ਯੂਕਰੇਨ ਵਿੱਚ ਜੰਗ ’ਚੋਂ ਭੱਜ ਕੇ ਭਾਰਤ ਪਹੁੰਚੀ ਲਾੜੀ ਦਾ ਵਿਆਹ ਭਾਰਤੀ ਮੁੰਡੇ ਨਾਲ ਕਿਸ ਤਰ੍ਹਾਂ ਹੋਇਆ

ਅਨੁਭਵ ਤੇ ਐਨਾ

ਤਸਵੀਰ ਸਰੋਤ, Anubhav Bhasin

ਤਸਵੀਰ ਕੈਪਸ਼ਨ, ਅਨੁਭਵ ਤੇ ਐਨਾ ਦੇ ਵਿਆਹ ਦੀ ਤਸਵੀਰ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼, ਦਿੱਲੀ

ਪਿਛਲੇ ਮਹੀਨੇ, ਜਦੋਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੰਬਾਰੀ ਸ਼ੁਰੂ ਹੋਈ ਤਾਂ ਐਨਾ ਹੋਰੋਦੇਤਸਕਾ ਨੇ ਆਪਣੇ ਕਿਰਾਏ ਦੇ ਅਪਾਰਟਮੈਂਟ ਨੂੰ ਤਾਲਾ ਲਗਾਇਆ ਅਤੇ ਭਾਰਤ ਭੱਜ ਆਏ।

ਉਨ੍ਹਾਂ ਨੇ ਆਪਣੇ ਨਾਲ ਸਿਰਫ ਕੁਝ ਟੀ-ਸ਼ਰਟਾਂ ਅਤੇ ਇੱਕ ਕੌਫੀ ਮਸ਼ੀਨ ਹੀ ਚੁੱਕੀ, ਉਹ ਮਸ਼ੀਨ ਜੋ ਉਨ੍ਹਾਂ ਦੀ ਦਾਦੀ ਨੇ ਉਨ੍ਹਾਂ ਨੂੰ ਵਿਆਹ ਦੇ ਤੋਹਫ਼ਾ ਵਜੋਂ ਦਿੱਤੀ ਸੀ।

30 ਸਾਲਾ ਐਨਾ ਜਦੋਂ 17 ਮਾਰਚ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ 33 ਸਾਲਾ ਵਕੀਲ ਅਨੁਭਵ ਭਸੀਨ ਨੇ ਕੀਤਾ, ਜਿਨ੍ਹਾਂ ਨੂੰ ਉਹ ਪਿਛਲੇ ਇੱਕ ਸਾਲ ਤੋਂ ਡੇਟ ਕਰ ਰਹੀ ਸੀ।

ਜਿਵੇਂ ਹੀ ਐਨਾ ਦਿੱਲੀ ਪਹੁੰਚੇ, ਢੋਲੀਆਂ ਨੇ ਢੋਲ ਵਜਾਉਣੇ ਸ਼ੁਰੂ ਕੀਤੇ ਤੇ ਅਨੁਭਵ ਆਪਣੇ ਗੋਡਿਆਂ ਦੇ ਭਾਰ ਹੇਠਾਂ ਬੈਠ ਗਏ। ਬੜੇ ਹੀ ਫ਼ਿਲਮੀ ਅੰਦਾਜ਼ 'ਚ ਅਨੁਭਵ ਨੇ ਐਨਾ ਨੂੰ ਵਿਆਹ ਲਈ ਪ੍ਰਸਤਾਵ ਦਿੱਤਾ ਅਤੇ ਐਨਾ ਦੇ ਹਾਂ ਕਹਿੰਦੇ ਹੀ, ਉਨ੍ਹਾਂ ਦੀ ਉਂਗਲੀ ਵਿੱਚ ਇੱਕ ਅੰਗੂਠੀ ਪਾ ਦਿੱਤੀ।

