ਰੂਸ ਯੂਕਰੇਨ 'ਤੇ ਚੜ੍ਹਾਈ ਕਿਉਂ ਕਰ ਰਿਹਾ ਹੈ 'ਤੇ ਪੁਤਿਨ ਕੀ ਚਾਹੁੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਪੌਲ ਕਿਰਬੀ
- ਰੋਲ, ਬੀਬੀਸੀ ਨਿਊਜ਼
ਕਈ ਮਹੀਨਿਆਂ ਤੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲਾਂਕਿ ਯੂਕਰੇਨ ਉੱਪਰ ਹਮਲੇ ਦੀਆਂ ਯੋਜਨਾਵਾਂ ਤੋਂ ਇਨਕਾਰ ਕੀਤਾ ਹੈ ਪਰ ਉਨ੍ਹਾਂ ਨੇ ਪਿਛਲੀ ਸ਼ਾਂਤੀ ਸੰਧੀ ਨੂੰ ਰੱਦ ਕਰਦਿਆਂ ਯੂਕਰੇਨ ਦੇ ਬਾਗੀਆਂ ਦੇ ਅਧਿਕਾਰ ਹੇਠਲੇ ਦੋ ਇਲਾਕਿਆਂ ਵੱਲ ਸੈਨਿਕ ਭੇਜੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਾਇਨਾਤੀ ਦਾ ਮੰਤਵ ''ਅਮਨ ਬਰਕਰਾਰ ਰੱਖਣਾ'' ਹੈ।
ਪਿਛਲੇ ਸਮੇਂ ਦੌਰਾਨ ਰੂਸ ਨੇ ਯੂਕਰੇਨ ਦੀਆਂ ਸਰਹੱਦਾਂ ਨਾਲ ਕਰੀਬ ਡੇਢ ਲੱਖ ਫ਼ੌਜੀ ਤੈਨਾਤ ਕੀਤੇ ਹਨ। ਖ਼ਦਸ਼ੇ ਜਤਾਏ ਜਾ ਰਹੇ ਹਨ ਕਿ ਪੁਤਿਨ ਦੇ ਤਾਜ਼ਾ ਕਦਮ ਨਵੇਂ ਹਮਲੇ ਦੇ ਪਹਿਲੇ ਕਦਮ ਹੋ ਸਕਦੇ ਹਨ।
ਆਉਣ ਵਾਲੇ ਦਿਨਾਂ ਦਾ ਘਟਨਾਕ੍ਰਮ ਯੂਰਪ ਦੇ ਸਮੁੱਚੇ ਸਲਾਮਤੀ ਢਾਂਚੇ ਨੂੰ ਤਬਾਹ ਕਰ ਸਕਦਾ ਹੈ।
ਰੂਸੀ ਸੈਨਿਕ ਕਿੱਥੇ ਤੇ ਕਿਉਂ ਭੇਜੇ ਜਾ ਰਹੇ ਹਨ?
