ਰੂਸ - ਯੂਕਰੇਨ ਸੰਕਟ: ਕੀ ਅਮਰੀਕਾ ਯੂਕਰੇਨ ਵਿੱਚ ਫੌਜ ਭੇਜ ਸਕਦਾ ਹੈ, ਅਮਰੀਕੀ ਲੋਕ ਕੀ ਚਾਹੁੰਦੇ ਹਨ

ਜ਼ੇਲੇਂਸਕੀ, ਬਾਇਡਨ ਤੇ ਪੁਤਿਨ

ਤਸਵੀਰ ਸਰੋਤ, Reuters/getty images

    • ਲੇਖਕ, ਬਾਰਬਰਾ ਪੇਲੇਟ ਅਸ਼ਰ
    • ਰੋਲ, ਬੀਬੀਸੀ ਸਟੇਟ ਡਿਪਾਰਟਮੈਂਟ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਪ੍ਰਤੀ ਰੂਸੀ ਹਮਲੇ ਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਕੂਟਨੀਤੀ ਵਰਤੀ ਹੈ।

ਉਨ੍ਹਾਂ ਦੇ ਪ੍ਰਸ਼ਾਸਨ ਨੇ ਆਗਾਮੀ ਹਮਲੇ ਦੀਆਂ ਚਿਤਾਵਨੀਆਂ ਨੂੰ ਨਿਰੰਤਰ ਪ੍ਰਸਾਰਿਤ ਕੀਤਾ - ਜੋ ਸਹੀ ਸਾਬਤ ਹੋਈਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਅੰਤਰਰਾਸ਼ਟਰੀ ਕਾਨੂੰਨ ਵਿਵਸਥਾ ਦਾਅ 'ਤੇ ਲੱਗੀ ਹੋਈ ਹੈ।

ਬਾਇਡਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਲੜਨ ਲਈ ਤਿਆਰ ਨਹੀਂ ਹਨ, ਭਾਵੇਂ ਕਿ ਰੂਸੀ ਸਪੱਸ਼ਟ ਤੌਰ 'ਤੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਬਚਾਉਣ ਲਈ ਯੂਕਰੇਨ ਵਿੱਚ ਫੌਜਾਂ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਕੀ, ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਸੀ?

ਅਸਲ ਵਿੱਚ ਉਨ੍ਹਾਂ ਨੇ ਫੌਜਾਂ ਨੂੰ ਉੱਥੋਂ ਹਟਾ ਲਿਆ ਹੈ ਜੋ ਦੇਸ਼ ਵਿੱਚ ਫੌਜੀ ਸਲਾਹਕਾਰਾਂ ਅਤੇ ਨਿਗਰਾਨਾਂ ਵਜੋਂ ਸੇਵਾਵਾਂ ਦੇ ਰਹੀਆਂ ਸਨ।

ਉਨ੍ਹਾਂ ਨੇ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਸਭ ਤੋਂ ਮਹੱਤਵਪੂਰਨ ਵਿਦੇਸ਼ ਨੀਤੀ ਦੇ ਸੰਕਟ ਵਿੱਚ ਇਹ ਲਾਲ ਲਕੀਰ ਕਿਉਂ ਖਿੱਚੀ ਹੈ?

ਰਾਸ਼ਟਰੀ ਸੁਰੱਖਿਆ ਇੱਥੇ ਕੋਈ ਮਸਲਾ ਨਹੀਂ ਹੈ

ਸਭ ਤੋਂ ਪਹਿਲੀ ਗੱਲ, ਯੂਕਰੇਨ ਅਮਰੀਕਾ ਦੇ ਗੁਆਂਢ ਵਿੱਚ ਨਹੀਂ ਹੈ। ਇਸ ਦੀ ਅਮਰੀਕਾ ਨਾਲ ਸਰਹੱਦ ਨਹੀਂ ਲਗਦੀ ਹੈ। ਯੂਕਰੇਨ ਵਿੱਚ ਅਮਰੀਕੀ ਫੌਜ ਦਾ ਕੋਈ ਟਿਕਾਣਾ ਵੀ ਨਹੀਂ ਹੈ। ਯੂਕਰੇਨ ਕੋਲ ਰਣਨੀਤਕ ਤੇਲ ਭੰਡਾਰ ਨਹੀਂ ਹਨ, ਅਤੇ ਇਹ ਇੱਕ ਪ੍ਰਮੁੱਖ ਵਪਾਰਕ ਭਾਈਵਾਲ ਵੀ ਨਹੀਂ ਹੈ।

