ਵਲਾਦੀਮੀਰ ਪੁਤਿਨ ਨੇ ਲੇਨਿਨਗ੍ਰਾਦ ਦੀਆਂ ਸੜਕਾਂ ਤੋਂ ਸਿੱਖਿਆ, ‘ਜੇ ਲੜਾਈ ਹੋਣੀ ਤੈਅ ਹੈ ਤਾਂ ਪਹਿਲਾਂ ਮੁੱਕਾ ਮਾਰੋ’

ਵਲਾਦੀਮੀਰ ਪੁਤਿਨ ਦੀ ਪਿਛਲੇ ਸਾਲ ਅਪ੍ਰੈਲ ਮਹੀਨੇ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਲਾਦੀਮੀਰ ਪੁਤਿਨ

ਵਲਾਦੀਮੀਰ ਪੁਤਿਨ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਗਏ ਹਨ। ਉਹ ਹੁਣ ਅਗਲੇ 6 ਸਾਲ ਲਈ ਰਾਸ਼ਟਰਪਤੀ ਬਣੇ ਰਹਿਣਗੇ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲਾ ਕਰਕੇ ਕਈਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ।

ਰਾਸ਼ਟਰਪਤੀ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾ ਵਿੱਚ ਹਨ। ਉਦੋਂ ਤੋਂ ਲੈਕੇ ਹੁਣ ਤੱਕ ਉਹ ਰੂਸ ਦੇ ਪ੍ਰਧਾਨ ਮੰਤਰੀ ਤੇ ਫਿਰ ਰਾਸ਼ਟਰਪਤੀ ਦੇ ਅਹੁਦੇ ਉੱਪਰ ਰਹੇ ਹਨ।

ਪੁਤਿਨ ਸੋਵੀਅਤ ਤਾਨਾਸ਼ਾਹ ਸਟਾਲਿਨ ਤੋਂ ਬਾਅਦ ਦੂਜੇ ਅਜਿਹੇ ਰੂਸੀ ਆਗੂ ਹਨ ਜਿਨ੍ਹਾਂ ਨੇ ਇੰਨਾ ਲੰਬਾ ਅਰਸਾ ਦੇਸ ਦੀ ਅਗਵਾਈ ਕੀਤੀ ਹੈ। ਸਾਲ 2020 ਦੇ ਸੰਵਿਧਾਨਕ ਸੁਧਾਰਾਂ ਤੋਂ ਬਾਅਦ ਉਹ 2036 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿ ਸਕਣਗੇ।

ਆਓ ਉਨ੍ਹਾਂ ਦੇ ਸਿਆਸੀ ਅਤੇ ਨਿੱਜੀ ਜੀਵਨ ਦੇ ਹੁਣ ਤੱਕ ਦੇ ਸਫ਼ਰ 'ਤੇ ਨਜ਼ਰ ਮਾਰਦੇ ਹਾਂ।

ਵੀਡੀਓ ਕੈਪਸ਼ਨ, ਜਾਸੂਸ ਤੋਂ ਰੂਸ ਦੇ ਤਾਕਤਵਰ ਆਗੂ ਬਣੇ ਪੁਤਿਨ ਦੀ ਕਹਾਣੀ

ਪੁਤਿਨ: ਇੱਕ ਸਾਬਕਾ ਜਾਸੂਸ

ਉਨ੍ਹਾਂ ਦੇ ਆਲੋਚਕ ਪੁਤਿਨ ਦੇ ਦੁਨੀਆਂ ਪ੍ਰਤੀ ਨਜ਼ਰੀਏ ਨੂੰ ਉਨ੍ਹਾਂ ਦੇ ਇੱਕ ਜਸੂਸ ਵਾਲੇ ਅਤੀਤ ਨਾਲ ਜੋੜ ਕੇ ਸਮਝਦੇ ਹਨ।

ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਉਨ੍ਹਾਂ ਦੇ ਦੇਸ ਦੀ ਸਭ ਤੋਂ ਤਾਕਤਵਰ ਕੁਰਸੀ ਤੱਕ ਪਹੁੰਚਣ ਤੋਂ ਪਹਿਲਾਂ ਉਹ ਦੇਸ ਦੀ ਕੁਖਿਆਤ ਖੂਫ਼ੀਆ ਸੇਵਾ ਕੇਜੀਬੀ ਲਈ ਇੱਕ ਜਸੂਸ ਵਜੋਂ ਕੰਮ ਕਰਦੇ ਸਨ।

ਹੁਣ ਜੋ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸਲਾਹਕਾਰ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪੁਤਿਨ ਨਾਲ ਉਸ ਅਰਸੇ ਦੌਰਾਨ ਕੰਮ ਕੀਤਾ ਹੈ।

ਪੁਤਿਨ ਦਾ ਸਿਆਸੀ ਸਫ਼ਰ ਸਾਲ 1990 ਵਿੱਚ ਸ਼ੁਰੂ ਹੋਇਆ ਜਦੋਂ ਉਹ ਸੈਂਟ ਪੀਟਰਜ਼ਬਰਗ ਦੇ ਮੇਅਰ ਅਤੇ ਆਪਣੇ ਅਧਿਆਪਕ ਐਂਟੋਲੀ ਸੋਬੈਕ ਦੇ ਏਡੀ ਬਣੇ।

