ਕੈਨੇਡਾ 'ਚ ਵਿਦੇਸ਼ੀ ਖਰੀਦਦਾਰਾਂ ਦੁਆਰਾ ਘਰ ਖਰੀਦਣ 'ਤੇ ਪਾਬੰਦੀ ਦਾ ਪ੍ਰਸਤਾਵ, ਕਿਸ ਨੂੰ ਮਿਲੇਗੀ ਛੋਟ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਰ ਖਰੀਦਣ ਵਾਲੇ ਕੁਝ ਵਿਦੇਸ਼ੀਆਂ 'ਤੇ ਦੋ ਸਾਲ ਦੀ ਪਾਬੰਦੀ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਹਾਲਾਂਕਿ, ਵਿਦੇਸ਼ੀ ਖਰੀਦਦਾਰਾਂ ਉੁੱਪਰ ਅਸਥਾਈ ਪਾਬੰਦੀ ਦੌਰਾਨ ਕੁਝ ਲੋਕਾਂ ਨੂੰ ਇਸ ਤੋਂ ਛੋਟ ਵੀ ਮਿਲੇਗੀ।

ਇਨ੍ਹਾਂ ਵਿੱਚ ਪੱਕੇ ਨਾਗਰਿਕ (ਪਰਮਾਨੈਂਟ ਰੈਜ਼ੀਡੇਂਟਸ), ਵਿਦੇਸ਼ੀ ਵਿਦਿਆਰਥੀ ਅਤੇ ਕਰਮਚਾਰੀਆਂ ਦੇ ਨਾਲ-ਨਾਲ ਉਹ ਲੋਕ ਵੀ ਸ਼ਾਮਿਲ ਹੋਣਗੇ ਜੋ ਪਹਿਲੀ ਵਾਰ ਜਾਂ ਪਹਿਲਾ ਘਰ ਖਰੀਦ ਰਹੇ ਹਨ।

ਇਹ ਪ੍ਰਸਤਾਵ ਉਸ ਸਮੇਂ ਲਿਆਂਦਾ ਗਿਆ ਹੈ ਜਦੋਂ ਕੈਨੇਡਾ ਰਿਹਾਇਸ਼ੀ ਸਮਰੱਥਾ ਦੇ ਮੁੱਦਿਆਂ ਸਬੰਧੀ ਦੁਨੀਆ ਵਿੱਚ ਸਭ ਤੋਂ ਭੈੜੀ ਸਥਿਤੀ ਨਾਲ ਜੂਝ ਰਿਹਾ ਹੈ।

ਘਰਾਂ ਦੀਆਂ ਕੀਮਤਾਂ 20 ਫੀਸਦੀ ਤੋਂ ਵੀ ਵੱਧ ਗਈਆਂ ਹਨ, ਜਿਸ ਨਾਲ ਘਰ ਦੀ ਔਸਤਨ ਕੀਮਤ ਲਗਭਗ 817,000 ਕੈਨੇਡੀਅਨ ਡਾਲਰ (650,000 ਅਮਰੀਕੀ ਡਾਲਰ) ਤੱਕ ਪਹੁੰਚ ਗਈ ਹੈ, ਜੋ ਕਿ ਘਰੇਲੂ ਆਮਦਨ ਤੋਂ 9 ਗੁਣਾ ਵੱਧ ਗਈ ਹੈ।

ਪਰ ਉਦਯੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਵਿਦੇਸ਼ੀ ਖਰੀਦਦਾਰਾਂ ਉੁੱਪਰ ਪਾਬੰਦੀ ਲਗਾ ਕੇ ਇਸ ਸਮੱਸਿਆ ਦਾ ਹੱਲ ਹੋਵੇਗਾ।