ਜਦੋਂ ਸਾਲ 2014 ਵਿੱਚ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ ਤਾਂ ਰਾਸ਼ਟਰਪਤੀ ਪੁਤਿਨ ਦੀ ਸ਼ਹਿ ਹਾਸਲ ਬਾਗੀਆਂ ਨੇ ਦੇਸ ਦੇ ਪੂਰਬੀ ਹਿੱਸੇ ਵਿੱਚ ਦੋ ਵੱਡੇ ਖੇਤਰਾਂ ਡੋਨੇਤਸਕ ਅਤੇ ਲੁਹਾਂਸਕ ਉੱਪਰ ਅਧਿਕਾਰ ਕਰ ਲਿਆ ਸੀ। ਇਹ ਬਾਗੀ ਉਸ ਸਮੇਂ ਤੋਂ ਹੀ ਯੂਕਰੇਨ ਦੀਆਂ ਫ਼ੌਜਾਂ ਨੂੰ ਚੁਣੌਤੀ ਦੇ ਰਹੇ ਹਨ।
ਜੰਗ ਬੰਦੀ ਲਈ ਕੌਮਾਂਤਰੀ ਮਿੰਸਕ ਸੰਧੀ ਕੀਤੀ ਗਈ ਪਰ ਇਸਦੇ ਬਾਵਜੂਦ ਵੀ ਤਾਣਅ ਖ਼ਤਮ ਨਹੀਂ ਹੋਇਆ ਇਸ ਲਈ ਰੂਸੀ ਰਾਸ਼ਟਰਪਤੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਤਾਜਾ ਫ਼ੌਜਾਂ ਖਿੱਤੇ ਵਿੱਚ ''ਅਮਨ ਬਹਾਲੀ'' ਦੇ ਮਸਕਦ ਨਾਲ ਭੇਜੀਆਂ ਹਨ।

ਇਹ ਵੀ ਪੜ੍ਹੋ:
ਪੱਛਮੀ ਸਰਕਾਰਾਂ ਰੂਸ ਦੇ ਇਸ ਕਦਮ ਨੂੰ ਬੇਤੁਕਾ ਸਮਝਦੀਆਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ 4.4 ਕਰੋੜ ਅਬਾਦੀ ਵਾਲੇ ਦੇਸ ਯੂਕਰੇਨ ਉੱਪਰ ਹਮਲਾ ਕਰਨ ਦੀ ਵਿਉਂਤ ਕਰ ਰਿਹਾ ਹੈ। ਭੂਗੋਲਿਕ ਪੱਖ ਤੋਂ ਯੂਕਰੇਨ ਦੇ ਇੱਕ ਪਾਸੇ ਰੂਸ ਹੈ ਤਾਂ ਦੂਜੇ ਪਾਸੇ ਯੂਰਪੀ ਯੂਨੀਅਨ।
ਰਿਪੋਰਟਾਂ ਹਨ ਕਿ ਰੂਸ ਦੇ ਟੈਂਕ ਬਾਗੀਆਂ ਦੇ ਅਧਿਕਾਰ ਵਾਲੇ ਖੇਤਰ ਵਿੱਚ ਯੂਕਰੇਨ ਦੀ ਸੀਮਾ ਦੇ 15-30 ਕਿੱਲੋਮੀਟਰ ਅੰਦਰ ਤੱਕ ਪਹੁੰਚ ਰਹੇ ਹਨ।
ਰਾਸ਼ਟਰਪਤੀ ਪੁਤਿਨ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤੋਂ ਅੱਗੇ ਹੋਣ ਵਾਲੇ ਕਿਸੇ ਵੀ ਖੂਨ-ਖਰਾਬੇ ਲਈ ਯੂਕਰੇਨ ਜ਼ਿੰਮੇਵਾਰ ਹੋਵੇਗਾ।
ਪੁਤਿਨ ਨੂੰ ਯੂਕਰੇਨ ਤੋਂ ਸਮੱਸਿਆ ਕੀ ਹੈ?