1997 ਵਿੱਚ ਉਹ ਕਰੈਮਲਿਨ ਵਿੱਚ ਫੈਡਰਲ ਸਕਿਊਰਿਟੀ ਸਰਵਿਸ ਦੇ ਮੁਖੀ ਵਜੋ ਦਾਖਲ ਹੋਏ। ਐਫਐਸਬੀ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਕੇਜੀਬੀ ਦੀ ਮੁੱਖ ਉਤਰਾਧਿਕਾਰੀ ਸੀ।

ਸਾਲ 2012 ਵਿੱਚ ਤਤਕਾਲੀ ਰਾਸ਼ਟਰਪਤੀ ਬੋਰਿਸ ਯੈਲਸਨ ਨੇ ਅਹੁਦਾ ਛੱਡ ਦਿੱਤਾ ਅਤੇ ਪੁਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ।

ਉਹ ਉਸ ਸਮੇਂ ਤੋਂ ਹੀ ਸਰਕਾਰ ਵਿੱਚ ਹਨ। ਹਾਲਾਂਕਿ 2008 ਤੋਂ 2012 ਦੌਰਾਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਸੰਭਾਲਣਾ ਪਿਆ

ਆਖਰ ਸਾਲ 2012 ਵਿੱਚ ਉਨ੍ਹਾਂ ਨੇ ਇੱਕ ਤਰਫ਼ਾ 66% ਵੋਟਾਂ ਨਾਲ ਜਿੱਤ ਹਾਸਲ ਕਰਕੇ ਉਹ ਮੁੜ ਰਾਸ਼ਟਰਪਤੀ ਬਣੇ। ਇਨ੍ਹਾਂ ਚੋਣਾਂ ਵਿੱਚ ਗੜਬੜੀ ਹੋਣ ਦੇ ਇਲਜ਼ਾਮ ਵੀ ਲੱਗੇ ਸਨ।

ਉਨ੍ਹਾਂ ਨੇ ਰੂਸ ਵਿੱਚ ਮਿਲਟਰੀ ਪਰੇਡ ਵਰਗੀਆਂ ਕਈ ਸੋਵੀਅਤ ਸਟਾਈਲ ਰਵਾਇਤਾਂ ਮੁੜ ਮਜਬੂਤ ਕੀਤੀਆਂ ਹਨ।

ਇੱਥੋਂ ਤੱਕ ਕਿ ਰੂਸ ਵੱਲੋਂ ਬਣਾਏ ਕੋਰੋਨਾਵਾਇਰਸ ਵੈਕਸੀਨ ਦਾ ਨਾਮ ਵੀ ਸਾਲ 1957 ਵਿੱਚ ਦੁਨੀਆਂ ਦੇ ਪਹਿਲੇ ਬਣਾਉਟੀ ਉਪਗ੍ਰਹਿ ਸਪੂਤਨਿਕ ਦੇ ਨਾਮ ਉੱਪਰ ਸਪੂਤਨਿਕ-ਵੀ ਰੱਖਿਆ ਗਿਆ ਹੈ।

ਪੁਤਿਨ ਨੇ ਆਪਣੇ ਉਸ ਕਥਨ ਲਈ ਮਸ਼ਹੂਰ ਹਨ ਜਦੋਂ ਉਨ੍ਹਾਂ ਨੇ ਕਿਹਾ ਕਿ ਸੋਵੀਅਤ ਸੰਘ ਦਾ ਪਤਨ ਵੀਹਵੀਂ ਸਦੀ ਦੀ ਸਭ ਤੋਂ ਭਿਆਨਕ ਭੂ-ਸਿਆਸੀ ਤ੍ਰਾਸਦੀ ਸੀ।

ਉਹ ਨਾਟੋ ਦੀ ਕਈ ਵਾਰ ਆਲੋਚਨਾ ਕਰਦੇ ਰਹੇ ਹਨ।

ਸੰਵਿਧਾਨਕ ਸੁਧਾਰ ਜਿਨ੍ਹਾਂ ਨੇ ਪੁਤਿਨ ਨੂੰ ਰੂਸ ਦਾ ਸਰਵੇ-ਸਰਬਾ ਬਣਾਇਆ

ਸਾਲ 2020 ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦੇਸ ਵਿੱਚ ਸੰਵਿਧਾਨਕ ਸੁਧਾਰਾਂ ਦਾ ਮਤਾ ਰੱਖਣ ਤੋਂ ਬਾਅਦ ਰੂਸ ਦੇ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ।

ਮੇਦਵੇਦੇਵ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੇ ਇਸ ਮਤੇ ਨਾਲ ਸੱਤਾ ਸੰਤੁਲਨ ਵਿੱਚ ਕਾਫ਼ੀ ਬਦਲਾਅ ਆਉਣਗੇ।

