ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੇ ਸੱਤਾ ਤੋਂ ਬਾਹਰ ਹੋਣ ਦੇ ਕੀ ਕਾਰਨ ਹਨ

    • ਲੇਖਕ, ਸਿਕੰਦਰ ਕਰਮਾਨੀ
    • ਰੋਲ, ਬੀਬੀਸੀ ਨਿਊਜ਼, ਇਸਲਾਮਾਬਾਦ

ਸੰਸਦ 'ਚ ਬੇਭਰੋਸਗੀ ਮਤੇ ਤੋਂ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸਥਿਤੀ ਤੱਕ ਪਹੁੰਚਣ ਪਿੱਛੇ ਜਾਂ ਉਨ੍ਹਾਂ ਦੇ ਪਤਨ ਪਿੱਛੇ ਕੀ ਕਾਰਨ ਰਹੇ ਹਨ ?

ਸਾਲ 2018 'ਚ ਜਦੋਂ ਇਮਰਾਨ ਖਾਨ ਦੇਸ਼ ਦੇ ਵਜ਼ੀਰ-ਏ-ਆਜ਼ਮ ਚੁਣੇ ਗਏ ਸਨ ਤਾਂ ਲਗਭਗ ਸਭ ਕੁਝ ਉਨ੍ਹਾਂ ਦੇ ਹੱਕ 'ਚ ਹੀ ਸੀ। ਆਪਣੇ ਕ੍ਰਿਕਟ ਦੇ ਦਿਨਾਂ ਤੋਂ ਉਹ ਇੱਕ ਕੌਮੀ ਨਾਇਕ ਰਹੇ ਸਨ।

ਬਾਅਦ ਵਿੱਚ ਉਨ੍ਹਾਂ ਨੇ ਆਪਣੇ ਇਸ ਸਫ਼ਰ ਨੂੰ ਕ੍ਰਿਸ਼ਮਈ ਰਾਜਨੇਤਾ ਦੇ ਰੂਪ ਵਿੱਚ ਬਦਲ ਦਿੱਤਾ ਅਤੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਦੋ ਵਿਰੋਧੀ ਰਾਜਨੀਤਿਕ ਰਾਜਵੰਸ਼ਾਂ ਨੂੰ ਟੱਕਰ ਦੇਣ ਅਤੇ ਉਨ੍ਹਾਂ ਦੀ ਥਾਂ ਲੈਣ ਵਿੱਚ ਵੀ ਕਾਮਯਾਬ ਰਹੇ।

ਇਹ ਉਹ ਧਿਰਾਂ ਸਨ ਜਿੰਨ੍ਹਾਂ ਨੇ ਕਈ ਦਹਾਕਿਆਂ ਤੱਕ ਪਾਕਿਸਤਾਨ 'ਤੇ ਆਪਣਾ ਦਬਦਬਾ ਕਾਇਮ ਰੱਖਿਆ ਸੀ।

ਉਹ ਆਕਰਸ਼ਕ ਅਤੇ ਦਿਲ ਖਿਚਵੇ ਗੀਤਾਂ ਨਾਲ ਭਰੀਆਂ ਜੋਸ਼ੀਲੀਆਂ ਰੈਲੀਆਂ ਦੇ ਨਾਲ ਇੱਕ ਨਵੀਂ ਤਾਕਤ ਦੇ ਰੂਪ ਵਿੱਚ ਉਭਰੇ। ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ ਅਤੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਸੁਨੇਹੇ ਦਾ ਵਿਆਪਕ ਪ੍ਰਚਾਰ ਵੀ ਕੀਤਾ।

ਖ਼ਾਨ ਨੇ ਮੁਲਕ ਵਿੱਚ 'ਤਬਦੀਲੀ' ਲਿਆਉਣ ਦਾ ਵਾਅਦਾ ਕੀਤਾ ਅਤੇ ਇੱਕ 'ਨਵੇਂ ਪਾਕਿਸਤਾਨ' ਨੂੰ ਸਿਰਜਨ ਦੀ ਗੱਲ ਕਹੀ।

ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵੀ ਵਜ਼ੀਰ-ਏ-ਆਜ਼ਮ ਨੇ ਆਪਣੇ ਸੰਸਦੀ ਕਾਰਜਕਾਲ ਦੇ ਪੰਜ ਸਾਲ ਮੁਕੰਮਲ ਨਹੀਂ ਕੀਤੇ ਹਨ ਅਤੇ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਇਮਰਾਨ ਖਾਨ ਸ਼ਾਇਦ ਇਸ ਦਾ ਅਪਵਾਦ ਸਾਬਤ ਹੋ ਜਾਣਗੇ।