ਹਾਲਾਂਕਿ ਰਾਸ਼ਟਰੀ ਹਿੱਤ ਨਾ ਹੋਣ ਦੇ ਬਾਵਜੂਦ ਅਤੀਤ ਵਿੱਚ ਸਾਬਕਾ ਰਾਸ਼ਟਰਪਤੀ ਦੂਜਿਆਂ ਲਈ ਖੂਨ ਵਹਾਉਣ ਅਤੇ ਪੈਸਾ ਖਰਚਣ ਤੋਂ ਨਹੀਂ ਰੁਕੇ। 1995 ਵਿੱਚ ਬਿਲ ਕਲਿੰਟਨ ਨੇ ਯੂਗੋਸਲਾਵੀਆ ਦੇ ਪਤਨ ਤੋਂ ਬਾਅਦ ਹੋਈ ਲੜਾਈ ਵਿੱਚ ਫੌਜੀ ਦਖਲਅੰਦਾਜ਼ੀ ਕੀਤੀ ਸੀ।

2011 ਵਿੱਚ ਬਰਾਕ ਓਬਾਮਾ ਨੇ ਲੀਬੀਆ ਦੇ ਘਰੇਲੂ ਯੁੱਧ ਵਿੱਚ ਵੀ ਅਜਿਹਾ ਹੀ ਕੀਤਾ ਸੀ, ਇਹ ਵੱਡੇ ਪੱਧਰ 'ਤੇ ਮਾਨਵਤਾਵਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਨਾਟੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1995 ਵਿੱਚ ਨਾਟੋ ਦਸਤੇ ਵਜੋਂ ਬੋਸਨੀਆ ਵਿੱਚ ਤਾਇਨਾਤ ਅਮਰੀਕੀ ਫ਼ੌਜੀ

1990 ਵਿੱਚ ਜਾਰਜ ਐੱਚ. ਡਬਲਯੂ ਬੁਸ਼ ਨੇ ਜੰਗਲ ਦੇ ਸ਼ਾਸਨ ਦੇ ਖਿਲਾਫ਼ ਕਾਨੂੰਨ ਦੇ ਸ਼ਾਸਨ ਦੀ ਰੱਖਿਆ ਕਰਨ ਦੇ ਨਾਂਅ ਉੱਪਰ ਕੁਵੈਤ ਤੋਂ ਇਰਾਕ ਨੂੰ ਬਾਹਰ ਕੱਢਣ ਲਈ ਆਪਣੇ ਅੰਤਰਰਾਸ਼ਟਰੀ ਗੱਠਜੋੜ ਨੂੰ ਜਾਇਜ਼ ਠਹਿਰਾਇਆ ਸੀ।

ਬਾਇਡਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੇ ਸ਼ਾਂਤੀ ਅਤੇ ਸੁਰੱਖਿਆ ਦੇ ਅੰਤਰਰਾਸ਼ਟਰੀ ਸਿਧਾਂਤਾਂ ਲਈ ਰੂਸ ਦੇ ਖਤਰੇ ਦਾ ਵਰਣਨ ਕਰਦੇ ਸਮੇਂ ਇਸੀ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ।

ਬਾਇਡਨ ਫੌਜੀ ਕਾਰਵਾਈਆਂ ਨਾਲ ਨਹੀਂ, ਸਗੋਂ ਗੰਭੀਰ ਪਾਬੰਦੀਆਂ ਰਾਹੀਂ ਯੁੱਧ ਦੇ ਜਵਾਬ ਦਾ ਪ੍ਰਚਾਰ ਕਰ ਰਹੇ ਹਨ।