ਐਤਵਾਰ ਨੂੰ, ਇਸ ਜੋੜੇ ਨੇ ਰਾਜਧਾਨੀ ਦਿੱਲੀ ਵਿਖੇ ਇੱਕ ਨਿੱਕੇ ਜਿਹੇ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਇਸ ਮਹੀਨੇ ਦੇ ਅੰਤ ਵਿੱਚ, ਉਹ ਆਪਣੇ ਵਿਆਹ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਬਣਾਉਣ ਲਈ ਅਦਾਲਤ ਵਿੱਚ ਰਜਿਸਟਰ ਕਰਨਗੇ। ਐਨਾ ਦਾ ਇੱਕ ਸਾਲ ਦਾ ਵੀਜ਼ਾ ਦੱਸਦਾ ਹੈ ਕਿ ਭਾਰਤ ਆਉਣ ਦਾ ਉਨ੍ਹਾਂ ਮੁੱਖ ਉਦੇਸ਼ "ਅਨੁਭਵ ਭਸੀਨ ਨਾਲ ਵਿਆਹ" ਕਰਨਾ ਹੀ ਸੀ।

ਦੇਸ਼ਾਂ ਦੀ ਦੂਰੀ ਤੇ ਕੋਰੋਨਾ ਮਹਾਮਾਰੀ ਦੌਰਾਨ ਪਰਵਾਨ ਚੜ੍ਹਿਆ ਪਿਆਰ

ਇਹ ਦੋਵੇਂ ਪਹਿਲੀ ਵਾਰ ਇੱਕ ਦੂਜੇ ਨੂੰ ਅਗਸਤ 2019 ਵਿੱਚ ਭਾਰਤ ਵਿੱਚ ਹੀ ਮਿਲੇ ਸਨ। ਐਨਾ ਇੱਕਲੇ ਭਾਰਤ ਘੁੰਮਣ ਲਈ ਆਏ ਸਨ ਅਤੇ ਇਸੇ ਦੌਰਾਨ ਦੋਵਾਂ ਦੀ ਮੁਲਾਕਾਤ ਇੱਕ ਬਾਰ ਵਿੱਚ ਹੋਈ।

ਉਨ੍ਹਾਂ ਨੇ ਇੱਕ-ਦੂਜੇ ਦੇ ਨੰਬਰ ਲਏ, ਦੋਵਾਂ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ 'ਤੇ ਫੌਲੋਅ ਕਰਨਾ ਸ਼ੁਰੂ ਕੀਤਾ ਅਤੇ ਫਿਰ ਇਹ ਸਿਲਸਿਲਾ ਇੰਝ ਹੀ ਚੱਲਦਾ ਰਿਹਾ।

ਦੋਵੇਂ ਵੱਖ-ਵੱਖ ਦੇਸ਼ਾਂ 'ਚ ਸਨ ਅਤੇ ਇਸ ਦੌਰਾਨ ਆਈ ਕੋਰੋਨਾ ਮਹਾਮਾਰੀ, ਕੁਆਰੰਟੀਨ ਦੇ ਨਿਯਮ ਤੇ ਉਡਾਣਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਉਹ ਇੱਕ-ਦੂਜੇ ਨਾਲ ਜੁੜੇ ਰਹੇ ਤੇ ਫਿਰ ਐਨਾ ਦੇ ਵਤਨ 'ਤੇ ਰੂਸੀ ਹਮਲਾ ਹੋ ਗਿਆ।

ਅਨੁਭਵ ਕਹਿੰਦੇ ਹਨ, "2019 ਦੇ ਅੰਤ ਤੱਕ ਅਸੀਂ ਬਹੁਤ ਗੱਲਾਂ ਕਰ ਰਹੇ ਸੀ।"

ਇਹ ਵੀ ਪੜ੍ਹੋ:

ਮਾਰਚ 2020 ਵਿੱਚ, ਐਨਾ ਆਪਣੀ ਇੱਕ ਸਹੇਲੀ ਨਾਲ ਦੁਬਾਰਾ ਭਾਰਤ ਆਏ ਅਤੇ ਅਨੁਭਵ ਉਨ੍ਹਾਂ ਨੂੰ ਆਗਰਾ 'ਚ ਪਿਆਰ ਦਾ ਪ੍ਰਤੀਕ ਤਾਜ ਮਹਿਲ ਦਿਖਾਇਆ ਅਤੇ ਰਾਜਸਥਾਨ ਵੀ ਘੁੰਮਾਇਆ।

