ਕਰਤਾਰਪੁਰ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਨੂੰ ਕਿਹਾ 'ਭਰਾ', ਭਾਜਪਾ ਨੇ ਜਤਾਈ ਇਹ ਚਿੰਤਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਪਹੁੰਚੇ ਤਾਂ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਆਪਣੇ ਦੋਸਤ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ।

ਉੱਥੇ ਭਰਵਾਂ ਸਵਾਗਤ ਹੁੰਦਾ ਵੇਖ ਉਨ੍ਹਾਂ ਕਿਹਾ, ''ਇਮਰਾਨ ਖ਼ਾਨ ਮੇਰੇ ਵੱਡੇ ਭਰਾ ਹਨ, ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ।''

ਸਿੱਧੂ ਦੇ ਪਾਕਿਸਤਾਨ ਵਿੱਚ ਦਿੱਤੇ ਇਸ ਬਿਆਨ ਤੋਂ ਬਾਅਦ ਭਾਜਪਾ ਉਨ੍ਹਾਂ ਉੱਤੇ ਹਮਲਾਵਰ ਹੋ ਗਈ।

ਨਵਜੋਤ ਸਿੰਘ ਸਿੱਧੂ ਲਾਂਘਾ ਖੁੱਲ੍ਹਣ ਦੇ ਤੀਜੇ ਦਿਨ ਉੱਥੇ ਗਏ ਹਨ ਹਾਲਾਂਕਿ ਪਹਿਲਾਂ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ ਜਦਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੁਝ ਕੈਬਨਿਟ ਮੰਤਰੀ ਲਾਂਘਾ ਖੁੱਲ੍ਹਣ ਦੇ ਦੂਜੇ ਦਿਨ ਗਏ ਸਨ।

ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ''ਸਿੱਧੂ ਪਾਕਿਸਤਾਨ ਜਾਣ ਅਤੇ ਇਮਰਾਨ ਖ਼ਾਨ ਦੀ ਤਾਰੀਫ਼ ਨਾ ਕਰਨ, ਉਨ੍ਹਾਂ ਬਾਰੇ ਕੁਝ ਚੰਗਾ ਨਾ ਕਹਿਣ, ਪਾਕਿਸਤਾਨ ਦੀ ਸ਼ਲਾਘਾ ਨਾ ਕਰਨ…ਇਹ ਹੋ ਹੀ ਨਹੀਂ ਸਕਦਾ ਅਤੇ ਇਹੀ ਹੋਇਆ।''

ਉਨ੍ਹਾਂ ਅੱਗੇ ਕਿਹਾ, ''ਅੱਜ ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿ ਕੇ ਸੰਬੋਧਨ ਕੀਤਾ ਹੈ ਅਤੇ ਕਿਹਾ ਹੈ ਕਿ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ।'' ਇਹ ਕਰੋੜਾਂ ਹਿੰਦੁਸਤਾਨੀਆਂ ਲਈ ਚਿੰਤਾ ਦਾ ਵਿਸ਼ਾ ਹੈ।''

''ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੋਂ ਦੇ ਸਿਆਸਦਾਨਾਂ ਵਿੱਚ ਸੰਜੀਦਗੀ ਹੋਣੀ ਚਾਹੀਦੀ ਹੈ, ਦੇਸ਼ ਪ੍ਰੇਮ ਹੋਣਾ ਚਾਹੀਦਾ ਹੈ ਅਤੇ ਇੱਕ ਸਮਝ ਹੋਣੀ ਚਾਹੀਦੀ ਹੈ ਕਿ ਹਿੰਦੁਸਤਾਨ ਨੂੰ ਲੈ ਕੇ ਕੀ ਬੋਲਣਾ ਹੈ ਅਤੇ ਕੀ ਨਹੀਂ।''

ਇਹ ਵੀ ਪੜ੍ਹੋ:

''ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ 'ਜੀਵੇ-ਜੀਵੇ ਪਾਕਿਸਤਾਨ' ਕਿਹਾ ਸੀ...'ਮੇਰਾ ਯਾਰ ਦਿਲਦਾਰ', ਇਮਰਾਨ ਖ਼ਾਨ ਲਈ ਕਿਹਾ ਸੀ, ਪਾਕ ਫੌਜ ਮੁਖੀ ਕਮਰ ਬਾਜਵਾ ਨੂੰ ਗਲੇ ਲੱਗਣਾ ਅਤੇ ਉਨ੍ਹਾਂ ਨੂੰ ਇਹ ਕਹਿਣਾ ਕਿ 'ਅਸੀਂ ਭਰਾ ਹਾਂ', ਇਹ ਸਭ ਵੀ ਅਸੀਂ ਦੇਖਿਆ ਹੈ।''