ਰਾਸ਼ਟਰਪਤੀ ਪੁਤਿਨ ਨੇ ਸੰਵਿਧਾਨ ਵਿੱਚ ਬਦਲਾਅ ਦੇ ਜੋ ਪ੍ਰਸਤਾਵ ਰੱਖੇ ਉਨ੍ਹਾਂ 'ਤੇ ਦੇਸ ਭਰ ਵਿੱਚ ਵੋਟਾਂ ਪੈਈਆਂ। ਇਸ ਦੇ ਜ਼ਰੀਏ ਸੱਤਾ ਦੀ ਤਾਕਤ ਰਾਸ਼ਟਰਪਤੀ ਦੀ ਥਾਂ ਸੰਸਦ ਕੋਲ ਜ਼ਿਆਦਾ ਹੋਵੇਗੀ।

ਰੂਸੀ ਸਰਕਾਰ ਦਾ ਅਚਾਨਕ ਆਇਆ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ।

ਪੁਤਿਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸਰਕਾਰ ਦੇ ਅਸਤੀਫਾ ਦੇਣ ਤੋਂ ਪਹਿਲਾਂ ਪੁਤਿਨ ਦੀ ਪ੍ਰਧਾਨ ਮੰਤਰੀ ਮੇਦਵੇਦੇਵ ਨਾਲ ਮੁਲਾਕਾਤ ਕਰਦੇ ਹੋਏ

ਬੀਬੀਸੀ ਦੀ ਮਾਸਕੋ ਤੋਂ ਪੱਤਰਕਾਰ ਸਾਰਾ ਰੇਂਸਫੋਰਡ ਟਵੀਟ ਕੀਤਾ, ''ਪੁਤਿਨ ਨੇ ਮੇਦਵਦੇਵ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਆਮਤੌਰ 'ਤੇ ਜੋ ਫੈਸਲੇ ਮੇਦਵੇਦੇਵ ਲੈਂਦੇ ਹਨ ਉਹ ਪੁਤਨ ਖ਼ੁਦ ਲੈਣਗੇ। ਉਨ੍ਹਾਂ ਨੇ ਮੰਤਰੀਆਂ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਹੈ ਜਦੋਂ ਤੱਕ ਨਵੀਂ ਕੈਬਨਿਟ ਦਾ ਐਲਾਨ ਨਹੀਂ ਹੋ ਜਾਂਦਾ। ਮੇਦਵੇਦੇਵ ਸਿਕਿਊਰਿਟੀ ਕਾਊਂਸਿਲ ਦੇ ਡਿਪਟੀ ਹੋਣਗੇ। ਪਰ ਕਿਉਂ??''

ਵਲਾਦੀਮੀਰ ਪੁਤਿਨ ਨੇ ਸਾਲ 2018 ਵਿੱਚ ਰੂਸ ਦੇ ਰਾਸ਼ਟਰਪਤੀ ਵਜੋਂ ਚੌਥੀ ਵਾਰ ਸਹੁੰ ਚੁੱਕੀ ਸੀ। ਮਾਰਚ ਮਹੀਨੇ ਵਿੱਚ ਹੋਈਆਂ ਚੋਣਾਂ ਵਿੱਚ ਵਲਾਦਿਮੀਰ ਪੁਤਿਨ ਨੂੰ 76 ਫੀਸਦ ਵੋਟ ਮਿਲੇ ਸਨ।

ਪੁਤਿਨ ਦਾ ਉਭਾਰ

ਪੁਤਿਨ ਜੂਡੋ ਕਰਾਟੇ ਵਿੱਚ ਬਲੈਕ ਬੈਲਟ ਹਨ। ਮਾਰਸ਼ਲ ਆਰਟਸ ਦੀ ਇਸ ਖੇਡ ਦੀਆਂ ਦੋ ਖ਼ੂਬੀਆਂ ਉਨ੍ਹਾਂ ਵਿੱਚ ਹਨ, ਉਹ ਹਨ ਧੋਖਾ ਅਤੇ ਗੁੱਸਾ।

ਉਹ ਭਾਵੇਂ ਯੁਕਰੇਨ ਵਿੱਚ ਫ਼ੌਜੀ ਦਖ਼ਲਅੰਦਾਜ਼ੀ ਦਾ ਫ਼ੈਸਲਾ ਹੋਵੇ ਜਾਂ ਮਾਰਚ 2014 ਵਿੱਚ ਕ੍ਰੀਮੀਆ ਨੂੰ ਰੂਸ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਸੀ ਜਾਂ ਸੀਰੀਆ ਵਿੱਚ ਸਰਕਾਰ ਦੇ ਵਿਰੋਧੀਆਂ ਖ਼ਿਲਾਫ ਕਾਰਵਾਈ ਦਾ ਫ਼ੈਸਲਾ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, AFP

65 ਸਾਲਾ ਪੂਤਿਨ ਨੇ ਰੂਸ ਦੀ ਤਾਕਤ ਦਿਖਾਉਣ ਤੋਂ ਕਦੇ ਪਰਹੇਜ਼ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਕਰਨ ਦੀ ਆਪਣੀ ਚਾਹਤ ਕਦੇ ਲੁਕਾਈ।

