ਪੰਜਾਬ ਦੀ ਹੋਣੀ: ਆਪ ਬੇਰੁਜ਼ਗਾਰ ਰਹੇ ਪਿਓ ਨੇ ਪੁੱਤ ਭੇਜਿਆ ਸੀ ਕੈਨੇਡਾ, ਪਰ ਹੁਣ ਉਸਦੀ ਮੌਤ ਦੀ ਆ ਗਈ ਖ਼ਬਰ

“ਸਾਡੀਆਂ ਤਿੰਨ ਪੀੜ੍ਹੀਆਂ ਦਾ ਆਸਰਾ ਇਹ ਇੱਕੋ ਬੱਚਾ ਸੀ। ਬਹੁਤ ਵੱਡਾ ਦਿਲ ਕਰਕੇ ਵਿਦੇਸ਼ ਭੇਜਿਆ ਸੀ। ਸਾਡਾ 'ਤੇ ਹੁਣ ਬਚਿਆ ਹੀ ਕੁਝ ਨਹੀਂ।”

ਰੋਂਦੇ ਰੋਂਦੇ ਸਤਿੰਦਰ ਕੌਰ ਦੇ ਸ਼ਬਦ ਮੁੱਕ ਜਾਂਦੇ ਹਨ। ਉਨ੍ਹਾਂ ਦੇ ਇਕਲੌਤੇ ਪੁੱਤਰ ਕਰਨਪਾਲ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਘਰ ਵਿੱਚ ਆਏ ਲੋਕ ਉਨ੍ਹਾਂ ਨੂੰ ਦਿਲਾਸਾ ਦਿੰਦੇ ਹਨ।

ਸ਼ਨੀਵਾਰ ਦੇਰ ਸ਼ਾਮ ਕੈਨੇਡਾ ਦੇ ਟੋਰਾਂਟੋ ਨਜ਼ਦੀਕ ਸੜਕ ਹਾਦਸੇ ਵਿੱਚ ਪੰਜ ਭਾਰਤੀ ਨੌਜਵਾਨਾਂ ਦੀ ਮੌਤ ਹੋਈ ਹੈ ਅਤੇ ਇਸ ਦੀ ਪੁਸ਼ਟੀ ਕੈਨੇਡਾ ਵਿਚ ਭਾਰਤ ਦੇ ਰਾਜਦੂਤ ਅਜੈ ਬਿਸਾਰੀਆ ਨੇ ਕੀਤੀ ਹੈ। ਇਸੇ ਹਾਦਸੇ ਵਿੱਚ ਕਰਨਪਾਲ ਸਿੰਘ ਦੀ ਮੌਤ ਹੋ ਗਈ ਹੈ।

ਇੱਕ ਟਵੀਟ ਵਿੱਚ ਉਨ੍ਹਾਂ ਆਖਿਆ ਕਿ ਦੋ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਭਾਰਤ ਸਰਕਾਰ ਮ੍ਰਿਤਕਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸਹਾਇਤਾ ਲਈ ਸੰਪਰਕ ਵਿੱਚ ਹੈ।

'ਨਿਕੰਮੀਆਂ ਸਰਕਾਰਾਂ ਦਾ ਕਸੂਰ'

ਗੁਰਦਾਸਪੁਰ ਦੇ ਪਿੰਡ ਅਮੋਨੰਗਲ ਦੇ ਕਰਨਪਾਲ ਦੀ ਉਮਰ ਮਹਿਜ਼ 22 ਸਾਲ ਸੀ। ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਉਨ੍ਹਾਂ ਦੇ ਪਿਤਾ ਪਰਜੀਤ ਸਿੰਘ ਨੇ ਗੱਲ ਕੀਤੀ।

ਉਨ੍ਹਾਂ ਦੇ ਪਿਤਾ ਪਰਜੀਤ ਨੇ ਦੱਸਿਆ, "ਮੇਰਾ ਇਕਲੌਤਾ ਬੇਟਾ ਕਰਨਪਾਲ ਪਿਛਲੇ ਸਾਲ 26 ਜਨਵਰੀ ਨੂੰ ਕੈਨੇਡਾ ਦੇ ਬਰੈਂਪਟਨ ਵਿੱਚ ਸਟੱਡੀ ਵੀਜ਼ਾ 'ਤੇ ਗਿਆ ਸੀ। ਕਰਨਪਾਲ ਆਪਣੇ ਦੋਸਤ ਨਾਲ ਪੇਪਰ ਦੇ ਕੇ ਵਾਪਸ ਆ ਰਿਹਾ ਸੀ। ਉਸੇ ਵੇਲੇ ਰਸਤੇ ਵਿੱਚ ਟਰਾਲੀ ਦੀ ਟੈਕਸੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੇਰੇ ਬੇਟੇ ਦੀ ਜਾਨ ਚਲੀ ਗਈ।"