ਹਾਲਾਂਕਿ ਉਨ੍ਹਾਂ ਦੀ ਸਥਿਤੀ ਇੰਨੀ ਸੁਰੱਖਿਅਤ ਦਿਖਾਈ ਦੇਣ ਦਾ ਕਾਰਨ ਵੀ, ਉਨ੍ਹਾਂ ਦੇ ਪਤਨ ਦੀ ਵਿਆਖਿਆ ਕਰਨ ਵਿੱਚ ਮਦਦ ਕਰਦਾ ਹੈ।

ਭਾਵੇਂ ਕਿ ਇਮਰਾਨ ਅਤੇ ਫ਼ੌਜ ਦੋਵੇਂ ਹੀ ਧਿਰਾਂ ਇਸ ਤੋਂ ਮੁਨਕਰ ਹਨ ਫਿਰ ਵੀ ਇਹ ਵਿਆਪਕ ਤੌਰ 'ਤੇ ਮੰਨਿਆ ਗਿਆ ਹੈ ਕਿ ਇਮਰਾਨ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਅਤੇ ਖੁਫੀਆ ਸੇਵਾਵਾਂ ਦੀ ਮਦਦ ਨਾਲ ਹੀ ਸੱਤਾ 'ਚ ਆਏ ਸਨ। ਹੁਣ ਦੋਵਾਂ ਦਾ ਗੁਪਤ ਸਮਝੌਤਾ ਟੁੱਟ ਗਿਆ ਹੈ।

ਬਿਨ੍ਹਾਂ ਸ਼ੱਕ ਇਮਰਾਨ ਖ਼ਾਨ ਨੂੰ ਸਾਲ 2018 'ਚ ਵੱਡੇ ਪੱਧਰ 'ਤੇ ਜਨਤਕ ਸਮਰਥਨ ਹਾਸਲ ਹੋਇਆ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਉਨ੍ਹਾਂ ਨੂੰ ਪਾਕਿਸਤਾਨ 'ਚ 'ਸਥਾਪਨਾ' ਜਾਂ ਫ਼ੌਜ ਵੱਜੋਂ ਜਾਣੇ ਜਾਂਦੇ ਸਮੂਹ ਦੀ ਗੁਪਤ ਹਮਾਇਤ ਵੀ ਹਾਸਲ ਸੀ । ਫ਼ੌਜ ਨੇ ਆਪਣੀ ਹੋਂਦ ਨੂੰ ਮਜਬੂਤ ਕਰਨ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਦੇਸ਼ ਨੂੰ ਕੰਟਰੋਲ ਕੀਤਾ ਹੈ ਅਤੇ ਆਲੋਚਕਾਂ ਨੇ ਇਮਰਾਨ ਖਾਨ ਦੀ ਹਕੂਮਤ ਨੂੰ 'ਹਾਈਬ੍ਰਿਡ ਸ਼ਾਸਨ' ਕਰਾਰ ਦਿੱਤਾ ਹੈ।

ਇਮਰਾਨ ਖ਼ਾਨ ਲਈ ਆਏ ਸਮਰਥਨ ਨੇ ਆਪਣੇ ਵੱਖ-ਵੱਖ ਤਰੀਕਿਆਂ ਨੂੰ ਪੇਸ਼ ਕਰਕੇ ਮਿਸਾਲ ਪੇਸ਼ ਕੀਤੀ। ਸਾਲ 2018 ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਵਿਰੋਧੀਆਂ ਦੇ ਹੱਕ ਵਿੱਚ ਰਿਪੋਰਟਿੰਗ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਡਿਸਟਰੀਬਿਊਸ਼ਨ ਸੀਮਤ ਕਰ ਦਿੱਤੀ ਗਈ।

ਇਸ ਤੋਂ ਇਲਾਵਾ ਚੋਣ ਮੈਦਾਨ ਵਿੱਚ ਨਿੱਤਰੇ ਕੁਝ ਉਮੀਦਵਾਰਾਂ ਨੂੰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਸੀ।