ਇਸੇ ਦੌਰਾਨ ਅਚਾਨਕ ਭਾਰਤ ਵਿੱਚ ਤਾਲਾਬੰਦੀ ਹੋ ਗਈ ਤੇ ਅਨੁਭਵ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਆਪਣੇ ਪਰਿਵਾਰਕ ਘਰ ਰਹਿਣ ਦਾ ਸੱਦਾ ਦਿੱਤਾ।

ਅਨੁਭਵ ਕਹਿੰਦੇ ਹਨ, "ਇਹੀ ਉਹ ਸਮਾਂ ਸੀ ਜਦੋਂ ਅਸੀਂ ਬਹੁਤ ਨੇੜੇ ਆਏ। ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇੱਕ-ਦੂਜੇ ਨੂੰ ਪਸੰਦ ਕਰਦੇ ਹਾਂ। ਹੁਣ ਸਾਨੂੰ ਪਤਾ ਸੀ ਕਿ ਇਹ ਇੱਕ ਆਕਰਸ਼ਣ ਨਾਲੋਂ ਕੁਝ ਵੱਧ ਸੀ। ਉਨ੍ਹਾਂ ਦੇ ਕੀਵ ਵਾਪਸ ਜਾਣ ਤੋਂ ਬਾਅਦ ਵੀ ਅਸੀਂ ਰੋਜ਼ਾਨਾ ਵੀਡੀਓ ਕਾਲਾਂ ਰਾਹੀਂ ਸੰਪਰਕ ਵਿੱਚ ਰਹੇ।"

ਉਹ ਅੱਗੇ ਦੱਸਦੇ ਹਨ ਕਿ ਫਰਵਰੀ 2021 ਵਿੱਚ ਦੁਬਈ ਵਿਖੇ ਹੋਈ ਉਨ੍ਹਾਂ ਦੀ ਅਗਲੀ ਮੁਲਾਕਾਤ "ਸਾਡੇ ਰਿਸ਼ਤੇ ਵਿੱਚ ਇੱਕ ਮਹੱਤਵਪੂਰਣ ਪਲ ਸੀ ਜਦੋਂ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਇਸਨੂੰ ਹੋਰ ਅੱਗੇ ਵਧਾਉਣ ਲਈ ਕੋਈ ਰਸਤਾ ਲੱਭਣਾ ਪਏਗਾ।''

ਉਸ ਤੋਂ ਬਾਅਦ ਚੀਜ਼ਾਂ ਤੇਜ਼ੀ ਨਾਲ ਅੱਗੇ ਵਧਣ ਲੱਗੀਆਂ - ਅਗਸਤ ਵਿੱਚ ਅਭਿਨਵ ਐਨਾ ਨੂੰ ਮਿਲਣ ਲਈ ਕੀਵ ਗਏ ਅਤੇ ਦਸੰਬਰ ਵਿੱਚ ਐਨਾ ਭਾਰਤ ਆ ਗਏ।

ਵਿਆਹ ਤੋਂ ਪਹਿਲਾਂ ਹੀ ਲੱਗੀ ਜੰਗ

ਐਨਾ ਕਹਿੰਦੇ ਹਨ, "ਮੇਰੇ ਦੌਰੇ ਦੇ ਆਖ਼ਰੀ ਦਿਨ, ਅਨੁਭਵ ਦੀ ਮਾਂ ਨੇ ਸਾਨੂੰ ਮਾਰਚ ਵਿੱਚ ਵਿਆਹ ਕਰਨ ਦਾ ਸੁਝਾਅ ਦਿੱਤਾ। ਅਸੀਂ ਵੀ ਵਿਆਹ ਬਾਰੇ ਗੱਲਬਾਤ ਕਰ ਰਹੇ ਸੀ ਪਰ ਇਹ ਹੈਰਾਨੀ ਦੀ ਗੱਲ ਸੀ ਕਿ ਇਹ ਸਭ ਇੰਨੀ ਜਲਦੀ ਹੋ ਰਿਹਾ ਸੀ। ਪਰ ਮੈਂ ਸੋਚਿਆ ਕਿ ਜੋ ਹੈ ਸਹੀ ਹੈ।"