ਸਾਲਾਂ ਤੱਕ ਰੂਸ ਨੂੰ ਅਮਰੀਕਾ ਅਤੇ ਨਾਟੋ ਦੇ ਸਾਥੀ ਦੇਸ ਨਜ਼ਰਅੰਦਾਜ਼ ਕਰਦੇ ਰਹੇ।

ਪਰ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਅਮਰੀਕਾ ਵਿੱਚ ਪੂਤਿਨ ਦੇ ਪੁਰਾਣੇ ਸਾਥੀ ਯੇਵਗੇਨੀ ਪ੍ਰਿਗੋਜਹਿਨ ਉੱਤੇ 2016 ਦੇ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਦਖ਼ਲ ਦੇਣ ਦਾ ਇਲਜ਼ਾਮ ਲੱਗਾ।

ਰੂਸ-ਅਮਰੀਕਾ ਰਿਸ਼ਤੇ

ਕਿਹਾ ਜਾਂਦਾ ਹੈ ਕਿ ਪੁਤਿਨ ਦੀ ਸ਼ਹਿ ਉੱਤੇ ਯੇਵਗੇਨੀ ਪ੍ਰਿਗੋਜਹਿਨ ਨੇ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਟਰੰਪ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।

ਚੋਣਾਂ ਵਿੱਚ ਕਥਿਤ ਧੋਖਾਧੜੀ ਦਾ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਭੜਕਿਆ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਅਮਰੀਕਾ ਨੇ ਪੂਤਿਨ ਦੇ ਕਰੀਬੀ ਅਫ਼ਸਰਾਂ ਉੱਤੇ ਕਈ ਰੋਕਾਂ ਲਾਈਆਂ।

ਮਾਰਚ, 2014 ਤੋਂ ਬਾਅਦ ਤੋਂ ਯੁਕਰੇਨ ਵਿੱਚ ਰੂਸ ਦੀ ਫ਼ੌਜੀ ਦਖਲਅੰਦਾਜ਼ੀ ਨੂੰ ਲੈ ਕੇ ਯੂਰਪੀ ਸੰਘ ਅਤੇ ਅਮਰੀਕਾ ਨੇ ਕੁਝ ਪ੍ਰਮੁੱਖ ਰੂਸੀ ਅਧਿਕਾਰੀਆਂ ਅਤੇ ਕੰਪਨੀਆਂ ਉੱਤੇ ਲਗੀਆਂ ਕਈ ਰੋਕਾਂ ਲਾਈਆਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਨ੍ਹਾਂ ਰੋਕਾਂ ਕਰ ਕੇ ਪੂਤਿਨ ਦੇ ਕਈ ਸਾਥੀਆਂ ਦੇ ਪੱਛਮੀ ਦੇਸ਼ਾਂ ਦੀ ਯਾਤਰਾ ਉੱਤੇ ਰੋਕ ਲੱਗ ਗਈ ਅਤੇ ਉਨ੍ਹਾਂ ਦੇ ਵਪਾਰ ਉੱਤੇ ਇਸ ਦਾ ਅਸਰ ਪਿਆ।

ਰਾਸ਼ਟਰਪਤੀ ਟਰੰਪ ਇਹ ਗੱਲ ਜਨਤਕ ਤੌਰ ਉੱਤੇ ਕਹਿ ਚੁੱਕੇ ਹਨ ਕਿ ਉਹ ਪੂਤਿਨ ਨੂੰ ਪਸੰਦ ਕਰਦੇ ਹਨ ਅਤੇ ਰੂਸ ਦੇ ਨਾਲ ਅਮਰੀਕਾ ਦੇ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ।

ਪਰ ਕੁਝ ਲੋਕ ਅਮਰੀਕਾ-ਰੂਸ ਦੇ ਰਿਸ਼ਤਿਆਂ ਨੂੰ ਨਵੀਂ ਠੰਢੀ ਜੰਗ ਦਾ ਨਾਮ ਦੇ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਮੁਲਕਾਂ ਦੇ ਵਿੱਚ ਗ਼ੈਰ-ਭਰੋਸਗੀ ਦਾ ਟੋਆ ਹੋਰ ਵੀ ਡੂੰਘਾ ਹੋ ਰਿਹਾ ਹੈ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਯੂਕਰੇਨ ਵਿੱਚ ਜੰਗ

ਪੁਤਿਨ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ। ਇਸ ਜੰਗ ਦਾ ਵੱਡਾ ਹਿੱਸਾ 2014 ਵਿੱਚ ਸ਼ੁਰੂ ਹੋਇਆ ਸੀ ਜਦੋਂ ਰੂਸ ਨੇ ਕ੍ਰੀਮੀਆ ਉੱਤੇ ਹਮਲਾ ਕੀਤਾ ਸੀ।

ਰੂਸ ਪੱਖੀ ਹਮਲਾਵਰਾਂ ਨੇ ਯੂਕਰੇਨ ਦੇ ਡੋਨਬਸ ਇਲਾਕੇ ਉੱਤੇ ਕਬਜ਼ਾ ਕਰ ਲਿਆ ਸੀ। ਇਸ ਮਗਰੋਂ ਪੁਤਿਨ ਨੇ ਫਰਵਰੀ 2022 ਵਿੱਚ ਹਮਲਾ ਕਰਕੇ ਯੂਕਰੇਨ ਦੀ ਚੁਣੀ ਹੋਈ ਸਰਕਾਰ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ।

