ਪਾਕਿਸਤਾਨ ਪੰਜਾਬ ਦੇ ਮਰੀ ਵਿੱਚ 22 ਮੌਤਾਂ: 'ਮੈਂ ਬਰਫ਼ ਦੀ ਕਬਰ ਵਿੱਚ ਦੱਬਿਆ ਹੋਇਆ ਹਾਂ'

ਤਸਵੀਰ ਸਰੋਤ, Sania Dawood
- ਲੇਖਕ, ਹੁਮੈਰਾ ਕੰਵਲ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨੀ ਪੰਜਾਬ ਦੇ ਮਰੀ 'ਚ ਬਰਫਬਾਰੀ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ। ਦਰੱਖਤ ਅਤੇ ਬਿਜਲੀ ਦੇ ਖੰਭੇ ਸੜਕਾਂ 'ਤੇ ਡਿੱਗ ਗਏ ਹਨ ਅਤੇ ਲੋਕ ਥਾਂ-ਥਾਂ 'ਤੇ ਫਸੀਆਂ ਗੱਡੀਆਂ ਦੀਆਂ ਖਿੜਕੀਆਂ ਖੜਕਾ ਕੇ ਲੋਕਾਂ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।
ਕੋਈ ਜਵਾਬ ਨਾ ਮਿਲਣ 'ਤੇ ਗੱਡੀ ਨੂੰ ਖੋਲ੍ਹ ਕੇ ਅੰਦਰ ਮੌਜੂਦ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਮਰਜੈਂਸੀ ਸੇਵਾ 1122 ਵੱਲੋਂ ਜਾਰੀ ਸੂਚਨਾ ਅਨੁਸਾਰ ਮਰਨ ਵਾਲਿਆਂ ਵਿੱਚ 10 ਪੁਰਸ਼, 10 ਔਰਤਾਂ ਅਤੇ 10 ਬੱਚੇ ਸ਼ਾਮਲ ਹਨ।
ਮਰੀ ਦੇ ਸਥਾਨਕ ਪ੍ਰਸ਼ਾਸਨ ਦੇ ਬਚਾਅ ਕਰਮਚਾਰੀ ਅਤੇ ਸਥਾਨਕ ਲੋਕ ਫ਼ਸੇ ਯਾਤਰੀਆਂ ਅਤੇ ਬੇਹੋਸ਼ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ:
ਧਿਆਨ ਦੇਣ ਯੋਗ ਹੈ ਕਿ ਮਰੀ ਵਿੱਚ ਕਈ ਸਾਲਾਂ ਬਾਅਦ ਹੋਈ ਭਾਰੀ ਬਰਫ਼ਬਾਰੀ ਕਾਰਨ ਸੈਲਾਨੀ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹੇ। ਕਾਰ ਵਿੱਚ ਲੰਮਾ ਸਮਾਂ ਬੈਠੇ ਰਹਿਣ ਅਤੇ ਸ਼ੀਸ਼ੇ ਬੰਦ ਹੋਣ ਕਾਰਨ ਤੇ ਹੀਟਰ ਚੱਲਦਾ ਹੋਣ ਕਾਰਨ ਗੱਡੀਆਂ ਅੰਦਰ ਪੈਦਾ ਹੋਈ ਆਕਸੀਜਨ ਦੀ ਕਮੀ ਕਰਕੇ ਕਈ ਸੈਲਾਨੀਆਂ ਦੇ ਬੇਹੋਸ਼ ਹੋਣ ਦੀਆਂ ਖ਼ਬਰਾਂ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਰੀ ਵਿੱਚ ਸੈਲਾਨੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਚਾਨਕ ਹੋਈ ਇੰਨੀ ਜ਼ਿਆਦਾ ਬਰਫਬਾਰੀ ਲਈ ਤਿਆਰ ਨਹੀਂ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਟਵਿੱਟਰ 'ਤੇ ਇੱਕ ਪੋਸਟ 'ਚ ਇਮਰਾਨ ਖਾਨ ਨੇ ਕਿਹਾ,''ਮਰੀ ਜਾਣ ਵਾਲੇ ਸੈਲਾਨੀਆਂ ਦੀ ਦਰਦਨਾਕ ਮੌਤ ਨਾਲ ਸਦਮੇ 'ਚ ਹਾਂ ਅਤੇ ਦੁਖੀ ਹਾਂ। ਉੱਥੇ ਹੋਈ ਜ਼ਰੂਰਤ ਤੋਂ ਜ਼ਿਆਦਾ ਬਰਫ਼ਬਾਰੀ ਅਤੇ ਮੌਸਮ ਦੀ ਜਾਣਕਾਰੀ ਲਏ ਬਿਨਾਂ ਇੰਨੀ ਵੱਡੀ ਸੰਖਿਆ 'ਚ ਪਹੁੰਚੇ ਸੈਲਾਨੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ ਨਹੀਂ ਸੀ।''
''ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਤਾਂ ਜੋ ਇਹ ਭਵਿੱਖ 'ਚ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀ ਦੁਰਘਟਨਾ ਨਾ ਵਾਪਰੇ।"

