ਰਵਾਂਡਾ : 100 ਦਿਨਾਂ 'ਚ 8 ਲੱਖ ਲੋਕਾਂ ਦਾ ਕਿਵੇਂ ਕੀਤਾ ਗਿਆ ਕਤਲੇਆਮ

'ਜਿਸ ਦਿਨ ਮੇਰੇ ਪੁੱਤਰ ਦਾ ਕਤਲ ਹੋਇਆ, ਉਸ ਸਵੇਰ ਉਸਨੇ ਆਪਣੇ ਦੋਸਤ ਨੂੰ ਕਿਹਾ ਸੀ ਕਿ ਉਸ ਨੂੰ ਲੱਗਦਾ ਹੈ ਕਿ ਕੋਈ ਉਸਦਾ ਗਲ਼ਾ ਕੱਟ ਦੇਵੇਗਾ।''

''ਜਦੋਂ ਜਦੋਂ ਮੈਨੂੰ ਉਸਦੀ ਇਹ ਗੱਲ ਯਾਦ ਆਉਂਦੀ ਹੈ, ਮੈਂ ਅੰਦਰੋਂ ਟੁੱਟ ਜਾਂਦੀ ਹਾਂ। ਉਸ ਦਿਨ ਸੈਲਿਸਟਨ ਦੋ ਹਮਲਾਵਰਾਂ ਨਾਲ ਮੇਰੇ ਘਰ 'ਚ ਦਾਖਲ ਹੋਇਆ।''

''ਉਨ੍ਹਾਂ ਦੇ ਹੱਥਾਂ ਵਿੱਚ ਲੰਬੇ ਦਾਤਰ ਤੇ ਤਲਵਾਰਾਂ ਸਨ। ਅਸੀਂ ਜਾਨ ਬਚਾਕੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਉਸਨੇ ਤਲਵਾਰ ਨਾਲ ਮੇਰੇ ਦੋਵੇਂ ਬੱਚਿਆਂ ਦੇ ਗਲੇ ਕੱਟ ਦਿੱਤੇ।''

ਇਹ ਸ਼ਬਦ ਰਵਾਂਡਾ ਵਿੱਚ ਤੁਤਸੀ ਤੇ ਹੁਤੂ ਭਾਈਚਾਰੇ ਵਿਚਾਲੇ ਹੋਏ ਭਿਆਨਕ ਕਤਲੇਆਮ ਵਿੱਚ ਜ਼ਿੰਦਾ ਬਚਣ ਵਾਲੀ ਇੱਕ ਮਾਂ ਦੇ ਹਨ।

ਏਨ-ਮੇਰੀ ਊਵੀਨਾਮਾ ਦੇ ਬੱਚਿਆਂ ਨੂੰ ਮਾਰਨ ਵਾਲਾ ਸ਼ਖਸ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦਾ ਪੜੌਸੀ ਸੀ।

ਇਹ ਵੀ ਪੜ੍ਹੋ:

ਸੈਲਿਸਟਨ ਵਾਂਗ ਹੁਤੂ ਭਾਈਚਾਰੇ ਦੇ ਹੋਰ ਲੋਕਾਂ ਨੇ 7 ਅਪ੍ਰੈਲ 1994 ਤੋਂ ਲੈ ਕੇ ਅਗਲੇ 100 ਸਿਨਾਂ ਲਈ ਤੁਤਸੀ ਭਾਈਚਾਰੇ ਵਾਲੇ ਆਪਣੇ ਗੁਆਂਢੀਆਂ, ਪਤਨੀਆਂ ਤੇ ਰਿਸ਼ਤੇਦਾਰਾਂ ਨੂੰ ਜਾਨੋਂ ਮਾਰਨਾ ਸ਼ੁਰੂ ਕਰ ਦਿੱਤਾ।

ਇਸ ਕਤਲੇਆਮ ਵਿੱਚ ਲਗਪਗ ਅੱਠ ਲੱਖ ਲੋਕਾਂ ਦੀ ਮੌਤ ਹੋਈ। ਤੁਤਸੀ ਭਾਈਚਾਰੇ ਦੀਆਂ ਔਰਤਾਂ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ ਗਿਆ।

ਕਿਵੇਂ ਸ਼ੁਰੂ ਹੋਇਆ ਕਤਲੇਆਮ?