ਉਹ ਲਗਾਤਾਰ ਯੂਕਰੇਨ ਉੱਤੇ ਹਮਲਾ ਨੂੰ ਸਹੀ ਸਾਬਿਤ ਕਰਦੇ ਰਹੇ ਹਨ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੂਡੋ ਕਰਾਟੇ ਵਿੱਚ ਬਲੈਕ ਬੈਲਟ ਹਨ

ਮੁਸ਼ਕਿਲ ਬਚਪਨ

ਵਲਾਦੀਮੀਰ ਪੁਤਿਨ ਦੀ ਪਰਵਰਿਸ਼ ਲੇਨਿਨਗ੍ਰਾਦ (ਹੁਣ ਸੇਂਟ ਪੀਟਸਬਰਗ) ਵਿੱਚ ਅਜਿਹੇ ਮਾਹੌਲ ਵਿੱਚ ਹੋਈ ਸੀ ਜਿੱਥੇ ਸਥਾਨਕ ਮੁੰਡਿਆਂ ਵਿੱਚ ਕੁੱਟ-ਮਾਰ ਆਮ ਗੱਲ ਸੀ।

ਇਹ ਮੁੰਡੇ ਕਈ ਵਾਰ ਪੁਤਿਨ ਤੋਂ ਵੱਡੇ ਅਤੇ ਤਾਕਤਵਰ ਹੁੰਦੇ ਸਨ ਅਤੇ ਇਹੀ ਗੱਲ ਪੂਤਿਨ ਨੂੰ ਜੁਡੋ ਵੱਲ ਲੈ ਗਈ।

ਕ੍ਰੇਮਲਿਨ ਦੀ ਵੈੱਬਸਾਈਟ ਮੁਤਾਬਕ ਪੁਤਿਨ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਕਾਫ਼ੀ ਪਹਿਲਾਂ ਸੋਵਿਅਤ ਜਾਸੂਸੀ ਸੇਵਾ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ।

ਅਕਤੂਬਰ, 2015 ਵਿੱਚ ਪੂਤਿਨ ਨੇ ਕਿਹਾ ਸੀ, "50 ਸਾਲ ਪਹਿਲਾਂ ਲੇਨਿਨਗ੍ਰਾਦ ਦੀਆਂ ਸੜਕਾਂ ਨੇ ਮੈਨੂੰ ਇੱਕ ਨਿਯਮ ਸਿਖਾਇਆ ਸੀ। ਜੇ ਲੜਾਈ ਹੋਣੀ ਤੈਅ ਹੈ ਤਾਂ ਪਹਿਲਾਂ ਮੁੱਕਾ ਮਾਰੋ।"

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਾਲ 2006 ਵਿੱਚ ਮਾਸਕੋ ਦੇ ਮਿਲੀਟਰੀ ਹੈੱਡਕੁਆਟਰ ਵਿੱਚ ਸ਼ੂਟਿੰਗ ਕਰਦੇ ਪੁਤਿਨ