ਇਮਰਾਨ ਖਾਨ ਦੀ ਪਾਰਟੀ ਦੇ ਇੱਕ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ " ਉਨਾਂ ਨੂੰ ਇੰਨ੍ਹਾਂ ਸਾਰਿਆਂ ਨੇ ਹੀ ਬਣਾਇਆ ਸੀ। ਇਹ ਉਹੀ ਲੋਕ ਸਨ ਜਿੰਨ੍ਹਾਂ ਨੇ ਇਮਾਰਨ ਖਾਨ ਨੂੰ ਸੱਤਾ ਵਿੱਚ ਲਿਆਂਦਾ।"

ਉਨ੍ਹਾਂ ਦੇ ਮੁੱਖ ਵਿਰੋਧੀ ਨਵਾਜ਼ ਸ਼ਰੀਫ ਨੂੰ ਪਹਿਲਾਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਅਯੋਗ ਕਰਾਰ ਦਿੱਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ। ਕਈਆਂ ਨੂੰ ਸ਼ੱਕ ਸੀ ਕਿ ਭਾਵੇਂ ਮੀਆਂ ਨਵਾਜ਼ ਸ਼ਰੀਫ ਪਹਿਲਾਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਰਹੇ ਹੋਣ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਸਜ਼ਾ ਦਿੱਤੇ ਜਾਣ ਦੇ ਕਾਰਨ, ਉਨ੍ਹਾਂ ਦੇ ਫ਼ੌਜ ਨਾਲ ਮਤਭੇਦ ਹੀ ਸਨ।

ਨਵਾਜ਼ ਸ਼ਰੀਫ ਨੇ ਆਪਣਾ ਸਿਆਸੀ ਸਫ਼ਰ ਇੱਕ ਫ਼ੌਜੀ ਤਾਨਾਸ਼ਾਹ ਦੀ ਨੁਮਾਇੰਦਗੀ ਹੇਠ ਸ਼ੁਰੂ ਕੀਤਾ ਸੀ। ਬਾਅਦ ਵਿੱਚ ਇਹ 'ਸਥਾਪਨਾ' ਵਧੇਰੇ ਸੁਤੰਤਰ ਹੋ ਗਈ ਅਤੇ ਸ਼ਰੀਫ ਖੁਦ ਇਸ ਦੇ ਗੁੱਸੇ ਦਾ ਸ਼ਿਕਾਰ ਬਣੇ।

ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ 'ਤੇ ਲੱਗੇ ਭ੍ਰਿਸ਼ਟਚਾਰ ਦੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਇਹ ਇਲਜ਼ਾਮ ਸਿਆਸਤ ਤੋਂ ਪ੍ਰਰਿਤ ਹਨ।

ਇਮਰਾਨ ਖ਼ਾਨ ਨੇ ਸੱਤਾ 'ਚ ਆਉਣ ਤੋਂ ਬਾਅਦ ਬਹੁਤ ਹੀ ਧੜੱਲੇ ਨਾਲ ਐਲਾਨ ਕੀਤਾ ਕਿ ਜਦੋਂ ਵੀ ਨੀਤੀਗਤ ਫੈਸਲਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਅਤੇ ਫੌਜ ਦੋਵੇਂ ਹੀ ਇੱਕ ਹੀ ਰਾਇ ਰੱਖਦੇ ਹਨ।

ਚੋਣ ਨਤੀਜਿਆਂ ਨੇ ਸਿਵਲ ਸੁਸਾਇਟੀ ਦੇ ਕਾਰਕੁੰਨ੍ਹਾਂ ਨੂੰ ਚਿੰਤਾ ਵਿੱਚ ਪਾ ਦਿੱਤਾ।

ਇਸ ਚਿੰਤਾ ਦੀ ਵਜ੍ਹਾ ਸੀ ਕਿ ਜਿੰਨ੍ਹਾਂ ਪੱਤਰਕਾਰਾਂ ਅਤੇ ਟਿੱਪਣੀਕਾਰਾਂ ਨੇ ਇਮਰਾਨ ਖ਼ਾਨ ਦੀ ਸਰਕਾਰ ਅਤੇ ਖੁਫ਼ੀਆ ਏਜੰਸੀਆਂ ਦੇ ਕੰਮਾਂ ਦੀ ਆਲੋਚਨਾ ਕੀਤੀ ਸੀ, ਉਨ੍ਹਾਂ 'ਤੇ ਜਾਨਲੇਵਾ ਹਮਲੇ ਹੋਣ ਲੱਗੇ ਜਾਂ ਉਨ੍ਹਾਂ ਨੂੰ ਅਗਵਾ ਕੀਤਾ ਜਾ ਰਿਹਾ ਸੀ।