ਰੂਸ ਲੰਬੇ ਸਮੇਂ ਤੋਂ ਯੂਕਰੇਨ ਦੇ ਯੂਰਪੀ ਸੰਸਥਾਵਾਂ- ਨਾਟੋ ਅਤੇ ਯੂਰਪੀ ਯੂਨੀਅਨ ਵੱਲ ਵਧਦੇ ਝੁਕਾਅ ਦਾ ਵਿਰੋਧ ਕਰਦਾ ਆ ਰਿਹਾ ਹੈ।
ਪੁਤਿਨ ਦਾਅਵਾ ਕਰਦੇ ਹਨ ਕਿ ਯੂਕਰੇਨ ਪੱਛਮੀ ਸਰਕਾਰਾਂ ਦੀ ਕਠਪੁਤਲੀ ਬਣ ਗਿਆ ਹੈ ਤੇ ਅਜ਼ਾਦ ਰਾਜ ਨਹੀਂ ਰਿਹਾ ਹੈ।
ਉਨ੍ਹਾਂ ਦੀ ਪ੍ਰਮੁੱਖ ਮੰਗ ਹੈ ਕਿ ਪੱਛਮੀ ਸ਼ਕਤੀਆਂ ਗਰੰਟੀ ਦੇਣ ਕਿ ਯੂਕਰੇਨ, 30 ਦੇਸਾਂ ਦੇ ਸੰਗਠਨ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ।
ਰਵਾਇਤੀ ਤੌਰ 'ਤੇ ਰੂਸ ਅਤੇ ਯੂਕਰੇਨ ਦੇ ਜੋ ਕਿ ਕਦੇ ਸਾਬਕਾ ਯੋਵੀਅਤ ਯੂਨੀਅਨ ਦਾ ਹਿੱਸਾ ਵੀ ਰਿਹਾ ਹੈ, ਮਜ਼ਬੂਤ ਸਭਿਆਚਾਰਕ ਰਿਸ਼ਤੇ ਰਹੇ ਹਨ। ਹਾਲਾਂਕਿ ਯੂਕਰੇਨ ਉੱਪਰ ਸਾਲ 2014 ਰੂਸ ਦੇ ਹਮਲੇ ਤੋਂ ਬਾਅਦ ਇਹ ਰਿਸ਼ਤੇ ਖਟਾਸ ਵਿੱਚ ਹਨ।
ਸਾਲ 2014 ਤੋਂ ਲੈਕੇ ਹੁਣ ਤੱਕ ਦੋਵਾਂ ਦੇਸਾਂ ਦੇ ਸੰਘਰਸ਼ ਵਿੱਚ 14,000 ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ।
ਬਾਗੀ ਇਲਾਕਿਆਂ ਨੂੰ ਮਾਨਤਾ ਮਿਲਣਾ ਕਿਉਂ ਖ਼ਤਰਨਾਕ?
ਹੁਣ ਤੱਕ ਤਾਂ ਡੋਨੇਤਸਕ ਅਤੇ ਲੁਹਾਂਸਕ ਵਿੱਚ ਰੂਸ ਦੀ ਸ਼ਹਿ ਹਾਸਲ ਬਾਗੀ ਸ਼ਾਸਨ ਚਲਾ ਰਹੇ ਹਨ।
ਪੁਤਿਨ ਵੱਲੋਂ ਇਨ੍ਹਾਂ ਦੋਵਾਂ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਦੇਣ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਰੂਸੀ ਫ਼ੌਜਾਂ ਰਸਮੀ ਤੌਰ 'ਤੇ ਇਨ੍ਹਾਂ ਖੇਤਰਾਂ ਵਿੱਚ ਦਾਖ਼ਲ ਹੋਈਆਂ ਹਨ। ਹੁਣ ਇਹ ਫ਼ੌਜਾਂ ਉੱਥੇ ਫ਼ੌਜੀ ਟਿਕਾਣੇ ਵੀ ਬਣਾ ਸਕਣਗੀਆਂ।