ਕੈਨੇਡਾ ਵਿੱਚ ਵਿਦੇਸ਼ੀ ਖਰੀਦਦਾਰਾਂ ਦੁਆਰਾ ਖਰੀਦਦਾਰੀ ਦੇ ਅੰਕੜੇ ਸੀਮਤ ਹਨ, ਪਰ ਅਧਿਐਨ ਮੁਤਾਬਕ, ਉਹ ਖਰੀਦਦਾਰਾਂ ਦਾ ਇੱਕ ਬਹੁਤ ਛੋਟਾ ਹਿੱਸਾ ਹਨ।

ਸਲਾਹਕਾਰ ਫਰਮ, ਬੁਲਪੇਨ ਰਿਸਰਚ ਐਂਡ ਕੰਸਲਟਿੰਗ ਟੋਰਾਂਟੋ ਦੇ ਪ੍ਰਧਾਨ ਬੈਨ ਮਾਇਰਸ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਇਸਦਾ ਬਹੁਤ ਜ਼ਿਆਦਾ ਪ੍ਰਭਾਵ ਹੋਵੇਗਾ''। ਇਸ ਫਰਮ ਨੇ ਪਾਇਆ ਹੈ ਕਿ ਵਿਦੇਸ਼ੀ ਲੋਕਾਂ ਨੇ 2020 ਵਿੱਚ ਸਿਰਫ 1% ਖਰੀਦਦਾਰੀ ਕੀਤੀ, ਜੋ ਕਿ 2015 ਅਤੇ 2016 ਵਿੱਚ 9% ਸੀ।

ਉਹ ਕਹਿੰਦੇ ਹਨ, "ਇਹ ਬਹੁਤ ਛੋਟਾ ਅੰਕੜਾ ਹੈ, ਆਓ ਇਸਦਾ ਸਾਹਮਣਾ ਕਰੀਏ, ਪਰ ਜੋ ਲੋਕ ਅਸਲ ਵਿੱਚ ਖਰੀਦਣਾ ਚਾਹੁੰਦੇ ਹਨ, ਉਹ ਹੋਰ ਤਰੀਕੇ ਲੱਭ ਲੈਣਗੇ''।

ਇਹ ਵੀ ਪੜ੍ਹੋ:

ਮਾਇਰਸ ਦਾ ਕਹਿਣਾ ਹੈ ਕਿ 2020 ਵਿੱਚ ਮਹਾਂਮਾਰੀ ਦੇ ਪ੍ਰਭਾਵ ਤੋਂ ਬਾਅਦ ਇਹ ਮੁੱਦੇ ਹੋਰ ਗੰਭੀਰ ਹੋ ਗਏ ਹਨ। ਹਾਲਾਂਕਿ ਕੈਨੇਡਾ ਅਤੇ ਹੋਰ ਥਾਵਾਂ 'ਤੇ ਨੀਤੀਘਾੜਿਆਂ ਨੇ ਆਰਥਿਕਤਾ ਨੂੰ ਸਥਿਰ ਕਰਨ ਲਈ ਵਿਆਜ ਦਰਾਂ ਵਿੱਚ ਕਟੌਤੀ ਕੀਤੀ, ਲਾਗਤਾਂ ਨੂੰ ਘਟਾਇਆ ਅਤੇ ਇਸ ਤਰ੍ਹਾਂ ਮੰਗ ਨੂੰ ਹੋਰ ਵਧਾ ਦਿੱਤਾ ਹੈ।

ਇਨ੍ਹਾਂ ਕਦਮਾਂ ਨੇ ਸੰਸਾਰ ਦੇ ਬਹੁਤ ਸਾਰੇ ਬਾਜ਼ਾਰਾਂ ਵਿੱਚ ਘਰਾਂ ਦੀਆਂ ਵਧਦੀਆਂ ਕੀਮਤਾਂ ਹੋਰ ਵਧਾ ਦਿੱਤੀਆਂ ਹਨ। ਓਈਸੀਡੀ (OECD) ਦੇ ਅੰਕੜਿਆਂ ਦੇ ਅਨੁਸਾਰ, ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਤੇ ਆਮਦਨੀ ਵਿਚਕਾਰ ਆਇਆ ਅੰਤਰ ਬੜਾ ਹੀ ਨਾਟਕੀ ਹੈ।