ਹੁਤੂ ਕਬੀਲੇ ਨਾਲ ਜੁੜੇ ਲੋਕਾਂ ਨੇ ਘੱਟਗਿਣਤੀ ਤੁਤਸੀ ਭਾਈਚਾਰੇ ਦੇ ਲੋਕਾਂ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ।

ਰਵਾਂਡਾ ਦੀ ਕੁੱਲ ਆਬਾਦੀ ਵਿੱਚ ਹੁਤੂ ਭਾਈਚਾਰੇ ਦਾ 85 ਫੀਸਦ ਹਿੱਸਾ ਹੈ ਪਰ ਲੰਮੇ ਸਮੇਂ ਤੋਂ ਘੱਟਗਿਣਤੀ ਤੁਤਸੀ ਭਾਈਚਾਰੇ ਦਾ ਦੇਸ ਵਿੱਚ ਦਬਦਬਾ ਰਿਹਾ ਸੀ।

1959 ਵਿੱਚ ਹੁਤੂ ਨੇ ਤੁਤਸੀ ਰਾਜ ਨੂੰ ਬਾਹਰ ਕਰ ਦਿੱਤਾ ਸੀ।

ਇਸ ਤੋਂ ਬਾਅਦ ਹਜ਼ਾਰਾਂ ਤੁਤਸੀ ਲੋਕ ਆਪਣੀ ਜਾਨ ਬਚਾ ਕੇ ਯੁਗਾਂਡਾ ਸਣੇ ਦੂਜੇ ਪੜੋਸੀ ਮੁਲਕਾਂ 'ਚ ਚਲੇ ਗਏ।

ਜਿਸ ਤੋਂ ਬਾਅਦ ਇੱਕ ਬਰਖਾਸਤ ਕੀਤੇ ਤੁਤਸੀ ਸਮੂਹ ਨੇ ਵਿਦਰੋਹੀ ਸੰਗਠਾ ਰਵਾਂਡਾ ਪੈਟ੍ਰਿਐਟਿਕ ਫ੍ਰੰਟ (ਆਰਪੀਐਫ) ਬਣਾਇਆ।

ਇਹ ਸੰਗਠਨ 1990 ਵਿੱਚ ਰਵਾਂਡਾ ਆਇਆ ਤੇ ਸੰਘਰਸ਼ ਸ਼ੁਰੂ ਕੀਤਾ। ਇਹ ਜੰਗ 1993 ਵਿੱਚ ਸ਼ਾਂਤੀ ਸਮਝੌਤੇ ਦੇ ਨਾਲ ਖਤਮ ਹੋਈ।

ਪਰ 6 ਅਪ੍ਰੈਲ 1994 ਦੀ ਰਾਤ ਤਤਕਾਲੀ ਰਾਸ਼ਟਰਪਤੀ ਜੁਵੇਨਲ ਹਾਬਿਆਰਿਮਾਨਾ ਅਤੇ ਬੁਰੂੰਡੀ ਦੇ ਰਾਸ਼ਟਰਪਤੀ ਕੇਪਰੀਅਲ ਨਤਾਰਯਾਮਿਰਾ ਨੂੰ ਲੈ ਜਾ ਰਹੇ ਜਹਾਜ਼ ਨੂੰ ਕਿਗਾਲੀ, ਰਵਾਂਡਾ ਵਿੱਚ ਡੇਗਿਆ ਗਿਆ ਸੀ। ਇਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ।

ਇਹ ਜਹਾਜ਼ ਕਿਸ ਨੇ ਡੇਗਿਆ ਸੀ, ਇਸ ਦਾ ਫੈਸਲਾ ਅੱਜ ਤੱਕ ਨਹੀਂ ਹੋ ਪਾਇਆ ਹੈ। ਕੁਝ ਲੋਕ ਇਸ ਦੇ ਲਈ ਹੁਤੂ ਕੱਟੜਵਾਦੀਆਂ ਨੂੰ ਜ਼ਿੰਮੇਦਾਰ ਮੰਨਦੇ ਹਨ ਤੇ ਕੁਝ ਆਰਪੀਐਫ ਨੂੰ।

ਇਸ ਤੋਂ ਤੁਰੰਤ ਬਾਅਦ ਕਤਲਾਂ ਦਾ ਦੌਰ ਸ਼ੁਰੂ ਹੋ ਗਿਆ।

ਆਰਪੀਐਫ ਨੇ ਇਲਜ਼ਾਮ ਲਗਾਇਆ ਕਿ ਜਹਾਜ਼ ਨੂੰ ਹੁਤੂ ਕੱਟੜਵਾਦੀਆਂ ਨੇ ਡੇਗਿਆ ਹੈ ਤਾਂ ਜੋ ਕਤਲੇਆਮ ਦਾ ਬਹਾਨਾ ਮਿਲ ਸਕੇ।

ਕਤਲੇਆਮ ਨੂੰ ਅੰਜਾਮ ਕਿਵੇਂ ਦਿੱਤਾ ਗਿਆ?