ਅਨੁਭਵ ਹਿੰਦੂ ਹਨ ਅਤੇ ਐਨਾ ਈਸਾਈ, ਇਸ ਲਈ ਉਨ੍ਹਾਂ ਦੇ ਵਿਆਹ ਨੂੰ ਇੱਕ ਵਿਸ਼ੇਸ਼ ਕਾਨੂੰਨ ਦੇ ਤਹਿਤ ਅਦਾਲਤ ਵਿੱਚ ਰਜਿਸਟਰ ਕਰਵਾਉਣਾ ਪੈਣਾ ਸੀ। ਅਨੁਭਵ ਕਹਿੰਦੇ ਹਨ, ਸਾਰੀਆਂ ਰਸਮੀ ਕਾਰਵਾਈਆਂ ਵਿੱਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗਣ ਵਾਲਾ ਸੀ।

ਇਸ ਲਈ, ਜੋੜੇ ਨੇ ਫੈਸਲਾ ਕੀਤਾ ਕਿ ਵਿਆਹ ਸਬੰਧੀ ਸਾਰੀ ਪ੍ਰਕਿਰਿਆ ਸ਼ੁਰੂ ਕਰਨ ਲਈ, ਐਨਾ ਮਾਰਚ ਦੇ ਅੰਤ ਵਿੱਚ ਭਾਰਤ ਆਉਣਗੇ ਅਤੇ ਫਿਰ ਕੁਝ ਮਹੀਨਿਆਂ ਬਾਅਦ ਕੁਝ ਲੰਮੇ ਸਮੇਂ ਲਈ ਭਾਰਤ ਆ ਜਾਣਗੇ।

ਪਰ ਫਿਰ ਜੰਗ ਲੱਗ ਗਈ।

ਐਨਾ ਕਹਿੰਦੇ ਹਨ, "ਅਸੀਂ ਜਾਣਦੇ ਸੀ ਕਿ ਕੂਟਨੀਤੀ ਫੇਲ੍ਹ ਹੋ ਗਈ ਸੀ ਪਰ ਅਸੀਂ ਫਿਰ ਵੀ ਸੋਚਿਆ ਕਿ ਜੰਗ ਟਲ ਜਾਵੇਗੀ। ਸਾਡੇ ਵਿੱਚੋਂ ਬਹੁਤ ਸਾਰੇ ਇਹ ਵੀ ਮੰਨ ਰਹੇ ਸਨ ਕਿ ਹਮਲੇ ਸਰਹੱਦ 'ਤੇ ਹੀ ਕੇਂਦ੍ਰਿਤ ਹੋਣਗੇ ਅਤੇ ਕੀਵ ਸੁਰੱਖਿਅਤ ਰਹੇਗਾ।''

"ਪਰ 24 ਫਰਵਰੀ ਨੂੰ, ਮੈਂ ਬੰਬ ਧਮਾਕੇ ਦੀ ਆਵਾਜ਼ ਨਾਲ ਉੱਠੀ ਅਤੇ ਮੈਂ ਸੋਚਿਆ ਕਿ "ਕੀ ਮੈਂ ਸੁਪਨਾ ਦੇਖ ਰਹੀ ਹਾਂ?" ਫਿਰ ਮੈਂ ਅਨੁਭਵ ਅਤੇ ਹੋਰਾਂ ਦੇ ਆਏ ਹੋਏ ਮੈਸੇਜ ਪੜ੍ਹੇ ਜਿਨ੍ਹਾਂ 'ਚ ਲਿਖਿਆ ਸੀ ਕਿ ਸਾਡੇ 'ਤੇ ਵਾਕਈ ਹਮਲਾ ਹੋਇਆ ਸੀ।''

ਐਨਾ ਨੇ ਬਹੁਤ ਸਾਰੇ ਜਾਣਕਾਰਾਂ ਨੇ ਉੱਥੋਂ ਨਿੱਕਲਣ ਲਈ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਐਨਾ ਦੇ ਦੋਸਤਾਂ ਨੇ ਉਨ੍ਹਾਂ ਨੂੰ ਵੀ ਅਜਿਹਾ ਹੀ ਕਰਨ ਦੀ ਸਲਾਹ ਦਿੱਤੀ।

