ਨਸਲਕੁਸ਼ੀ ਸ਼ਬਦ ਦਾ ਇਸਤੇਮਾਲ ਸਭ ਤੋਂ ਪਹਿਲਾਂ ਕਦੋਂ ਕੀਤਾ ਗਿਆ ਤੇ ਇਸ ਦਾ ਇਤਿਹਾਸ ਕੀ ਹੈ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੀਆਂ ਫੌਜਾਂ ਉਪਰ ਦੂਜੀ ਵਿਸ਼ਵ ਜੰਗ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਭਿਆਨਕ ਅਪਰਾਧ ਕਰਨ ਦਾ ਇਲਜ਼ਾਮ ਲਗਾਇਆ ਹੈ।

ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਵੱਲੋਂ ਯੂਕਰੇਨ ਵਿੱਚ ਕੀਤੇ ਜਾ ਰਹੇ ਕਥਿਤ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਪਰ ਰੂਸ ਨੇ ਜ਼ੇਲੇਂਸਕੀ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ।

ਹਾਲਾਂਕਿ, ਯੂਕਰੇਨ ਦੇ ਬੂਚਾ ਸ਼ਹਿਰ ਦੀਆਂ ਗਲੀਆਂ ਵਿੱਚੋਂ ਮਿਲੀਆਂ ਸੈਕੜੇ ਲਾਸ਼ਾਂ ਦੀ ਆਲਮੀ ਪੱਧਰ ਉਪਰ ਨਿੰਦਾ ਵੀ ਕੀਤਾ ਜਾ ਰਹੀ ਹੈ।

ਅਸੀਂ ਨਸਲਕੁਸ਼ੀ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਾਂ?

ਨਸਲਕੁਸ਼ੀ ਮਨੁੱਖਤਾ ਖ਼ਿਲਾਫ਼ ਸਭ ਤੋਂ ਗੰਭੀਰ ਅਪਰਾਧ ਸਮਝਿਆ ਜਾਂਦਾ ਹੈ। ਨਸਲਕੁਸ਼ੀ ਇੱਕ ਖ਼ਾਸ ਸਮੂਹ ਦੇ ਲੋਕਾਂ ਦੀ ਵੱਡੀ ਗਿਣਤੀ ਦਾ ਕਤਲੇਆਮ ਹੁੰਦਾ ਹੈ ਜਿਸ ਤਰ੍ਹਾਂ 1940 ਵਿੱਚ ਨਾਜ਼ੀਆਂ ਵੱਲੋਂ ਯਹੂਦੀਆਂ ਨੂੰ ਮਿਟਾਇਆ ਗਿਆ ਸੀ।

ਪਰ ਇਸ ਇਤਿਹਾਸਕ ਉਦਾਹਰਨ ਤੋਂ ਇਲਾਵਾਂ ਕਾਨੂੰਨੀ ਧਾਰਨਾਵਾਂ ਵੀ ਇੱਕ ਵੱਡੀ ਅੜਚਨ ਹਨ ਕਿ ਨਸਲਕੁਸ਼ੀ ਕਿਵੇਂ ਨਿਰਧਾਰਿਤ ਹੁੰਦੀ ਹੈ ਅਤੇ ਇਹ ਧਾਰਨਾ ਕਿੱਥੇ ਲਾਗੂ ਹੁੰਦੀ ਹੈ?

ਇਹ ਵੀ ਪੜ੍ਹੋ-

ਨਸਲਕੁਸ਼ੀ ਦੀ ਪਰਿਭਾਸ਼ਾ ਅਤੇ ਬਹਿਸ

ਨਸਲਕੁਸ਼ੀ ਟਰਮ 1943 ਵਿੱਚ ਯਹੂਦੀ-ਪੋਲੈਂਡੀ ਵਕੀਲ ਰਾਫ਼ੇਲ ਲੈਮਕਿਨ ਨੇ ਵਰਤੀ ਸੀ।

ਲੈਮਕਿਨ ਨੇ ਯੂਨਾਨੀ ਸ਼ਬਦ ''ਯੈਨੋਜ'' (ਨਸਲ ਜਾਂ ਕਬੀਲਾ) ਅਤੇ ਲਾਤੀਨੀ ਸ਼ਬਦ ''ਸਾਈਡ'' (ਮਾਰਨਾ) ਨੂੰ ਜੋੜਿਆ ਸੀ।

