ਇਮਰਾਨ ਖ਼ਾਨ ਦਾ ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦੀ ਪਿੱਚ ਤੱਕ ਦਾ ਸਫ਼ਰ

    • ਲੇਖਕ, ਆਰਿਫ਼ ਸ਼ਮੀਮ
    • ਰੋਲ, ਬੀਬੀਸੀ ਉਰਦੂ ਸੇਵਾ

ਜੇ ਕਿਸੇ ਨੂੰ ਇਹ ਸ਼ੱਕ ਹੈ ਕਿ ਇਮਰਾਨ ਖ਼ਾਨ ਭੀੜ ਇਕੱਠੀ ਨਹੀਂ ਕਰ ਸਕਦੇ ਤਾਂ ਪੱਕੇ ਤੌਰ 'ਤੇ ਉਸ ਨੂੰ ਪਾਕਿਸਤਾਨ ਦੀ ਸਿਆਸਤ ਬਾਰੇ ਸਮਝ ਨਹੀਂ ਹੈ।

ਸਾਲ 1992 ਵਿੱਚ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕੱਪ ਵਿੱਚ ਜਿੱਤ ਦਵਾਉਣ ਤੋਂ ਲੈ ਕੇ ਸਾਲ 2022 ਵਿੱਚ ਆਪਣੀ ਜੇਬ ਵਿੱਚੋਂ ਚਿੱਠੀ ਕੱਢ ਕੇ ਲਹਿਰਾਉਣ ਤੱਕ। ਇਮਰਾਨ ਖ਼ਾਨ ਕੋਲ ਹਮੇਸ਼ਾ ਅਜਿਹੇ ਫੈਨ ਰਹੇ ਹਨ ਜੋ ਸਮਝਦੇ ਹਨ ਕਿ ਕਪਤਾਨ ਉਨ੍ਹਾਂ ਤੋਂ ਕੀ ਚਾਹੁੰਦਾ ਹੈ।

ਇਮਰਾਨ ਖ਼ਾਨ 'ਤੇ ਅਗਲੇ ਪੰਜ ਸਾਲ ਲਈ ਚੋਣ ਲੜਨ ਉੱਤੇ ਰੋਕ ਲੱਗ ਗਈ ਹੈ। ਇਮਰਾਨ ਖ਼ਾਨ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਸੱਤਾ ਵਿੱਚ ਰਹਿੰਦੇ ਹੋਏ ਜੋ ਤੋਹਫ਼ੇ ਲਏ ਸਨ ਉਨ੍ਹਾਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ।

ਇਮਰਾਨ ਖ਼ਾਨ ਦੀ ਕਹਾਣੀ ਪੈਵੀਲੀਅਨ ਤੋਂ ਪਿੱਚ ਤੱਕ ਦੀ ਹੈ। ਇਸੇ ਦੌਰਾਨ ਉਨ੍ਹਾਂ ਨੇ ਕਈ ਵਾਰ ਆਪਣੇ ਵਿਰੋਧੀਆਂ ਨੂੰ ਹੈਰਾਨ ਕੀਤਾ ਹੈ। ਉਨ੍ਹਾਂ ਦੇ ਵਿਰੋਧੀ ਇਮਰਾਨ ਨਾਲ ਖੇਡੀ ਇਸ ਪਾਰੀ ਨੂੰ ਕਦੇ ਨਹੀਂ ਭੁੱਲਣਗੇ।

ਇਹ ਵੀ ਪੜ੍ਹੋ:

ਕ੍ਰਿਕਟ ਦਾ ਮੈਦਾਨ ਅਤੇ ਸਿਆਸਤ ਦੀ ਪਿੱਚ

ਪਾਕਿਸਤਾਨ ਦੀ ਸਿਆਸਤ ਵਿੱਚ ਇਮਰਾਨ ਖ਼ਾਨ ਦੀ ਐਂਟਰੀ ਕੋਈ ਸੰਜੋਗ ਵੱਸ ਨਹੀਂ ਸੀ। ਇਮਰਾਨ ਖ਼ਾਨ ਮੁਤਾਬਕ, ਇਸ ਲਈ ਉਨ੍ਹਾਂ ਨੇ ਕਈ ਸਾਲ ਇੰਤਜ਼ਾਰ ਅਤੇ ਤਿਆਰੀ ਕੀਤੀ ਹੈ।

ਪਹਿਲੀ ਵਾਰ ਉਨ੍ਹਾਂ ਨੇ 1987 ਵਿੱਚ ਕ੍ਰਿਕਟ ਤੋਂ ਸਨਿਆਸ ਦਾ ਫ਼ੈਸਲਾ ਕੀਤਾ ਤਾਂ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਜ਼ਿਆ ਉੱਲ ਹੱਕ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਕੁਝ ਮਹੀਨੇ ਬਾਅਦ ਇਮਰਾਨ ਖ਼ਾਨ ਨੇ ਸਨਿਆਸ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਸੀ।

ਫਿਰ ਜਦੋਂ ਜਨਰਲ ਨੇ ਉਨ੍ਹਾਂ ਨੂੰ ਕੁਝ ਦੇਰ ਬਾਅਦ ਸਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਤਾਂ ਇਸ ਵਾਰ ਇਮਰਾਨ ਨੇ ਕੋਰਾ ਜਵਾਬ ਦੇ ਦਿੱਤਾ।

ਜਨਰਲ ਤੋਂ ਬਾਅਦ ਨਵਾਜ਼ ਸ਼ਰੀਫ਼ ਨੇ ਵੀ ਇਮਰਾਨ ਖ਼ਾਨ ਨੂੰ ਸਾਵੀਂ ਪੇਸ਼ਕਸ਼ ਕੀਤੀ ਪਰ ਇਮਰਾਨ ਨੇ ਇੱਕ ਵਾਰ ਫਿਰ ਮਨ੍ਹਾਂ ਕਰ ਦਿੱਤਾ ਅਤੇ ਦੁਹਰਾਇਆ ਕਿ ਉਹ ਸਿਆਸਤ ਵਿੱਚ ਨਹੀਂ ਆਉਣਗੇ।

ਹਾਲਾਂਕਿ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਆਖ਼ਰ ਇਮਰਾਨ ਖ਼ਾਨ ਨੇ ਸਿਆਸਤਦਾਨ ਦਾ ਚੋਗਾ ਪਾ ਹੀ ਲਿਆ।

ਇਮਰਾਨ ਖ਼ਾਨ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐਸਆਈ ਦੇ ਸਾਬਕਾ ਮੁਖੀ ਜਨਰਲ ਹਮੀਦ ਗੁੱਲ ਨੂੰ ਕਾਫ਼ੀ ਪਸੰਦ ਕਰਦੇ ਸਨ।

ਢੁਕਵਾਂ ਮੌਕਾ ਆਉਂਦਿਆਂ ਹੀ ਇਮਰਾਨ ਨੇ ਜਨਰਲ ਹਮੀਦ ਨਾਲ ਮੁਲਾਕਾਤ ਕੀਤੀ ਅਤੇ ਮੁਹੰਮਦ ਅਲੀ ਦੁਰਾਨੀ ਦੀ ਸਮਾਜਿਕ ਸੰਸਥਾ 'ਪਸਬਨ' ਜੁਆਇਨ ਕਰ ਲਈ।

ਉਸ ਸਮੇਂ ਹਮੀਦ ਗੁੱਲ ਅਤੇ ਦੁਰਾਨੀ ਨੇ ਇਸ ਸੰਗਠਨ ਨੂੰ ਇੱਕ ਤੀਜੇ ਪ੍ਰੈਸ਼ਰ ਗਰੁੱਪ ਵਜੋਂ ਪੇਸ਼ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਪਾਕਿਸਤਾਨ ਨੂੰ ਸਿਆਸਤਦਾਨਾਂ ਵੱਲੋਂ ਦੋਵਾਂ ਹੱਥਾਂ ਨਾਲ ਕੀਤੀ ਜਾ ਰਹੀ ਲੁੱਟ ਤੋਂ ਬਚਾਉਣ ਲਈ ਇਸ ਦੀ ਬੇਹੱਦ ਲੋੜ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਸਿਆਸਤਦਾਨਾਂ ਦੀ ਲੜਾਈ ਵਿੱਚ ਘੁਣ ਵਾਂਗ ਪਿਸ ਰਹੇ ਸਨ।

ਪਸਬਨ ਦੇ ਮੋਢੀਆਂ ਨੇ ਇਸ ਨੂੰ ਸਮਾਜਿਕ ਬਦਲਾਅ ਵੱਲ ਚੁੱਕਿਆ ਗਿਆ ਪਹਿਲਾ ਕਦਮ ਦੱਸਿਆ। ਇਸ ਤੋਂ ਪੈਦਾ ਹੋਈ ਲਹਿਰ ਵਿੱਚੋਂ ਹੀ ਇਮਰਾਨ ਖ਼ਾਨ ਪਾਕਿਸਤਾਨ ਦੇ ਇੱਕ ਵੱਡੇ ਆਗੂ ਵਜੋਂ ਉੱਭਰੇ।