ਬਇਡਨ ਫੌਜੀ ਦਖਲ ਨਹੀਂ ਦੇਣਗੇ

ਇਸ ਦਾ ਰਾਸ਼ਟਰਪਤੀ ਬਾਇਡਨ ਦੀ ਦਖਲ ਨਾ ਦੇਣ ਦੀ ਪ੍ਰਵਿਰਤੀ ਨਾਲ ਕੁਝ ਲੈਣਾ-ਦੇਣਾ ਹੈ।

ਇਹ ਸੱਚ ਹੈ ਕਿ ਉਹ ਸਮੇਂ ਦੇ ਨਾਲ ਵਿਕਸਤ ਹੋਏ ਸਨ। ਉਨ੍ਹਾਂ ਨੇ 1990 ਦੇ ਦਹਾਕੇ ਵਿੱਚ ਬਾਲਕਨ ਵਿੱਚ ਨਸਲੀ ਸੰਘਰਸ਼ਾਂ ਨਾਲ ਨਜਿੱਠਣ ਲਈ ਅਮਰੀਕੀ ਫੌਜੀ ਕਾਰਵਾਈ ਦਾ ਸਮਰਥਨ ਕੀਤਾ।

ਉਨ੍ਹਾਂ ਨੇ 2003 ਵਿੱਚ ਇਰਾਕ ਉੱਤੇ ਅਮਰੀਕਾ ਦੇ ਅਫ਼ਸੋਸਨਾਕ ਹਮਲੇ ਦੇ ਹੱਕ ਵਿੱਚ ਵੋਟ ਦਿੱਤੀ ਸੀ, ਪਰ ਉਦੋਂ ਤੋਂ ਉਹ ਅਮਰੀਕੀ ਫੌਜੀ ਸ਼ਕਤੀ ਦੀ ਵਰਤੋਂ ਕਰਨ ਲਈ ਵਧੇਰੇ ਸੁਚੇਤ ਹੋ ਗਏ ਹਨ।

ਵੀਡੀਓ ਕੈਪਸ਼ਨ, ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

ਉਨ੍ਹਾਂ ਨੇ ਲੀਬੀਆ ਵਿੱਚ ਓਬਾਮਾ ਦੇ ਦਖਲ ਦੇ ਨਾਲ-ਨਾਲ ਅਫ਼ਗਾਨਿਸਤਾਨ ਵਿੱਚ ਫੌਜਾਂ ਦੇ ਵਾਧੇ ਦਾ ਵਿਰੋਧ ਕੀਤਾ। ਇਸ ਨਾਲ ਹੋਈ ਅਰਾਜਕਤਾ ਅਤੇ ਇਸ ਦੇ ਨਤੀਜੇ ਵਜੋਂ ਹੋਈ ਮਨੁੱਖੀ ਤਬਾਹੀ ਦੇ ਬਾਵਜੂਦ ਉਹ ਪਿਛਲੇ ਸਾਲ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੇ ਆਪਣੇ ਆਦੇਸ਼ ਦਾ ਦ੍ਰਿੜਤਾ ਨਾਲ ਬਚਾਅ ਕਰਦੇ ਹਨ।

ਉਨ੍ਹਾਂ ਦੇ ਚੋਟੀ ਦੇ ਡਿਪਲੋਮੈਟ 'ਖਾਸਮਖਾਸ' ਐਂਟਨੀ ਬਲਿੰਕਨ ਜਿਨ੍ਹਾਂ ਨੇ ਉਨ੍ਹਾਂ ਨਾਲ ਕੰਮ ਕਰਕੇ ਲਗਭਗ 20 ਸਾਲਾਂ ਵਿੱਚ ਰਾਸ਼ਟਰਪਤੀ ਦੀ ਵਿਦੇਸ਼ ਨੀਤੀ ਤਿਆਰ ਕੀਤੀ ਹੈ।

ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਨੂੰ ਫੌਜੀ ਦਖਲਅੰਦਾਜ਼ੀ ਦੀ ਬਜਾਏ ਜਲਵਾਯੂ ਪਰਿਵਰਤਨ ਨਾਲ ਮੁਕਾਬਲ ਕਰਨ, ਆਲਮੀ ਬਿਮਾਰੀਆਂ ਨਾਲ ਲੜਨ ਅਤੇ ਚੀਨ ਨਾਲ ਮੁਕਾਬਲਾ ਕਰਨ ਬਾਰੇ ਵਧੇਰੇ ਅੱਗੇ ਆਉਣ ਲਈ ਤਿਆਰ ਕੀਤਾ ਹੈ।

ਅਮਰੀਕਾ ਵਾਸੀ ਵੀ ਜੰਗ ਨਹੀਂ ਚਾਹੁੰਦੇ

ਹਾਲ ਹੀ ਵਿੱਚ ਏਪੀ-ਐੱਨਓਆਰਸੀ (AP-NORC) ਸਰਵੇਖਣ ਵਿੱਚ ਪਾਇਆ ਗਿਆ ਕਿ 72% ਅਮਰੀਕੀਆਂ ਨੇ ਕਿਹਾ ਕਿ ਅਮਰੀਕਾ ਨੂੰ ਰੂਸ-ਯੂਕਰੇਨ ਸੰਘਰਸ਼ ਵਿੱਚ ਮਾਮੂਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਾਂ ਬਿਲਕੁਲ ਵੀ ਨਹੀਂ।

ਉਹ ਪਾਕਿਟ-ਬੁੱਕ ਮੁੱਦਿਆਂ (ਵਿੱਤੀ ਸਰੋਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ) 'ਤੇ ਕੇਂਦਰਿਤ ਹਨ, ਖਾਸ ਤੌਰ 'ਤੇ ਵਧ ਰਹੀ ਮਹਿੰਗਾਈ, ਜਿਸ ਬਾਰੇ ਬਾਇਡਨ ਨੂੰ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਧਿਆਨ ਰੱਖਣਾ ਹੋਵੇਗਾ।

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ

ਵਾਸ਼ਿੰਗਟਨ ਵਿੱਚ ਇਹ ਸੰਕਟ ਦੋਵੇਂ ਪੱਖਾਂ ਦੇ ਸੰਸਦ ਮੈਂਬਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜੋ ਸਖ਼ਤ ਪਾਬੰਦੀਆਂ ਦੀ ਮੰਗ ਕਰ ਰਹੇ ਹਨ। ਪਰ ਰਿਪਬਲਿਕਨ ਸੈਨੇਟਰ ਟੇਡ ਕਰੂਜ਼ ਵਰਗੇ ਵੀ ਨਹੀਂ ਚਾਹੁੰਦੇ ਕਿ ਬਾਇਡਨ ਅਮਰੀਕੀ ਫੌਜਾਂ ਨੂੰ ਯੂਕਰੇਨ ਵਿੱਚ ਭੇਜਣ ਅਤੇ "ਪੁਤਿਨ ਨਾਲ ਲੜਾਈ ਸ਼ੁਰੂ ਕਰਨ।"

ਵਿਦੇਸ਼ ਨੀਤੀ ਦੇ ਇੱਕ ਹੋਰ ਜਾਣਕਾਰ, ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਪਰਮਾਣੂ ਸ਼ਕਤੀਆਂ ਵਿਚਕਾਰ ਯੁੱਧ ਕਿਸੇ ਲਈ ਵੀ ਚੰਗਾ ਨਹੀਂ ਹੋਵੇਗਾ।

ਮਹਾਂਸ਼ਕਤੀਆਂ ਦੇ ਟਕਰਾਅ ਦਾ ਖ਼ਤਰਾ

ਸਿੱਟਾ ਇਹ ਹੈ ਕਿ ਪੁਤਿਨ ਕੋਲ ਪਰਮਾਣੂ ਹਥਿਆਰਾਂ ਦਾ ਭੰਡਾਰ ਹੈ।

ਬਾਇਡਨ ਯੂਕਰੇਨ ਵਿੱਚ ਅਮਰੀਕੀ ਅਤੇ ਰੂਸੀ ਸੈਨਿਕਾਂ ਵਿਚਕਾਰ ਸਿੱਧੇ ਟਕਰਾਅ ਦਾ ਜੋਖਮ ਲੈ ਕੇ "ਵਿਸ਼ਵ ਯੁੱਧ" ਨਹੀਂ ਛੇੜਨਾ ਚਾਹੁੰਦੇ। ਉਹ ਇਸ ਬਾਰੇ ਸਪੱਸ਼ਟ ਹਨ।