'ਮੈਂ ਬਰਫ਼ ਦੀ ਕਬਰ ਵਿੱਚ ਦੱਬਿਆ ਹੋਇਆ ਹਾਂ'
ਬੀਬੀਸੀ ਪੱਤਰਕਾਰ ਸਹਿਰ ਬਲੋਚ ਨਾਲ ਗੱਲਬਾਤ ਕਰਦਿਆਂ ਇੱਕ ਸੈਲਾਨੀ ਸਾਨੀਆ ਦਾਊਦ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਨੂੰ ਆਪਣੇ ਪਤੀ ਅਤੇ ਬੱਚਿਆਂ ਸਮੇਤ ਮਰੀ ਲਈ ਰਵਾਨਾ ਹੋਏ ਸਨ।
ਉਨ੍ਹਾਂ ਨੇ ਕਿਹਾ ਕਿ ''ਇਸ ਸਮੇਂ ਸਥਿਤੀ ਹੋਰ ਵੀ ਖ਼ਰਾਬ ਹੁੰਦੀ ਜਾ ਰਹੀ ਹੈ। ਅਸੀਂ ਇਸ ਸਮੇਂ ਝਿਕਾ ਚੌਕ ਤੋਂ ਦੋ ਸੌ ਮੀਟਰ ਦੀ ਦੂਰੀ 'ਤੇ ਹਾਂ। ਇੱਥੇ ਵਾਸ਼ਰੂਮ ਜਾਣ ਲਈ ਲਾਈਨ ਲੱਗੀ ਹੋਈ ਹੈ ਅਤੇ ਸੜਕ 'ਤੇ ਦੂਰ-ਦੂਰ ਤੱਕ ਸਿਰਫ ਗੱਡੀਆਂ ਫ਼ਸੀਆਂ ਹੋਈਆਂ ਦਿਸ ਰਹੀਆਂ ਹਨ।
ਸਵੇਰੇ ਅਸੀਂ ਥੋੜ੍ਹੀ ਦੂਰ ਚੱਲ ਕੇ ਬੱਚਿਆਂ ਨੂੰ ਨਾਸ਼ਤਾ ਕਰਾਉਣ ਲੈ ਕੇ ਗਏ, ਪਰ ਹੁਣ ਪਤਾ ਲੱਗਾ ਕਿ ਗੈਸ ਵੀ ਘੱਟ ਗਈ ਹੈ। ਰਸਤੇ 'ਚ ਤਿਲਕਣ ਹੋਣ ਕਾਰਨ ਹੁਣ ਗੱਡੀ ਵੀ ਬਾਹਰ ਨਹੀਂ ਨਿਕਲ ਸਕਦੀ ਅਤੇ ਅਸੀਂ ਵੀ ਕਿਤੇ ਬਾਹਰ ਨਹੀਂ ਨਿਕਲ ਸਕਦੇ।"

ਸ਼ੁੱਕਰਵਾਰ ਰਾਤ ਨੂੰ ਆਪਣੇ ਜੱਦੀ ਸ਼ਹਿਰ ਬੇਰੂਟ ਜਾ ਰਹੇ ਰੇਹਾਨ ਅੱਬਾਸੀ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ 6 ਵਜੇ ਤੋਂ ਬਰਫ਼ ਵਿੱਚ ਫ਼ਸੇ ਹੋਏ ਹਨ।
ਉਨ੍ਹਾਂ ਨੇ ਕਿਹਾ, "ਮੈਂ ਅਜੇ ਤੱਕ ਬਰਫ਼ ਵਿੱਚ ਫ਼ਸਿਆ ਹੋਇਆ ਹਾਂ। ਲੋਕਾਂ ਦੀਆਂ ਗੱਡੀਆਂ 'ਚ ਤੇਲ ਖ਼ਤਮ ਹੋ ਗਿਆ ਹੈ। ਇੱਥੇ ਬਹੁਤ ਜ਼ਿਆਦਾ ਠੰਢ ਹੈ। ਮੈਂ ਆਪਣੀ ਕਾਰ ਵਿੱਚ ਇੰਝ ਵਖ਼ਤ ਲੰਘਾਇਆ ਹੈ ਜਿਵੇਂ ਮੈਂ ਬਰਫ਼ ਦੀ ਕਬਰ ਵਿੱਚ ਦੱਬਿਆ ਹੋਇਆ ਹੋਵਾਂ। ਮੇਰੀ ਕਿਸਮਤ ਚੰਗੀ ਸੀ ਕਿ ਮੈਂ ਬਚ ਗਿਆ ਹਾਂ।"

ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਇੱਕ ਸਥਾਨਕ ਵਾਸੀ ਨੇ ਬੀਬੀਸੀ ਪੱਤਰਕਾਰ ਫਰਹਤ ਜਾਵੇਦ ਨੂੰ ਦੱਸਿਆ ਕਿ ਸਥਾਨਕ ਲੋਕਾਂ ਨੇ ਸੈਲਾਨੀਆਂ ਨੂੰ ਆਪਣੇ ਘਰਾਂ ਵਿੱਚ ਠਹਿਰਾਇਆ ਹੈ, ਜਦਕਿ ਕੁਝ ਲੋਕਾਂ ਨੂੰ ਹੋਟਲਾਂ ਦੇ ਨਾਲ-ਨਾਲ ਦਫ਼ਤਰ-ਏ-ਇਸਲਾਮ ਅਕੈਡਮੀ ਵਿੱਚ ਵੀ ਠਹਿਰਾਇਆ ਜਾ ਰਿਹਾ ਹੈ।
'ਪਹਿਲੀ ਵਾਰ ਸੁਣਿਆ ਕਿ ਮਰੀ 'ਚ ਇੰਨੇ ਲੋਕ ਮਾਰੇ ਗਏ'

ਤਸਵੀਰ ਸਰੋਤ, BBC Urdu
ਮਰੀ 'ਚ ਇੱਕ ਹੋਟਲ ਦੇ ਮਾਲਕ ਕਾਜ਼ਿਮ ਅੱਬਾਸੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਦਸ ਪਰਿਵਾਰਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਸੀ, ਪਰ ਸਵੇਰੇ ਉਨ੍ਹਾਂ ਨੂੰ ਰੋਕਣ ਦੇ ਬਾਵਜੂਦ ਵੀ ਉਹ ਹੋਟਲ ਛੱਡ ਗਏ।
ਕਾਜ਼ਿਮ ਕਹਿੰਦੇ ਹਨ, ''ਪਹਿਲਾਂ ਤੋਂ ਹੀ ਪਤਾ ਸੀ ਕਿ ਭਾਰੀ ਬਰਫਬਾਰੀ ਹੋਵੇਗੀ ਅਤੇ ਅਸੀਂ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ ਸੈਲਾਨੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਜੇਕਰ ਮਰੀ ਆਉਣਾ ਹੈ ਤਾਂ ਉਹ ਐਤਵਾਰ ਜਾਂ ਸੋਮਵਾਰ ਨੂੰ ਆਉਣ।
ਜਦਕਿ ਅਸੀਂ ਹੁਣ ਵੀ ਸੁਣ ਰਹੇ ਹਾਂ ਕਿ ਲੋਕ ਟੋਲ ਪਲਾਜ਼ਿਆਂ ਤੋਂ ਪੈਦਲ ਮਰੀ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਰਾਹਤ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ, ''ਇੱਕੋ-ਇੱਕ ਹੱਲ ਇਹ ਹੈ ਕਿ ਜੋ ਵੀ ਏਜੰਸੀਆਂ ਕੰਮ ਕਰ ਰਹੀਆਂ ਹਨ, ਉਹ ਬੇਲਚਾ ਚਲਾਉਣ ਵਾਲੇ ਲੋਕਾਂ ਨੂੰ ਲੈ ਕੇ ਆਉਣ।"
ਕਾਜ਼ਿਮ ਕਹਿੰਦੇ ਹਨ, ''ਜਦੋਂ ਵੀ ਮਰੀ ਵਿੱਚ ਬਰਫ਼ਬਾਰੀ ਹੁੰਦੀ ਹੈ, ਤਾਂ ਛੀਕਾ ਗਲ਼ੀ, ਮਾਲ ਰੋਡ, ਜੀਪੀਓ ਚੌਕ, ਗਿਲਡਨਾ, ਕਾਰਟ ਰੋਡ 'ਤੇ ਇੱਥੋਂ ਦੀਆਂ ਆਪਣੀਆਂ ਮਸ਼ੀਨਾਂ ਹੁੰਦੀਆਂ ਸਨ। ਪਰ ਇਸ ਵਾਰ ਪਹਿਲਾਂ ਤੋਂ ਕੋਈ ਬਚਾਅ ਉਪਾਅ ਨਹੀਂ ਦਿਖਾਈ ਦਿੱਤੇ।''