ਇਸ ਖ਼ਬਰ ਨਾਲ ਸਬੰਧਤ ਵੀਡੀਓ ਵੀ ਦੇਖੋ

ਚੋਣ ਮੁਹਿੰਮ ਦਾ ਇਕਰਾਰ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਆਪਣੀ ਚੋਣ ਮੁਹਿੰਮ ਵਿੱਚ ਘਰਾਂ ਦੀ ਸਮੱਸਿਆ ਨਾਲ ਨਜਿੱਠਣ ਦਾ ਵਾਅਦਾ ਕੀਤਾ ਸੀ।

ਵਿਦੇਸ਼ੀ ਖਰੀਦਦਾਰਾਂ 'ਤੇ ਅਸਥਾਈ ਪਾਬੰਦੀ ਤੋਂ ਇਲਾਵਾ, ਵੀਰਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਨਵੀਂ ਉਸਾਰੀ ਅਤੇ ਨਵੀਆਂ ਯੋਜਨਾਵਾਂ ਲਈ ਵੀ ਅਰਬਾਂ ਰੁਪਏ ਰੱਖੇ ਗਏ ਹਨ, ਜਿਵੇਂ ਕਿ ਪਹਿਲੀ ਵਾਰ ਦੇ ਖਰੀਦਦਾਰਾਂ ਲਈ ਟੈਕਸ ਮੁਕਤ ਬਚਤ ਖਾਤਾ।

ਵਿਦੇਸ਼ੀ ਖਰੀਦਦਾਰਾਂ ਉੁੱਪਰ ਅਸਥਾਈ ਪਾਬੰਦੀ ਤੋਂ ਕੁਝ ਲੋਕਾਂ ਨੂੰ ਛੋਟ ਮਿਲੇਗੀ, ਜਿੰਨਾਂ ਵਿੱਚ ਪਰਮਾਨੈਂਟ ਰੈਜ਼ੀਡੇਂਟਸ, ਵਿਦੇਸ਼ੀ ਵਿਦਿਆਰਥੀ ਅਤੇ ਕਰਮਚਾਰੀਆ ਦੇ ਨਾਲ-ਨਾਲ ਉਹ ਲੋਕ ਵੀ ਸ਼ਾਮਿਲ ਹੋਣਗੇ ਜੋ ਪਹਿਲੀ ਵਾਰ ਜਾਂ ਪਹਿਲਾ ਘਰ ਖਰੀਦ ਰਹੇ ਹਨ।

ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ 'ਤੇ ਕੁਝ ਵਿਸ਼ੇਸ਼ ਟੈਕਸ ਵੀ ਲਗਾਏ ਗਏ ਹਨ ਅਤੇ ਘਰ ਸਬੰਧੀ ਇਹ ਮਤਾ ਵੀ ਅਜਿਹੀਆਂ ਕਾਰਵਾਈਆਂ 'ਤੇ ਹੀ ਆਧਾਰਿਤ ਹੈ।

ਜਿਵੇਂ ਕਿ, ਓਨਟਾਰਿਓ ਵਿੱਚ ਪ੍ਰੋਵਿੰਸ਼ਿਅਲ ਪ੍ਰੀਮਿਅਰ ਡੱਗ ਫ਼ੋਰਡ ਨੇ ਹਾਲ ਹੀ ਵਿੱਚ ਵਿਦੇਸ਼ੀ ਖਰੀਦਦਾਰਾਂ ਉੱਪਰ ਟੈਕਸ 15% ਤੋਂ 20% ਕਰਨ ਦੀ ਯੋਜਨਾ ਬਣਾਉਣ ਦੀ ਗੱਲ ਕਹੀ ਹੈ।

ਇਸ ਤੋਂ ਪਹਿਲਾਂ ਸਾਲ 2018 ਵਿੱਚ ਨਿਊਜ਼ੀਲੈਂਡ ਵੀ ਅਜਿਹੇ ਮਾਪਦੰਡ ਅਪਣਾ ਚੁੱਕਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)