ਕਿਸਾਨ ਅੰਦੋਲਨ: ਰੀਆਨਾ, ਮੀਆ ਖ਼ਲੀਫਾ ਸਣੇ ਉਹ 5 ਕੌਮਾਂਤਰੀ ਹਸਤੀਆਂ, ਜਿਨ੍ਹਾਂ ਨੇ ਕਿਸਾਨਾਂ ਬਾਰੇ ਗੱਲ ਕੀਤੀ

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਹੈ।

ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਲਈ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਸੀ। ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਬਿੱਲ 'ਤੇ ਚਰਚਾ ਦੀ ਮੰਗ ਕੀਤੀ ਗਈ।

ਪਰ ਬਿੱਲ ਬਿਨਾਂ ਚਰਚਾ ਦੇ ਹੀ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਤੇ ਕੁਝ ਦੇਰ ਬਾਅਦ ਰਾਜ ਸਭਾ ਵਿੱਚ ਵੀ ਇਸ 'ਤੇ ਮੁਹਰ ਲਾ ਦਿੱਤੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ

ਹਾਲਾਂਕਿ, ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲਾ ਸੰਯੁਕਤ ਕਿਸਾਨ ਮੋਰਚਾ ਐੱਮਐੱਸਪੀ ਉੱਤੇ ਕਾਨੂੰਨੀ ਗਾਰੰਟੀ ਦੀ ਮੰਗ 'ਤੇ ਅੜ੍ਹਿਆ ਹੋਇਆ ਹੈ।

ਪਿਛਲੇ ਸਾਲ ਸ਼ੁਰੂ ਹੋਇਆ ਕਿਸਾਨ ਅੰਦੋਲਨ ਨਾ ਸਿਰਫ਼ ਦੇਸ਼ 'ਚ ਬਲਕਿ ਵਿਦੇਸ਼ਾਂ 'ਚ ਵੀ ਚਰਚਾ ਦਾ ਵਿਸ਼ਾ ਰਿਹਾ ਹੈ।

ਕਿਸਾਨਾਂ ਦੇ ਹੱਕ ਵਿੱਚ ਕਈ ਕੌਮਾਂਤਰੀ ਸ਼ਖ਼ਸੀਅਤਾਂ ਨੇ ਆਵਾਜ਼ ਬੁਲੰਦ ਕੀਤੀ ਅਤੇ ਵਿਦੇਸ਼ਾਂ ਤੋਂ ਵੱਡਾ ਹੁੰਗਾਰਾਂ ਇਸ ਅੰਦੋਲਨ ਨੂੰ ਮਿਲਿਆ।

ਅੱਜ ਗੱਲ ਕਰਾਂਗੇ ਉਨ੍ਹਾਂ ਪੰਜ ਵੱਡੀਆਂ ਸ਼ਖ਼ਸੀਅਤਾਂ ਦੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦਾ ਪੱਖ ਭੂਰਿਆ।

ਰੀਆਨਾ

ਇੰਟਰਨੈਸ਼ਨਲ ਪੌਪ ਸਟਾਰ ਅਤੇ ਅਦਾਕਾਰਾ ਰੀਆਨਾ ਵੱਲੋਂ ਕਿਸਾਨਾਂ ਦੇ ਹੱਕ 'ਚ ਕੀਤੇ ਗਏ ਟਵੀਟ ਨੇ ਵਿਦੇਸ਼ੀ ਮੀਡੀਆ ਦਾ ਧਿਆਨ ਵੀ ਵੱਡੇ ਪੱਧਰ 'ਤੇ ਭਾਰਤ 'ਚ ਮੋਦੀ ਸਰਕਾਰ ਖਿਲਾਫ਼ ਹੋ ਰਹੇ ਇਸ ਅੰਦੋਲਨ ਵੱਲ ਖਿੱਚਿਆ।

ਇਹ ਟਵੀਟ ਰੀਆਨਾ ਵੱਲੋਂ 2 ਫਰਵਰੀ 2021 ਨੂੰ ਕੀਤਾ ਗਿਆ ਸੀ।

ਰੀਆਨਾ ਨੇ ਕਿਸਾਨ ਅੰਦੋਲਨ 'ਤੇ ਛਪੀ ਇੱਕ ਰਿਪੋਰਟ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?"

ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਵੀ ਲਿਖਿਆ।

ਇਹ ਟਵੀਟ ਹੁਣ ਤੱਕ 3 ਲੱਖ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ ਅਤੇ ਇੱਕ ਮਿਲੀਅਨ (10 ਲੱਖ) ਦੇ ਕਰੀਬ ਇਸ ਨੂੰ ਲਾਈਕ ਮਿਲੇ ਹਨ।

ਗ੍ਰੇਟਾ ਥਨਬਰਗ

ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਭਾਵੇਂ ਉਮਰ 'ਚ ਕਾਫੀ ਛੋਟੀ ਹੈ ਪਰ ਉਸ ਦਾ ਕਿਹਾ ਵਿਸ਼ਵ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਦਾ ਹੈ।

3 ਫਰਵਰੀ 2021 ਨੂੰ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ 'ਤੇ ਛਪੀ ਇੱਕ ਖ਼ਬਰ ਟਵੀਟ ਕਰਦਿਆਂ ਲਿਖਿਆ ਸੀ, "ਅਸੀਂ ਭਾਰਤ 'ਚ ਹੋ ਰਹੇ ਕਿਸਾਨ ਅੰਦੋਲਨ ਦੀ ਹਮਾਇਤ 'ਚ ਖੜ੍ਹੇ ਹਾਂ।''

ਗ੍ਰੇਟਾ ਵੱਲੋਂ ਵੀ ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਦੀ ਵਰਤੋਂ ਕੀਤੀ ਗਈ ਸੀ।

ਮੀਆ ਖ਼ਲੀਫ਼ਾ

ਲੈਬਨੀਜ਼ ਮਾਡਲ ਅਤੇ ਸਾਬਕਾ ਪੋਰਨ ਸਟਾਰ ਮੀਆ ਖਲੀਫ਼ਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਸੀ।

ਜਦੋਂ ਇਹ ਚਰਚਾ ਛਿੜੀ ਸੀ ਕਿ ਕਿਸਾਨ ਅੰਦੋਲਨ 'ਚ ਬੈਠੇ ਕਿਸਾਨ ਵਿਕੇ ਹੋਏ ਹਨ ਤਾਂ ਉਨ੍ਹਾਂ ਨੇ 3 ਫਰਵਰੀ 2021 ਨੂੰ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ ਸੀ, "ਵਿਕੇ ਹੋਏ ਅਦਾਕਾਰ? ਮੈਂ ਉਮੀਦ ਕਰਦੀ ਹਾਂ ਕਿ ਇਨ੍ਹਾਂ ਨੂੰ ਕਾਸਟ ਕਰਨ ਵਾਲੇ ਡਾਇਰੈਕਟਰਾਂ ਨੂੰ ਐਵਾਰਡ ਸੀਜ਼ਨ ਦੌਰਾਨ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।"

ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਕਿਸਾਨਾਂ ਨਾਲ ਖੜ੍ਹੀ ਹਾਂ।"

ਮੀਆ ਨੇ ਵੀ ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਦੀ ਵਰਤੋਂ ਕੀਤੀ ਸੀ।

ਲਿਲੀ ਸਿੰਘ

ਯੂ-ਟਿਊਬਰ ਲਿਲੀ ਸਿੰਘ ਸੋਸ਼ਲ ਮੀਡੀਆ ਦੀ ਦੁਨੀਆਂ ਦਾ ਇੱਕ ਵੱਡਾ ਨਾਮ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਕਰੀਬ 11 ਮਿਲੀਅਨ (1 ਕਰੋੜ ਤੋਂ ਵੀ ਵੱਧ) ਫਾਲੋਅਰਜ਼ ਹਨ।