ਐਨਾ ਦਾ ਕੁੱਤਾ

ਤਸਵੀਰ ਸਰੋਤ, ANNA HORODETSKA

ਤਸਵੀਰ ਕੈਪਸ਼ਨ, ਐਨਾ ਕਹਿੰਦੇ ਹਨ ਕਿ ਯੁੱਧ ਖਤਮ ਹੋਣ 'ਤੇ ਉਹ ਆਪਣੇ ਕੁੱਤੇ ਨੂੰ ਲਿਆਉਣ ਲਈ ਜਾਣਗੇ।

ਜਿਵੇਂ ਹੀ ਗੋਲੀਬਾਰੀ ਤੇਜ਼ ਹੋਈ, ਅਗਲੇ ਦਿਨ ਉਹ ਆਪਣੀ ਮਾਂ ਅਤੇ ਆਪਣੇ ਕੁੱਤੇ ਨਾਲ ਇੱਕ ਬੰਕਰ ਵਿੱਚ ਚਲੇ ਗਏ।

ਉਹ ਕਹਿੰਦੇ ਹਨ, "ਇਹ ਲੋਕਾਂ ਨਾਲ ਭਰਿਆ ਹੋਇਆ ਸੀ। ਕਰਫਿਊ ਲੱਗਿਆ ਹੋਇਆ ਸੀ ਅਤੇ ਸਾਨੂੰ ਬੰਕਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ, ਪਰ ਮੈਨੂੰ ਸਾਹ ਲੈਣ ਲਈ ਅਤੇ ਕੁੱਤੇ ਨੂੰ ਸੈਰ ਕਰਾਉਣ ਲਈ ਬਾਹਰ ਜਾਣਾ ਪਿਆ। ਸ਼ਹਿਰ 'ਚ ਧੂੰਏਂ ਦੀ ਗੰਧ ਭਰੀ ਹੋਈ ਸੀ ਅਤੇ ਅਸਮਾਨ ਬਹੁਤ ਲਾਲ ਸੀ।''

'ਕੀ ਪਤਾ ਕੋਈ ਮਿਜ਼ਾਈਲ ਜਹਾਜ਼ ਨਾਲ ਟਕਰਾਵੇ ਤੇ ਇਹ ਕਰੈਸ਼ ਹੋ ਜਾਵੇ' - ਐਨਾ

ਰੂਸ ਵੱਲੋਂ ਯੂਕਰੇਨ 'ਤੇ ਬੰਬਾਰੀ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ, ਅਨੁਭਵ ਨੇ ਉਨ੍ਹਾਂ ਨੂੰ ਕਿਹਾ ਸੀ ਉਹ ਦੇਸ਼ ਛੱਡ ਦੇਣ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੰਗ ਲੱਗਣ ਵਾਲੀ ਹੈ। ਪਰ ਐਨਾ ਆਪਣੇ ਕੁੱਤੇ ਤੋਂ ਬਗੈਰ ਜਾਣ ਤੋਂ ਝਿਜਕ ਰਹੇ ਸੀ।

ਪਰ 26 ਫਰਵਰੀ ਦੀ ਸਵੇਰ ਨੂੰ, ਜਦੋਂ ਐਨਾ ਨੇ ਜਾਣ ਦਾ ਫੈਸਲਾ ਕੀਤਾ ਤਾਂ ਅਨੁਭਵ ਨੇ ਉਨ੍ਹਾਂ ਨੂੰ ਮਨ੍ਹਾ ਕਰਨ ਦੀ ਕੋਸ਼ਿਸ਼ ਕੀਤੀ।