ਇਹ ਪੈਂਤੜਾ ਰਾਸ ਆ ਗਿਆ ਸੀ। ਜਨਰਲ ਹਮੀਦ ਗੁੱਲ ਅਤੇ ਦੁਰਾਨੀ ਇੱਕ ਯੋਗ ਸੰਗਠਨਕਰਤਾ ਸਨ। ਉਸ ਦੇ ਨਾਲ ਸੁਮੇਲ ਹੋਇਆ ਵਿਸ਼ਵ ਕੱਪ ਜੇਤੂ ਕਪਤਾਨ ਦੀ ਚਮਤਕਾਰੀ ਸ਼ਖਸ਼ੀਅਤ ਦਾ। ਇਸ ਲਹਿਰ ਅਤੇ ਦੋਵਾਂ ਆਗੂਆਂ ਦੀ ਇਮਰਾਨ ਨੂੰ ਉਭਾਰਨ ਵਿੱਚ ਬਹੁਤ ਅਹਿਮ ਭੂਮਿਕਾ ਰਹੀ।

ਕਈ ਸਾਲਾਂ ਬਾਅਦ ਇੱਕ ਹੋਰ ਜਨਰਲ ਪਰਵੇਜ਼ ਮੁਸ਼ਰੱਫ ਵੀ ਇਮਰਾਨ ਖ਼ਾਨ ਦੇ ਨਜ਼ਦੀਕ ਆਏ ਅਤੇ ਇਮਰਾਨ ਨੇ ਉਨ੍ਹਾਂ ਦੇ ਨਾਲ ਸਮਝੌਤਾ ਕਰ ਲਿਆ।

ਕੈਂਸਰ ਹਸਪਤਾਲ ਅਤੇ ਪ੍ਰਭਾਵ ਵਿੱਚ ਵਾਧਾ

ਇਮਰਾਨ ਖ਼ਾਨ ਬੇਸ਼ੱਕ ਅਬਦੁੱਲ ਸਤਾਰ ਈਦੀ ਤੋਂ ਬਾਅਦ ਪਾਕਿਸਤਾਨ ਦੇ ਸਭ ਤੋਂ ਵੱਡੇ ਦਾਨੀ ਸੱਜਣ ਹਨ। ਇਮਰਾਨ ਖ਼ਾਨ ਨੇ ਆਪਣੀ ਮਾਂ ਸ਼ੌਕਤ ਖ਼ਾਨ ਦੇ ਨਾਮ 'ਤੇ ਬਣਾਏ ਕੈਂਸਰ ਹਸਪਤਾਲ ਰਾਹੀਂ ਪਾਕਿਸਤਾਨੀ ਅਬਾਦੀ ਦੇ ਵੱਡੇ ਹਿੱਸੇ ਦੀ ਸੇਵਾ ਕੀਤੀ ਹੈ।

ਹਾਲਾਂਕਿ ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਇਹ ਮੁਹੰਮਦ ਅਲੀ ਦੁਰਾਨੀ ਹੀ ਸਨ ਜਿਨ੍ਹਾਂ ਨੇ ਪਾਕਿਸਤਾਨ ਦੇ ਕਾਰੋਬਾਰੀ ਵਰਗ ਅਤੇ ਆਪਣੀ ਪਾਰਟੀ ਦੇ ਕਾਰਕੁਨਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਇਸ ਹਸਪਤਾਲ ਲਈ ਕਰੋੜਾਂ ਰੁਪਏ ਦੀ ਰਾਸ਼ੀ ਇਕੱਠੀ ਕੀਤੀ।

ਫੰਡ ਜੁਟਾਉਣ ਦੌਰਾਨ ਇਮਰਾਨ ਖ਼ਾਨ ਨੇ ਵੱਡੇ ਕਾਰੋਬਾਰੀ ਅਬਦੁਲ ਹਲੀਮ ਖ਼ਾਨ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਹਸਪਤਾਲ ਲਈ ਛੇ ਕਰੋੜ ਰੁਪਏ ਦਾ ਚੰਦਾ ਦੇਣ ਦਾ ਐਲਾਨ ਕੀਤਾ।

ਪਾਕਿਸਤਾਨ ਦੇ ਅਖ਼ਬਾਰ ਡਾਨ ਦੇ ਪੱਤਰਕਾਰ ਮਨਸੂਰ ਮਲਿਕ ਜੋ ਕਿ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੂੰ ਕਵਰ ਕਰਦੇ ਹਨ। ਉਹ ਵੀ ਉਸ ਮੁਲਾਕਾਤ ਮੌਕੇ ਹਾਜ਼ਰ ਸਨ।

ਮਲਿਕ ਦੱਸਦੇ ਹਨ, ''ਪੀਟੀਆਈ ਤੋਂ ਪਹਿਲਾਂ ਇਮਰਾਨ ਖ਼ਾਨ ਦਾ ਸਭ ਤੋਂ ਵੱਡਾ ਪ੍ਰੋਜੈਕਟ ਉਨ੍ਹਾਂ ਦੀ ਮਾਂ ਦੇ ਨਾਮ 'ਤੇ ਬਣਨ ਵਾਲਾ ਹਸਪਤਾਲ ਸੀ ਅਤੇ ਇਸ ਲਈ ਉਨ੍ਹਾਂ ਨੇ ਦਿਨ-ਰਾਤ ਕੰਮ ਕੀਤਾ।''

''ਇਸ ਪ੍ਰੋਜੈਕਟ ਸਦਕਾ ਉਨ੍ਹਾਂ ਨਾਲ ਪਾਕਿਸਤਾਨੀ ਅਵਾਮ ਦਾ ਜੁੜਾਅ ਹੋਇਆ। ਉਨ੍ਹਾਂ ਨਾਲ ਨੌਜਵਾਨ, ਔਰਤਾਂ, ਕਾਰੋਬਾਰੀ ਆ ਕੇ ਜੁੜੇ ਅਤੇ ਅਖ਼ੀਰ ਅਲੀਮ ਖ਼ਾਨ ਜਿਨ੍ਹਾਂ ਨੂੰ ਤਹਿਰੀਕ-ਏ-ਇਨਸਾਫ਼ ਦਾ ਏਟੀਐਮ ਕਿਹਾ ਜਾਂਦਾ ਸੀ ਉਨ੍ਹਾਂ ਨਾਲ ਜੁੜੇ।''

ਲਾਹੌਰ ਵਿਚਲੇ ਹਸਪਤਾਲ ਦੀ ਤੀਜੀ ਮੰਜ਼ਿਲ ਉੱਪਰ ਇੱਕ ਵਾਰਡ ਦਾ ਨਾਮ ਅਲੀਮ ਦੇ ਪਿਤਾ ਅਤੇ ਪੇਸ਼ਾਵਰ ਵਿਚਲੇ ਹਸਪਤਾਲ ਦੀ ਇੱਕ ਮੰਜ਼ਿਲ ਦਾ ਨਾਮ ਉਨ੍ਹਾਂ ਦੀ ਮਾਂ ਦੇ ਨਾਮ 'ਤੇ ਰੱਖਿਆ ਗਿਆ। ਅਲੀਮ ਅਬਦੁੱਲ ਹਲੀਮ ਖ਼ਾਨ ਫਾਊਂਡੇਸ਼ਨ ਤਹਿਤ ਪਾਕਿਸਤਾਨ ਵਿੱਚ ਭਲਾਈ ਕਾਰਜ ਕਰਦੇ ਹਨ।

ਸ਼ੌਕਤ ਖ਼ਾਨ ਯਾਦਗਾਰੀ ਕੈਂਸਰ ਰਿਸਰਚ ਸੈਂਟਰ ਅਤੇ ਹਸਪਤਾਲ ਦਾ ਉਦਘਾਟਨ 29 ਦਸੰਬਰ 1994 ਨੂੰ ਕੀਤਾ ਗਿਆ।

ਇਸ ਤੋਂ ਦੋ ਸਾਲ ਬਾਅਦ 25 ਅਪ੍ਰੈਲ 1996 ਨੂੰ ਇਮਰਾਨ ਖ਼ਾਨ ਨੇ ਆਪਣੀ ਸਿਆਸੀ ਪਾਰਟੀ ਤਹਿਰੀਕ-ਏ-ਇਨਸਾਫ਼ ਦੀ ਨੀਂਹ ਰੱਖੀ।

ਪਾਰਟੀ ਦਾ ਮੈਨੀਫ਼ੈਸਟੋ ਪਸਬਨ ਉੱਪਰ ਹੀ ਅਧਾਰਿਤ ਸੀ। ਪਾਰਟੀ ਦਾ ਮਕਸਦ ਪਾਕਿਸਤਾਨ ਵਿੱਚ ਲੋਕ ਭਲਾਈ ਵਾਲੇ ਇਸਲਾਮਿਕ ਰਾਜ ਦੀ ਸਥਾਪਨਾ ਸੀ। ਇਸ ਦੇ ਸਲੋਗਨਾਂ ਵਿੱਚੋਂ ਜਵਾਬਦੇਹੀ ਤੈਅ ਕਰਨਾ ਅਤੇ ਇੱਕ ਸਹੀ ਸਮਾਜ ਦਾ ਨਿਰਮਾਣ ਕਰਨਾ ਅਹਿਮ ਸਨ।