ਰਾਸ਼ਟਰਪਤੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸੀਐੱਨਬੀਸੀ ਨੂੰ ਕਿਹਾ ਸੀ, "ਅਜਿਹਾ ਨਹੀਂ ਹੈ ਕਿ ਅਸੀਂ ਕਿਸੇ ਅੱਤਵਾਦੀ ਸੰਗਠਨ ਨਾਲ ਨਜਿੱਠ ਰਹੇ ਹਾਂ।"

"ਅਸੀਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਫੌਜਾਂ ਵਿੱਚੋਂ ਇੱਕ ਨਾਲ ਨਜਿੱਠ ਰਹੇ ਹਾਂ। ਇਹ ਬਹੁਤ ਮੁਸ਼ਕਿਲ ਸਥਿਤੀ ਹੈ, ਅਤੇ ਚੀਜ਼ਾਂ ਜਲਦੀ ਬਦਲ ਸਕਦੀਆਂ ਹਨ।"

ਪੁਤਿਨ ਤੇ ਬਾਇਡਨ

ਤਸਵੀਰ ਸਰੋਤ, Getty Images

ਨਾ ਹੀ ਅਜਿਹੀ ਕੋਈ ਸੰਧੀਆਂ ਦੀ ਜ਼ਿੰਮੇਵਾਰੀ ਹੈ ਜੋ ਅਮਰੀਕਾ ਨੂੰ ਇਹ ਜੋਖਮ ਲੈਣ ਲਈ ਪਾਬੰਦ ਕਰ ਰਹੀ ਹੋਵੇ। ਕਿਸੇ ਵੀ ਨਾਟੋ ਦੇਸ਼ ਦੇ ਖਿਲਾਫ਼ ਹਮਲਾ ਸਾਰਿਆਂ ਦੇ ਵਿਰੁੱਧ ਹਮਲਾ ਹੈ। ਇਹ ਬੁਨਿਆਦੀ ਅਨੁਛੇਦ 5 ਦੀ ਵਚਨਬੱਧਤਾ ਹੈ ਜੋ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਪਾਬੰਦ ਕਰਦੀ ਹੈ।

ਪਰ ਯੂਕਰੇਨ ਨਾਟੋ ਦਾ ਮੈਂਬਰ ਨਹੀਂ ਹੈ, ਇੱਕ ਅਜਿਹਾ ਕਾਰਕ ਜਿਸ ਦਾ ਹਵਾਲਾ ਬਲਿੰਕਨ ਨੇ ਇਹ ਦੱਸਣ ਲਈ ਦਿੱਤਾ ਹੈ ਕਿ ਅਮਰੀਕਨ ਉਨ੍ਹਾਂ ਕਦਰਾਂ-ਕੀਮਤਾਂ ਲਈ ਕਿਉਂ ਨਹੀਂ ਲੜਨਗੇ ਜਿਨ੍ਹਾਂ ਦੀ ਉਹ ਇੰਨੇ ਜ਼ੋਰਦਾਰ ਢੰਨ ਨਾਲ ਪ੍ਰਸ਼ੰਸਾ ਕਰਦੇ ਹਨ।