ਸੰਬਿਤ ਪਾਤਰਾ ਨੇ ਅੱਗੇ ਕਿਹਾ, ''ਜਿਸ ਦਾ ਡਰ ਸੀ ਉਹੀ ਹੋਇਆ ਹੈ ਅਤੇ ਇਹ ਰਾਹੁਲ ਗਾਂਧੀ ਦੇ ਇਸ਼ਾਰੇ ਉੱਤੇ ਹੋਇਆ ਹੈ। ਇਹ ਸਭ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਹੈ।''

ਸਿੱਧੂ ਨੇ ਵਾਪਸ ਪਰਤ ਕੇ ਕੀ ਕਿਹਾ

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਮੱਥਾ ਟੇਕਣ ਤੋਂ ਬਾਅਦ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਪਰਤੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਆਉਂਦੇ ਹੀ ਉਨ੍ਹਾਂ ਕਿਹਾ ਕਿ ਹਵਾਵਾਂ ਵਿੱਚ ਖ਼ੁਸ਼ੀਆਂ ਹਨ ਅਤੇ ਇੰਝ ਲੱਗਦਾ ਜਿਵੇਂ ਨਵਾਂ ਸੂਰਜ ਚੜ੍ਹਿਆ ਹੈ, ਨਵੀਂ ਸਵੇਰ ਹੋਈ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਸੰਭਵ ਹੋਇਆ ਹੈ ਕਿ ਕਰਤਾਰਪੁਰ ਲਾਂਘਾ ਮੁੜ ਖੁੱਲ੍ਹਿਆ ਹੈ।

ਉਨ੍ਹਾਂ ਕਿਹਾ,''ਮੈਂ ਪਿਛਲੀ ਵਾਰ ਵੀ ਜਦੋਂ ਗਿਆ ਸੀ ਲੋਕ ਛੋਟੀਆਂ-ਛੋਟੀਆਂ ਗੱਲਾਂ ਚੁੱਕ ਲੈਂਦੇ ਹੈ, ਉਹ ਛੱਪੜਾਂ ਦੀਆਂ ਗੱਲਾਂ ਕਰਦੇ ਹਨ, ਮੈਂ ਸਮੁੰਦਰਾਂ ਦੀਆਂ ਗੱਲਾਂ ਕਰਦਾ ਹਾਂ।''

ਉਨ੍ਹਾਂ ਕਿਹਾ, ''ਮੈਂ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਪੰਜਾਬ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਸਾਨੂੰ ਦੋਵਾਂ ਪਾਸਿਆਂ ਦੇ ਬਾਰਡਰ ਵਪਾਰ ਲਈ ਖੋਲ੍ਹਣੇ ਚਾਹੀਦੇ ਹਨ। ਅਸੀਂ ਮੁਦਰਾ ਬੰਦਰਗਾਹ ਰਾਹੀਂ ਕਿਉਂ ਜਾਈਏ, ਜੋ ਕੁੱਲ 2100 ਕਿਲੋਮੀਟਰ ਹੈ? ਜਿੱਥੇ ਇਹ ਫ਼ਾਸਲਾ ਸਿਰਫ਼ 21 ਕਿਲੋਮੀਟਰ ਹੈ, ਉੱਥੋਂ ਕਿਉਂ ਨਹੀਂ।''

ਦੱਸ ਦਈਏ ਕਿ 20 ਨਵੰਬਰ ਸ਼ਨੀਵਾਰ ਦੀ ਸਵੇਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਪਣੀ ਟੀਮ ਨਾਲ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਵਾਪਸ ਆ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ।

ਕਰਤਾਰਪੁਰ ਸਾਹਿਬ ਰਵਾਨਾ ਹੋਣ ਸਮੇਂ ਨਵਜੋਤ ਸਿੱਧੂ ਨਾਲ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ।

ਪਿਛਲੀ ਵਾਰ ਜਦੋਂ ਨਵਜੋਤ ਸਿੰਘ ਸਿੱਧੂ 2018 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਜਪੋਸ਼ੀ ਵਿੱਚ ਗਏ ਸਨ ਤਾਂ ਉੱਥੇ ਜਾ ਕੇ ਉਨ੍ਹਾਂ ਨੇ ਇਮਰਾਨ ਖ਼ਾਨ ਦੀ ਤਾਰੀਫ਼ ਕੀਤੀ ਸੀ ਅਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫ਼ੀ ਪਾਈ ਸੀ, ਉਦੋਂ ਵੀ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਬਵਾਲ ਮਚਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)