ਤਸਵੀਰ ਸਰੋਤ, PTV/Reuters
ਉਨ੍ਹਾਂ ਨੇ ਕਿਹਾ,''ਇਹ ਪਹਿਲੀ ਵਾਰ ਹੈ ਜਦੋਂ ਅਸੀਂ ਸੁਣ ਰਹੇ ਹਾਂ ਕਿ ਮਰੀ ਦੀ ਬਰਫ਼ਬਾਰੀ ਵਿੱਚ ਇੰਨੇ ਲੋਕ ਮਾਰੇ ਗਏ ਹਨ।''
'ਕੁਝ ਗੱਡੀਆਂ 'ਤੇ ਦਸਤਕ ਮਗਰੋਂ ਕੋਈ ਜਵਾਬ ਨਹੀਂ ਆਉਂਦਾ'
ਪੱਤਰਕਾਰ ਜ਼ੁਬੈਰ ਖ਼ਾਨ ਅਨੁਸਾਰ ਮਰੀ ਰੋਡ ਦੇ ਨੇੜਲੇ ਇਲਾਕੇ ਵਿੱਚ ਰਾਹਤ ਕਾਰਜਾਂ ਵਿੱਚ ਲੱਗੇ ਵਿਅਕਤੀ ਗੁਲ ਹਸਨ ਨੇ ਦੱਸਿਆ ਕਿ ਕੁਝ ਗੱਡੀਆਂ ਅਜਿਹੀਆਂ ਹਨ, ਜਿਨ੍ਹਾਂ 'ਤੇ ਦਸਤਕ ਦੇਣ ਮਗਰੋਂ ਉੱਥੋਂ ਕੋਈ ਜਵਾਬ ਨਹੀਂ ਮਿਲਦਾ।

ਤਸਵੀਰ ਸਰੋਤ, Kazim Abbasi
ਉਹ ਕਹਿੰਦੇ ਹਨ, "ਕੁਝ ਗੱਡੀਆਂ 'ਤੇ ਦਸਤਕ ਦੇ ਰਹੇ ਹਾਂ, ਪਰ ਉਥੋਂ ਕੋਈ ਜਵਾਬ ਨਹੀਂ ਆਉਂਦਾ। ਮੈਂ ਅਜਿਹੀਆਂ ਦੋ ਗੱਡੀਆਂ ਦੀ ਪਛਾਣ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ।"
ਰਾਹਤ ਕਾਰਜਾਂ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਮੁਹੰਮਦ ਮੋਹਸੀਨ ਦਾ ਕਹਿਣਾ ਹੈ ਕਿ "ਮੈਨੂੰ ਲੱਗਦਾ ਹੈ ਕਿ ਸਥਿਤੀ ਜੋ ਦੱਸੀ ਜਾ ਰਹੀ ਹੈ ਅਸਲ ਵਿੱਚ ਹਾਲਾਤ ਉਸ ਨਾਲੋਂ ਜ਼ਿਆਦਾ ਖਰਾਬ ਹਨ।"

ਤਸਵੀਰ ਸਰੋਤ, BBC Urdu
ਬਰਫ਼ਬਾਰੀ ਵਿੱਚ ਫ਼ਸਣ ਦੀ ਸੂਰਤ ਵਿੱਚ ਕੀ ਕਰਨਾ ਚਾਹੀਦਾ ਹੈ?
ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ, ਬਰਫ਼ਬਾਰੀ ਤੋਂ ਪਹਿਲਾਂ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ। ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਮੌਸਮ ਖ਼ਰਾਬ ਹੋ ਸਕਦਾ ਹੈ, ਇਸ ਲਈ ਉਹ ਘਰਾਂ ਵਿੱਚ ਹੀ ਰਹਿਣ, ਪਰ ਮਰੀ ਵਿੱਚ ਅਲਰਟ ਜਾਰੀ ਕਰਨ ਵਿੱਚ ਕਾਫੀ ਦੇਰੀ ਹੋਈ।
ਵਾਤਾਵਰਣ ਪ੍ਰੇਮੀ ਤੌਫੀਕ ਪਾਸ਼ਾ ਮੇਰਾਜ ਨੇ ਬੀਬੀਸੀ ਪੱਤਰਕਾਰ ਸਹਿਰ ਬਲੋਚ ਨੂੰ ਦੱਸਿਆ ਕਿ ਬਰਫ਼ਬਾਰੀ ਦੀ ਸਥਿਤੀ ਵਿੱਚ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਮਰੀ ਜਾਣ ਵਾਲੇ ਰਸਤੇ ਬੰਦ ਕਰਨੇ ਚਾਹੀਦੇ ਸਨ।