ਲੈਮਕਿਨ ਨੇ ਕਤਲੇਆਮ ਵਿੱਚ ਆਪਣਾ ਪਰਿਵਾਰ ਗਵਾਉਣ ਤੋਂ ਬਾਅਦ ਨਸਲਕੁਸ਼ੀ ਨੂੰ ਕੌਮਾਂਤਰੀ ਅਪਰਾਧ ਕਾਨੂੰਨ ਹੇਠ ਲਿਆਉਣ ਲਈ ਮੁਹਿੰਮ ਚਲਾਈ ਸੀ।

ਉਨ੍ਹਾਂ ਦੀ ਯਤਨਾਂ ਤੋਂ ਬਾਅਦ ਯੁਨਾਇਟਡ ਨੇਸ਼ਨ ਨੇ ਆਪਣੀ 1948 ਦੇ ਸੰਮੇਲਨ ਵਿੱਚ ਨਸਲਕੁਸ਼ੀ ਸ਼ਬਦ ਨੂੰ ਮਾਨਤਾ ਦਿੱਤੀ ਜੋ 1951 ਵਿੱਚ ਲਾਗੂ ਹੋਇਆ।

ਇਸ ਕਨਵੈਨਸ਼ਨ ਦੇ ਆਰਟੀਕਲ-2 ਵਿੱਚ ਨਸਲਕੁਸ਼ੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ ਕਿ "ਕਿਸੇ ਵੀ ਕੌਮੀ, ਨਸਲੀ ਜਾਂ ਧਾਰਮਿਕ ਗਰੁੱਪ ਨੂੰ ਸਮੁੱਚੇ ਰੂਪ ਵਿੱਚ ਜਾਂ ਅੰਸ਼ਕ ਰੂਪ ਵਿੱਚ, ਜਿਵੇਂ ਕਿ ਤਬਾਹ ਕਰਨ ਦੇ ਇਰਾਦੇ ਨਾਲ ਕੀਤੇ ਗਏ ਹੇਠ ਲਿਖਤ ਕਾਰਜਾਂ ਵਿੱਚੋਂ ਕੋਈ ਵੀ ਹੋਵੇ"-

ਇੱਕ ਗਰੁੱਪ ਦੇ ਮੈਂਬਰਾਂ ਨੂੰ ਮਾਰਨਾ

  • ਗਰੁੱਪ ਦੇ ਮੈਂਬਰਾਂ ਨੂੰ ਗੰਭੀਰ ਸਰੀਰਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣ ਦਾ ਕਾਰਨ ਬਣਨਾ
  • ਜਾਣ-ਬੁੱਝ ਕੇ ਜੀਵਨ ਦੀਆਂ ਸਮੂਹ ਸਥਿਤੀਆਂ 'ਤੇ ਹਮਲਾ ਕਰਨਾ, ਜਿਸ ਨਾਲ ਇਸ ਦਾ ਸਮੁੱਚੇ ਜਾਂ ਅੰਸ਼ਕ ਰੂਪ ਵਿੱਚ ਭੌਤਿਕ ਵਿਨਾਸ਼ ਹੁੰਦਾ ਹੈ
  • ਗਰੁੱਪ ਦੇ ਅੰਦਰ ਬੱਚੇ ਪੈਦਾ ਹੋਣ ਦੀ ਰੋਕਥਾਮ ਕਰਨ ਦੇ ਇਰਾਦੇ ਨਾਲ ਕੀਤੇ ਉਪਾਅ ਲਾਗੂ ਕਰਨਾ
  • ਗਰੁੱਪ ਦੇ ਬੱਚਿਆਂ ਨੂੰ ਜ਼ਬਰਦਸਤੀ ਕਿਸੇ ਹੋਰ ਗਰੁੱਪ ਵਿੱਚ ਤਬਦੀਲ ਕਰਨਾ