ਮਾਰਚ, 2021 'ਚ ਹੋਏ ਗ੍ਰੈਮੀ ਐਵਾਰਡਜ਼ 'ਚ ਰੈੱਡ ਕਾਰਪੇਟ 'ਤੇ ਉਹ 'ਆਈ ਸਟੈਂਡ ਵਿਦ ਫਾਰਮਰਜ਼' ਲਿਖਿਆ ਮਾਸਕ ਪਹਿਨ ਕੇ ਗਈ ਸੀ।

ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ 'ਆਈ ਸਟੈਂਡ ਵਿਦ ਫਾਰਮਰਜ਼' ਹੈਸ਼ਟੈਗ ਦੀ ਵਰਤੋਂ ਵੀ ਕੀਤੀ ਸੀ।

ਹਸਨ ਮਿਨਹਾਜ

ਕਾਮੇਡੀਅਨ ਹਸਨ ਮਿਨਹਾਜ ਨੇ ਵੀ ਰਿਹਾਨਾ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲੋਕਾਂ ਨੂੰ ਇਸ ਅੰਦੋਲਨ ਬਾਰੇ ਸਮਝਣ ਦੀ ਨਸੀਹਤ ਦਿੱਤੀ ਸੀ।

ਉਨ੍ਹਾਂ ਨੇ ਇੱਕ ਖ਼ਬਰ ਦਾ ਲਿੰਕ ਸ਼ੇਅਰ ਕਰਦਿਆਂ ਕਿਹਾ ਸੀ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਸਮਝਣਾ ਜ਼ਰੂਰੀ ਹੈ ਜੋ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਣਗੇ।

ਹਸਨ ਮਿਨਹਾਜ ਦੇ ਟਵਿਟਰ 'ਤੇ 8 ਲੱਖ ਤੋਂ ਵੱਧ ਫਾਲੋਅਰਜ਼ ਹਨ।

ਭਾਰਤੀ ਸੈਲੀਬ੍ਰਿਟੀ

ਭਾਰਤ ਵਿੱਚ ਜ਼ਿਆਦਾਤਰ ਸੈਲੀਬ੍ਰਿਟੀ ਕਿਸਾਨ ਅੰਦੋਲਨ ਬਾਰੇ ਬੋਲਣੋ ਬੱਚਦੇ ਨਜ਼ਰ ਆਏ ਸਨ ਜਿਸ ਕਰਕੇ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਹਾਲਾਂਕਿ, ਇਸ ਉੱਤੇ ਕੁਝ ਸ਼ਖ਼ਸੀਅਤਾਂ ਵੱਲੋਂ ਚਰਚਾ ਛੇੜੀ ਵੀ ਗਈ।

ਪਰ ਪੰਜਾਬ ਦੇ ਕਲਾਕਾਰਾਂ ਵੱਲੋਂ ਚੰਗਾ ਹੁੰਗਾਰਾ ਇਸ ਅੰਦੋਲਨ ਨੂੰ ਮਿਲਿਆ ਸੀ। ਜ਼ਿਆਦਾਤਰ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਇਸ ਅੰਦੋਲਨ ਵਿੱਚ ਹਾਜ਼ਰੀ ਭਰੀ ਗਈ ਸੀ।

ਇਨ੍ਹਾਂ ਵਿੱਚ ਦਿਲਜੀਤ ਦੋਸਾਂਝ, ਰਣਜੀਤ ਬਾਵਾ, ਗੁਰਦਾਸ ਮਾਨ, ਹਰਭਜਨ ਮਾਨ, ਨਿਮਰਤ ਖਹਿਰਾ, ਸੁਨੰਦਾ ਸ਼ਰਮਾ, ਰੁਪਿੰਦਰ ਹਾਂਡਾ, ਗੁਲ ਪਨਾਗ, ਹਿਮਾਂਸ਼ੀ ਖੁਰਾਣਾ, ਸਤਿੰਦਰ ਸੱਤੀ ਸਣੇ ਹੋਰ ਵੀ ਕਈ ਨਾਮੀ ਹਸਤੀਆਂ ਸ਼ਾਮਲ ਹਨ।