ਵਲਾਦੀਮੀਰ ਪੁਤਿਨ: ਜਾਸੂਸ ਤੋਂ ਰਾਸ਼ਟਰਪਤੀ ਤੱਕ

  • 1952 : ਇਸ ਸਾਲ 7 ਅਕਤੂਬਰ ਨੂੰ ਲੇਨਿਨਗ੍ਰਾਦ (ਹੁਣ ਸੇਂਟ ਪੀਟਰਸਬਰਗ) ਵਿੱਚ ਪੂਤਿਨ ਦਾ ਜਨਮ ਹੋਇਆ।
  • ਉਨ੍ਹਾਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਸੁਰੱਖਿਆ ਏਜੰਸੀ ਕੇਜੀਬੀ ਨਾਲ ਜੁੜੇ।
  • ਪੁਤਿਨ ਸਾਮੰਤਵਾਦੀ ਪੂਰਬੀ ਜਰਮਨੀ ਵਿੱਚ ਜਾਸੂਸ ਵੀ ਰਹੇ। ਖ਼ੁਫ਼ੀਆ ਏਜੰਸੀ ਕੇਜੀਬੀ ਦੇ ਕੁਝ ਸਾਥੀ ਪੂਤਿਨ ਯੁੱਗ ਵਿੱਚ ਸਿਖ਼ਰ ਅਹੁਦਿਆਂ ਉੱਤੇ ਰਹੇ।
  • 1990: ਇਸ ਦਹਾਕੇ ਵਿੱਚ ਸੇਂਟ ਪੀਟਰਸਬਰਗ ਦੇ ਮੇਅਰ ਏਂਟੋਨੀ ਸੋਬਚਕ, ਜਿਨ੍ਹਾਂ ਉਨ੍ਹਾਂ ਨੂੰ ਪਹਿਲਾਂ ਕਾਨੂੰਨ ਪੜ੍ਹਾਇਆ ਸੀ, ਪੁਤਿਨ ਨੂੰ ਮਿਲੇ।
ਪੁਤਿਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਰੂਸੀ ਮੀਡੀਆ ਵਿੱਚ ਪੁਤਿਨ ਅਕਸਰ ਚਰਚ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਦਿਖਾਈ ਦਿੰਦੇ ਹਨ
  • 1997: ਪੂਤਿਨ ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਦੀ ਸਰਕਾਰ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਸਮੂਹ ਸੁਰੱਖਿਆ ਸੇਵਾ ਦਾ ਪ੍ਰਮੁੱਖ ਬਣਾਇਆ ਗਿਆ।
  • 1999: ਯੇਲਤਸਿਨ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪੂਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ।
  • 2000: ਵਲਾਦਿਮੀਰ ਪੁਤਿਨ ਨੇ ਰਾਸ਼ਟਰਪਤੀ ਚੋਣ ਸੌਖ ਨਾਲ ਜਿੱਤੀ।
  • 2004: ਇੱਕ ਵਾਰ ਫੇਰ ਉਹ ਦੁਬਾਰਾ ਰਾਸ਼ਟਰਪਤੀ ਬਣੇ।
  • ਤੀਜੀ ਵਾਰ ਰੂਸੀ ਸੰਵਿਧਾਨ ਮੁਤਾਬਕ ਉਹ ਰਾਸ਼ਟਰਪਤੀ ਚੋਣ ਨਹੀਂ ਲੜ ਸਕਦੇ ਸਨ, ਬਾਵਜੂਦ ਇਸਦੇ ਉਹ ਪ੍ਰਧਾਨ ਮੰਤਰੀ ਬਣੇ।
  • 2012: ਪੂਤਿਨ ਨੇ ਤੀਜੀ ਵਾਰ ਰਾਸ਼ਟਰਪਤੀ ਚੋਣ ਵਿੱਚ ਜਿੱਤ ਹਾਸਲ ਕੀਤੀ।
  • 2018: ਪੁਤਿਨ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ
ਪੁਤਿਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪੁਤਿਨ ਆਪਣੇ ਬਚਪਨ ਦੇ ਦਿਨਾਂ ਤੋਂ ਹੀ ਜੂਡੇ ਦੇ ਸ਼ੌਕੀਨ ਖਿਡਾਰੀ ਰਹੇ ਹਨ ਅਤੇ ਬਲੈਕ ਬੈਲਟ ਚੈਂਪੀਅਨ ਵੀ ਹਨ (2010 ਦੇ ਇੱਕ ਮੈਚ ਦਾ ਦ੍ਰਿਸ਼)

ਮਾਚੋ ਮੈਨ ਅਤੇ ਦਿਆਲੂ ਅਕਸ ਵਾਲੇ ਪੁਤਿਨ

ਪੁਤਿਨ ਮਾਚੋ ਮੈਨ (ਮਰਦਾਂ ਵਾਲੇ ਅਕਸ) ਦੀ ਤਰ੍ਹਾਂ ਜ਼ਿੰਦਗੀ ਦਾ ਆਨੰਦ ਲੈਂਦੇ ਵੇਖੇ ਗਏ। ਉਹ ਸਾਲ 2000 ਵਿੱਚ ਚੋਣਾਂ ਦੌਰਾਨ ਫਾਈਟਰ ਜੈੱਟ ਉਡਾਉਂਦੇ ਦੇਖੇ ਗਏ। 2011 ਵਿੱਚ ਬਾਇਕਰਸ ਫੈਸਟਿਵਲ ਵਿੱਚ ਪੁਤਿਨ ਸਪੋਰਟਸ ਬਾਈਕ ਚਲਾਉਂਦੇ ਹੋਏ ਸ਼ਾਮਿਲ ਹੋਏ।

ਦਿ ਨਾਇਟ ਵੁਲਫ ਬਾਇਕਰਸ ਗੈਂਗ ਨੇ 2014 ਵਿੱਚ ਪੂਰਬੀ ਯੂਰਪ ਵਿੱਚ ਕਾਲੇ ਸਾਗਰ ਦੇ ਕਰੀਮਿਆ ਟਾਪੂ ਉੱਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਕੁੱਤਿਆਂ ਨੂੰ ਪਿਆਰ ਅਤੇ ਅਲੋਪ ਹੋ ਰਹੀ ਅਮੂਰ ਬਾਘਾਂ ਦੀ ਪ੍ਰਜਾਤੀ ਦੀ ਦੇਖਭਾਲ ਕਰਦੇ ਪੁਤਿਨ ਦੀਆਂ ਤਸਵੀਰਾਂ ਨੇ ਰੂਸੀ ਮੀਡੀਆ ਵਿੱਚ ਉਨ੍ਹਾਂ ਦਾ ਰਸੂਖ਼ ਇੱਕ ਦਿਆਲੂ ਵਿਅਕਤੀ ਦੇ ਰੂਪ ਵਿੱਚ ਬਣਾਇਆ।

Yekaterrina putina

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੁਤਿਨ ਦੀ ਛੋਟੀ ਧੀ ਕਾਤੇਰਿਨਾ ਕਈ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ

ਕਮਿਊਨਿਸਟ ਕਾਲ ਤੋਂ ਬਾਅਦ ਉਨ੍ਹਾਂ ਨੇ ਰੂਸ ਨੂੰ ਸਥਿਰਤਾ ਦਿੱਤੀ ਹੈ। ਮੱਧ ਵਰਗ ਨੂੰ ਉਭਰਨ ਦਾ ਮੌਕਾ ਦਿੱਤਾ ਹੈ। ਹਾਲਾਂਕਿ ਅਜੇ ਵੀ ਦੇਸ ਦੇ ਪੇਂਡਾਂ ਵਿੱਚ ਗਰੀਬੀ ਮੌਜੂਦ ਹੈ।

ਪੁਤਿਨ ਪੁਰਾਣੀ ਪੀੜ੍ਹੀ ਦੇ ਰੂਸੀਆਂ ਵਿੱਚ ਨਵੀਂ ਪੀੜ੍ਹੀ ਦੇ ਨਾਲੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਨਵੀਂ ਪੀੜ੍ਹੀ ਉਨ੍ਹਾਂ ਦੇ ਰਾਜ ਵਿੱਚ ਹੀ ਵੱਡੀ ਹੋਈ ਹੈ ਅਤੇ ਬਦਲਾਅ ਚਾਹੁੰਦੀ ਹੈ।

ਸਾਲ 2012 ਵਿੱਚ ਹਜ਼ਾਰਾਂ ਨੌਜਵਾਨ ਰੂਸੀ ਪੁਤਿਨ ਨੇ ਤਿੱਖੇ ਵਿਰੋਧੀ ਅਲੈਕਿਸੀ ਨਵਾਲਿਨੀ ਦੀ ਹਮਾਇਤ ਵਿੱਚ ਪੂਰੇ ਦੇਸ ਵਿੱਚ ਇਕੱਠੇ ਹੋਏ।

ਹਾਲਾਂਕਿ ਪੁਲਿਸ ਨੇ ਇਨ੍ਹਾਂ ਮੁਜਾਹਰਿਆਂ ਨੂੰ ਕਾਬੂ ਕਰ ਲਿਆ ਪਰ ਇਹ ਪ੍ਰਦਰਸ਼ਨ ਪਿਛਲੇ ਸਾਲਾਂ ਦੌਰਾਨ ਰੂਸ ਵਿੱਚ ਹੋਏ ਕੁਝ ਸਭ ਤੋਂ ਵੱਡੇ ਮੁਜਾਹਰਿਆਂ ਵਿੱਚ ਜ਼ਰੂਰ ਗਿਣੇ ਜਾਂਦੇ ਹਨ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਵਲਾਦੀਮੀਰ ਪੁਤਿਨ ਦੀ ਪਰਵਰਿਸ਼ ਲੇਨਿਨਗ੍ਰਾਦ (ਹੁਣ ਸੇਂਟ ਪੀਟਸਬਰਗ) ਵਿੱਚ ਹੋਈ

ਨਵਾਲਿਨੀ ਫਿਲਹਾਲ ਜੇਲ੍ਹ ਵਿੱਚ ਹਨ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੈ। ਇਹ ਵੀ ਇੱਕ ਵਜ੍ਹਾ ਹੈ ਕਿ ਪੁਤਿਨ ਦੇ ਰਿਸ਼ਤੇ ਪੱਛਮ ਨਾਲ ਖਟਾਈ ਵਿੱਚ ਹਨ।

ਪੁਤਿਨ ਦੀਆਂ ਧੀਆਂ

ਰਾਇਟਰਜ਼ ਨਿਊਜ਼ ਏਜੰਸੀ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਪੂਤਿਨ ਦੀ ਛੋਟੀ ਧੀ ਕਾਤੇਰਿਨਾ ਨੂੰ ਪੜ੍ਹਾਈ ਦੌਰਾਨ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਸਿਖਰ ਪ੍ਰਬੰਧਕੀ ਅਹੁਦੇ ਉੱਤੇ ਨੌਕਰੀ ਦਿੱਤੀ ਗਈ। ਉਹ ਡਾਂਸ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੀ ਹੈ।

ਪੁਤਿਨ ਦੀ ਵੱਡੀ ਧੀ ਮਾਰਿਆ ਵੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਹ ਬਾਇਲੌਜੀ ਵਿੱਚ ਮੁਹਾਰਤ ਹਾਸਲ ਕਰ ਰਹੀ ਹੈ।

ਰਾਇਟਰਜ਼ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਪੂਤਿਨ ਦੇ ਨੇੜੇ ਰਹੇ ਲੋਕਾਂ ਦੇ ਬੱਚੇ ਵੱਡੀਆਂ ਨੌਕਰੀਆਂ ਉੱਤੇ ਰਹੇ ਹਨ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਪੁਤਿਨ, ਰਾਸ਼ਟਰਵਾਦ ਅਤੇ ਮੀਡੀਆ