ਭਾਵੇਂ ਕਿ ਦੋਵਾਂ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਨੂੰ ਸਿਰੇ ਤੋਂ ਨਕਾਰਿਆ ਹੈ ਪਰ ਇਸ ਪਿੱਛੇ ਕਿਸੇ ਹੋਰ ਦੋਸ਼ੀ ਦੇ ਹੋਣ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ।

ਇਮਰਾਨ ਖ਼ਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਖ਼ਾਸ ਧਿਆਨ ਸ਼ਾਸਨ ਨੂੰ ਸੁਧਾਰਨ 'ਤੇ ਲੱਗਾ ਹੈ ਅਤੇ ਇਸ ਲਈ ਉਨ੍ਹਾਂ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੱਕ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਕੇ ਸਮਾਜਿਕ ਭਲਾਈ ਪ੍ਰਣਾਲੀ ਵਿੱਚ ਕੁਝ ਪ੍ਰਭਾਵਸ਼ਾਲੀ ਵਿਸਤਾਰ ਵੀ ਕੀਤੇ ਹਨ।

ਹਾਲਾਂਕਿ ਦੂਜੇ ਖੇਤਰਾਂ 'ਚ ਉਹ ਵਧੇਰੇ ਕੁਝ ਨਾ ਕਰ ਸਕੇ। ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਸਿਆਸਤ ਵਿੱਚ ਨਵੇਂ , ਘੱਟ ਤਜ਼ਰਬੇਕਾਰ ਅਤੇ ਘੱਟ ਯੋਗਤਾ ਵਾਲੇ ਵਿਅਕਤੀ ਨੂੰ ਨਿਯੁਕਤ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਦਾ ਵਿਆਪਕ ਤੌਰ 'ਤੇ ਮਜ਼ਾਕ ਉਡਾਇਆ ਗਿਆ।

ਭਾਰੀ ਆਲੋਚਨਾ ਤੋਂ ਬਾਅਦ ਵੀ ਇਮਰਾਨ ਖ਼ਾਨ ਨੇ ਆਪਣੇ ਵੱਲੋਂ ਨਿਯੁਕਤ ਵਿਅਕਤੀ ਉਸਮਾਨ ਬੁਜ਼ਦਰ ਨੂੰ ਬਦਲਣ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ?

ਇਸ ਪਿੱਛੇ ਅਫਵਾਹਾਂ ਸਨ ਕਿ ਵਜ਼ੀਰ-ਏ-ਆਜ਼ਮ ਦੀ ਪਤਨੀ ਜੋ ਉਨ੍ਹਾਂ ਦੀ ਅਧਿਆਤਮਿਕ ਮਾਰਗਦਰਸ਼ਕ ਹੈ, ਨੇ ਖ਼ਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜਨਾਬ ਬੁਜ਼ਦਰ ਇੱਕ ਚੰਗਾ ਸ਼ਗਨ ਹਨ। ਜੇਕਰ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਤਾਂ ਉਨ੍ਹਾਂ ਦੀ ਪੂਰੀ ਸਰਕਾਰ ਹੀ ਭੰਗ ਹੋ ਜਾਵੇਗੀ।

ਹੋਰ ਚੁਣੌਤੀਆਂ ਵੀ ਸਨ। ਪਾਕਿਸਤਾਨ 'ਚ ਖਾਣ-ਪੀਣ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਅਤੇ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੇ ਹੇਠਾਂ ਡਿੱਗਣ ਨਾਲ ਪਾਕਿਸਤਾਨ 'ਚ ਰਹਿਣਾ ਔਖਾ ਹੋ ਗਿਆ ਹੈ।

ਇਮਰਾਨ ਖ਼ਾਨ ਦੇ ਸਮਰਥਕਾਂ ਨੇ ਇਸ ਸਥਿਤੀ ਲਈ ਆਲਮੀ ਸਥਿਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ ਪਰ ਉਨ੍ਹਾਂ ਦੇ ਖਿਲਾਫ਼ ਜਨਤਕ ਨਾਰਾਜ਼ਗੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਲੋਕਾਂ ਵਿੱਚ ਆਮ ਚਰਚਾ ਹੋ ਰਹੀ ਹੈ ਕਿ "ਭਾਵੇਂ ਕਿ ਸ਼ਰੀਫ ਨੇ ਭ੍ਰਿਸ਼ਟਾਚਾਰ ਰਾਹੀਂ ਆਪਣਾ ਘਰ ਭਰਿਆ ਹੋਵੇ ਪਰ ਘੱਟ ਤੋਂ ਘੱਟ ਉਨ੍ਹਾਂ ਨੇ ਕੰਮ ਤਾਂ ਕੀਤੇ।"