ਕਤਲੇਆਮ ਤੋਂ ਪਹਿਲਾਂ ਕੱਟੜਵਾਦੀਆਂ ਨੂੰ ਸਰਕਾਰ ਦੀ ਨਿੰਦਾ ਕਰਨ ਵਾਲੇ ਲੋਕਾਂ ਦੇ ਨਾਂ ਦਿੱਤੇ ਗਏ ਸਨ।

ਇਸ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਕਤਲ ਹੋਣਾ ਸ਼ੁਰੂ ਹੋ ਗਿਆ।

ਹੁਤੂ ਭਾਈਚਾਰੇ ਦੇ ਲੋਕਾਂ ਨੇ ਤੁਤਸੀ ਗੁਆਂਢੀਆਂ ਨੂੰ ਮਾਰਿਆ। ਕੁਝ ਹੁਤੂ ਨੌਜਵਾਨਾਂ ਨੇ ਆਪਣੀਆਂ ਪਤਨੀਆਂ ਨੂੰ ਵੀ ਇਸ ਲਈ ਮਾਰ ਦਿੱਤਾ ਕਿਉਂਕਿ ਉਨ੍ਹਾਂ ਮੁਤਾਬਕ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵੀ ਮਾਰ ਦਿੱਤਾ ਜਾਂਦਾ।

ਉਸ ਵੇਲੇ ਹਰ ਕਿਸੇ ਕੋਲ ਪਛਾਣ ਪੱਤਰ ਹੁੰਦਾ ਸੀ, ਇਸ ਲਈ ਤੁਤਸੀਆਂ ਨੂੰ ਚੁਣ-ਚੁਣ ਕੇ ਹਥਿਆਰਾਂ ਨਾਲ ਮਾਰਿਆ ਗਿਆ।

ਹਜ਼ਾਰਾਂ ਤੁਤਸੀ ਔਰਤਾਂ ਨੂੰ ਅਗਵਾ ਕੀਤਾ ਗਿਆ ਤੇ ਸੈਕਸ ਗੁਲਾਮਾਂ ਵਾਂਗ ਰੱਖਿਆ ਗਿਆ।

ਇਹ ਵੀ ਪੜ੍ਹੋ:

ਰੇਡੀਓ ਤੋਂ ਆਵਾਜ਼ ਆਈ- 'ਕਾਕਰੋਚਾਂ ਨੂੰ ਸਾਫ ਕਰੋ'

ਰਵਾਂਡਾ ਵਿੱਚ ਉਸ ਸਮੇਂ ਦੀ ਪਾਰਟੀ ਐਮਆਰਐਨਡੀ ਦੀ ਯੁਵਾ ਸ਼ਾਖਾ ਲੜਾਕਿਆਂ ਵਿੱਚ ਤਬਦੀਲ ਹੋ ਗਈ ਸੀ, ਜਿਸਨੇ ਕਤਲਾਂ ਨੂੰ ਅੰਜਾਮ ਦਿੱਤਾ।

ਹੁਤੂ ਕੱਟੜਵਾਦੀਆਂ ਨੇ ਇੱਕ ਰੇਡੀਓ ਸਟੇਸ਼ਨ ਸਥਾਪਤ ਕੀਤਾ ਤੇ ਇੱਕ ਅਖਬਾਰ ਸ਼ੁਰੂ ਕੀਤਾ, ਜਿਸਨੇ ਨਫਰਤ ਦਾ ਪ੍ਰੌਪੇਗੈਂਡਾ ਫੈਲਾਇਆ।

ਇਹ ਕਿਹਾ ਗਿਆ, ਕਿ ਕਾਕਰੋਚਾਂ ਯਾਨੀ ਕਿ ਤੁਤਸੀ ਲੋਕਾਂ ਨੂੰ ਮਾਰੋ।

ਜਿਨ੍ਹਾਂ ਲੋਕਾਂ ਨੂੰ ਮਾਰਨਾ ਸੀ, ਉਨ੍ਹਾਂ ਦੇ ਨਾਂ ਰੇਡੀਓ 'ਤੇ ਬੋਲੇ ਗਏ।

100 ਦਿਨਾਂ ਦੇ ਇਸ ਕਤਲੇਆਮ ਵਿੱਚ ਲਗਪਗ 8 ਲੱਖ ਤੁਤਸੀ ਮਾਰੇ ਗਏ।

ਕੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ?

