ਸੀ। ਮੇਰੇ ਕੋਲ ਬਹੁਤ ਸਾਰਾ ਪੈਸਾ ਸੀ ਅਤੇ ਬਹੁਤ ਕੁਝ ਸੀ।

ਸਾਲ 2018 ਵਿੱਚ ਬੀਬਰ ਨੇ ਮੌਡਲ ਹੈਲੀ ਨਾਲ ਵਿਆਹ ਕਰਵਾ ਲਿਆ। ਹੈਲੀ ਨੇ ਦਸਤਾਵੇਜ਼ੀ ਫ਼ਿਲਮ ਵਿੱਚ ਦੱਸਿਆ ਕਿ ਉਹ ਜਸਟਿਨ ਦੀ ਜ਼ਿੰਦਗੀ ਵਿੱਚ ਉਦੋਂ ਤੱਕ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਸੀ ਜਦੋਂ ਤੱਕ ਕਿ ਉਹ ਨਸ਼ਾ ਛੱਡਣ ਦਾ ਫ਼ੈਸਲਾ ਨਹੀਂ ਲੈਂਦੇ।

ਯੂਟਿਊਬ ਦੀ ਦਸਤਾਵੇਜ਼ੀ ਵਿੱਚ ਇਹ ਵੀ ਦਿਖਾਇਆ ਗਿਆ ਕਿ ਕਿਵੇਂ ਬੀਬਰ ਤਣਾਅ ਅਤੇ ਨਸ਼ੇ ਤੋਂ ਰਾਹਤ ਪਾਉਣ ਲਈ ਅਤੇ ਆਕਸੀਜਨ ਚੈਂਬਰ ਦੀ ਵਰਤੋਂ ਕਰਦੇ ਸਨ ਅਤੇ ਕਿਵੇਂ ਉਹ ਇੱਕ ਮਾਹਰ ਨਾਲ ਮਿਲ ਕੇ ਆਪਣੀ ਇੱਕ ਦਿਮਾਗੀ ਬੀਮਾਰੀ ਉੱਪਰ ਕੰਮ ਕਰਦੇ ਸਨ।

ਫੈਨਜ਼ ਲਈ ਖੁਲ੍ਹ ਦਿਲੀ

ਜਸਟਿਨ ਬੀਬਰ ਹਾਲਾਂਕਿ ਕਈ ਵਾਰ ਵਿਵਾਦਾਂ ਵਿੱਚ ਘਿਰ ਜਾਂਦੇ ਹਨ ਪਰ ਉਹ ਆਪਣੇ ਪ੍ਰਸ਼ੰਸਕਾਂ ਲਈ ਕਈ ਵਾਰ ਅਜਿਹਾ ਕੁਝ ਕਰਦੇ ਹਨ।

ਜਿਸ ਦੀ ਉਨ੍ਹਾਂ ਦੇ ਪੱਧਰ ਦੇ ਕਲਾਕਾਰ ਜਾਂ ਸੈਲੀਬ੍ਰਿਟੀ ਤੋਂ ਉਮੀਦ ਨਹੀਂ ਕੀਤੀ ਜਾਂਦੀ।

ਲੰਡਨ ਵਿੱਚ ਆਪਣੇ ਇੱਕ ਆਲ-ਸੋਲਡ-ਆਊਟ ਸ਼ੋਅ ਤੋਂ ਬਾਅਦ ਉਨ੍ਹਾਂ ਜਿਸ ਬਾਰ ਵਿੱਚ ਉਹ ਪਾਰਟੀ ਕਰ ਰਹੇ ਸਨ। ਉਸ ਦੇ ਬਾਹਰ ਖੜ੍ਹੇ ਇੱਕ ਫੁੱਲ ਵੇਚਣ ਵਾਲੇ ਤੋਂ ਆਪਣੇ ਪ੍ਰਸ਼ੰਸਕਾਂ ਲਈ ਲਾਲ, ਚਿੱਟੇ ਅਤੇ ਗੁਲਾਬੀ ਫੁੱਲ ਖ਼ਰੀਦ ਕੇ ਵੰਡੇ ਸਨ।