ਇੱਕ ਲੰਬੇ ਸ਼ਾਸਨ ਦੇ ਬਾਵਜੂਦ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਰੂਸੀ ਮੀਡੀਆ ਮੁਤਾਬਕ ਪੁਤਿਨ ਦੀ ਪ੍ਰਸਿੱਧੀ ਅਜਿਹੀ ਹੈ, ਜੋ ਪੱਛਮੀ ਆਗੂਆਂ ਲਈ ਸਿਰਫ਼ ਸੁਫ਼ਨਾ ਹੋ ਸਕਦਾ ਹੈ।

ਰੂਸੀ ਮੀਡੀਆ ਵਿੱਚ ਪੂਤਿਨ ਦਾ ਰਾਸ਼ਟਰਵਾਦੀ ਚਿਹਰਾ ਛਾਇਆ ਰਹਿੰਦਾ ਹੈ।

2012 ਵਿੱਚ ਉਹ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਦੇ ਕਾਰਜਕਾਲ ਵਿੱਚ ਉਹ ਪ੍ਰਧਾਨ ਮੰਤਰੀ ਰਹੇ ਪਰ ਸੱਤਾ ਵਿੱਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਘੱਟ ਨਹੀਂ ਸੀ।

ਉਨ੍ਹਾਂ ਤੋਂ ਪਹਿਲਾਂ ਦੋ ਕਾਰਜਕਾਲਾਂ ਵਿੱਚ ਰੂਸ ਨੇ ਤੇਲ ਅਤੇ ਗੈਸ ਦਰਆਮਦਗੀ ਨਾਲ ਕਾਫ਼ੀ ਕਮਾਈ ਕੀਤੀ।

ਸਾਲ 2008 ਤੋਂ ਬਾਅਦ ਵਿਸ਼ਵੀ ਮੰਦੀ ਦਾ ਰੂਸ ਦੀ ਮਾਲੀ ਹਾਲਤ ਉੱਤੇ ਬੁਰਾ ਅਸਰ ਪਿਆ। ਦੇਸ ਨੇ ਖਰਬਾਂ ਰੁਪਏ ਦਾ ਵਿਦੇਸ਼ੀ ਨਿਵੇਸ਼ ਗੁਆ ਦਿੱਤਾ।

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਬਣਨ ਤੋਂ ਬਾਅਦ ਪੂਤਿਨ ਨੇ ਉਦਾਰਵਾਦੀਆਂ ਨੂੰ ਹਾਸ਼ੀਏ ਉੱਤੇ ਰੱਖਿਆ

ਮਨੁੱਖੀ ਅਧਿਕਾਰਾਂ ਦੇ ਘਾਣ ਦੀ ਚਿੰਤਾ

ਪੁਤਿਨ ਦਾ ਤੀਜਾ ਕਾਰਜਕਾਲ ਰੂੜੀਵਾਦੀ ਰੂਸੀ ਰਾਸ਼ਟਰਵਾਦ ਦੇ ਰੂਪ ਵਿੱਚ ਵੇਖਿਆ ਗਿਆ।

ਸਮਲੈਂਗਿਕ ਪ੍ਰਾਪੇਗੰਡਾ ਦਾ ਪ੍ਰਸਾਰ ਕਰਨ ਵਾਲੇ ਸਮੂਹਾਂ ਉੱਤੇ ਰੋਕ ਲਗਾ ਦਿੱਤੀ ਗਈ, ਜਿਸ ਦਾ ਸਮਰਥਨ ਗਿਰਜਾ ਘਰ ਨੇ ਕੀਤਾ ਸੀ।

ਰਾਸ਼ਟਰਪਤੀ ਬਣਨ ਤੋਂ ਬਾਅਦ ਪੂਤਿਨ ਨੇ ਉਦਾਰਵਾਦੀਆਂ ਨੂੰ ਹਾਸ਼ੀਏ ਉੱਤੇ ਰੱਖਿਆ। ਕੌਮਾਂਤਰੀ ਪੱਧਰ ਉੱਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਚਿੰਤਾ ਉਦੋਂ ਵਧੀ ਜਦੋਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਮਿਖਾਇਲ ਖੋਡੋਰਕੋਵਸਕੀ ਨੂੰ ਉਨ੍ਹਾਂ ਨੇ ਜੇਲ੍ਹ ਵਿੱਚ ਸੁੱਟ ਦਿੱਤਾ।

ਬਰਤਾਨੀਆ ਨਾਲ ਪੁਤਿਨ ਦੇ ਰਿਸ਼ਤੇ 2006 ਤੋਂ ਬਾਅਦ ਖ਼ਰਾਬ ਹੋਣ ਲੱਗੇ ਜਦੋਂ ਉਨ੍ਹਾਂ ਦੇ ਵਿਰੋਧੀ ਰਹੇ ਅਲੈਕਜ਼ੈਂਡਰ ਲਿਟਵਿਨੇਨਕੋ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਰੂਸੀ ਏਜੰਟਾਂ ਉੱਤੇ ਉਨ੍ਹਾਂ ਦੀ ਹੱਤਿਆ ਦੇ ਇਲਜ਼ਾਮ ਲੱਗੇ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)