ਉਹ ਇਲਾਕਾ ਜਿੱਥੇ ਰੋਜ਼ਾਨਾ ਸੈਂਕੜੇ ਵਾਰ ਗੋਲੀਬੰਦੀ ਦੀ ਉਲੰਘਣਾ ਹੁੰਦੀ ਹੈ, ਉੱਥੇ ਰੂਸੀ ਫ਼ੌਜਾਂ ਦੇ ਪਹੁੰਚਣ ਤੋਂ ਬਾਅਦ ਖੁੱਲ੍ਹੀ ਜੰਗ ਛਿੜਨ ਦਾ ਖ਼ਤਰਾ ਕਈ ਗੁਣਾਂ ਵਧ ਗਿਆ ਹੈ।
ਮਿੰਸਕ ਸੰਧੀ ਮੁਤਾਬਕ ਇਨ੍ਹਾਂ ਦੋਵਾਂ ਖੇਤਰਾਂ ਨੂੰ ਦੋਵਾਂ ਦੇਸਾਂ ਵਿਚਕਾਰ ਖ਼ਾਸ ਦਰਜਾ ਹਾਸਲ ਹੋਣਾ ਚਾਹੀਦਾ ਸੀ ਪਰ ਪੁਤਿਨ ਦੇ ਕਦਮ ਨਾਲ ਸਥਿਤੀ ਪਲਟ ਗਈ ਹੈ।
ਰੂਸ ਨੇ ਯੁੱਧ ਲਈ ਅਧਾਰ ਬਣਾਉਂਦਿਆਂ ਪਹਿਲਾਂ ਹੀ ਯੂਕਰੇਨ ਉੱਪਰ ਪੂਰਬ ਵਿੱਚ ਨਸਲਕੁਸ਼ੀ ਕਰਨ ਦੇ ਇਲਜ਼ਾਮ ਲਗਾਏ ਹਨ। ਰੂਸ ਨੇ ਕੋਈ ਸੱਤ ਲੱਖ ਲੋਕਾਂ ਨੂੰ ਰੂਸੀ ਪਾਸਪੋਰਟ ਮੁਹਈਆ ਕਰਵਾਏ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹੁਣ ਜੇ ਰੂਸ ਕੋਈ ਵੀ ਕਾਰਵਾਈ ਕਰਦਾ ਹੈ ਤਾਂ ਉਸ ਕੋਲ ਅਧਾਰ ਹੋਵੇਗਾ ਕਿ ਉਹ ਅਜਿਹਾ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਰੂਸੀ ਭਾਸ਼ੀ ਲੋਕਾਂ ਦੀ, ਜਿਨ੍ਹਾਂ ਨੂੰ ਆਪਣੀ ਨਾਗਰਿਕਤਾ ਦੇ ਚੁੱਕਿਆ ਹੈ ਦੀ ਸਲਾਮਤੀ ਲਈ ਕਰ ਰਿਹਾ ਹੈ।
ਰੂਸ ਕਿੰਨੀ ਅੱਗੇ ਵੱਧ ਸਕਦਾ ਹੈ?
ਰਾਸ਼ਟਰਪਤੀ ਪੁਤਿਨ ਚਾਹੁਣ ਤਾਂ ਸ਼ਾਂਤੀ ਸੰਧੀ ਨੂੰ ਬਚਾਅ ਸਕਦੇ ਹਨ। ਉਹ ਕਹਿੰਦੇ ਵੀ ਰਹੇ ਹਨ ਕਿ ਉਹ ਹਮਲਾ ਨਹੀਂ ਕਰ ਰਹੇ।
ਫਿਰ ਵੀ ਸਮਲਾ ਕੂਟਨੀਤਿਕ ਤਰੀਕੇ ਨਾਲ ਸੁਲਝ ਸਕੇਗਾ ਇਸ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ। ਪੱਛਮ ਨੂੰ ਡਰ ਹੈ ਕਿ ਪੁਤਿਨ ਅੱਗੇ ਵਧਣਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸਾਨੂੰ ਲਗਦਾ ਹੈ, "ਉਹ ਯੂਕਰੇਨ ਦੀ ਰਾਜਧਾਨੀ 2.8 ਮਿਲੀਅਨ ਮਾਸੂਮ ਲੋਕਾਂ ਦੇ ਸ਼ਿਹਰ ਕੀਵ ਉੱਪਰ ਹਮਲਾ ਕਰਨਗੇ।"