ਸੰਯੁਕਤ ਰਾਸ਼ਟਰ ਦੀ ਸੰਧੀ ਦੀ ਵੱਖ-ਵੱਖ ਪਾਸਿਆਂ ਤੋਂ ਆਲੋਚਨਾ ਹੋਈ ਹੈ। ਕਈਆਂ ਨੇ ਦਲੀਲ ਦਿੱਤੀ ਕਿ ਇਸ ਦੀ ਪਰਿਭਾਸ਼ਾ ਬਹੁਤ ਤੰਗ ਹੈ ਅਤੇ ਕਈ ਕਹਿੰਦੇ ਹਨ ਕਿ ਇਸ ਦੀ ਜ਼ਿਆਦਾ ਵਰਤੋਂ ਦੁਆਰਾ ਇਸ ਦਾ ਮੁੱਲ ਘਟਾਇਆ ਜਾਂਦਾ ਹੈ।

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਨਸਲਕੁਸ਼ੀ ਦੀ ਪਰਿਭਾਸ਼ਾ ਇੰਨੀ ਸੌੜੀ ਹੈ ਕਿ ਸੰਧੀ ਨੂੰ ਅਪਣਾਉਣ ਤੋਂ ਬਾਅਦ ਕੀਤੇ ਗਏ ਸਮੂਹਕ ਕਤਲੇਆਮਾਂ ਵਿੱਚੋਂ ਕੋਈ ਵੀ ਇਸ ਦੇ ਅਧੀਨ ਨਹੀਂ ਆਵੇਗਾ।

ਸੰਧੀ ਵਿਰੁੱਧ ਸਭ ਤੋਂ ਵੱਧ ਵਾਰੀ ਉਠਾਏ ਗਏ ਇਤਰਾਜ਼ਾਂ ਇਹ ਹਨ-

  • ਕਨਵੈਨਸ਼ਨ ਵਿੱਚ ਨਿਸ਼ਾਨਾ ਬਣਾਏ ਗਏ ਸਿਆਸੀ ਅਤੇ ਸਮਾਜਕ ਗਰੁੱਪਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
  • ਇਹ ਲੋਕਾਂ ਦੇ ਖ਼ਿਲਾਫ਼ ਸਿੱਧੀਆਂ ਕਾਰਵਾਈਆਂ ਤੱਕ ਸੀਮਤ ਹੈ। ਇਸ ਵਿੱਚ ਉਸ ਵਾਤਾਵਰਣ ਦੇ ਖ਼ਿਲਾਫ਼ ਕਾਰਜਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਸੱਭਿਆਚਾਰਕ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ।
  • ਵਾਜਬ ਸ਼ੱਕ ਤੋਂ ਪਰ੍ਹੇ ਇਰਾਦੇ ਨੂੰ ਸਾਬਤ ਕਰਨਾ ਬੇਹੱਦ ਮੁਸ਼ਕਿਲ ਹੈ।
  • ਕਨਵੈਨਸ਼ਨ ਦੇ ਮਾਪਦੰਡਾਂ ਨੂੰ ਸਪੱਸ਼ਟ ਕਰਨ ਲਈ ਕੌਮਾਂਤਰੀ ਕਾਨੂੰਨ ਦੀ ਕੋਈ ਸੰਸਥਾ ਨਹੀਂ ਹੈ ।
  • ਇਹ ਪਰਿਭਾਸ਼ਿਤ ਕਰਨ ਜਾਂ ਮਾਪਣ ਵਿੱਚ ਮੁਸ਼ਕਿਲ ਹੈ ਅਤੇ ਇਹ ਸਥਾਪਤ ਕਰਨ ਵਿੱਚ ਕਿ ਕਿੰਨੀਆਂ ਮੌਤਾਂ ਹੋਣਾ ਨਸਲਕੁਸ਼ੀ ਦੇ ਬਰਾਬਰ ਹਨ।

ਇਨ੍ਹਾਂ ਆਲੋਚਨਾਵਾਂ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਨਸਲਕੁਸ਼ੀ ਨੂੰ ਪਛਾਣਿਆ ਜਾ ਸਕਦਾ ਹੈ।