ਹਾਲਾਂਕਿ ਸ਼ੁਰੂ ਵਿੱਚ ਇਹ ਇੱਕ 'ਵਨ ਮੈਨ ਸ਼ੋਅ' ਹੀ ਸੀ ਪਰ ਬਾਅਦ ਵਿੱਚ ਲੋਕ ਇਸ ਕਾਫ਼ਲੇ ਦਾ ਹਿੱਸਾ ਬਣਦੇ ਚਲੇ ਗਏ।

ਮਨਸੂਰ ਮਲਿਕ ਕਹਿੰਦੇ ਹਨ ਕਿ ਹਾਲਾਂਕਿ ਪਾਰਟੀ 1996 ਵਿੱਚ ਹੀ ਬਣ ਗਈ ਸੀ ਪਰ ਇਸ ਦੀ ਮੌਜੂਦਗੀ ਪਹਿਲੀ ਵਾਰ 2011 ਵਿੱਚ ਦਰਜ ਕੀਤੀ ਗਈ, ਜਦੋਂ ਇਸ ਨੇ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ਕੋਲ ਇੱਕ ਵੱਡੀ ਰੈਲੀ ਕੀਤੀ।

ਸਾਲ 2002 ਦੀਆਂ ਚੋਣਾਂ ਵਿੱਚ ਪਾਰਟੀ ਸਿਰਫ਼ ਇੱਕ ਸੀਟ ਹੀ ਜਿੱਤ ਸਕੀ, ਜੋ ਕਿ ਇਮਰਾਨ ਖ਼ਾਨ ਨੇ ਹੀ ਜਿੱਤੀ ਸੀ। ਫਿਰ 2013 ਦੀਆਂ ਚੋਣਾਂ ਆਈਆਂ ਅਤੇ ਪਾਰਟੀ ਨੇ ਆਪਣੇ-ਆਪ ਨੂੰ ਜ਼ਮੀਨੀ ਪੱਧਰ 'ਤੇ ਸੰਗਠਿਤ ਕਰਨਾ ਸ਼ੁਰੂ ਕੀਤਾ। ਪਾਰਟੀ ਨੇ ਉਨ੍ਹਾਂ ਲੋਕਾਂ ਨੂੰ ਮੈਦਾਨ ਵਿੱਚ ਉਤਾਰਿਆ ਜੋ ਜਿੱਤ ਸਕਣ ਅਤੇ ਪੈਸਾ ਵੀ ਖਰਚ ਕਰ ਸਕਣ।

ਪਾਰਟੀ ਬਣਦਿਆਂ ਹੀ ਫੁੱਟ ਪੈਣੀ ਵੀ ਸ਼ੁਰੂ ਹੋ ਗਈ

ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਅੰਦਰੂਨੀ ਫੁੱਟ ਬਾਰੇ ਅਕਸਰ ਜ਼ਿਕਰ ਕੀਤਾ ਜਾਂਦਾ ਹੈ। ਕਈ ਵਾਰ ਵਿਰੋਧੀ ਸੁਰਾਂ ਅਲਾਪਣ ਵਾਲਿਆਂ ਨੂੰ ਗੱਦਾਰ ਕਿਹਾ ਜਾਂਦਾ ਹੈ ਅਤੇ ਕਦੇ ਭ੍ਰਿਸ਼ਟ।

ਹਾਲਾਂਕਿ ਕੀ ਅਜਿਹਾ ਪਾਕਿਸਤਾਨ ਦੀ ਸਿਆਸਤ ਵਿੱਚ ਪਹਿਲੀ ਵਾਰ ਹੋ ਰਿਹਾ ਹੈ?

ਇਹ ਸਿਲਸਿਲਾ ਤਾਂ ਉਦੋਂ ਤੋਂ ਜਾਰੀ ਹੈ ਜਦੋਂ ਪਾਰਟੀ ਅਜੇ ਹੋਂਦ ਵਿੱਚ ਆਈ ਹੀ ਸੀ। ਉਦੋਂ ਤੋਂ ਲੈਕੇ ਕਈ ਲੋਕ ਇਸ ਪਾਰਟੀ ਤੋਂ ਨਰਾਜ਼ ਹੋਏ ਅਤੇ ਛੱਡ ਕੇ ਚਲੇ ਗਏ।

ਜਦੋਂ ਇਮਰਾਨ ਖ਼ਾਨ ਨੇ ਤਹਿਰੀਕ-ਏ-ਇਨਸਾਫ਼ ਪਾਰਟੀ ਬਣਾਈ ਤਾਂ ਸ਼ਾਇਦ ਉਨ੍ਹਾਂ ਨੂੰ ਗੁਮਾਨ ਨਹੀਂ ਸੀ ਕਿ 11 ਮੈਂਬਰੀ ਕ੍ਰਿਕਟ ਟੀਮ ਅਤੇ ਕੌਮੀ ਪੱਧਰ ਦੀ ਇੱਕ ਸਿਆਸੀ ਤਨਜ਼ੀਮ ਦੀ ਅਗਵਾਈ ਕਰਨ ਵਿੱਚ ਕਿੰਨਾ ਫ਼ਰਕ ਹੁੰਦਾ ਹੈ।

ਕਿਹਾ ਜਾਂਦਾ ਹੈ ਕਿ ਜਿੰਨਾ ਕੋਈ ਵਿਅਕਤੀ ਇਮਰਾਨ ਖ਼ਾਨ ਵੱਲ ਖਿੱਚਿਆ ਜਾਂਦਾ ਹੈ ਕੁਝ ਸਮੇਂ ਬਾਅਦ ਉਹ ਇਮਰਾਨ ਤੋਂ ਉਨਾਂ ਹੀ ਦੂਰ ਵੀ ਚਲਿਆ ਜਾਂਦਾ ਹੈ।

ਇਮਰਾਨ ਖ਼ਾਨ ਤੋਂ ਨਰਾਜ਼ ਹੋ ਕੇ ਪਾਰਟੀ ਛੱਡਣ ਵਾਲਿਆਂ ਦੀ ਲਿਸਟ ਲੰਬੀ ਹੈ ਅਤੇ ਇਸ ਵਿੱਚ ਹਾਮਿਦ ਖ਼ਾਨ, ਸਾਬਕਾ ਜਸਟਿਸ ਵਜੀਹੁਦੀਨ ਤੋਂ ਲੈ ਕੇ ਜਹਾਂਗੀਰ ਖ਼ਾਨ ਅਤੇ ਅਲੀਮ ਖ਼ਾਨ ਵਰਗੇ ਨਾਮ ਸ਼ਾਮਲ ਹਨ।

ਅਕਸਰ ਇਮਰਾਨ ਖ਼ਾਨ ਦੇ ਆਪਣੇ ਫ਼ੈਸਲੇ ਵੀ ਪਾਰਟੀ ਵਿੱਚ ਤਣਾਅ ਦਾ ਕਾਰਨ ਬਣਦੇ ਹਨ। ਮਿਸਾਲ ਵਜੋਂ ਸਾਲ 2013 ਦੀਆਂ ਚੋਣਾਂ ਤੋਂ ਪਹਿਲਾਂ ਅਚਾਨਕ ਫ਼ੈਸਲਾ ਲਿਆ ਗਿਆ ਕਿ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦੀ ਥਾਂ ਲੋਕਾਂ ਤੋਂ ਉਮੀਦਵਾਰਾਂ ਦੇ ਨਾਮ ਲਏ ਜਾਣ।

ਮਨਸੂਰ ਮਲਿਕ ਕਹਿੰਦੇ ਹਨ ਕਿ ਸ਼ੁਰੂ ਵਿੱਚ ਕਿਹਾ ਗਿਆ ਸੀ ਕਿ ਪਾਰਟੀ ਉਮੀਦਵਾਰਾਂ ਦੀ ਚੋਣ ਲਈ ਚੋਣਾਂ ਕਰਵਾਏਗੀ। ਜਦਕਿ ਪਾਰਟੀ ਵਿੱਚ ਧੜੇਬੰਦੀ ਇੰਨੀ ਹੋ ਚੁੱਕੀ ਸੀ ਕਿ ਪਾਰਟੀ ਦੇ ਅੰਦਰ ਹੀ ਖਾਨਾਜੰਗੀ ਸ਼ੁਰੂ ਹੋ ਗਈ। ਇਸੇ ਦੌਰਾਨ 2013 ਦੀਆਂ ਚੋਣਾਂ ਸਿਰ 'ਤੇ ਆ ਗਈਆਂ।