ਫਿਰ ਵੀ ਕੁਝ ਸਮੇਂ ਲਈ ਪ੍ਰਧਾਨ ਮੰਤਰੀ ਫ਼ੌਜ ਲਈ ਸਭ ਤੋਂ ਵਧੀਆ ਦਾਅ ਲੱਗ ਰਹੇ ਸਨ।

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਮੁਕੰਮਲ ਲੌਕਡਾਊਨ ਨਾ ਲਗਾਉਣ ਦੇ ਉਮੀਦ ਨਾਲੋਂ ਹੋਈਆਂ ਘੱਟ ਮੌਤਾਂ ਨੇ ਸਹੀ ਸਾਬਿਤ ਕੀਤਾ ਪਰ ਕਿਉਂ ਹੋਇਆ ਇਸ ਬਾਰੇ ਕੋਈ ਪੱਕੇ ਤੌਰ ’ਤੇ ਨਹੀਂ ਕਹਿ ਸਕਦਾ ਹੈ।

ਇਸ ਦੌਰਾਨ ਉਨ੍ਹਾਂ ਦੇ ਵਿਰੋਧੀਆਂ ਨੇ ਫ਼ੌਜ ਦੇ ਵਿਰੋਧ ਵਿੱਚ ਵਧੇਰੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਵਿਰੋਧੀਆਂ ਨੇ ਫ਼ੌਜ ਮੁੱਖੀ ਜਨਰਲ ਬਾਜਵਾ ਅਤੇ ਖੁਫ਼ੀਆ ਏਜੰਸੀ, ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਨੂੰ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਨ ਲਈ ਜ਼ਿੰਮੇਵਾਰ ਠਹਿਰਾਇਆ।

ਪੂਰਾ ਦ੍ਰਿਸ਼ ਪਿਛਲੇ ਸਾਲ ਨਾਟਕੀ ਢੰਗ ਨਾਲ ਬਦਲ ਗਿਆ। ਬਹੁਤ ਸਾਰੇ ਵਿਸ਼ਲੇਸ਼ਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਫ਼ੌਜ ਇਮਰਾਨ ਖ਼ਾਨ ਵੱਲੋਂ ਵਧੀਆ ਸ਼ਾਸਨ ਲਾਗੂ ਨਾ ਕਰ ਸਕਣ, ਖਾਸ ਕਰਕੇ ਪੰਜਾਬ ਵਿੱਚ, ਕਰਕੇ ਨਾਰਾਜ਼ ਚੱਲ ਰਹੀ ਸੀ।

ਫ਼ੌਜ ਸ਼ਾਇਦ ਇਮਰਾਨ ਖ਼ਾਨ ਨੂੰ ਸੱਤਾ ਵਿੱਚ ਲਿਆਉਣ ਦੇ ਇਲਜ਼ਾਮਾਂ ਤੋਂ ਉਹ ਵਧੇਰੇ ਨਾਰਾਜ਼ ਸੀ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਨਰਲ ਬਾਜਵਾ ਅਤੇ ਲੈਫਟੀਨੈਂਟ ਜਨਰਲ ਫੈਜ਼ ਹਮੀਦ, ਜਿਨ੍ਹਾਂ ਨੂੰ ਕਿ ਅਗਲੇ ਫ਼ੌਜ ਮੁੱਖੀ ਵੱਜੋਂ ਵੇਖਿਆ ਜਾ ਰਿਹਾ ਸੀ, ਦਰਮਿਆਨ ਦਰਾੜ ਵਿਖਾਈ ਦੇਣ ਲੱਗ ਪਈ ਸੀ।

ਲੈਫਟੀਨੈਂਟ ਜਨਰਲ ਹਮੀਦ ਨੂੰ ਫੌਜ ਮੁਖੀ ਦੇ ਅਹੁਦੇ 'ਤੇ ਬਿਰਾਜਮਾਨ ਹੋਣ ਦੀ ਪੂਰੀ ਸੰਭਾਵਨਾ ਸੀ, ਇਸ ਕਰਕੇ ਹੀ ਉਨ੍ਹਾਂ ਨੇ ਗੁਆਂਢੀ ਮੁਲਕ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਅਗਲੇ ਫ਼ੌਜ ਮੁੱਖੀ ਹੋਣਗੇ।