ਆਪਣੀ ਕਿਤਾਬ 'ਰਵਾਂਡਾ ਐਂਡ ਜੈਨੋਸਾਈਡ ਇਨ ਦੀ 20 ਸੈਨਚੁਰੀ' ਵਿੱਚ ਮੇਡੇਕਿਨਸ ਸਾਂਸ ਫਰੰਟੀਅਰਜ਼ ਦੇ ਸਾਬਕਾ ਸਕੱਤਰ-ਜਨਰਲ, ਐਲਨ ਡੈਸਟੈਕਸੇ ਨੇ ਲਿਖਿਆ, "ਨਸਲਕੁਸ਼ੀ, ਇਸ ਦੇ ਪਿੱਛੇ ਦੀ ਪ੍ਰੇਰਣਾ ਕਾਰਨ ਹੋਰ ਸਾਰੇ ਜੁਰਮਾਂ ਨਾਲੋਂ ਵੱਖਰੀ ਹੈ।''

ਡੈਸਟੈਕਸੇ ਮੁਤਾਬਕ, "ਨਸਲਕੁਸ਼ੀ ਮਨੁੱਖਤਾ ਵਿਰੁੱਧ ਹੋਰ ਸਾਰੇ ਅਪਰਾਧਾਂ ਨਾਲੋਂ ਵੱਖਰੇ ਪੈਮਾਨੇ 'ਤੇ ਇੱਕ ਅਪਰਾਧ ਹੈ, ਇਸਦਾ ਮਤਲਬ ਹੈ ਇੱਕ ਚੁਣੇ ਹੋਏ ਸਮੂਹ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਇਰਾਦਾ। ਨਸਲਕੁਸ਼ੀ ਮਨੁੱਖਤਾ ਵਿਰੁੱਧ ਸਭ ਤੋਂ ਗੰਭੀਰ ਅਤੇ ਸਭ ਤੋਂ ਵੱਡਾ ਜੁਰਮ ਹੈ।"

ਮਿਸਟਰ ਡੈਸਟੈਕਸ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਨਸਲਕੁਸ਼ੀ ਸ਼ਬਦ "ਇਕ ਕਿਸਮ ਦੀ ਜ਼ੁਬਾਨੀ ਮਹਿੰਗਾਈ ਦਾ ਸ਼ਿਕਾਰ ਹੋ ਗਿਆ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਫਾਸ਼ੀਵਾਦੀ ਸ਼ਬਦ ਨਾਲ ਵਾਪਰਿਆ ਸੀ, "ਖ਼ਤਰਨਾਕ ਤੌਰ 'ਤੇ ਆਮ ਹੋ ਗਿਆ ਹੈ।

ਨਸਲਕੁਸ਼ੀ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਇਸ ਬਾਰੇ ਮਤਭੇਦ ਹਨ ਜਿੰਨ੍ਹਾਂ ਨੇ ਅਸਹਿਮਤੀ ਪੈਦਾ ਕੀਤੀ ਹੈ ਕਿ 20ਵੀਂ ਸਦੀ ਦੌਰਾਨ ਕਿੰਨੀਆਂ ਨਸਲਕੁਸ਼ੀਆਂ ਹੋਈਆਂ ਸਨ।

ਹੁਣ ਤੱਕ ਕਿੰਨੀਆਂ ਨਸਲਕੁਸ਼ੀਆਂ ਹੋਈਆਂ ਹਨ?

ਕਈਆਂ ਦਾ ਕਹਿਣਾ ਹੈ ਕਿ ਪਿਛਲੀ ਸਦੀ ਵਿੱਚ ਸਿਰਫ਼ ਇਕ ਹੀ ਨਸਲਕੁਸ਼ੀ ਹੋਈ ਸੀ, ਹੋਲੋਕਾਸਟ।

1948 ਦੇ ਸੰਯੁਕਤ ਰਾਸ਼ਟਰ ਸੰਮੇਲਨ ਦੀਆਂ ਸ਼ਰਤਾਂ ਦੁਆਰਾ ਪਰਿਭਾਸ਼ਿਤ ਕੀਤੇ ਅਨੁਸਾਰ ਘੱਟੋ ਘੱਟ ਤਿੰਨ ਨਸਲਕੁਸ਼ੀਆਂ ਹੋਈਆਂ ਹਨ-