ਅਨੁਭਵ ਕਹਿੰਦੇ ਹਨ, "ਉਦੋਂ ਤੱਕ ਚੀਜ਼ਾਂ ਬਹੁਤ ਖਰਾਬ ਹੋ ਚੁੱਕੀਆਂ ਸਨ। ਉੱਥੇ ਅਕਸਰ ਗੋਲਾਬਾਰੀ ਹੁੰਦੀ ਸੀ ਅਤੇ ਰੇਲਵੇ ਸਟੇਸ਼ਨ ਬਹੁਤ ਦੂਰ ਸੀ ਅਤੇ ਉਨ੍ਹਾਂ ਨੂੰ ਲੈ ਕੇ ਜਾਣ ਲਈ ਕੋਈ ਟੈਕਸੀ ਵੀ ਨਹੀਂ ਸੀ। ਮੈਨੂੰ ਡਰ ਸੀ ਕਿ ਉਹ ਸੜਕ 'ਤੇ ਹੋਣਗੇ ਤਾਂ ਬਹੁਤ ਕੁਝ ਗਲਤ ਹੋ ਸਕਦਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਸੁਰੱਖਿਅਤ ਇਹੀ ਹੋਵੇਗਾ ਕਿ ਉਹ ਬੰਕਰ ਵਿੱਚ ਹੀ ਰਹਿਣ।"

ਪਰ ਅਗਲੀ ਸਵੇਰ, ਐਨਾ ਨੇ ਇੱਕ ਟੈਕਸੀ ਲੱਭੀ ਅਤੇ ਸਟੇਸ਼ਨ ਪਹੁੰਚਣ ਵਿੱਚ ਕਾਮਯਾਬ ਹੋ ਗਏ। ਆਪਣੀ ਮਾਂ ਅਤੇ ਆਪਣੇ ਕੁੱਤੇ ਨੂੰ ਆਪਣੀ ਦਾਦੀ ਦੇ ਪਿੰਡ ਜਾਣ ਵਾਲੀ ਰੇਲਗੱਡੀ 'ਤੇ ਬਿਠਾਉਣ ਤੋਂ ਬਾਅਦ, ਐਨਾ ਪੱਛਮੀ ਸਰਹੱਦ 'ਤੇ ਲਵੀਵ ਸ਼ਹਿਰ ਵੱਲ ਜਾਣ ਵਾਲੀ ਰੇਲਗੱਡੀ 'ਤੇ ਚੜ੍ਹ ਗਏ।

ਯੂਕਰੇਨ ਤੋਂ ਨਿੱਕਲ ਕੇ ਉਹ ਪਹਿਲਾਂ ਸਲੋਵਾਕੀਆ ਤੇ ਫਿਰ ਪੋਲੈਂਡ ਪੁੱਜੇ, ਜਿੱਥੇ ਉਨ੍ਹਾਂ ਨੇ ਦੋ ਹਫ਼ਤਿਆਂ ਤੱਕ ਇੰਤਜ਼ਾਰ ਕੀਤਾ। ਇਸ ਦੌਰਾਨ ਅਨੁਭਵ ਨੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਐਨਾ ਦੇ ਵੀਜ਼ੇ ਦਾ ਪ੍ਰਬੰਧ ਕੀਤਾ। ਫਿਰ ਐਨਾ ਨੇ ਅਖੀਰ ਵਿੱਚ ਫਿਨਲੈਂਡ ਦੇ ਹੇਲਸਿੰਕੀ ਤੋਂ ਦਿੱਲੀ ਲਈ ਉਡਾਣ ਭਰੀ।

ਐਨਾ ਕਹਿੰਦੇ ਹਨ, "ਮੈਂ ਫਲਾਈਟ 'ਤੇ ਇੱਕ ਪਲ ਵੀ ਨਹੀਂ ਸੌਂ ਸਕੀ। ਮੈਂ ਪੂਰਾ ਤਰ੍ਹਾਂ ਤਣਾਅ ਵਿੱਚ ਸੀ। ਹਾਲਾਂਕਿ, ਅਸੀਂ ਵਿਵਾਦ ਵਾਲੇ ਖੇਤਰ ਉਪਰੋਂ ਨਹੀਂ ਉੱਡ ਰਹੇ ਸੀ, ਪਰ ਫਿਰ ਵੀ ਮੈਨੂੰ ਚਿੰਤਾ ਸੀ ਕਿ ਹੋ ਸਕਦਾ ਹੈ ਕਿ ਕੋਈ ਮਿਜ਼ਾਈਲ ਜਹਾਜ਼ ਨਾਲ ਟਕਰਾ ਜਾਵੇ ਅਤੇ ਇਹ ਕਰੈਸ਼ ਹੋ ਜਾਵੇ।"