ਉਹ ਇੱਕ ਮੇਕ ਵਿਸ਼ ਫਾਊਂਡੇਸ਼ਨ ਨਾਲ ਵੀ ਜੁੜੇ ਹੋਏ ਸਨ। ਇਸ ਫਾਊਂਡੇਸ਼ਨ ਦੇ ਤਹਿਤ ਉਨ੍ਹਾਂ ਨੇ 250 ਅਜਿਹੇ ਪ੍ਰਸ਼ੰਸਕਾਂ ਦੀ ਮਿਲਣ ਦੀ ਮੁਰਾਦ ਪੂਰੀ ਕੀਤੀ, ਜੋ ਕਿਸੇ-ਨਾ-ਕਿਸੇ ਲਾ ਇਲਾਜ ਬੀਮਾਰੀ ਨਾਲ ਜੂਝ ਰਹੇ ਸਨ।

ਇਹ ਫੈਨਜ਼ ਵਿੱਚ ਬੱਚੇ ਵੀ ਸਨ ਜੋ ਆਪਣੇ ਚਹੇਤੇ ਕਲਾਕਾਰ ਨੂੰ ਮਿਲ ਕੇ ਅੱਥਰੂਆਂ ਦੇ ਵਹਿਣ ਵਿੱਚ ਵਹਿ ਜਾਂਦੇ ਸਨ।

ਸਾਲ 2014 ਕਾਨਜ਼ ਵਿਚ ਹੋਏ ਇੱਕ ਚੈਰਿਟੀ ਉਨ੍ਹਾਂ ਨੇ ਇੱਕ ਈਵੈਂਟ ਦੌਰਾਨ 545,000 ਡਾਲਰ ਏਡਜ਼ ਦੀ ਖੋਜ ਵਿੱਚ ਜੁਟੀ ਇੱਕ ਸੰਸਥਾ ਨੂੰ ਦਾਨ ਕੀਤੇ।

ਬੀਬਰ ਨੇ ਬਾਅਦ ਵਿੱਚ ਦੱਸਿਆ ਕਿ ਉਹ ਕੁਝ ਚੰਗਾ ਕਰਨਾ ਚਾਹੁੰਦੇ ਸਨ।

ਇਸੇ ਤਰ੍ਹਾਂ ਸਾਲ 2014 ਵਿੱਚ ਹੀ ਨਿਊ ਯਾਰਕ ਵਿੱਚ ਬੀਬਰ ਨੇ ਆਪਣੇ ਦੋ ਫੈਨਜ਼ ਨੂੰ ਐਪਲ ਦੇ ਆਈਫ਼ੋਨ ਖ਼ਰੀਦ ਕੇ ਦਿੱਤੇ।

ਹੋਇਆ ਇਹ ਕਿ ਦੋਵੇਂ ਜਣੇ ਇੱਕ ਐਪਲ ਸਟੋਰ ਵਿੱਚ ਡਿਸਪਲੇ ਉੱਪਰ ਰੱਖੇ ਫ਼ੋਨਾਂ ਉੱਪਰ ਜਸਟਿਨ ਦਾ ਗੀਤ ਦੇਖ/ਸੁਣ ਰਹੇ ਸਨ।

ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਸਟਿਨ ਵੀ ਉਥੇ ਮੌਜੂਦੀ ਹਨ ਅਤੇ ਦੇਖ ਚੁੱਕੇ ਸਨ ਕਿ ਉਹ ਕੀ ਕਰ ਰਹੇ ਸਨ। ਜਸਟਿਨ ਨੇ ਨਾ ਸਿਰਫ਼ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਸਗੋਂ ਉਨ੍ਹਾਂ ਨੂੰ ਦੋ ਆਈਫ਼ੋਨ ਵੀ ਖ਼ਰੀਦ ਕੇ ਦਿੱਤੇ।

ਜਸਟਿਨ ਬੀਬਰ ਦੀ ਕਾਰ ਦਾ ਇੱਕ ਫ਼ੋਟੋਗ੍ਰਾਫ਼ਰ ਨਾਲ ਐਕਸੀਡੈਂਟ ਹੋਇਆ। ਹਾਲਾਂਕਿ ਹਾਦਸੇ ਤੋਂ ਬਾਅਦ ਉਹ ਮੌਕੇ ਅਤੇ ਬਣੇ ਰਹੇ ਪੀੜਤ ਵਿਅਕਤੀ ਦੀ ਕਾਰ ਵਿੱਚੋਂ ਨਿਕਲ ਕੇ ਮਦਦ ਕੀਤੀ ਅਤੇ ਅਧਿਕਾਰੀਆਂ ਨਾਲ ਸਹਿਯੋਗ ਵੀ ਕੀਤਾ

। ਬੀਬਰ ਗੋਡਿਆਂ ਭਾਰ ਬੈਠ ਕੇ ਉਸ ਵਿਅਕਤੀ ਨੂੰ ਪੁੱਛ ਰਹੇ ਸਨ ਕਿ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ।