ਹਾਲਾਂਕਿ ਫ਼ੌਜ ਦੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਹਮੀਦ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ 'ਚ ਵੇਖਿਆ ਜਾਂਦਾ ਸੀ ਜੋ ਕਿ 'ਗਲਤ ਕੰਮਾਂ' ਨੂੰ ਪ੍ਰਭਾਵੀ ਢੰਗ ਨਾਲ ਸੰਭਾਲਣ ਦੇ ਯੋਗ ਮੰਨੇ ਜਾਂਦੇ ਸਨ।

ਸਿਆਸਤਦਾਨਾਂ ਨੂੰ ਆਪਣੇ ਹਿਸਾਬ ਨਾਲ ਢਾਲਣਾ ਜਾਂ ਆਲੋਚਕਾਂ ਦੀ ਬੋਲਤੀ ਬੰਦ ਕਰਵਾਉਣ ਵਾਲੇ ਇਸ ਸਖਸ਼ ਨੂੰ ਸੰਸਥਾ ਦੀ ਅਗਵਾਈ ਕਰਨ ਦੇ ਯੋਗ ਵਿਅਕਤੀ ਵੱਜੋਂ ਨਹੀਂ ਵੇਖਿਆ ਗਿਆ ਸੀ।

ਦੋ ਤਾਕਤਵਰ ਹਸਤੀਆਂ ਵਿਚਾਲੇ ਇਹ ਤਣਾਅ ਪਿਛਲੀਆਂ ਗਰਮੀਆਂ ਦੌਰਾਨ ਇੱਕ ਪ੍ਰਭਾਵਸ਼ਾਲੀ ਟਿੱਪਣੀਕਾਰ ਨਾਲ ਇੱਕ ਨਿੱਜੀ ਗੱਲਬਾਤ ਦੌਰਾਨ ਸਾਹਮਣੇ ਆਇਆ ਸੀ।

ਇੱਕ ਪੱਤਰਕਾਰ ਨੇ ਸਵਾਲ ਕੀਤਾ, ਜਿਸ ਦਾ ਜਵਾਬ ਸਿਰਫ ਆਈਐਸਆਈ ਦੇ ਮੁਖੀ ਨੇ ਹੀ ਦਿੱਤਾ ਕਿ ਸਮਾਂ ਖਤਮ ਹੋ ਗਿਆ ਸੀ।

ਦੂਜਾ ਸਵਾਲ ਪੁੱਛੇ ਜਾਣ ਤੋਂ ਪਹਿਲਾਂ ਜਨਰਲ ਬਾਜਵਾ ਨੇ ਵਿਅੰਗਮਈ ਤਰੀਕੇ ਨਾਲ ਕਿਹਾ, "ਮੈਂ ਮੁਖੀ ਹਾਂ ਅਤੇ ਮੈਂ ਹੀ ਇਹ ਫ਼ੈਸਲਾ ਕਰਾਂਗਾ ਕਿ ਅਸੀਂ ਕਦੋਂ ਨਵੇਂ ਮੁਖੀ ਦੀ ਚੋਣ ਕਰ ਰਹੇ ਹਾਂ।"

ਅਕਤੂਬਰ ਮਹੀਨੇ ਦੌਰਾਨ ਵਿਵਾਦ ਹੋਰ ਵੱਧ ਗਿਆ ਅਤੇ ਇਮਾਰਨ ਖ਼ਾਨ ਵੀ ਇਸ ਦੇ ਘੇਰੇ ਵਿੱਚ ਆ ਗਏ।

ਇਹ ਵੀ ਪੜ੍ਹੋ:

ਜਨਰਲ ਬਾਜਵਾ ਖੂਫ਼ੀਆ ਏਜੰਸੀ ਦੇ ਮੁਖੀ ਵੱਜੋਂ ਕਿਸੇ ਨਵੇਂ ਵਿਅਕਤੀ ਦੀ ਚੋਣ ਚਾਹੁੰਦੇ ਸਨ ਅਤੇ ਫ਼ੌਜ ਨੇ ਭੂਮਿਕਾਵਾਂ ਵਿੱਚ ਤਬਦੀਲੀ ਦਾ ਐਲਾਨ ਕੀਤਾ।