ਫਿਲਮੀ ਅੰਦਾਜ਼ 'ਚ ਐਨਾ ਦਾ ਸ਼ਾਨਦਾਰ ਸਵਾਗਤ

ਅਨੁਭਵ ਤੇ ਐਨਾ

ਤਸਵੀਰ ਸਰੋਤ, Anubhav Bhasin

ਤਸਵੀਰ ਕੈਪਸ਼ਨ, ਅਨੁਭਵ ਨੇ ਦਿੱਲੀ ਹਵਾਈ ਅੱਡੇ 'ਤੇ ਐਨਾ ਦਾ ਸਵਾਗਤ ਬਹੁਤ ਪਿਆਰ ਨਾਲ ਕੀਤਾ।

17 ਮਾਰਚ ਦੀ ਸਵੇਰ ਨੂੰ ਜਦੋਂ ਐਨਾ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਅਨੁਭਵ ਦਾ ਇੱਕ ਮੈਸੇਜ ਮਿਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਥੋੜ੍ਹੀ ਦੇਰੀ ਨਾਲ ਪਹੁੰਚਣਗੇ।

ਐਨਾ ਨੇ ਦੱਸਿਆ ਕਿ "ਮੈਂ ਬਹੁਤ ਨਾਰਾਜ਼ ਸੀ। ਮੈਂ ਥੱਕੀ ਹੋਈ ਸੀ ਅਤੇ ਘਰ ਜਾ ਕੇ ਸੌਣਾ ਚਾਹੁੰਦਾ ਸੀ। ਪਰ ਜਦੋਂ ਮੈਂ ਬਾਹਰ ਆਈ ਤਾਂ ਉਹ ਉੱਥੇ ਹੀ ਸੀ, ਸੰਗੀਤ ਅਤੇ ਗੁਬਾਰਿਆਂ ਦੇ ਨਾਲ।"

ਅਨੁਭਵ ਦੇ ਦਰਜਨਾਂ ਦੋਸਤ ਵੀ ਇਸ ਸਵਾਗਤ ਲਈ ਉੱਥੇ ਮੌਜੂਦ ਸਨ, ਬਹੁਤ ਸਾਰੇ ਅਜਨਬੀਆਂ ਨੇ ਤਾੜੀਆਂ ਵਜਾਈਆਂ ਅਤੇ ਕਈ ਲੋਕ ਇਸ ਨਜ਼ਾਰੇ ਦਾ ਵੀਡੀਓ ਬਣਾ ਰਹੇ ਸਨ। ਇੰਝ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਰੋਮਾਂਟਿਕ ਹਾਲੀਵੁੱਡ ਫਿਲਮ ਦਾ ਸੀਨ ਹੋਵੇ।

ਐਨਾ ਕਹਿੰਦੇ ਹਨ, "ਮੈਨੂੰ ਇਸਦੀ ਉਮੀਦ ਨਹੀਂ ਸੀ ਕਿਉਂਕਿ ਅਨੁਭਵ ਆਮ ਤੌਰ 'ਤੇ ਬਹੁਤ ਵਿਹਾਰਕ ਹਨ, ਪਰ ਬੇਸ਼ੱਕ ਇਹ ਸਭ ਬਹੁਤ ਪਿਆਰਾ ਅਤੇ ਹੈਰਾਨ ਕਰਨ ਵਾਲਾ ਸੀ।''

'ਸਾਡੀ ਪ੍ਰੇਮ ਕਹਾਣੀ ਦੀ ਅਸਲੀ ਹੀਰੋ ਹੈ ਕੌਫ਼ੀ ਮਸ਼ੀਨ'

ਇਸ ਜੋੜੇ ਨੇ ਹੁਣ ਵਿਆਹ ਕਰ ਲਿਆ ਹੈ ਅਤੇ ਇਕੱਠੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ। ਐਨਾ ਕਹਿੰਦੇ ਹਨ ਕਿ ਯੁੱਧ ਖਤਮ ਹੋਣ ਤੋਂ ਬਾਅਦ ਉਹ "ਚੀਜ਼ਾਂ ਨੂੰ ਸਮੇਟਣ ਲਈ ਅਤੇ ਮੇਰੇ ਕੁੱਤੇ ਨੂੰ ਲਿਆਉਣ ਲਈ" ਕੀਵ ਵਾਪਸ ਜਾਣਗੇ।