  • 1915-1920 ਦੇ ਵਿਚਕਾਰ ਓਟੋਮਨ ਤੁਰਕਾਂ ਦੁਆਰਾ ਅਰਮੀਨੀਆਈ ਲੋਕਾਂ ਦੀ ਸਮੂਹਿਕ ਹੱਤਿਆ ਜਿਸ ਤੋਂ ਤੁਰਕ ਇਨਕਾਰ ਕਰਦੇ ਹਨ।
  • ਕਤਲੇਆਮ, ਜਿਸ ਦੌਰਾਨ 60 ਲੱਖ ਤੋਂ ਵੱਧ ਯਹੂਦੀ ਮਾਰੇ ਗਏ ਸਨ।
  • ਰਵਾਂਡਾ, ਜਿੱਥੇ 1994 ਦੀ ਨਸਲਕੁਸ਼ੀ ਵਿੱਚ ਅੰਦਾਜ਼ਨ 8 ਲੱਖ ਟੁਟਸਿਸ ਅਤੇ ਮੌਡਰੇਟ ਹੁਤੁਸ ਦੀ ਮੌਤ ਹੋ ਗਈ ਸੀ।

ਬੋਸਨੀਆ ਵਿੱਚ, ਸਰੇਬਰੇਨਿਕਾ ਵਿਖੇ 1995 ਵਿੱਚ ਹੋਏ ਕਤਲੇਆਮ ਨੂੰ ਸਾਬਕਾ ਯੂਗੋਸਲਾਵੀਆ ਲਈ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਦੁਆਰਾ ਨਸਲਕੁਸ਼ੀ ਕਰਾਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਯੂਕਰੇਨ ਦਾ ਸੋਵੀਅਤ ਮਨੁੱਖ-ਨਿਰਮਿਤ (1932-33), ਪੂਰਬੀ ਤਿਮੋਰ 'ਤੇ ਇੰਡੋਨੇਸ਼ੀਆ ਦਾ ਹਮਲਾ (1975), ਅਤੇ 1970ਵਿਆਂ ਵਿੱਚ ਕੰਬੋਡੀਆ ਵਿੱਚ ਖਮੇਰ ਰੂਜ ਹੱਤਿਆਵਾਂ, ਜਿਸ ਦੌਰਾਨ ਅੰਦਾਜ਼ਨ 1.7 ਮਿਲੀਅਨ ਕੰਬੋਡੀਅਨ ਫਾਂਸੀ, ਭੁੱਖਮਰੀ, ਜਾਂ ਜ਼ਬਰਦਸਤੀ ਮਜ਼ਦੂਰੀ ਕਰਕੇ ਮਾਰੇ ਗਏ ਸਨ।

ਇਸ ਤੱਥ 'ਤੇ ਅਸਹਿਮਤੀ ਹੈ ਕਿ ਖਮੇਰ ਰੂਜ ਦੇ ਬਹੁਤ ਸਾਰੇ ਪੀੜਤਾਂ ਨੂੰ ਉਨ੍ਹਾਂ ਦੇ ਰਾਜਨੀਤਿਕ ਜਾਂ ਸਮਾਜਿਕ ਰੁਤਬੇ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਨੂੰ ਨਸਲਕੁਸ਼ੀ ਦੀ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਤੋਂ ਬਾਹਰ ਰੱਖਿਆ ਗਿਆ ਸੀ।

ਅੰਤਰਰਾਸ਼ਟਰੀ ਅਪਰਾਧਕ ਅਦਾਲਤ ਨੇ 2010 ਵਿੱਚ ਸੂਡਾਨ ਦੇ ਰਾਸ਼ਟਰਪਤੀ ਉਮਰ ਅਲ-ਬਸ਼ੀਰ ਲਈ ਨਸਲਕੁਸ਼ੀ ਦੇ ਦੋਸ਼ਾਂ ਤਹਿਤ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਵਿੱਚ ਉਸ 'ਤੇ ਦਾਰਫੂਰ ਦੇ ਸੂਡਾਨੀ ਖੇਤਰ ਦੇ ਨਾਗਰਿਕਾਂ ਦੇ ਖਿਲਾਫ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ।