ਸਿਧਾਂਤਕ ਤੌਰ 'ਤੇ ਰੂਸ ਯੂਕਰੇਨ ਉੱਪਰ ਪੂਰਬ, ਉੱਤਰ ਅਤੇ ਦੱਖਣ ਵਾਲੇ ਪਾਸਿਆਂ ਤੋਂ ਚੜ੍ਹਾਈ ਕਰਕੇ ਇਸ ਉੱਪਰ ਅਧਿਕਾਰ ਕਰ ਸਕਦਾ ਹੈ ਅਤੇ ਲੋਕਤੰਤਰੀ ਵਿਧੀ ਨਾਲ ਚੁਣੀ ਸਰਕਾਰ ਨੂੰ ਬਰਤਰਫ਼ ਕਰ ਸਕਦਾ ਹੈ।
ਇਸ ਦੇ ਮੁਕਾਬਲੇ ਯੂਕਰੇਨ ਨੇ ਵੀ ਪਿਛਲੇ ਸਾਲਾਂ ਦੌਰਾਨ ਆਪਣੀ ਫ਼ੌਜੀ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ ਅਤੇ ਇੱਥੇ ਰੂਸ ਨੂੰ ਕਰੜਾ ਮੁਕਾਬਲਾ ਯੂਕਰੇਨਵਾਸੀਆਂ ਤੋਂ ਵੀ ਮਿਲ ਸਕਦਾ ਹੈ।
ਅਮਰੀਕੀ ਫ਼ੌਜੀ ਅਧਿਕਾਰੀ ਮਾਰਕ ਮਿਲੀ ਨੇ ਕਿਹਾ ਹੈ ਕਿ ਰੂਸੀ ਫ਼ੌਜ ਦੇ ਪੈਮਾਨੇ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸੰਘਣੀ ਸ਼ਹਿਰੀ ਅਬਾਦੀ ਵਾਲੇ ਖੇਤਰਾਂ ਵਿੱਚ ''ਡਰਾਉਣੇ'' ਦ੍ਰਿਸ਼ ਹੋ ਸਕਦੇ ਹਨ।
ਹਾਲਾਂਕਿ ਰੂਸੀ ਆਗੂ ਕੋਲ ਯੂਕਰੇਨ ਉੱਪਰ ਸਾਈਬਰ ਹਮਲੇ ਕਰਨ ਅਤੇ ਯੂਕਰੇਨ ਦੀਆਂ ਬੰਦਰਗਾਹਾਂ ਨੂੰ ਬਲੌਕ ਕਰਨ ਵਰਗੇ ਵਿਕਲਪ ਵੀ ਹਨ।
ਪੱਛਮ ਕੀ ਕਰ ਸਕਦਾ ਹੈ?
ਪੱਛਮ ਰੂਸੀ ਕਦਮ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦੱਸ ਰਿਹਾ ਹੈ ਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਰੇਜ਼ ਨੇ ਰੂਸ ਵੱਲੋਂ ਯੂਕਰੇਨ ਦੀ ਭੂਗੋਲਿਕ ਅਖੰਡਤਾ ਉੱਪਰ ਹਮਲੇ ਦੀ ਨਿੰਦਾ ਕੀਤੀ ਹੈ।
ਹਾਲਾਂਕਿ ਨਾਟੋ ਨੇ ਸਪਸ਼ਟ ਕੀਤਾ ਹੈ ਕਿ ਉਹ ਯੂਕਰੇਨ ਵਿੱਚ ਰੂਸ ਦੇ ਮੁਕਾਬਲੇ ਲਈ ਫ਼ੌਜ ਨਹੀਂ ਭੇਜੇਗਾ। ਨਾਟੋ ਨੇ ਸਗੋਂ ਯੂਕਰੇਨ ਦੀ ਸਲਾਹਕਾਰਾਂ, ਹਥਿਆਰਾਂ ਅਤੇ ਹਸਪਤਾਲਾਂ ਦੇ ਰੂਪ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਸ ਲਈ ਜ਼ਿਆਦਾ ਧਿਆਨ ਪਾਬੰਦੀਆਂ ਦੇ ਜ਼ਰੀਏ ਰੂਸ ਨੂੰ ਦੰਡਿਤ ਕਰਨ ਵੱਲ ਹੋਵੇਗਾ।