ਰਵਾਂਡਾ ਵਿੱਚ ਸੰਯੁਕਤ ਰਾਸ਼ਟਰ ਅਤੇ ਬੈਲਜੀਅਮ ਦੀਆਂ ਫੌਜਾਂ ਸੀ ਪਰ ਉਨ੍ਹਾਂ ਨੂੰ ਕਤਲ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਸੋਮਾਲੀਆ ਵਿੱਚ ਅਮਰੀਕੀ ਫੌਜੀਆਂ ਦੇ ਕਤਲ ਤੋਂ ਇੱਕ ਸਾਲ ਬਾਅਦ ਅਮਰੀਕਾ ਨੇ ਤੈਅ ਕੀਤਾ ਸੀ ਕਿ ਉਹ ਅਫਰੀਕੀ ਵਿਵਾਦਾਂ ਵਿੱਚ ਨਹੀਂ ਪਏਗਾ।

ਬੈਲਜੀਅਮ ਦੇ 10 ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਬੈਲਜੀਅਮ ਤੇ ਸੰਯੁਕਤ ਰਾਸ਼ਟਰ ਨੇ ਆਪਣੇ ਸ਼ਾਂਤੀ ਫੌਜਾਂ ਨੂੰ ਵਾਪਸ ਬੁਲਾ ਲਿਆ।

ਹੁਤੂ ਸਰਕਾਰ ਦੇ ਸਹਿਯੋਗੀ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਇੱਕ ਖਾਸ ਦਸਤਾ ਭੇਜਿਆ ਤੇ ਇੱਕ ਸੁਰੱਖਿਅਤ ਇਲਾਕਾ ਬਣਾਇਆ। ਪਰ ਉਨ੍ਹਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਨ੍ਹਾਂ ਕਤਲਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ।

ਰਵਾਂਡਾ ਦੇ ਮੌਜੂਦਾ ਰਾਸ਼ਟਰਪਤੀ ਪਾਲ ਕਾਗਾਮੇ ਨੇ ਫਰਾਂਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਸਨੇ ਉਨ੍ਹਾਂ ਲੋਕਾਂ ਨੂੰ ਸਮਰਥਨ ਦਿੱਤਾ, ਜਿਨ੍ਹਾਂ ਨੇ ਕਤਲ ਕੀਤੇ। ਪੈਰਿਸ ਨੇ ਇਸ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:

ਕਤਲੇਆਮ ਖਤਮ ਕਿਵੇਂ ਹੋਇਆ?

ਆਰਪੀਐਫ ਨੇ ਹੌਲੀ ਹੌਲੀ ਵੱਧ ਤੋਂ ਵੱਧ ਇਲਾਕਿਆਂ 'ਤੇ ਕਬਜ਼ਾ ਕਰ ਲਿਆ।

4 ਜੁਲਾਈ 1994 ਨੂੰ ਇਸ ਦੇ ਲੜਾਕੇ ਰਾਜਧਾਨੀ ਕਿਗਾਲੀ 'ਚ ਵੜ ਗਏ।

ਬਦਲੇ ਦੀ ਕਾਰਵਾਈ ਦੇ ਡਰ ਤੋਂ 20 ਲੱਖ ਹੁਤੂ, ਗੁਆਂਢੀ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਚਲੇ ਗਏ।

ਕੁਝ ਲੋਕ ਤਨਜ਼ਾਨੀਆ ਤੇ ਬੁਰੂੰਡੀ ਵੀ ਚਲੇ ਗਏ।

ਮਨੁੱਖੀ ਅਧਿਕਾਰ ਸੰਸਥਾਵਾਂ ਦਾ ਕਹਿਣਾ ਹੈ ਕਿ ਸੱਤਾ 'ਤੇ ਕਬਜ਼ਾ ਕਰਨ ਤੋਂ ਬਾਅਦ ਆਰਪੀਐਫ ਦੇ ਲੜਾਕਿਆਂ ਨੇ ਹਜ਼ਾਰਾਂ ਹੁਤੂ ਨਾਗਰਿਕਾਂ ਦਾ ਕਤਲ ਕੀਤਾ।

ਡੈਮਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਕੀ ਹੋਇਆ?