ਹਾਲਾਂਕਿ ਇਮਰਾਨ ਖ਼ਾਨ ਜਿਨ੍ਹਾਂ ਦੇ ਲੈਫਟੀਨੈਂਟ ਜਨਰਲ ਹਮੀਦ ਨਾਲ ਨਜ਼ਦੀਕੀ ਸੰਬੰਧ ਕਾਇਮ ਹੋ ਚੁੱਕੇ ਸਨ ਨੇ ਇਸ ਦਾ ਵਿਰੋਧ ਕੀਤਾ। ਜ਼ਾਹਰ ਤੌਰ 'ਤੇ ਉਹ ਚਾਹੁੰਦੇ ਸਨ ਕਿ ਚੋਣਾਂ ਹੋਣ ਤੱਕ ਉਹ ਆਪਣੇ ਅਹੁਦੇ 'ਤੇ ਬਣੇ ਰਹਿਣ।

ਦੱਸਣਯੋਗ ਹੈ ਕਿ ਇਹ ਧਾਰਨਾ ਹੈ ਕਿ ਲੈਫਟੀਨੈਂਟ ਜਨਰਲ ਹਮੀਦ ਇੱਕ ਵਾਰ ਫਿਰ ਖ਼ਾਨ ਦੀ ਜਿੱਤ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਲਗਭਗ ਤਿੰਨ ਹਫ਼ਤੇ ਲਈ ਪੋਸਟਿੰਗ 'ਚ ਤਬਦੀਲੀ ਨੂੰ ਮਨਜੂਰੀ ਦੇਣ ਵਾਲੇ ਇੱਕ ਰਸਮੀ ਨੋਟੀਫੀਕੇਸ਼ਨ ਨੂੰ ਜਾਰੀ ਕਰਨ ਤੋਂ ਰੋਕ ਦਿੱਤਾ ਹੈ।

ਫ਼ੌਜ ਅਤੇ ਇਮਰਾਨ ਖ਼ਾਨ ਦੀ ਸਰਕਾਰ ਵਿਚਾਲੇ ਪੈਦਾ ਹੋਏ ਪਾੜੇ ਨੇ ਵਿਰੋਧੀ ਧਿਰ ਦੇ ਹੌਂਸਲਿਆਂ ਨੂੰ ਮਜਬੂਤ ਕਰ ਦਿੱਤਾ ਹੈ।

ਕਈ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਮਰਾਨ ਖ਼ਾਨ ਨੇ ਸੰਸਦ 'ਚ ਬੇਭਰੋਸਗੀ ਵੋਟ ਦੀ ਤਿਆਰੀ ਸ਼ੁਰੂ ਕੀਤੀ ਅਤੇ ਆਪਣੀ ਪਾਰਟੀ ਵਿੱਚੋਂ ਵਿਰੋਧੀਆਂ ਨਾਲ ਮਿਲਣ ਵਾਲੇ ਆਗੂਆਂ ਨੂੰ ਬਾਹਰ ਕਰਨਾ ਸ਼ੁਰੂ ਕਰ ਦਿੱਤਾ। ਇਹੀ ਉਹ ਸਮਾਂ ਸੀ ਜਦੋਂ ਫ਼ੌਜ ਨੇ ਸਪੱਸ਼ਟ ਕੀਤਾ ਕਿ ਉਹ ਇਸ ਮੌਕੇ ਨਿਰਪੱਖ ਰਹਿਣਗੇ।

ਖ਼ਾਨ ਦੀ ਪਾਰਟੀ ਦੇ ਇੱਕ ਦਲਬਦਲੂ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਅਤੇ ਹੋਰ ਸੰਸਦ ਮੈਂਬਰਾਂ ਨੂੰ ਆਈਐਸਆਈ ਵੱਲੋਂ ਨਿਰਦੇਸ਼ ਹਾਸਲ ਹੁੰਦੇ ਸਨ ਕਿ ਕੀ ਕਰਨਾ ਹੈ।

ਉਸ ਨੇ ਗੁੱਸੇ ਨਾਲ ਕਿਹਾ, “ਸਾਨੂੰ ਕਠਪੁੱਤਲੀ ਬਣਾ ਦਿੱਤਾ ਗਿਆ ਸੀ। ਜਿਵੇਂ ਹੀ ਲੈਫਟੀਨੈਂਟ ਜਨਰਲ ਹਮੀਦ ਨੇ ਅਹੁਦਾ ਛੱਡਿਆ ਅਜਿਹੇ ਨਿਰਦੇਸ਼ ਆਉਣੇ ਵੀ ਬੰਦ ਹੋ ਗਏ ਸਨ। ਹੁਣ ਫ਼ੌਜ ਦਖਲ ਨਹੀਂ ਦੇ ਰਹੀ ਹੈ।"