- ਜਰਮਨੀ ਨੇ ਰੂਸ ਵੱਲੋਂ ਪੂਰੀ ਕੀਤੀ ਨੌਰਡ ਸਟਰੀਮ-2 ਗੈਸ ਪਾਈਪ ਲਾਈਨ ਦੀ ਪ੍ਰਵਾਨਗੀ ਰੋਕ ਲਈ ਹੈ
- ਯੂਰਪੀ ਯੂਨੀਅਨ ਵਿਸਥਾਰਿਤ ਪਾਬੰਦੀਆਂ ਲਈ ਸਹਿਮਤ ਹੋਇਆ ਹੈ।
- ਯੂਕੇ ਰੂਸ ਦੇ ਪੰਜ ਵੱਡੇ ਬੈਂਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਇਸ ਤੋਂ ਵੱਡੀਆਂ ਪਾਬੰਦੀਆਂ ਵੀ ਆਉਣ ਵਾਲੇ ਦਿਨਾਂ ਵਿੱਚ ਐਲਾਨੀਆਂ ਜਾ ਸਕਦੀ ਹਨ।
ਅਮਰੀਕਾ ਦੀ ਨਜ਼ਰ ਰੂਸ ਦੀਆਂ ਅਹਿਮ ਵਿੱਤੀ ਸੰਸਥਾਵਾਂ ਅਤੇ ਸਨਅਤਾਂ ਉੱਪਰ ਹੈ।
ਰੂਸ ਉੱਪਰ ਇਸ ਆਰਥਿਕ ਹਮਲੇ ਦਾ ਮਕਸਦ ਉਸ ਦੀ ਬੈਂਕਿੰਗ ਪ੍ਰਣਾਲੀ ਨੂੰ ਕੌਮਾਂਤਰੀ ਸਵਿਫ਼ਟ ਪੇਮੈਂਟ ਸਿਸਟਮ ਤੋਂ ਤੋੜਨਾ ਹੋਵੇਗਾ। ਹਾਲਾਂਕਿ ਇਨ੍ਹਾਂ ਪਾਬੰਦੀਆਂ ਨਾਲ ਅਮਰੀਕਾ ਅਤੇ ਯੂਰਪੀ ਯੂਨੀਅਨ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ।
ਇਸੇ ਦੌਰਾਨ ਬਾਲਟਿਕ ਮੁਲਕਾਂ ਅਤੇ ਪੋਲੈਂਡ ਵਿੱਚ 5000 ਨਾਟੋ ਫ਼ੌਜੀ ਤਾਇਨਾਤ ਕੀਤੇ ਗਏ ਹਨ ਤੇ 4000 ਹੋਰ ਰੋਮਾਨੀਆ, ਬੁਲਗਾਰੀਆ, ਹੰਗਰੀ ਅਤੇ ਸਲੋਵਾਕੀ ਭੇਜੇ ਜਾ ਸਕਦੇ ਹਨ।
ਪੁਤਿਨ ਕੀ ਚਾਹੁੰਦੇ ਹਨ?
ਪਹਿਲਾ, ਰੂਸ ਕਾਨੂੰਨੀ ਗਰੰਟੀ ਚਾਹੁੰਦਾ ਹੈ ਕਿ ਨਾਟੋ ਦਾ ਹੋਰ ਵਿਸਥਾਰ ਨਹੀਂ ਕੀਤਾ ਜਾਵੇਗਾ/ਯੂਕਰੇਨ ਨੂੰ ਉਸ ਵਿੱਚ ਕਦੇ ਵੀ ਸ਼ਾਮਲ ਨਹੀਂ ਕੀਤਾ ਜਾਵੇਗਾ।
ਪੁਤਿਨ ਨੇ ਕਿਹਾ ਹੈ ਕਿ ਰੂਸ ਕੋਲ ''ਪਿੱਛੇ ਮੁੜਨ ਦਾ ਕੋਈ ਰਾਹ ਨਹੀਂ ਬਚਿਆ ਹੈ ਤੇ ਕੀ ਉਹ ਸੋਚਦੇ ਹਨ ਅਸੀਂ ਚੁੱਪਚਾਪ ਬੈਠੇ ਰਹਾਂਗੇ?''