ਕਿਸਾਨ ਅੰਦੋਲਨ ਤੇ ਕੰਗਨਾ ਰਨੌਤ

ਬੌਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਲਗਤਾਰ ਕਿਸਾਨੀ ਅੰਦੋਲਨ ਬਾਰੇ ਬੋਲਦੇ ਰਹੇ ਹਨ।

ਕੰਗਨਾ ਕਈ ਕੌਮੀ ਤੇ ਕੌਮਾਂਤਰੀ ਹਸਤੀਆਂ ਨੂੰ ਕਿਸਾਨ ਅੰਦੋਲਨ ਦੇ ਹੱਕ ਬੋਲਣ 'ਤੇ ਵੀ ਉਨ੍ਹਾਂ ਨੂੰ ਜਵਾਬ ਦਿੰਦੇ ਵੀ ਨਜ਼ਰ ਆਏ।

ਦਸੰਬਰ 2020 ਵਿੱਚ ਕੰਗਨਾ ਦੀ ਉਸ ਵੇਲੇ ਕਾਫੀ ਆਲੋਚਨਾ ਵੀ ਹੋਈ ਸੀ ਜਦੋਂ ਉਨ੍ਹਾਂ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਬਾਅਦ ਡਿਲੀਟ ਵੀ ਕਰ ਦਿੱਤਾ ਸੀ

ਇਸ ਟਵੀਟ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦਿਆਂ ਦੀ ਮਹਿੰਦਰ ਕੌਰ ਦੀ ਤਸਵੀਰ 'ਤੇ ਲਿਖਿਆ ਸੀ ਕਿ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਦਾਦੀ 100 ਰੁਪਏ ਦਿਹਾੜੀ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ।

ਇਸ ਵਿਵਾਦ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਟਵਿੱਟਰ ਉੱਪਰ ਲੰਬਾ ਸਮਾਂ ਖਹਿਬਾਜ਼ੀ ਚੱਲਦੀ ਰਹੀ ਅਤੇ ਦੋਵਾਂ ਨੇ ਖੂਬ ਸੁਰਖੀਆਂ ਬਟੋਰੀਆਂ

ਕੌਮਾਂਤਰੀ ਪੋਪ ਸਟਾਰ ਰਿਹਾਨਾ ਨੇ ਫ਼ਰਵਰੀ 2021 ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਉਨ੍ਹਾਂ ਨੇ ਦਿੱਲੀ ਬਾਰਡਰਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਇੱਕ ਖ਼ਬਰ ਨੂੰ ਟਵੀਟ ਕਰਦਿਆਂ ਲਿਖਿਆ ਸੀ, "ਅਸੀਂ ਕਿਉਂ ਇਸ ਬਾਰੇ ਗੱਲ ਨਹੀਂ ਕਰ ਰਹੇ ਹਾਂ।"

ਰੇਹਾਨਾ ਨੂੰ ਚੁੱਪ ਰਹਿਣ ਲਈ ਕਿਹਾ

ਕੰਗਨਾ ਰਨੌਤ ਰੇਹਾਨੀ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਸੀ, ''ਕੋਈ ਇਸ ਬਾਰੇ ਇਸ ਲਈ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਕਿਸਾਨ ਨਹੀਂ ਹਨ, ਉਹ ਅੱਤਵਾਦੀ ਹਨ ਜੋ ਭਾਰਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਤਾਂ ਜੋ ਚੀਨ ਇੱਕ ਟੁੱਟੇ ਹੋਏ ਦੇਸ਼ ਦਾ ਲਾਹਾ ਚੁੱਕ ਕੇ ਇਸ ਨੂੰ ਅਮਰੀਕਾ ਵਾਂਗ ਆਪਣੀ ਬਸਤੀ ਬਣਾ ਸਕੇ।"

ਉਨ੍ਹਾਂ ਨੇ ਨੂੰ ਲਿਖਿਆ ਸੀ, ''ਅਸੀਂ ਤੁਹਾਡੇ ਵਾਂਗ ਆਪਣਾ ਦੇਸ਼ ਨਹੀਂ ਵੇਚ ਰਹੇ ਹਾਂ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)