ਆਪਣੀ ਇਸ ਪ੍ਰੇਮ ਕਹਾਣੀ ਬਾਰੇ ਉਹ ਦੋਵੇਂ ਕਹਿੰਦੇ ਹਨ ਕਿ ਇਸ ਦੀ "ਅਸਲ ਹੀਰੋ" ਕੌਫ਼ੀ ਮਸ਼ੀਨ ਹੈ।

ਅਨੁਭਵ ਤੇ ਐਨਾ

ਤਸਵੀਰ ਸਰੋਤ, Anubhav Bhasin

ਤਸਵੀਰ ਕੈਪਸ਼ਨ, ਇਹ ਕੌਫ਼ੀ ਮਸ਼ੀਨ ਐਨਾ ਦੀ ਦਾਦੀ ਵੱਲੋਂ ਉਨ੍ਹਾਂ ਦੇ ਵਿਆਹ ਲਈ ਤੋਹਫ਼ਾ ਸੀ।

ਐਨਾ ਦੱਸਦੇ ਹਨ, "ਕੁਝ ਮਹੀਨੇ ਪਹਿਲਾਂ ਜਦੋਂ ਮੈਂ ਆਪਣੀ ਦਾਦੀ ਨੂੰ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਦੱਸਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਤੋਹਫ਼ੇ ਲਈ ਕੁਝ ਪੈਸੇ ਦਿੱਤੇ ਸਨ। ਕਿਉਂਕਿ ਅਨੁਭਵ ਨੂੰ ਐਸਪ੍ਰੈਸੋ (ਕੌਫ਼ੀ) ਬਹੁਤ ਪਸੰਦ ਹੈ, ਇਸ ਲਈ ਮੈਂ ਇੱਕ ਕੌਫ਼ੀ ਮਸ਼ੀਨ ਖਰੀਦਣ ਦਾ ਫੈਸਲਾ ਕੀਤਾ।”

”ਫਿਰ ਜਦੋਂ ਮੈਂ ਕੀਵ ਤੋਂ ਨਿੱਕਲੀ, ਮੈਨੂੰ ਇਸਨੂੰ ਆਪਣੇ ਨਾਲ ਲਿਆਉਣਾ ਪਿਆ। ਅਨੁਭਵ ਕਹਿ ਰਹੇ ਸਨ ਕਿ ਪਰੇਸ਼ਾਨ ਨਾ ਹੋਵੋ, ਅਸੀਂ ਇੱਥੇ ਹੀ ਇੱਕ (ਮਸ਼ੀਨ) ਲੈ ਲਵਾਂਗੇ, ਪਰ ਮੇਰੇ ਮਨ 'ਚ ਚੱਲ ਰਿਹਾ ਸੀ ਜੇ ਮੈਂ ਜਲਦੀ ਘਰ ਵਾਪਸ ਨਾ ਜਾ ਸਕੀ ਤਾਂ ਕੀ ਹੋਵੇਗਾ?''

ਅੱਗੇ ਅਨੁਭਵ ਕਹਿੰਦੇ ਹਨ, "ਐਨਾ ਇੱਕ ਟਰੇਂਡ ਮੇਕ-ਅੱਪ ਆਰਟਿਸਟ ਹਨ ਪਰ ਉਨ੍ਹਾਂ ਨੇ ਇਸ ਕੌਫੀ ਮਸ਼ੀਨ ਨੂੰ ਇੱਥੇ ਲਿਆਉਣ ਲਈ ਆਪਣਾ ਬਹੁਤ ਮਹਿੰਗਾ ਮੇਕਅੱਪ ਉੱਥੇ ਹੀ ਛੱਡ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹ ਮਸ਼ੀਨ ਸਾਡੀ ਪ੍ਰੇਮ ਕਹਾਣੀ ਦੀ ਅਸਲੀ ਹੀਰੋ ਹੈ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)