ਤਸਵੀਰ ਸਰੋਤ, Umair Abbasi
ਪਾਸ਼ਾ ਨੇ ਕੁਝ ਸਾਵਧਾਨੀ ਵਜੋਂ ਕੁਝ ਉਪਾਵਾਂ ਦਾ ਵੀ ਸੁਝਾਅ ਦਿੱਤਾ, ਜਿਨ੍ਹਾਂ ਦੀ ਪਾਲਣਾ ਕਰਕੇ ਬਰਫ਼ ਵਿੱਚ ਫ਼ਸੇ ਸੈਲਾਨੀ ਨੁਕਸਾਨ ਤੋਂ ਬਚ ਸਕਦੇ ਹਨ।
- ਜੇਕਰ ਬਰਫ਼ ਵਿੱਚ ਫ਼ਸ ਜਾਂਦੇ ਹੋ, ਤਾਂ ਮਦਦ ਆਉਣ ਤੱਕ ਪੈਟਰੋਲ ਜਾਂ ਡੀਜ਼ਲ ਬਚਾਉਣ ਲਈ ਵਾਹਨਾਂ ਨੂੰ ਬੰਦ ਕਰ ਦਿਓ।

ਤਸਵੀਰ ਸਰੋਤ, BBC Urdu
- ਕਿਸੇ ਦੀ ਮਦਦ ਨਾਲ ਕਾਰ ਨੂੰ ਸੜਕ ਦੇ ਕਿਨਾਰੇ ਪਾਰਕ ਕਰੋ, ਨਾ ਕਿ ਸੜਕ ਦੇ ਵਿਚਕਾਰ।
- ਟਾਇਰਾਂ 'ਤੇ ਲੋਹੇ ਦੀਆਂ ਜ਼ੰਜੀਰਾਂ ਲਗਾ ਦਿਓ ਅਤੇ ਜੇ ਹੋ ਸਕੇ ਤਾਂ ਹੀਟਰ ਨਾ ਚਲਾਓ।
- ਲੋਕਾਂ ਨਾਲ ਭਰੀ ਹੋਈ ਕਾਰ 'ਚ ਲੋਕ ਹੀਟਰ ਚਲਾ ਦਿੰਦੇ ਹਨ, ਜਿਸ ਕਾਰਨ ਗੱਡੀ 'ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਦਮ ਘੁਟਣ ਦੀ ਸੰਭਾਵਨਾ ਵਧ ਜਾਂਦੀ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ।
- ਜੇਕਰ ਇੱਕ ਕਾਰ ਵਿੱਚ ਦੋ ਜਾਂ ਤਿੰਨ ਵਿਅਕਤੀ ਹਨ ਤਾਂ ਕਾਰ ਮਨੁੱਖੀ ਗਰਮੀ ਕਾਰਨ ਅੰਦਰੋਂ ਨਿੱਘੀ ਰਹੇਗੀ।
- ਕਿਸੇ ਵੀ ਸਥਿਤੀ ਵਿੱਚ ਆਪਣੀ ਕਾਰ ਨੂੰ ਛੱਡ ਕੇ ਪੈਦਲ ਨਹੀਂ ਚੱਲਣਾ ਚਾਹੀਦਾ, ਕਿਉਂਕਿ ਤੁਸੀਂ ਜਿੱਥੇ ਖੜ੍ਹੇ ਹੋ, ਉਸ ਤੋਂ ਅੱਗੇ ਮੌਸਮ ਕਿਹੋ-ਜਿਹਾ ਹੈ ਇਸਦਾ ਦਾ ਅੰਦਾਜ਼ਾ ਤੁਸੀਂ ਨਹੀਂ ਲਗਾ ਸਕਦੇ। ਸੜਕ 'ਤੇ ਇਕੱਲੇ, ਖੁੱਲ੍ਹੇ ਵਿੱਚ ਫਸਣ ਨਾਲੋਂ ਕਾਰ ਦੇ ਅੰਦਰ ਬੈਠਣਾ ਕਿਤੇ ਜ਼ਿਆਦਾ ਚੰਗਾ ਉਪਾਅ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