ਫਿਰ ਪੀਟੀਆਈ ਨੂੰ ਅਹਿਸਾਸ ਹੋਇਆ ਕਿ ਉਹ ਵਿਰੋਧੀਆਂ ਨਾਲ ਲੜਨ ਦੀ ਥਾਂ ਖ਼ੁਦ ਨਾਲ ਹੀ ਲੜ ਰਹੀ ਹੈ। ਜਦੋਂ ਨਤੀਜੇ ਆਏ ਤਾਂ ਹਰ ਕਿਸੇ ਨੂੰ ਪਤਾ ਸੀ ਕਿ ਕੁਤਾਹੀ ਕਿੱਥੇ ਹੋਈ ਹੈ।

ਮਲਿਕ ਕਹਿੰਦੇ ਹਨ ਕਿ ਜੋ ਲੋਕ ਹੁਣ ਪਾਰਟੀ ਦਾ ਸਾਥ ਛੱਡ ਕੇ ਜਾ ਰਹੇ ਹਨ ਉਹ ਪਹਿਲਾਂ ਵੀ ਬੋਲਦੇ ਰਹੇ ਹਨ ਪਰ ਹੁਣ ਉਹ ਗੁੱਸੇ ਹੋ ਗਏ ਹਨ।

ਅਸੈਂਬਲੀ ਦੇ ਮੈਂਬਰਾਂ ਅਤੇ ਸਾਂਸਦਾਂ ਨੂੰ ਆਪਣੇ ਹਲਕਿਆਂ ਲਈ ਫੰਡ ਵੀ ਨਹੀਂ ਮਿਲ ਰਹੇ ਸਨ। ਕਿਉਂਕਿ ਇਮਰਾਨ ਖ਼ਾਨ ਦਾ ਕਹਿਣਾ ਸੀ ਕਿ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਅਤੇ ਸਾਂਸਦਾਂ ਨੂੰ ਫੰਡ ਨਹੀਂ ਮਿਲਣੇ ਚਾਹੀਦੇ ਕਿਉਂਕਿ ਇਹ ਕੰਮ ਸਥਾਨਕ ਸਰਕਾਰਾਂ ਦਾ ਹੈ।

ਹਾਲਾਂਕਿ ਨਾਂ ਤਾਂ ਉਨ੍ਹਾਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਸੰਗਠਿਤ ਕਰਨ ਲਈ ਚੋਣਾਂ ਕਰਵਾਈਆਂ ਹਨ ਅਤੇ ਨਾ ਹੀ ਲੋਕਲ ਬਾਡੀ ਚੋਣਾਂ ਕਰਵਾਈਆਂ ਹਨ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਹ ਚੋਣਾਂ ਕਰਵਾਉਣ ਲਈ ਪਿਛਲੇ ਚਾਰ ਸਾਲਾਂ ਤੋਂ ਦੁਹਾਈ ਪਾ ਰਿਹਾ ਹੈ ਪਰ ਨਹੀਂ ਕਰਵਾ ਸਕਿਆ।

ਅਜਿਹੇ ਕਈ ਕੰਮ ਸਨ ਜੋ ਇਮਰਾਨ ਦੀ ਸਰਕਾਰ ਨੇ ਪਹਿਲੇ ਸੌ ਦਿਨਾਂ ਵਿੱਚ ਹੀ ਕਰਨੇ ਸਨ।

ਲੋਕ ਕਹਿੰਦੇ ਹਨ ਕਿ ਲੋਕ ਬਾਹਰੋਂ ਆ ਕੇ ਤਾਂ ਕੇਂਦਰੀ ਮੰਤਰੀ ਬਣ ਗਏ ਪਰ ਜੋ ਲੋਕ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ, ਉਨ੍ਹਾਂ ਨੂੰ ਕੁਝ ਪੱਲੇ ਨਹੀਂ ਪਿਆ। ਇਸੇ ਕਾਰਨ ਉਨ੍ਹਾਂ ਦਾ ਲੰਬੇ ਸਮੇਂ ਤੋਂ ਸੁਲਘਦਾ ਗੁੱਸਾ ਹੁਣ ਭਾਂਬੜ ਬਣ ਕੇ ਸਾਹਮਣੇ ਆਇਆ ਹੈ।

ਮਨਸੂਰ ਕਹਿੰਦੇ ਹਨ ਕਿ ਉਨ੍ਹਾਂ ਨੇ ਪਾਰਟੀ ਦੇ ਵਿਕਾਸ ਨੂੰ ਦੇਖਿਆ ਹੈ ਅਤੇ ਪਾਰਟੀ ਨਾਲ ਜੁੜੇ ਲੋਕਾਂ ਨੂੰ ਵੀ ਉਹ ਜਾਣਦੇ ਹਨ।

''ਮੈਂ ਉਨ੍ਹਾਂ ਵਖਰੇਵਿਆਂ ਬਾਰੇ ਜਾਣਦਾ ਹਾਂ ਜੋ 2013 ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੈਦਾ ਹੋਏ। ਇਹ ਵਖਰੇਵੇਂ ਅਜੇ ਵੀ ਮੌਜੂਦ ਹਨ। ਉਸ ਸਮੇਂ ਵੀ ਪਾਰਟੀ ਦੇ ਅੰਦਰ ਕਈ ਜਣਿਆਂ ਨੇ ਇੱਕ ਦੂਜੇ ਉੱਪਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਅਲੀਮ ਖ਼ਾਨ ਨੂੰ ਭ੍ਰਿਸ਼ਟ ਕਹਿਣਾ ਸ਼ੁਰੂ ਕਰ ਦਿੱਤਾ ਸੀ।''

ਇਹ ਉਹੀ ਲੋਕ ਹਨ ਜੋ ਕਦੇ ਪਾਰਟੀ ਲਈ ਬਹੁਤ ਮਦਦਗਾਰ ਰਹੇ ਹਨ। ਉਨ੍ਹਾਂ ਨੇ ਪਾਰਟੀ ਲਈ ਉਹ ਵੱਡੀਆਂ ਰੈਲੀਆਂ ਕੀਤੀਆਂ ਹਨ ਜਿਨ੍ਹਾਂ ਸਦਕਾ ਪਾਰਟੀ ਦਾ ਜ਼ਮੀਨੀ ਅਧਾਰ ਮਜ਼ਬੂਤ ਹੋ ਸਕਿਆ।

ਅਲੀਮ ਖ਼ਾਨ ਵਰਗੇ ਲੋਕ ਸੋਚਦੇ ਰਹੇ ਹਨ, ''ਅਸੀਂ ਇਮਰਾਨ ਖ਼ਾਨ ਦੇ ਵਫ਼ਾਦਾਰ ਰਹੇ ਹਾਂ ਪਰ ਜਦੋਂ ਸਰਕਾਰ ਬਣਾਈ ਗਈ ਤਾਂ ਸਾਨੂੰ ਭੁਲਾ ਦਿੱਤਾ ਗਿਆ।''

ਸਾਲ 2013 ਤੋਂ 2018 ਤੱਕ ਦਾ ਸਮਾਂ ਪਾਰਟੀ ਲਈ ਅਹਿਮ ਪੜਾਅ ਰਿਹਾ ਹੈ। ਸਾਲ 2013 ਵਿੱਚ ਵੋਟਸ਼ੇਅਰ ਦੇ ਲਿਹਾਜ਼ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ।

ਮਨਸੂਰ ਕਹਿੰਦੇ ਹਨ ਕਿ ਸਾਲ 2018 ਵਿੱਚ ਇਮਰਾਨ ਖ਼ਾਨ ਨੇ 'ਇਸਟੈਬਲਿਸ਼ਮੈਂਟ' ਨਾਲ ਹੱਥ ਮਿਲਾ ਲਿਆ। ਹਾਲਾਂਕਿ ਸ਼ੁਰੂ ਵਿੱਚ ਇਮਰਾਨ ਖ਼ਾਨ ਨੇ ਇਸ ਤੋਂ ਇਨਕਾਰ ਕੀਤਾ ਪਰ ਹੁਣ ਇਹ ਸਪੱਸ਼ਟ ਹੋ ਚੁੱਕਿਆ ਹੈ।

ਜਦੋਂ ਸਾਲ 2018 ਦੀਆਂ ਆਮ ਚੋਣਾਂ ਲਈ ਟਿਕਟਾਂ ਦੀ ਵੰਡ ਹੋਈ ਤਾਂ ਪਾਰਟੀ ਦੇ ਅੰਦਰ ਇੱਕ ਵਾਰ ਫਿਰ ਕਲੇਸ਼ ਮਚ ਗਿਆ। ਪਾਰਟੀ ਦੇ ਲੋਕ ਕਹਿ ਰਹੇ ਸਨ ਕਿ ਜੋ ਲੋਕ ਬਾਹਰੋਂ ਲਿਆਂਦੇ ਗਏ ਹਨ ਉਨ੍ਹਾਂ ਨੂੰ ਟਿਕਟਾਂ ਮਿਲ ਰਹੀਆਂ ਹਨ ਜਦਕਿ ਜੋ ਲੋਕ ਹਮੇਸ਼ਾ ਪਾਰਟੀ ਦੇ ਨਾਲ ਰਹੇ ਹਨ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਦੀ ਸਭ ਤੋਂ ਵੱਡੀ ਮਿਸਾਲ ਤਾਂ ਉਸਮਾਨ ਬੁਜ਼ਦਾਰ ਹਨ। ਉਸਮਾਨ ਬੁਜ਼ਦਾਰ ਦਾ ਸਬੰਧ ਪਾਕਿਸਤਾਨ ਮੁਸਲਿਮ ਲੀਗ-ਕਿਊ ਅਤੇ ਪਾਕਿਸਤਾਨ ਮੁਸਲਿਮ ਲੀਗ-ਨੂੰਨ ਨਾਲ ਹੈ।