ਇੱਥੇ ਇੱਕ ਖਾਸ ਵਿਡੰਬਨਾ ਹੈ, ਕਿਉਂਕਿ ਇਹ ਟਕਰਾਅ ਪੁਤਿਨ ਦੀਆਂ ਮੰਗਾਂ ਬਾਰੇ ਹੈ ਕਿ ਯੂਕਰੇਨ ਨੂੰ ਕਦੇ ਵੀ ਫੌਜੀ ਗੱਠਜੋੜ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਅਤੇ ਨਾਟੋ ਨੇ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਹਾਰਵਰਡ ਦੇ ਪ੍ਰੋਫੈਸਰ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਜਾਣਕਾਰ ਸਟੀਫਨ ਵਾਲਟ ਨੇ ਦਲੀਲ ਦਿੱਤੀ ਕਿ ਅਮਰੀਕਾ ਅਤੇ ਹੋਰ ਨਾਟੋ ਦੇਸ਼ਾਂ ਦੁਆਰਾ ਸਮਝੌਤੇ ਨੂੰ ਅਸਵੀਕਾਰ ਕਰਨਾ ਵਿਵਹਾਰਕ ਅਰਥ ਨਹੀਂ ਰੱਖਦਾ ਕਿਉਂਕਿ ਉਹ ਇਸ ਦੇ ਪਿੱਛੇ ਕੋਈ ਫੌਜੀ ਤਾਕਤ ਲਗਾਉਣ ਦੀ ਇੱਛਾ ਨਹੀਂ ਰੱਖਦੇ।

ਕੀ ਟੀਚੇ ਹਿੱਲਣਗੇ?

ਰਾਸ਼ਟਰਪਤੀ ਬਾਇਡਨ ਅਸਲ ਵਿੱਚ ਯੂਰਪ ਵਿੱਚ ਸੈਨਾ ਭੇਜ ਰਹੇ ਹਨ। ਉਹ ਯੂਕਰੇਨ ਅਤੇ ਰੂਸ ਦੀ ਸਰਹੱਦ ਨਾਲ ਲੱਗਦੇ ਨਾਟੋ ਸਹਿਯੋਗੀਆਂ ਨੂੰ ਮਜ਼ਬੂਤ ਕਰਨ ਲਈ, ਉੱਥੇ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਦੁਬਾਰਾ ਤਾਇਨਾਤ ਕਰ ਰਹੇ ਹਨ।

ਇਹ ਪ੍ਰਸ਼ਾਸਨ ਦੁਆਰਾ ਸਾਬਕਾ ਸੋਵੀਅਤ ਗਣਰਾਜ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵਜੋਂ ਕੀਤਾ ਗਿਆ ਹੈ, ਜੋ ਪੁਤਿਨ ਦੇ ਨਾਟੋ 'ਤੇ ਆਪਣੇ ਪੂਰਬੀ ਹਿੱਸੇ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਦਬਾਅ ਪਾਉਣ ਦੇ ਵਿਆਪਕ ਟੀਚੇ ਤੋਂ ਘਬਰਾਏ ਹੋਏ ਹਨ।

ਪਰ ਇਸ ਹਫ਼ਤੇ ਯੂਕਰੇਨ ਦੇ ਹਮਲੇ ਨੇ ਵਿਆਪਕ ਸੰਘਰਸ਼ ਦੀ ਸੰਭਾਵਨਾ ਬਾਰੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ - ਜਾਂ ਤਾਂ ਇੱਕ ਅਣਕਿਆਸੀ ਦੁਰਘਟਨਾ ਜਾਂ ਰੂਸ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਹਮਲਾ।

ਇਸ ਵਿੱਚ ਬਾਅਦ ਵਿੱਚ ਵੱਡਾ ਵਾਧਾ ਹੋਵੇਗਾ, ਜੋ ਅਨੁਛੇਦ 5 ਦੀ ਆਪਸੀ ਨਾਟੋ ਰੱਖਿਆ ਵਚਨਬੱਧਤਾ ਨੂੰ ਲਾਗੂ ਕਰਦਾ ਹੈ। ਪਰ ਇਹ ਅਮਰੀਕੀ ਫੌਜਾਂ ਨੂੰ ਲੜਾਈ ਵਿੱਚ ਖਿੱਚ ਸਕਦਾ ਹੈ।

ਬਾਇਡਨ ਨੇ ਕਿਹਾ, "ਜੇ ਉਹ ਨਾਟੋ ਦੇਸ਼ਾਂ ਵਿੱਚ ਚਲੇ ਗਏ ਤਾਂ ਅਸੀਂ ਸ਼ਾਮਲ ਹੋਵਾਂਗੇ।"

ISWOTY

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)