ਇਮਰਾਨ ਖ਼ਾਨ ਅਤੇ ਫੌਜ ਵਿਚਾਲੇ ਹੋਰ ਮਤਭੇਦ ਵੀ ਸਾਹਮਣੇ ਆਏ ਹਨ, ਖਾਸ ਤੌਰ 'ਤੇ ਵਿਦੇਸ਼ੀ ਨੀਤੀ ਦੇ ਸੰਬੰਧ ਵਿੱਚ।

ਭਾਵੇਂ ਕਿ ਜਨਰਲ ਬਾਜਵਾ ਨੇ ਰੂਸੀ ਫੌਜਾਂ ਦੇ ਯੂਕਰੇਨ ਵਿੱਚ ਦਾਖਲ ਹੋਣ ਵਾਲੇ ਦਿਨ ਇਮਰਾਨ ਖ਼ਾਨ ਵੱਲੋਂ ਮਾਸਕੋ ਦੇ ਦੌਰੇ ਨੂੰ ਸਹੀ ਦੱਸਿਆ ਸੀ।

ਜਨਰਲ ਬਾਜਵਾ ਨੇ ਪੱਛਮੀ ਅਧਿਕਾਰੀਆਂ ਵੱਲੋਂ ਰਾਸ਼ਟਰਪਤੀ ਪੁਤਿਨ ਦੇ ਵਿਵਹਾਰ ਦੀ ਨਿੰਦਾ ਕਰਨ ਦੇ ਯਤਨਾਂ ਦੀ ਆਲੋਚਨਾ ਕੀਤੀ ਸੀ, ਹਾਲਾਂਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇੰਨ੍ਹਾਂ ਹਮਲਿਆਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਯੂਸਫ਼ ਕਹਿੰਦੇ ਹਨ ਕਿ ਇਮਰਾਨ ਨੂੰ ਜਨਲਰ ਬਾਜਵਾ ਵੱਲੋਂ ਭਾਰਤ ਨਾਲ ਵਪਾਰ ਅੰਸ਼ਿਕ ਤੌਰ ’ਤੇ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ। ਇਸ ਸਲਾਹ ਨੂੰ ਹਾਲਾਂਕਿ ਇਮਰਾਨ ਖ਼ਾਨ ਨੇ ਸਿਆਸੀ ਕਾਰਨਾਂ ਕਰਕੇ ਖਾਰਜ ਕਰ ਦਿੱਤਾ ਗਿਆ।

ਦੇਖਿਆ ਜਾਵੇ ਤਾਂ ਪਿਛਲੀਆਂ ਸਰਕਾਰਾਂ ਵੀ ਭਾਰਤ ਨਾਲ ਰਿਸ਼ਤੇ ਸੁਧਾਰਨ ਦੇ ਪੱਖ ਵਿੱਚ ਸਨ। ਜਦਕਿ ਉਸ ਸਮੇਂ ਫ਼ੌਜ ਭਾਰਤ ਨਾਲ ਰਿਸ਼ਤੇ ਸੁਧਾਰਨ ਦੇ ਪੱਖ ਵਿੱਚ ਨਹੀਂ ਸੀ।

ਹਾਲਾਂਕਿ ਇਮਰਾਨ ਖਾਨ ਨੇ ਕਈ ਵਾਰ ਸੰਕੇਤ ਦਿੱਤਾ ਹੈ ਕਿ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਵਿਦੇਸ਼ ਨੀਤੀ 'ਚ ਪੱਛਮੀ ਵਿਰੋਧੀ ਝੁਕਾਅ ਦੇ ਕਾਰਨ ਅਫਗਾਨਿਸਤਾਨ 'ਚ ਅਮਰੀਕਾ ਦੀ ਜੰਗ ਦੀ ਆਲੋਚਨਾ ਕਰਦੇ ਰਹੇ ਹਨ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਾਕਿਸਤਾਨ 'ਚ ਸ਼ਾਸਨ ਤਬਦੀਲੀ ਨੂੰ ਪ੍ਰਭਾਵਿਤ ਕਰਨ ਦੇ ਅਮਰੀਕੀ ਅਗਵਾਈ ਵਾਲੇ ਯਤਨਾਂ ਦਾ ਸ਼ਿਕਾਰ ਹੋਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)