ਹਾਲਾਂਕ ਇੱਕ ਵੱਖਰੇ ਮੌੰਕੇ 'ਤੇ ਆਪਣੇ ਬੁਰੇ ਵਿਹਾਰ ਕਾਰਨ ਉਨ੍ਹਾਂ ਦੇ ਚੀਨ ਜਾਣ ਉੱਪਰ ਪਾਬੰਦੀ ਝੱਲਣੀ ਪਈ।

ਚੀਨ ਦੀ ਸੱਭਿਆਚਾਰਕ ਮੰਤਰਾਲੇ ਦਾ ਤਰਕ ਸੀ ਕਿ ਭਾਵੇਂ ''ਬੀਬਰ ਇੱਕ ਪ੍ਰਤਿਭਾਸ਼ਾਲੀ ਗਾਇਕ ਹਨ ਪਰ ਉਹ ਇੱਕ ਵਿਵਾਦਤ ਵਿਦੇਸ਼ੀ ਗਾਇਕ ਵੀ ਹਨ''।

ਮਤਰਾਲੇ ਨੇ ਉਮੀਦ ਜਤਾਈ ਕਿ ਬੀਬਰ ਆਪਣੇ ਭਾਸ਼ਾ ਅਤੇ ਕਾਰਜ ਸੁਧਾਰਨ ਲਈ ਕੰਮ ਕਰਨਗੇ।

ਵੀਡੀਓ ਯੂਟਿਊਬ ਦੀ ਸਭ ਤੋਂ ਵੱਧ ਨਾਪੰਸਦ ਵੀਡੀਓ

ਸਾਲ 2010 ਵਿੱਚ ਜਸਟਿਨ ਬੀਬਰ ਵੱਲੋਂ ਜਾਰੀ ਕੀਤਾ ਗਿਆ ਗੀਤ ਬੇਬੀ ਯੂਟਿਊਬ ਉੱਪਰ ਸਾਲ 2018 ਤੱਕ ਸਭ ਤੋਂ ਜ਼ਿਆਦਾ ਨਾਪਸੰਦ ਕੀਤਾ ਗਿਆ ਵੀਡੀਓ ਰਿਹਾ।

ਇਸ ਵੀਡੀਓ ਨੂੰ ਦੇਖਣ ਵਾਲਿਆਂ ਵਿੱਚੋਂ ਲਗਭਗ 99 ਲੱਖ ਲੋਕਾਂ ਨੇ ਨਾਪਸੰਦ ਕੀਤਾ ਸੀ।

ਜਸਟਿਨ ਬੀਬਰ ਦੀ ਸੱਤਵੀਂ ਐਲਬਮ ਚੇਂਜਸ ਜਦੋਂ ਯੂਐਸ ਬਿਲਬੋਰਡ ਚਾਰਟ ਵਿੱਚ ਪਹੁੰਚੀ ਤਾਂ ਇਸ ਨੇ 59 ਸਾਲ ਪਹਿਲਾਂ ਐਲਵਿਸ ਪ੍ਰਿਜ਼ਲੀ ਦੇ ਗਾਣੇ ਵੱਲੋਂ ਬਣਾਏ ਰਿਕਾਰਡ ਤੋੜ ਦਿੱਤੇ।

25 ਸਾਲ ਦੀ ਉਮਰ ਵਿੱਚ ਉਸ ਮੁਕਾਮ ਤੱਕ ਪਹੁੰਚਣ ਵਾਲੇ ਬੀਬਰ ਸਭ ਤੋਂ ਛੋਟੀ ਉਮਰ ਦੇ ਏਕਲ ਗਾਇਕ ਸਨ।

ਜਦੋਂ ਐਲਿਵਿਸ ਨੇ ਇਹ ਰਿਕਾਰਡ ਬਣਾਇਆ ਸੀ ਤਾਂ ਉਹ 26 ਸਾਲਾਂ ਦੇ ਸਨ।

ਬਿਲਬੋਰਡ ਚਾਰਡ ਅਮਰੀਕਾ ਅਤੇ ਪੂਰੀ ਦੁਨੀਆਂ ਵਿੱਚ ਕਿਸੇ ਹਫ਼ਤੇ ਦੌਰਾਨ ਸਭ ਤੋਂ ਮਸ਼ਹੂਰ ਗਾਣਿਆਂ ਅਤੇ ਐਲਬਮਾਂ ਦੀ ਹਰਮਨਪਿਆਰਤਾ ਮੁਤਾਬਕ ਸੂਚੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)