ਤਸਵੀਰ ਸਰੋਤ, EPA
ਦੂਜਾ ਰਾਸ਼ਟਰਪਤੀ ਪੁਤਿਨ ਦਾ ਤਰਕ ਹੈ ਕਿ ਜੇ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਇਆ ਤਾਂ ਇਹ ਕ੍ਰੀਮੀਆ ਉੱਪਰ ਅਧਿਕਾਰ ਕਰਨ ਦੀ ਕੋਸ਼ਿਸ਼ ਕਰੇਗਾ।
ਤੀਜਾ ਕਿ ਨਾਟੋ ਰੂਸ ਦੀਆਂ ਸਰਹੱਦਾਂ ਕੋਲ ਹਮਲਾਵਰ ਹਥਿਆਰ ਤਾਇਨਾਤ ਨਹੀਂ ਕਰੇਗਾ। ਨਾਟੋ ਉਨ੍ਹਾਂ ਦੇਸਾਂ ਵਿੱਚੋਂ ਆਪਣੀਆਂ ਫ਼ੌਜਾਂ ਹਟਾਅ ਲਵੇਗਾ ਜੋ 1997 ਤੋਂ ਬਾਅਦ ਸੰਗਠਨ ਦੇ ਮੈਂਬਰ ਬਣੇ ਹਨ।
ਇਸ ਦਾ ਮਤਲਬ ਹੈ ਕਿ ਨਾਟੋ ਨੂੰ ਕੇਂਦਰੀ ਯੂਰਪ, ਪੂਰਬੀ ਯੂਰਪ ਅਤੇ ਬਾਲਟਿਕਸ ਵਿੱਚੋਂ ਬਾਹਰ ਜਾਣਾ ਪਵੇਗਾ। ਸਰਲ ਸ਼ਬਦਾਂ ਵਿੱਚ ਰੂਸ ਚਾਹੁੰਦਾ ਹੈ ਕਿ ਨਾਟੋ ਆਪਣੀ ਉਸੇ ਸਥਿਤੀ ਵਿੱਚ ਵਾਪਸ ਚਲਿਆ ਜਾਵੇ ਜਿੱਥੇ ਉਹ 1997 ਤੋਂ ਪਹਿਲਾਂ ਸੀ।
ਨਾਟੋ ਨੇ ਕੀ ਕਿਹਾ ਹੈ?
ਨਾਟੋ ਇੱਕ ਰੱਖਿਆਤਮਿਕ ਸੰਗਠਨ ਹੈ ਅਤੇ ਇਸ ਦੇ ਬੂਹੇ ਕਿਵੇਂ ਵੀ ਨਵੇਂ ਮੈਂਬਰ ਲਈ ਖੁੱਲ੍ਹੇ ਹਨ। ਇਸ ਦੇ 30 ਮੈਂਬਰ ਦੇਸ਼ ਅੜੇ ਹੋਏ ਹਨ ਕਿ ਉਹ ਇਸ ਨੀਤੀ ਵਿੱਚ ਬਦਲਾਅ ਨਹੀਂ ਕਰਨਗੇ।
ਯੂਕਰੇਨ ਦੇ ਰਾਸ਼ਟਰਪਤੀ ਨੇ ਨਾਟੋ ਦਾ ਮੈਂਬਰ ਬਣਨ ਲਈ ਸਪਸ਼ਟ ਸਮਾਂ ਸੀਮਾ ਤੈਅ ਕਰਨ ਦੀ ਮੰਗ ਕੀਤੀ ਹੈ। ਜਿਸ ਦੀ ਕਿ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ, ਜਰਮਨ ਚਾਂਸਲਰ ਇਸ ਨੂੰ ਸਪਸ਼ਟ ਕਰ ਚੁੱਕੇ ਹਨ।
ਕੋਈ ਦੇਸ ਆਪਣੀ ਨਾਟੋ ਦੀ ਮੈਂਬਰੀ ਛੱਡੇਗਾ ਇਸ ਵਿਚਾਰ ਦੇ ਸਫ਼ਲ ਹੋਣ ਦੀ ਸੰਭਾਵਨਾ ਨਹੀਂ ਹੈ।