ਉਨ੍ਹਾਂ ਨੂੰ ਪੀਟੀਆਈ ਵਿੱਚ ਸ਼ਾਮਲ ਕੀਤਾ ਗਿਆ ਅਤੇ ਮੁੱਖ ਮੰਤਰੀ ਬਣਾ ਦਿੱਤਾ ਗਿਆ। ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਅੰਦਰ ਇਸ ਦਾ ਵਿਰੋਧ ਹੋਇਆ ਪਰ ਇਮਰਾਨ ਆਪਣੇ ਫ਼ੈਸਲੇ ਤੋਂ ਟਾਲੇ ਨਹੀਂ ਟਲੇ।

ਇਮਰਾਨ, ਅਰਤਗ਼ੁਲ ਅਤੇ ਨੌਜਵਾਨ

2018 ਦੀਆਂ ਚੋਣਾਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਨੈਸ਼ਨਲ ਅਸੈਂਬਲੀ ਵਿੱਚ ਬਹੁਮਤ ਹਾਸਲ ਕੀਤਾ। ਇਮਰਾਨ ਖ਼ਾਨ ਦੇਸ ਦੇ ਇਤਿਹਾਸ ਦੇ ਪਹਿਲੇ ਸਿਆਸੀ ਆਗੂ ਬਣੇ ਜਿਨ੍ਹਾਂ ਨੇ ਪੰਜ ਥਾਂ ਤੋਂ ਜਿੱਤ ਹਾਸਲ ਕੀਤੀ।

ਜਿੱਤ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਇਮਰਾਨ ਖ਼ਾਨ ਨੇ ਸਰਕਾਰ ਬਾਰੇ ਆਪਣਾ ਨਜ਼ਰੀਆ ਲੋਕਾਂ ਦੇ ਸਾਹਮਣੇ ਰੱਖਿਆ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਵੈਲਫੇਅਰ ਸਟੇਟ ਕਾਇਮ ਕਰਨਾ ਚਾਹੁੰਦੇ ਹਨ ਜੋ ਕਿ ਮਦੀਨੇ ਦੇ ਸਿਧਾਂਤਾਂ ਉੱਪਰ ਚੱਲੇਗੀ।

ਉਨ੍ਹਾਂ ਨੇ ਸਰਕਾਰ ਦੀ ਸਾਦਗੀ ਅਤੇ ਛੋਟੀ ਕੈਬਨਿਟ ਦੀਆਂ ਗੱਲਾਂ ਕੀਤੀਆਂ। ਹਾਲਾਂਕਿ ਅੱਗੇ ਜਾ ਕੇ ਸਭ ਨੇ ਦੇਖਿਆ ਕਿ ਕਿਵੇਂ ਕੁਝ ਹੀ ਦਿਨਾਂ ਵਿੱਚ ਇਹ ਸਭ ਦਾਅਵੇ ਹਵਾ ਵਿੱਚ ਉਡਾ ਦਿੱਤੇ ਗਏ।

ਨਾ ਤਾਂ ਪ੍ਰਧਾਨ ਮੰਤਰੀ ਦੇ ਘਰ ਨੂੰ ਯੂਨੀਵਰਸਿਟੀ ਬਣਾਇਆ ਗਿਆ ਅਤੇ ਨਾ ਹੀ ਮੰਤਰੀ ਸਾਈਕਲਾਂ ਉੱਪਰ ਆਏ। ਮੰਤਰੀ ਮਹਿੰਗੀਆਂ ਕਾਰਾਂ ਦੇ ਕਾਫ਼ਲੇ ਵਿੱਚ ਅਤੇ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਪਹੁੰਚਦੇ ਸਨ।

ਇਹ ਸਭ ਦੇਖ ਕੇ ਇਮਰਾਨ ਖ਼ਾਨ ਨੂੰ ਪੰਸਦ ਕਰਨ ਵਾਲੇ ਵੋਟਰ ਦੇ ਦਿਲ ਨੂੰ ਠੇਸ ਜ਼ਰੂਰ ਪੁੱਜੀ।

ਸਾਲ 2020 ਵਿੱਚ ਇਮਰਾਨ ਖ਼ਾਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਅਰਤਗ਼ੁਲ ਸੀਰੀਅਲ ਦੇਖਣਾ ਚਾਹੁੰਦੇ ਹਨ।

ਜਾਂ ਤਾਂ ਇਮਰਾਨ ਖ਼ਾਨ ਇਸ ਰਾਹੀਂ ਇਹ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਇੱਕ ਮਜ਼ਬੂਤ ਇਸਲਾਮਿਕ ਰਾਜ ਬਾਰੇ ਕੀ ਧਾਰਨਾ ਹੈ ਜਾਂ ਉਹ ਖ਼ੁਦ ਨੂੰ ਅਰਤਗ਼ੁਲ ਵਜੋਂ ਦੇਖ ਰਹੇ ਸਨ।

ਤੁਰਕੀ ਦੇ ਅਰਤਗ਼ੁਲ, ਉਸਮਾਨ ਗਾਜ਼ੀ ਦੇ ਪਿਤਾ ਸਨ। ਅਰਤਗ਼ੁਲ ਦੀ ਸਾਰੀ ਜ਼ਿੰਦਗੀ ਮੰਗੋਲਾਂ, ਗਦਾਰਾਂ ਅਤੇ ਈਸਾਈਆਂ ਨਾਲ ਲੜਦਿਆਂ ਹੀ ਗੁਜ਼ਰੀ। ਫਿਰ ਉਨ੍ਹਾਂ ਦੇ ਪੁੱਤਰ ਨੇ ਓਟੋਮਨ ਸਲਤਨਤ ਦੀ ਨੀਂਹ ਰੱਖੀ।

ਫਰਹਾ ਜ਼ਿਆ, ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਦੇਸ਼ਕ ਅਤੇ ਇੱਕ ਸੀਨੀਅਰ ਪੱਤਰਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦਾ ਵਾਅਦਾ ਪੁਰਾਣੀਆਂ ਨੀਤੀਆਂ ਨੂੰ ਰੱਦ ਕਰਕੇ ਨਵੀਆਂ ਲੀਹਾਂ ਪਾਉਣ ਦਾ ਸੀ ਪਰ ਅਜਿਹਾ ਹੋਇਆ ਨਹੀਂ।

ਉਹ ਕੋਈ ਬਦਲਾਅ ਨਹੀਂ ਲਿਆ ਸਕੇ ਇਸ ਲਈ ਲੋਕਾਂ ਦਾ ਧਿਆਨ ਭਟਕਾਉਣ ਦਾ ਸਭ ਤੋਂ ਸੁਖਾਲਾ ਤਰੀਕਾ ਉਨ੍ਹਾਂ ਨੂੰ ਅਰਤਗ਼ੁਲ ਡਰਾਮੇ ਰਾਹੀਂ ਓਟੋਮਨ ਸਲਤਨਤ ਦੇ ਵਿਚਾਰ ਵੱਲ ਲਗਾਉਣਾ ਸੀ।

ਇਸਲਾਮਿਕ ਤੇ ਰਾਸ਼ਟਰਵਾਦ ਨੂੰ ਹਵਾ

ਇਮਰਾਨ ਖ਼ਾਨ ਪਾਕਿਸਤਾਨ ਨੂੰ ਮਦੀਨੇ ਦੀ ਤਰਜ ਉੱਪਰ ਆਦਰਸ਼ ਇਸਲਾਮਿਕ ਰਾਜ ਵਜੋਂ ਬਣਿਆ ਦੇਖਣਾ ਚਾਹੁੰਦੇ ਹਨ ਪਰ ਇਸ ਵਿੱਚ ਉਨ੍ਹਾਂ ਨੂੰ ਲੋਕ ਭਾਲਾਈ ਵਾਲਾ ਸਕੈਂਡੇਵੀਅਨ ਵਿਚਾਰ ਵੀ ਚਾਹੀਦਾ ਹੈ।