ਰਵਾਂਡਾ ਵਿੱਚ ਹੁਣ ਆਰਪੀਐਫ ਸੱਤਾ ਵਿੱਚ ਹੈ। ਇਨ੍ਹਾਂ ਦੀਆਂ ਸਮਰਥਿਤ ਫੌਜਾਂ ਦਾ ਟਕਰਾਅ ਕਾਂਗੋ ਦੀ ਫੌਜ ਤੇ ਹੁਤੂ ਲੜਾਕਿਆਂ ਨਾਲ ਹੋਇਆ।

ਬਗਾਵਤੀ ਗਰੁੱਪਾਂ ਨੇ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ ਵੱਲ ਮਾਰਚ ਕੀਤਾ ਤਾਂ ਰਵਾਂਡਾ ਨੇ ਸਮਰਥਨ ਦਿੱਤਾ।

ਉਨ੍ਹਾਂ ਨੇ ਮੋਬੁਤੂ ਸੇਸੇ ਸੇਕੋ ਦੀ ਸਰਕਾਰ ਨੂੰ ਪਲਟ ਦਿੱਤਾ ਤੇ ਲਾਰੇਂਟ ਕਬੀਲਾ ਨੂੰ ਰਾਸ਼ਟਰਪਤੀ ਬਣਾ ਦਿੱਤਾ।

ਪਰ ਨਵੇਂ ਰਾਸ਼ਟਰਪਤੀ ਨੇ ਹੁਤੂ ਲੜਾਕਿਆਂ 'ਤੇ ਕਾਬੂ ਨਹੀਂ ਪਾਇਆ ਤੇ ਇਸ ਕਾਰਨ ਜੰਗ ਛਿੜੀ ਜੋ ਛੇ ਦੇਸਾਂ ਵਿੱਚ ਫੈਲ ਗਈ। ਕਈ ਛੋਟੇ ਛੋਟੇ ਲੜਾਕੇ ਸਮੂਹ ਬਣ ਗਏ ਜੋ ਵੱਖ ਵੱਖ ਹਿੱਸਿਆਂ ਤੇ ਕਬਜ਼ੇ ਲਈ ਲੜ ਰਹੇ ਸਨ।

ਇਸ ਵਿਵਾਦ ਕਾਰਨ ਕਰੀਬ 50 ਲੱਖ ਲੋਕ ਮਾਰੇ ਗਏ ਅਤੇ 2003 ਵਿੱਚ ਇਸਦਾ ਅੰਤ ਹੋਇਆ। ਕੁਝ ਹਥਿਆਰਬੰਦ ਸਮੂਹ ਅਜੇ ਵੀ ਰਵਾਂਡਾ ਦੀ ਸੀਮਾ ਦੇ ਨੇੜੇ ਹਨ।

ਕੀ ਕਿਸੇ ਨੂੰ ਸਜ਼ਾ ਮਿਲੀ?

ਰਵਾਂਡਾ ਕਤਲੇਆਮ ਦੇ ਬਹੁਤ ਸਾਲਾਂ ਬਾਅਦ 2002 ਵਿੱਚ ਇੱਕ ਕੌਮਾਂਤਰੀ ਅਪਰਾਧ ਅਦਾਲਤ ਦਾ ਗਠਨ ਹੋਇਆ ਪਰ ਉਸ ਵਿੱਚ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਮਿਲੀ।

ਇਸਦੀ ਥਾਂ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਤਨਜ਼ਾਨੀਆ ਵਿੱਚ ਇੱਕ ਇੰਟਰਨੈਸ਼ਨਲ ਕ੍ਰਿਮਿਨਲ ਟ੍ਰਿਬਿਊਨਲ ਬਣਾਇਆ।