ਰਾਸ਼ਟਰਪਤੀ ਪੁਤਿਨ ਦਾ ਕਹਿਣਾ ਹੈ ਕਿ ਨਾਟੋ ਨੇ 1990 ਵਿੱਚ ਕਿਹਾ ਸੀ ਕਿ ਉਹ ਆਪਣੇ ਖੇਤਰ ਵਿੱਚ ਪੂਰਬ ਵੱਲ ਇੱਕ ਇੰਚ ਦਾ ਵੀ ਵਾਧਾ ਨਹੀਂ ਕਰੇਗਾ ਪਰ ਫਿਰ ਵੀ ਇਹ ਅਜਿਹਾ ਕਰਦਾ ਆ ਰਿਹਾ ਹੈ।
ਹਾਲਾਂਕਿ ਇਹ ਵਾਅਦਾ ਤਤਕਾਲੀ ਰੂਸੀ ਰਾਸ਼ਟਰਪਤੀ ਮਿਖ਼ਾਈਲ ਗੋਰਬੇਚੋਵ ਨੂੰ ਵਿਸੇਸ਼ ਤੌਰ 'ਤੇ ਪੂਰਬੀ ਜਰਮਨੀ ਦੇ ਪ੍ਰਸੰਗ ਵਿੱਚ ਸੋਵੀਅਤ ਯੂਨੀਅਨ ਦੇ ਪਤਨ ਤੋਂ ਪਹਿਲਾਂ ਕੀਤਾ ਗਿਆ ਸੀ। ਉਦੋਂ ਪੂਰਬੀ ਅਤੇ ਪੱਛਮੀ ਜਰਮਨੀ ਇੱਕ ਨਹੀਂ ਹੋਏ ਸਨ ਅਤੇ ਬਰਲਿਨ ਦੀ ਕੰਧ ਨਹੀਂ ਤੋੜੀ ਗਈ ਸੀ।
ਗੱਲਬਾਤ ਨਾਲ ਮਸਲਾ ਸੁਲਝ ਸਕਦਾ ਹੈ?

ਤਸਵੀਰ ਸਰੋਤ, Reuters
ਕਿਸੇ ਵੀ ਸੰਭਾਵੀ ਸਮਝੌਤੇ ਲਈ ਪੂਰਬ ਵਿੱਚ ਜੰਗ ਅਤੇ ਹਥਿਆਰਾਂ ਉੱਪਰ ਕੰਟਰੋਲ ਵਰਗੇ ਮਸਲਿਆਂ ਨਾਲ ਨਜਿਠਣਾ ਜ਼ਰੂਰੀ ਹੋਵੇਗਾ।
ਰੂਸ ਨੇ ਛੋਟੀਆਂ ਅਤੇ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਦੀ ਗਿਣਤੀ ਸੀਮਤ ਕਰਨ ਬਾਰੇ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਰੂਸ ਦੀ ਮੰਗ ਹੈ ਕਿ ਅਮਰੀਕਾ ਦੇ ਪ੍ਰਮਾਣੂ ਬੰਬ ਅਮਰੀਕੀ ਸਰਜ਼ਮੀਨ ਤੋਂ ਬਾਹਰ ਬੈਨ ਹੋਣੇ ਚਾਹੀਦੇ ਹਨ।
ਰੂਸ ਕਹਿੰਦਾ ਰਿਹਾ ਹੈ ਕਿ ਮਿਜ਼ਾਈਲ ਟਿਕਾਣਿਆਂ ਉੱਪਰ ਕੰਟਰੋਲ ਲਈ ਪਾਰਦਰਸ਼ ਪ੍ਰਕਿਰਿਆ ਹੋਵੇ। ਇਨ੍ਹਾਂ ਟਿਕਾਣਿਆਂ ਵਿੱਚ ਦੋ ਟਿਕਾਣੇ ਰੂਸ ਦੇ ਅੰਦਰ ਹਨ, ਦੋ ਰੋਮਾਨੀਆ ਵਿੱਚ ਅਤੇ ਪੋਲੈਂਡ ਵਿੱਚ ਹਨ।

ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