ਉਹ ਪਾਕਿਸਤਾਨ ਵਿੱਚ ਬ੍ਰਿਟੇਨ ਅਤੇ ਅਮਰੀਕਾ ਵਰਗੇ ਲੋਕਤੰਤਰ ਦੀ ਉਮੀਦ ਵੀ ਕਰਦੇ ਹਨ।

ਵੀਡੀਓ: ਜਦੋਂ ਪੀਐਮ ਦੀ ਰਿਹਾਇਸ਼ ਕਿਰਾਏ 'ਤੇ ਦੇਣ ਦੀ ਗੱਲ ਉੱਠੀ

ਰਾਜਨੀਤੀ ਸ਼ਾਸਤਰ ਦੇ ਕਿਸੇ ਵੀ ਵਿਦਿਆਰਥੀ ਲਈ ਅਜਿਹਾ ਕਰਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਕਿਉਂਕਿ ਇਨ੍ਹਾਂ ਸਾਰਿਆਂ ਵਿੱਚ ਕਈ ਅਜਿਹੇ ਗੁਣ ਅਤੇ ਕਦਰਾਂ-ਕੀਮਤਾਂ ਹਨ ਜੋ ਇੱਕ ਦੂਜੇ ਦੇ ਵਿਰੋਧੀ ਹਨ।

ਹਾਲਾਂਕਿ ਇਮਰਾਨ ਖ਼ਾਨ ਸੋਚਦੇ ਹਨ ਕਿ ਇਨ੍ਹਾਂ ਵਿੱਚੋਂ ਚੀਜ਼ਾਂ ਲੈਕੇ ਮਿਲਾਈਆਂ ਜਾ ਸਕਦੀਆਂ ਹਨ।

ਇਹ ਸ਼ਸ਼ੋਪੰਜ ਉਨ੍ਹਾਂ ਦੀ ਵਿਦੇਸ਼ ਨੀਤੀ ਵਿੱਚ ਵੀ ਝਲਕਦੀ ਹੈ। ਉਹ ਹਰੇਕ ਮੰਚ ਉੱਪਰ ਇਸਲਾਮੋਫੋ਼ਬੀਆ ਅਤੇ ਦੁਨੀਆਂ ਭਰ ਵਿੱਚ ਮੁਸਲਮਾਨਾਂ ਉੱਪਰ ਢਾਹੇ ਜਾਂਦੇ ਅੱਤਿਆਚਾਰਾਂ ਦੀ ਗੱਲ ਕਰਦੇ ਹਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਚੀਨ ਦੇ ਵੀਗਰ ਮੁਸਲਮਾਨਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਸ ਤੋਂ ਅਗਿਆਨਤਾ ਜ਼ਾਹਰ ਕਰਦੇ ਹਨ।

ਉਹ ਉੱਤਰੀ ਸੀਰੀਆ ਉੱਪਰ ਤੁਰਕੀ ਦੇ ਹਮਲੇ ਦੀ ਵੀ ਹਮਾਇਤ ਕਰਦੇ ਹਨ ਜਿਸ ਤੋਂ ਉਨ੍ਹਾਂ ਦੇ ਕਈ ਹਮਾਇਤੀ ਖ਼ਫ਼ਾ ਹਨ।

ਇਸੇ ਤਰ੍ਹਾਂ ਜਦੋਂ ਉਹ ਰਾਸ਼ਟਰਪਤੀ ਡੌਨਲਡ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ ਗਏ ਤਾਂ ਉਨ੍ਹਾਂ ਨੇ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਗੁਣਗਾਣ ਕੀਤੇ। ਵਾਪਸ ਆ ਕੇ ਉਨ੍ਹਾਂ ਨੇ ਕਿਹਾ ਕਿ ਦੌਰੇ ਦੌਰਾਨ ਉਨ੍ਹਾਂ ਨੂੰ ਵਿਸ਼ਵ ਕੱਪ ਦੀ ਜਿੱਤ ਯਾਦ ਆ ਗਈ।

ਜਦੋਂ ਅਮਰੀਕਾ ਵਿੱਚ ਜੋਅ ਬਾਇਡਨ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਕਾਫ਼ੀ ਦੇਰ ਉਡੀਕ ਕੀਤੀ ਕਿ ਬਾਇਡਨ ਦਾ ਫੋ਼ਨ ਉਨ੍ਹਾਂ ਨੂੰ ਆ ਜਾਵੇ। ਕੁਝ ਇੰਟਰਵਿਊਜ਼ ਵਿੱਚ ਉਨ੍ਹਾਂ ਨੇ ਕਹਿ ਵੀ ਦਿੱਤਾ ਕਿ ਉਹ ਹੈਰਾਨ ਹਨ ਕਿ ਅਜੇ ਤੱਕ ਫ਼ੋਨ ਆਇਆ ਕਿਉਂ ਨਹੀਂ ।

ਇਸਦੇ ਉਲਟ ਹਾਲ ਹੀ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜਿਸ਼ ਕਰ ਰਿਹਾ ਸੀ।

ਡਾ਼ ਸਈਦ ਕੰਦੀਲ ਅੱਬਾਸ ਕਾਇਦੇ-ਆਜ਼ਮ ਯੂਨੀਵਰਿਸਟੀ ਦੇ ਸਕੂਲ ਆਫ਼ ਪੋਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼, ਇਸਲਾਮਾਬਾਦ ਵਿੱਚ ਪ੍ਰੋਫ਼ੈਸਰ ਹਨ। ਉਹ ਕਹਿੰਦੇ ਹਨ ਇਮਰਾਨ ਖ਼ਾਨ ਦੇ ਅਮਰੀਕਾ ਬਾਰੇ ਬਿਆਨਾਂ ਅਤੇ ਨੀਤੀ ਨੂੰ ਸਮਝਣ ਲਈ ਪਾਕਿਸਤਾਨ ਦੇ ਇਤਿਹਾਸ ਦੀ ਸਮਝ ਹੋਣਾ ਜ਼ਰੂਰੀ ਹੈ।

ਸਾਡੀ ਸਮੱਸਿਆ ਹੈ ਕਿ ਲਿਆਕਤ ਅਲੀ ਖ਼ਾਨ ਦੇ ਸਮੇਂ ਤੋਂ ਲੈ ਕੇ ਸਾਡੀ ਵਿਦੇਸ਼ ਨੀਤੀ ਹਮੇਸ਼ਾ ਭਾਰਤ ਕੇਂਦਰਿਤ ਰਹੀ ਹੈ। ਅਸੀਂ ਮੰਨਦੇ ਰਹੇ ਹਾਂ ਕਿ ਜਿਹੜਾ ਵੀ ਦੇਸ਼ ਭਾਰਤ ਦੇ ਸਮਲੇ ਵਿੱਚ ਸਾਡੀ ਹਮਾਇਤ ਕਰੇਗਾ ਉਹ ਸਾਡਾ ਦੋਸਤ ਹੈ।

ਕਿਹਾ ਜਾਂਦਾ ਹੈ ਕਿ ਜਦੋਂ ਲਿਆਕਤ ਅਲੀ ਖ਼ਾਨ ਆਪਣੇ ਰੂਸ ਦੌਰੇ ਤੋਂ ਬਾਅਦ ਅਮਰੀਕਾ ਗਏ ਤਾਂ ਸਾਡੀ ਵਿਦੇਸ਼ ਨੀਤੀ ਨਿਰਧਾਰਤ ਹੋ ਗਈ। ਪਾਕਿਸਤਾਨ ਪੱਛਮੀ ਖੇਮੇ ਵੱਲ ਝੁਕ ਗਿਆ।

ਹਾਲਾਂਕਿ ਭਾਰਤ ਖਿਲਾਫ਼ ਲੜੀਆਂ ਗਈਆਂ 1965 ਅਤੇ ਫਿਰ 1971 ਦੀਆਂ ਲੜਾਈਆਂ ਵਿੱਚ ਪਾਕਿਸਤਾਨ ਨੂੰ ਇਨ੍ਹਾਂ ਦੇਸ਼ਾਂ ਤੋਂ ਉਮੀਦ ਮੁਤਾਬਕ ਮਦਦ ਨਹੀਂ ਮਿਲੀ। ਨਤੀਜੇ ਵਜੋਂ ਪਾਕਿਸਤਾਨੀ ਲੋਕਾਂ ਵਿੱਚ ਅਮਰੀਕਾ ਵਿਰੋਧੀ ਅਤੇ ਪੱਛਮ ਵਿਰੋਧੀ ਭਾਵਨਾ ਪ੍ਰਬਲ ਹੋਣ ਲੱਗੀ।

ਜਦੋਂ ਜ਼ੁਲਫਿਕਾਰ ਅਲੀ ਭੁੱਟੋ ਨੇ ਆਕੇ ਪੱਛਮੀ ਗੁਟ ਦੇ ਜਵਾਬ ਵਿੱਚ ਇਸਲਾਮਿਕ ਦੇਸ਼ਾਂ ਦੇ ਗੁਟ ਦੀ ਗੱਲ ਕੀਤੀ ਤਾਂ ਹੈਨਰੀ ਕਸਿੰਗਰ ਨੇ ਉਨ੍ਹਾਂ ਨੂੰ ਧਮਕਾਇਆ। ਉਸ ਤੋਂ ਬਾਅਦ ਭੁੱਟੋ ਨੂੰ ਫ਼ਾਂਸੀ ਲਗਾਏ ਜਾਣ ਪਿੱਛੇ ਵੀ ਲੋਕ ਅਮਰੀਕਾ ਦਾ ਹੱਥ ਦੇਖਣ ਲੱਗ ਪਏ।