ਕੁੱਲ 93 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਾਬਕਾ ਸਰਕਾਰਾਂ ਦੇ ਹੁਤੂ ਅਧਿਕਾਰੀਆਂ ਨੂੰ ਵੀ ਸਜ਼ਾ ਦਿੱਤੀ ਗਈ।

ਰਵਾਂਡਾ ਵਿੱਚ ਸਮਾਜਿਕ ਅਦਾਲਤਾਂ ਬਣਾਈਆਂ ਗਈਆਂ ਤਾਂ ਜੋ ਕਤਲੇਆਮ ਲਈ ਜ਼ਿੰਮੇਵਾਰ ਹਜ਼ਾਰਾਂ ਸ਼ੱਕੀਆਂ ਤੇ ਮੁਕੱਦਮਾ ਚਲਾਇਆ ਜਾ ਸਕੇ।

ਪੱਤਰਕਾਰਾਂ ਦਾ ਕਹਿਣਾ ਹੈ ਕਿ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ 10 ਹਜ਼ਾਰ ਲੋਕਾਂ ਦੀ ਮੌਤ ਜੇਲ੍ਹਾਂ ਵਿੱਚ ਹੋ ਗਈ ਸੀ। 10 ਸਾਲਾਂ ਤੱਕ ਇਹ ਅਦਾਲਤਾਂ ਪੂਰੇ ਦੇਸ ਵਿੱਚ ਹਰ ਹਫ਼ਤੇ ਲਗਦੀਆਂ ਸੀ, ਇਨ੍ਹਾਂ ਅੱਗੇ ਹੱਲ ਕੱਢਣ ਲਈ 12 ਲੱਖ ਮਾਮਲੇ ਸਨ।

ਰਵਾਂਡਾ ਦੇ ਮੌਜੂਦਾ ਹਾਲਾਤ

ਇਸ ਦੇਸ ਨੂੰ ਵਾਪਸ ਪਟਰੀ 'ਤੇ ਲਿਆਉਣ ਦਾ ਸਿਹਰਾ ਰਾਸ਼ਟਰਪਤੀ ਪਾਲ ਕਾਗਾਮੇ ਨੂੰ ਜਾਂਦਾ ਹੈ। ਜਿਨ੍ਹਾਂ ਦੀਆਂ ਨੀਤੀਆਂ ਕਾਰਨ ਦੇਸ ਵਿੱਚ ਤੇਜ਼ੀ ਨਾਲ ਆਰਥਿਕ ਵਿਕਾਸ ਹੋਇਆ।

ਉਨ੍ਹਾਂ ਨੇ ਰਵਾਂਡਾ ਨੂੰ ਟੈਕਨੌਲਜੀ ਹੱਬ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਆਪ ਵੀ ਟਵਿੱਟਰ 'ਤੇ ਕਿਰਿਆਸ਼ੀਲ ਰਹਿੰਦੇ ਹਨ।

ਪਰ ਉਨ੍ਹਾਂ ਦੇ ਆਲੋਚਕ ਕਹਿੰਦੇ ਹਨ ਕਿ ਉਹ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਉਨ੍ਹਾਂ ਦੇ ਕਈ ਵਿਰੋਧੀਆਂ ਦੇ ਦੇਸ ਵਿੱਚ ਅਤੇ ਉਸਦੇ ਬਾਹਰ ਵੀ ਗੁਪਤ ਤਰੀਕੇ ਨਾਲ ਮੌਤਾਂ ਹੋਈਆਂ ਹਨ।

ਰਵਾਂਡਾ ਵਿੱਚ ਕਤਲੇਆਮ ਅਜੇ ਵੀ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਜਾਤੀਵਾਦ ਬਾਰੇ ਬੋਲਣਾ ਗੈਰ-ਕਾਨੂੰਨੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਹੋਰ ਵੱਧ ਖੂਨ ਬਹਾਉਣ ਅਤੇ ਨਫ਼ਰਤ ਫੈਲਾਉਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ ਹੈ।

ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਅਸਲੀ ਮੇਲ ਮਿਲਾਪ ਵਿੱਚ ਰੁਕਾਵਟ ਆਉਂਦੀ ਹੈ।

ਕਾਗਾਮੇ ਤਿੰਨ ਵਾਰ ਰਾਸ਼ਟਰਪਤੀ ਚੁਣੇ ਗਏ ਅਤੇ 2007 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ 98.63 ਫੀਸਦ ਵੋਟ ਮਿਲੇ ਸਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)