ਆਪਣੀ ਬੇਟੇ ਨੂੰ ਯਾਦ ਕਰਦਿਆਂ ਪਰਜੀਤ ਸਿੰਘ ਦੀਆਂ ਅੱਖਾਂ ਭਰ ਆਉਂਦੀਆਂ ਹਨ।

"ਇਹ ਸਾਰਾ ਸਾਡੀਆਂ ਸਰਕਾਰਾਂ ਦਾ ਕਸੂਰ ਹੈ। ਇਨ੍ਹਾਂ ਨੇ ਸਿਰਫ਼ ਨਸ਼ੇ ਦਿੱਤੇ ਹਨ। ਬੱਚਿਆਂ ਕੋਲ ਰੁਜ਼ਗਾਰ ਨਹੀਂ। ਭਾਵੇਂ ਸੈਂਟਰ ਭਾਵੇਂ ਸੂਬੇ ਦੀ ਸਰਕਾਰ ਹੋਵੇ, ਇਹ ਨਿਕੰਮੀਆਂ ਸਰਕਾਰਾਂ ਹਨ।”

ਪਰਜੀਤ ਸਿੰਘ ਨੇ ਦੱਸਿਆ ਕਿ ਉਹ ਆਪ ਬੇਰੁਜ਼ਗਾਰ ਲਾਈਨਮੈਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਕਰੀ ਲਈ ਧਰਨਿਆਂ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੌਰਾਨ ਕੁੱਟ ਵੀ ਖਾਧੀ ਹੈ । ਉਨ੍ਹਾਂ ਨੇ ਆਖਿਆ ਕਿ ਜੇਕਰ ਸਰਕਾਰਾਂ ਨੇ ਉਨ੍ਹਾਂ ਨੂੰ ਨੌਕਰੀ ਦਿੱਤੀ ਹੁੰਦੀ ਤਾਂ ਵੀ ਉਹ ਆਪਣੇ ਬੱਚੇ ਨੂੰ ਬਾਹਰ ਨਾ ਭੇਜਦੇ ਅਤੇ ਗੁਜ਼ਾਰਾ ਕਰ ਲੈਂਦੇ।

'ਪੇਪਰ ਤੋਂ ਪਹਿਲਾਂ ਕੀਤਾ ਸੀ ਫ਼ੋਨ'

ਕਰਨਪਾਲ ਦੀ ਮਾਤਾ ਸਤਿੰਦਰ ਕੌਰ ਦਾ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਆਖਿਆ, “ਕਰਨਪਾਲ ਨੇ ਪੇਪਰ ਤੋਂ ਪਹਿਲਾਂ ਫੋਨ ਕੀਤਾ ਸੀ ਅਤੇ ਆਖਿਆ ਸੀ ਕਿ ਉਹ ਵਾਪਿਸ ਆ ਕੇ ਫੋਨ ਕਰੇਗਾ। ਬਦਕਿਸਮਤੀ ਨਾਲ ਹਾਦਸਾ ਹੋਣ ਕਰਕੇ ਉਹ ਫ਼ੋਨ ਕਦੇ ਨਹੀਂ ਆ ਸਕਿਆ।”

ਕਰਨਪਾਲ ਦੇ ਦੋਸਤ ਸਰਬਜੀਤ ਨੇ ਦੱਸਿਆ ਕਿ ਕਰਨਪਾਲ ਮਾਪਿਆਂ ਦੇ ਕਹਿਣ ਵਿੱਚ ਰਹਿਣ ਵਾਲਾ ਮੁੰਡਾ ਸੀ। ਉਨ੍ਹਾਂ ਦੱਸਿਆ, "ਕਰਨਪਾਲ ਨੂੰ ਤਾਂ ਉਸ ਦੇ ਪਿਤਾ ਸਕੂਲ ਛੱਡਣ ਤੇ ਲੈ ਕੇ ਆਉਂਦੇ ਸੀ। ਸਾਨੂੰ ਤਾਂ ਇਹ ਵੀ ਹੈਰਾਨੀ ਹੋਈ ਕਿ ਉਹ ਕਿਵੇਂ ਇਕੱਲਿਆਂ ਬਾਹਰ ਚਲਾ ਗਿਆ।"

ਕਰਨਪਾਲ ਦੇ ਇੱਕ ਹੋਰ ਦੋਸਤ ਮਨਿੰਦਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰੁਜ਼ਗਾਰ ਨਹੀਂ ਹੈ ਜਿਸ ਕਾਰਨ ਕਰਨਪਾਲ ਨੂੰ ਵਿਦੇਸ਼ ਜਾਣਾ ਪਿਆ ਤੇ ਅਜਿਹੇ ਕਈ ਨੌਜਵਾਨਾਂ ਨੂੰ ਜਾਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਕਰਨਪਾਲ ਨੂੰ ਵੀ ਰੁਜ਼ਗਾਰ ਦੇ ਸਾਧਨ ਨਾ ਹੋਣ ਕਾਰਨ ਹੀ ਵਿਦੇਸ਼ ਜਾਣਾ ਪਿਆ ਸੀ।

ਕੇਂਦਰੀ ਵਿਦੇਸ਼ ਮੰਤਰੀ ਨੇ ਜਤਾਇਆ ਦੁੱਖ

ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਜ਼ਖ਼ਮੀ ਹੋਣ ਦੀ ਖਬਰ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਟਵੀਟ ਕੀਤਾ ਹੈ।

ਜੈਸ਼ੰਕਰ ਨੇ ਪੀੜਿਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਆਖਿਆ ਹੈ ਕਿ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਏਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਖਮੀ ਨੌਜਵਾਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)