ਡਾ਼ ਸਈਦ ਕਹਿੰਦੇ ਹਨ ਕਿ ਪਾਕਿਸਤਾਨ ਦਾ ਇਹ ਦੁਖਾਂਤ ਰਿਹਾ ਹੈ ਕਿ ਉਹ ਪੱਛਮ ਦੇ ਨਾਲ ਵੀ ਰਿਹਾ ਅਤੇ ਲੋਕਾਂ ਵਿੱਚ ਅਮਰੀਕਾ ਅਤੇ ਪੱਛਮ ਵਿਰੋਧੀ ਭਾਵਨਾ ਵੀ ਰਹੀ।

ਸਰਕਾਰ ਵਿੱਚ ਆਉਣ ਤੋਂ ਪਹਿਲਾਂ ਇਮਰਾਨ ਖ਼ਾਨ ਵੀ ਅਫ਼ਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਛੇੜੀ ਲੜਾਈ ਵਿੱਚ ਸਾਥ ਦੇਣ ਦੇ ਵਿਰੋਧੀ ਸਨ।

ਫਿਰ ਜਦੋਂ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਫ਼ੌਜਾਂ ਕੱਢੀਆਂ ਤਾਂ ਪਾਕਿਸਤਾਨ ਨੇ ਅਮਰੀਕਾ ਦੀ ਉਸ ਤਰ੍ਹਾਂ ਮਦਦ ਨਹੀਂ ਕੀਤੀ ਜਿਸ ਤਰ੍ਹਾਂ ਦੀ ਅਮਰੀਕਾ ਨੂੰ ਉਮੀਦ ਸੀ।

ਡਾ਼ ਕੰਦੀਲ ਕਹਿੰਦੇ ਹਨ ਕਿ ਜਦੋਂ ਇਮਰਾਨ ਖ਼ਾਨ ਨੂੰ ਇੱਕ ਇੰਟਰਵਿਊ ਦੌਰਾਨ ਅਫ਼ਗਾਨਿਸਤਾਨ 'ਤੇ ਛੇੜੀ ਲੜਾਈ ਵਿੱਚ ਅਮਰੀਕਾ ਦੀ ਮਦਦ ਕਰਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਬਿਲਕੁਲ ਵੀ ਨਹੀਂ'' ਜੇ ਹੁਣ ਡਰੋਨ ਆਏ ਤਾਂ ਅਸੀਂ ਮਾਰ ਡੇਗਾਂਗੇ।

ਡਾ਼ ਕੰਦੀਲ ਕਹਿੰਦੇ ਹਨ ਕਿ ਇਮਰਾਨ ਖ਼ਾਨ ਅਮਰੀਕਾ ਅਤੇ ਪੱਛਮ ਤੋਂ ਦੂਰ ਜਾ ਰਹੇ ਹਨ। ਇਸ ਦੇ ਨਾਲ ਹੀ ਉਹ ਰੂਸ ਅਤੇ ਚੀਨ ਦੇ ਨੇੜੇ ਹੋ ਰਹੇ ਹਨ। ਇਸ ਦੇ ਨਾਲ ਹੀ ਉਹ ਇਸਲਾਮਿਕ ਗੁੱਟ ਦੀਆਂ ਵੀ ਗੱਲਾਂ ਕਰਦੇ ਹਨ।

ਉਹ ਕਹਿੰਦੇ ਹਨ, ''ਇਮਰਾਨ ਖ਼ਾਨ ਨੇ ਪਹਿਲਾਂ ਰੂਸ ਦਾ ਦੌਰਾ ਕੀਤਾ ਅਤੇ ਫਿਰ ਚੀਨ ਗਏ। ਇਹ ਉਸੇ ਦਿਨ ਹੋਇਆ ਜਿੱਦਣ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ। ਇਹ ਮਹਿਜ਼ ਮੌਕਾ ਮੇਲ ਹੈ ਕਿਉਂਕਿ ਦੌਰੇ ਬਹੁਤ ਪਹਿਲਾਂ ਉਲੀਕੇ ਹੁੰਦੇ ਹਨ।''

ਹਾਲਾਂਕਿ ਫਰਹਾ ਜ਼ਿਆ ਕਹਿੰਦੇ ਹਨ ਕਿ ਪਾਕਿਸਤਾਨ ਦੀ ''ਕੋਈ ਵੀ ਸਰਕਾਰ ਅਜ਼ਾਦਾਨਾ ਵਿਦੇਸ਼ ਨੀਤੀ ਕਦੇ ਬਣਾ ਹੀ ਨਹੀਂ ਸਕੀ। ਇਸਟੈਬਲਿਸ਼ਮੈਂਟ ਕਦੇ ਵੀ ਸਿਆਸੀ ਸਰਕਾਰ ਨੂੰ ਅਜ਼ਾਦ ਵਿਦੇਸ਼ ਨੀਤੀ ਘੜਨ ਨਹੀ ਦਿੰਦੀ।''

''ਭਾਵੇਂ ਕਿ ਉਨ੍ਹਾਂ ਕੋਲ ਵਿਦੇਸ਼ ਮੰਤਰਾਲਾ ਵੀ ਹੈ। ਆਸਿਫ਼ ਅਲੀ ਜ਼ਰਦਾਰੀ ਈਰਾਨ ਤੱਕ ਗਏ ਪਰ ਉੱਥੇ ਵੀ ਉਨ੍ਹਾਂ ਨੂੰ ਕੁਝ ਕਰਨ ਨਹੀਂ ਦਿੱਤਾ ਗਿਆ। ਮੇਰਾ ਸਵਾਲ ਹੈ ਕੀ ਉਨ੍ਹਾਂ ਕੋਲ ਆਪਣੀ ਵਿਦੇਸ਼ ਨੀਤੀ ਬਣਾਉਣ ਦੀ ਅਜ਼ਾਦੀ ਵੀ ਹੈ?''

ਇਹ ਵੀ ਪੜ੍ਹੋ:

ਡਾ਼ ਕੰਦੀਲ ਕਹਿੰਦੇ ਹਨ ਕਿ ਭੂ-ਸਿਆਸੀ ਅਤੇ ਭੂ-ਆਰਥਿਕ ਮਸਲਿਆਂ ਤੋਂ ਅੱਗੇ ਦੇਖਣ ਦੀ ਲੋੜ ਹੈ। ''ਸ਼ਾਇਦ ਇਮਰਾਨ ਇਹੀ ਕਰਨਾ ਚਾਹੁੰਦੇ ਹਨ। ਇੱਕ ਅਜ਼ਾਦ ਵਿਦੇਸ਼ ਨੀਤੀ ਮਜ਼ਬੂਤ ਆਰਥਿਕਤਾ ਤੋਂ ਬਿਨਾਂ ਸੰਭਵ ਨਹੀਂ ਹੈ।''

ਇਮਰਾਨ ਦੇ 'ਟਾਈਗਰ' ਅਤੇ ਸੁਨਾਮੀ ਤੋਂ ਬਾਅਦ ਦਾ ਖਲਾਰਾ

2014 ਵਿੱਚ ਜਦੋਂ ਇਮਰਾਨ ਖ਼ਾਨ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਖਿਲਾਫ਼ ਸੜਕਾਂ ਉੱਪਰ ਉਤਰੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਨਾਲ ਉੱਠਿਆ ਨੌਜਵਾਨਾਂ ਦਾ ਸੈਲਾਬ (ਸੁਨਾਮੀ) ਪੁਰਾਣੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਪੁੱਟ ਕੇ ਸੁੱਟ ਦੇਵੇਗਾ।

ਹਾਲਾਂਕਿ ਇਹ ਕਿਸੇ ਦੇ ਖ਼ਿਆਲ ਵਿੱਚ ਨਹੀਂ ਆਇਆ ਕਿ ਸੁਨਾਮੀ ਆਪਣੇ ਪਿੱਛੇ ਜੋ ਤਬਾਹੀ/ਖਾਲਾਰਾ ਅਤੇ ਦੁਰਗੰਧ ਛੱਡ ਕੇ ਜਾਂਦੀ ਹੈ ਉਸ ਨੂੰ ਸਮੇਟਣਾ ਵੀ ਸੌਖਾ ਨਹੀਂ ਹੁੰਦਾ।

ਇਮਰਾਨ ਖ਼ਾਨ ਦੀ ਲਿਆਂਦੀ ਸੁਨਾਮੀ ਨਾਲ ਵੀ ਇਹੀ ਹੋਇਆ।

ਜਿਸ ਕਿਸੇ ਨੇ ਵੀ ਇਮਰਾਨ ਖ਼ਾਨ ਦੇ ਖਿਲਾਫ਼ ਬੋਲਣ ਦੀ ਹਿੰਮਤ ਕੀਤੀ। ਇਮਰਾਨ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ।