ਇੱਥੇ ਸੱਤ ਸਾਲਾਂ ਦੀ ਲੜਾਈ ਦੌਰਾਨ ਲਗਭਗ 3 ਲੱਖ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲੱਖਾਂ ਹੋਰ ਬੇਘਰ ਹੋ ਗਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਤਿਹਾਸ ਵਿੱਚ ਨਸਲਕੁਸ਼ੀ ਦੇ ਮੁਕੱਦਮੇ

ਨਸਲਕੁਸ਼ੀ ਬਾਰੇ ਕਨਵੈਨਸ਼ਨ ਨੂੰ ਅਮਲ ਵਿੱਚ ਲਿਆਉਣ ਵਾਲਾ ਪਹਿਲਾ ਮਾਮਲਾ ਜੀਨ ਪਾਲ ਅਕਾਯੇਸੂ ਦਾ ਸੀ।

ਉਹ ਕਤਲਾਂ ਵੇਲੇ ਰਵਾਂਡਾ ਦੇ ਕਸਬੇ ਤਬਾ ਦੇ ਹੁਤੂ ਮੇਅਰ ਸਨ। ਇੱਕ ਅਹਿਮ ਫ਼ੈਸਲੇ ਵਿੱਚ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ 2 ਸਤੰਬਰ 1998 ਨੂੰ ਅਕਾਯੇਸੂ ਨੂੰ ਨਸਲਕੁਸ਼ੀ ਅਤੇ ਮਨੁੱਖਤਾ ਵਿਰੁੱਧ ਜੁਰਮਾਂ ਦਾ ਦੋਸ਼ੀ ਠਹਿਰਾਇਆ।

ਇਸ ਤੋਂ ਬਾਅਦ 85 ਤੋਂ ਵੱਧ ਲੋਕਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਫਾਰ ਰਵਾਂਡਾ ਨੇ ਦੋਸ਼ੀ ਠਹਿਰਾਇਆ ਜਿਨ੍ਹਾਂ ਵਿੱਚੋਂ 29 ਨੂੰ ਨਸਲਕੁਸ਼ੀ ਲਈ ਦੋਸ਼ੀ ਠਹਿਰਾਇਆ ਸੀ।

2001 ਵਿੱਚ, ਜਨਰਲ ਰੈਡੀਸਲਾਵ ਕ੍ਰਿਸਟਿਕ, ਜੋ ਬੋਸਨੀਆ ਦਾ ਸਾਬਕਾ ਸਰਬ ਜਰਨਲ ਸੀ, ਸਾਬਕਾ ਯੂਗੋਸਲਾਵੀਆ ਲਈ ਅੰਤਰਰਾਸ਼ਟਰੀ ਅਪਰਾਧਕ ਟ੍ਰਿਬਿਊਨਲ ਵਿੱਚ ਨਸਲਕੁਸ਼ੀ ਦਾ ਦੋਸ਼ੀ ਠਹਿਰਾਇਆ ਗਿਆ। ਉਹ ਨਸਲਕੁਸ਼ੀ ਦੇ ਪਹਿਲੇ ਦੋਸ਼ੀ ਵਿਅਕਤੀ ਬਣੇ।

ਕ੍ਰਿਸਟਿਕ ਨੇ ਇਸ ਵਿਰੁੱਧ ਅਪੀਲ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ ਮਾਰੇ ਗਏ 8,000 ਲੋਕ ਨਸਲਕੁਸ਼ੀ ਹੋਣ ਲਈ "ਬਹੁਤ ਮਾਮੂਲੀ" ਸਨ ਪਰ 2004 ਵਿੱਚ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਗਈ।

ਸਾਲ 2018 ਵਿੱਚ, 92 ਸਾਲਾ ਨੂਨ ਚੀਆ ਅਤੇ 87 ਸਾਲਾ ਖਿਯੂ ਸੰਫਾਨ ਦੋਵਾਂ ਨੂੰ ਖਮੇਰ ਰੂਜ ਹੱਤਿਆਵਾਂ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਨਸਲਕੁਸ਼ੀ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)