ਅੱਜ ਜੇ ਪਾਰਟੀ ਵਿੱਚ ਕੋਈ ਉਨ੍ਹਾਂ ਦਾ ਪਿਆਰਾ ਹੈ ਅਤੇ ਭਲਕੇ ਉਹ ਇਮਰਾਨ ਖ਼ਾਨ ਦੀ ਆਲੋਚਨਾ ਕਰ ਦੇਵੇ ਤਾਂ ਪਰਸੋਂ ਉਸ ਨੂੰ ਗੱਦਾਰ ਕਰਾਰ ਦੇ ਦਿੱਤਾ ਜਾਵੇਗਾ। ਪੀਟੀਆਈ ਵਿੱਚ ਆਲੋਚਨਾ ਲਈ ਕੋਈ ਥਾਂ ਨਹੀਂ ਹੈ ਅਤੇ ਸ਼ਾਇਦ ਇਹੀ ਉਸਦੀ ਸਭ ਤੋਂ ਵੱਡੀ ਕਮੀ ਹੈ।

ਹਾਲਾਂਕਿ ਵਿਰੋਧੀਆਂ ਖਿਲਾਫ਼ ਮੰਦੀ ਭਾਸ਼ਾ ਦੀ ਵਰਤੋਂ ਇਮਰਾਨ ਖ਼ਾਨ ਨੇ ਹੀ ਸ਼ੁਰੂ ਨਹੀਂ ਕੀਤੀ। ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ ਵਿੱਚ ਨਵਾਜ਼ ਅਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਆਲੋਚਕਾਂ ਖਿਲਾਫ਼ ਜਿਹੜੀ ਭਾਸ਼ਾ ਜਨਤਕ ਇਕੱਠਾਂ ਵਿੱਚ ਵਰਤੀ, ਉਹ ਵੀ ਇਤਿਹਾਸ ਦਾ ਹਿੱਸਾ ਹੈ।

ਹਾਲਾਂਕਿ ਪੀਟੀਆਈ ਦੇ ਸਰਕਾਰ ਵਿੱਚ ਰਹਿੰਦਿਆਂ ਪਾਕਿਸਤਾਨ ਦੇ ਸਿਆਸੀ ਸੰਵਾਦ ਵਿੱਚ ਹੋਰ ਨਿਘਾਰ ਆਇਆ। ਇਮਰਾਨ ਖ਼ਾਨ ਦੇ ਸ਼ੇਰਾਂ ਨੇ ਆਪਣੀ ਨੀਤੀ ਅਤੇ ਨੇਤਾ ਦੇ ਖਿਲਾਫ਼ ਉੱਠਣ ਵਾਲੀ ਹਰ ਅਵਾਜ਼ ਨੂੰ ਕੁਚਲ ਦਿੱਤਾ।

ਫਰਹਾ ਜ਼ਿਆ ਕਹਿੰਦੇ ਹਨ ਕਿ ਸਿਆਸਤਦਾਨ ਨੂੰ ਭ੍ਰਿਸ਼ਟ ਜਾਂ ਗੱਦਾਰ ਸਮਝਣਾ ਤਾਂ ਸਾਨੂੰ ਵਿਰਾਸਤ ਵਿੱਚ ਹੀ ਮਿਲਿਆ ਹੈ ਅਤੇ ਅਜਿਹਾ 1950ਵਿਆਂ ਤੋਂ ਹੁੰਦਾ ਆਇਆ ਹੈ। ਪਰ ਹੁਣ ਤਾਂ ਅਜਿਹੀ ਬਿਆਨਬਾਜ਼ੀ ਨਵੀਂਆਂ ਹੀ ਸਿਖਰਾਂ ਛੂਹ ਲਈਆਂ ਹਨ।

ਕਿਹਾ ਜਾਂਦਾ ਹੈ ਕਿ ਇਮਰਾਨ ਖ਼ਾਨ ਨੇ ਵੀ ਇਸ ਮਾਮਲੇ ਵਿੱਚ ਕਦੇ ਜ਼ਿੰਮੇਵਾਰੀ ਤੋਂ ਕੰਮ ਨਹੀਂ ਲਿਆ। ਜਦੋਂ ਕਦੇ ਵੀ ਉਨ੍ਹਾਂ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਹੀ ਇਲਜ਼ਾਮ ਕਿਸੇ ਹੋਰ ਦੇ ਸਿਰ ਮੜ ਦਿੱਤਾ।

ਉਨ੍ਹਾਂ ਦੇ ਜੋ ਵੀ ਮਨ ਵਿੱਚ ਆਇਆ ਉਨ੍ਹਾਂ ਨੇ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਉਹ ਆਪਣੀ ਸਰਕਾਰ ਡੇਗਣ ਦੀ ਕੋਸ਼ਿਸ਼ ਲਈ ਅਮਰੀਕਾ ਦਾ ਨਾਮ ਲੈ ਸਕਦੇ ਹਨ।

ਕੀ ਇਮਰਾਨ ਖ਼ਾਨ ਇੱਕ ਸਿਆਸੀ ਵਿਅਕਤੀ ਹਨ?

ਇਮਰਾਨ ਖ਼ਾਨ ਨੇ ਹਮੇਸ਼ਾ ਕਿਹਾ ਹੈ ਕਿ ਸਿਆਸਤਦਾਨ ਭੈੜੇ ਹਨ। ਕਈ ਵਾਰ ਉਹ ਸਦਨ ਨੂੰ ਕੁਝ ਨਹੀਂ ਸਮਝਦੇ ਅਤੇ ਕਦੇ ਉਹ ਅਤੀਤ ਦੇ ਸਿਆਸਤਦਾਨਾਂ ਨੂੰ ਰੱਤੀ ਵੀ ਮਹੱਤਵ ਨਹੀਂ ਦਿੰਦੇ। ਉਹ ਕਹਿੰਦੇ ਹਨ ਕਿ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿਨਾਹ ਤੋਂ ਇਲਾਵਾ ਕੋਈ ਵੀ ਪਾਕਿਸਤਾਨ ਦਾ ਵਫ਼ਾਦਾਰ ਨਹੀਂ ਸੀ।

ਫਰਹਾ ਜ਼ਿਆ ਕਹਿੰਦੇ ਹਨ ਕਿ ਇਸਦੀ ਵਜ੍ਹਾ ਇਹ ਹੈ ਕਿ ਇਮਰਾਨ ਖ਼ਾਨ ਖੁਦ ਵੀ ਸਿਆਸਤਦਾਨ ਨਹੀਂ ਹਨ। ਉਨ੍ਹਾਂ ਦੀ ਸਿਖਲਾਈ ਸਿਆਸਤਦਾਨਾਂ ਵਾਲੀ ਨਹੀਂ ਹੋਈ ਹੈ।

ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹਨ ਕਿ ਮੈਂ ਸਿਆਸਤ ਦਾ ਇੱਕ ਵਿਦਿਆਰਥੀ ਹਾਂ ਜਦਕਿ ਅਸਲ ਵਿੱਚ ਉਹ ਸਿਆਸਤ ਦੇ ਵਿਦਿਆਰਥੀ ਨਹੀਂ ਹਨ। ਸਗੋਂ ਇੱਕ ਕ੍ਰਿਕਟਰ ਹਨ ਉਹ ਵੀ ਸਨਿਆਸਸ਼ੁਦਾ। ਜੋ ਅਤੀਤ ਵਿੱਚ ਜਿਉਂਦਾ ਹੈ।

ਜਦੋਂ ਉਹ ਇੱਕ ਟੀਮ ਦਾ ਕਪਤਾਨ ਸੀ ਅਤੇ ਉਹ ਟੀਮ ਵਿਸ਼ਵ ਕੱਪ ਜਿੱਤ ਕੇ ਲਿਆਈ ਸੀ।

ਸਿਆਸਤ 'ਕੁਝ ਦੇ ਅਤੇ ਕੁਝ ਲੈ' ਦੇ ਸਿਧਾਂਤ ਮੁਤਾਬਕ ਚਲਦੀ ਹੈ। ਇਸ ਵਿੱਚ ਬਹੁਤ ਸਾਰੀ ਲਚਕ ਦੀ ਲੋੜ ਹੁੰਦੀ ਹੈ, ਜੋ ਇਮਰਾਨ ਖ਼ਾਨ ਕੋਲ ਨਹੀਂ ਹੈ। ਉਹ ਇੱਕ ਆਦਰਸ਼ਵਾਦੀ ਇਨਸਾਨ ਹਨ ਜੋ ਆਪਣੇ ਆਪ ਨੂੰ ਮਸੀਹਾ ਸਮਝਦਾ ਹੈ।''

ਹੁਣ ਦੇਖਿਆ ਜਾਣਾ ਹੈ ਕਿ ਇਮਰਾਨ ਖ਼ਾਨ ਮਸੀਹਾ, ਕ੍ਰਿਕਟਰ ਜਾਂ ਸਿਆਸਤਦਾਨ ਵਿੱਚੋਂ ਕੀ ਹਨ। ਕੀ ਉਹ ਅਗਲੀ ਪਾਰੀ ਵਿੱਚ ਰੱਖਿਆਮਤਮਕ ਹੋਕੇ ਖੇਡਦੇ ਹਨ ਜਾਂ ਹਮਲਾਵਰ ਬੱਲੇਬਾਜ਼ ਬਣੇ ਰਹਿੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)