You’re viewing a text-only version of this website that uses less data. View the main version of the website including all images and videos.
ਈਸ਼ ਨਿੰਦਾ: ਸਿਆਲਕੋਟ 'ਚ ਸ਼੍ਰੀਲੰਕਾਈ ਇੰਜੀਨੀਅਰ ਦੀ ਜਾਨ ਬਚਾਉਣ ਲਈ ਕਿਵੇਂ ਭੀੜ ਨਾਲ ਭਿੜ ਗਏ ਅਦਨਾਨ ਮਲਿਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿਆਲਕੋਟ ਦੇ ਉਸ ਫੈਕਟਰੀ ਕਰਮਚਾਰੀ ਨੂੰ ਤਮਗ਼ਾ-ਏ-ਸ਼ੁਜਾਤ ਸਨਮਾਨ ਦੇਣ ਦਾ ਐਲਾਨ ਕੀਤਾ ਹੈ ਜਿਸ ਨੇ ਸ਼ੁੱਕਰਵਾਰ ਨੂੰ ਸ਼੍ਰੀਲੰਕਾਈ ਨਾਗਰਿਕ ਪ੍ਰਿਆਂਥਾ ਦਿਯਾਵਦਾਨਾ ਨੂੰ ਭੜਕੀ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਹਾਲਾਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭੜਕੀ ਭੀੜ ਪ੍ਰਿਆਂਥਾ ਨੂੰ ਖਿੱਚ ਕੇ ਲੈ ਗਈ ਅਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ, ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਅੱਗ ਲਗਾ ਦਿੱਤੀ।
ਐਤਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਲਿਕ ਅਦਨਾਨ ਨਾਮ ਦੇ ਇਸ ਸ਼ਖ਼ਸ ਨੂੰ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ।
ਮਲਿਕ ਅਦਨਾਨ ਨੇ ਇੱਕ ਸਥਾਨਕ ਨਿਊਜ਼ ਚੈਨਲ ਨੂੰ ਕਿਹਾ ਕਿ ਉਹ ਮਨੁੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਰਾਜਕੋ ਇੰਡਸਟ੍ਰੀਜ਼ ਵਿੱਚ ਪ੍ਰੋਡਕਸ਼ਨ ਮੈਨੇਜਰ ਮਲਿਕ ਅਦਨਾਨ ਦਾ ਪ੍ਰਿਆਂਥਾ ਨੂੰ ਬਚਾਉਣ ਦੀ ਕੋਸ਼ਿਸ਼ ਦਾ ਇੱਕ ਵੀਡੀਓ ਸ਼ਨੀਵਾਰ ਨੂੰ ਵਾਇਰਲ ਹੋ ਗਿਆ।
ਇਸ ਵੀਡੀਓ ਵਿੱਚ ਭੀੜ ਫੈਕਟਰੀ ਦੇ ਮੈਨੇਜਰ ਪ੍ਰਿਆਂਥਾ ਉੱਤੇ ਟੁੱਟ ਪਈ, ਪਰ ਲਾਲ ਸਵੈਟਰ ਪਹਿਨੇ ਇਕੱਲਾ ਇੱਕ ਸ਼ਖ਼ਸ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ ਵਿੱਚ ਅਦਨਾਨ ਭੀੜ ਨੂੰ ਬੇਨਤੀ ਕਰਦੇ ਹੋਏ ਦਿਖ ਰਹੇ ਹਨ ਅਤੇ ਪ੍ਰਿਆਂਥਾ ਨੂੰ ਹਮਲਿਆਂ ਤੋਂ ਆਪਣੇ ਸਿਰ ਅਤੇ ਸਰੀਰ ਦੇ ਉੱਪਰਲੇ ਹਿਸੇ ਨੂੰ ਬਚਾ ਰਹੇ ਹਨ, ਸ਼੍ਰੀਲੰਕਾਈ ਨਾਗਰਿਕ ਅਦਨਾਨ ਦੇ ਪੈਰਾਂ ਨਾਲ ਚਿਪਕੇ ਹੋਏ ਹਨ ਅਤੇ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ:
ਵੀਡੀਓ ਵਿੱਚ ਥੋੜ੍ਹੀ ਦੇਰ ਬਾਅਦ ਅਦਨਾਨ ਪ੍ਰਿਆਂਥਾ ਦੇ ਉੱਤੇ ਪੂਰੀ ਤਰ੍ਹਾਂ ਝੁੱਕ ਕੇ ਉਨ੍ਹਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਭੀੜ ਸ਼੍ਰੀਲੰਕਾਈ ਨਾਗਰਿਕ ਨੂੰ ਛੱਤ ਤੋਂ ਹੇਠਾਂ ਸੁੱਟਣ ਲਈ ਅਦਨਾਨ ਤੋਂ ਖੋਹਣ ਦੀ ਕੋਸ਼ਿਸ਼ ਕਰਦੀ ਹੈ।
ਵੀਡੀਓ ਵਿੱਚ ਭੀੜ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ''ਉਹ (ਪ੍ਰਿਆਂਥਾ) ਅੱਜ ਨਹੀਂ ਬਚੇਗਾ।''
ਇਸ ਘਟਨਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਫੈਕਟਰੀ ਦੇ ਅੰਦਰ ਰਿਕਾਰਡ ਕੀਤਾ ਗਿਆ ਹੈ, ਵੀਡੀਓ ਵਿੱਚ ਅਦਨਾਨ ਫੈਕਟਰੀ ਦੇ ਕਰਮਚਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀਡੀਓ ਭੜਕੀ ਭੀੜ ਦੇ ਛੱਤ ਉੱਤੇ ਪਹੁੰਚਣ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ।
ਸੋਸ਼ਲ ਮੀਡੀਆ ਉੱਤੇ ਕੁਝ ਯੂਜ਼ਰਜ਼ ਦਾ ਦਾਅਵਾ ਹੈ ਕਿ ਅਦਨਾਨ ਨੇ ਭੀੜ ਨੂੰ ਲਗਭਗ 45 ਮਿੰਟ ਤੱਕ ਰੋਕ ਕੇ ਰੱਖਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਮਰਾਨ ਖ਼ਾਨ ਨੇ ਕੀਤਾ ਸਲਾਮ
ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨੇ ਐਤਵਾਰ ਨੂੰ ਅਦਨਾਨ ਦੇ ''ਨੈਤਿਕ ਸਾਹਸ ਅਤੇ ਬਹਾਦਰੀ'' ਨੂੰ ਸਲਾਮ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ਉੱਤੇ ਲਗਾ ਕੇ ਪ੍ਰਿਆਂਥਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਪ੍ਰਧਾਨ ਮੰਤਰੀ ਨੇ ਮਲਿਕ ਅਦਨਾਨ ਲਈ ਦੇਸ਼ ਦੇ ਚੌਥੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਤਮਗ਼ਾ-ਏ-ਸ਼ੁਜਾਤ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਟਵੀਟ ਵਿੱਚ ਕਿਹਾ, ''ਦੇਸ਼ ਵੱਲੋਂ ਮੈਂ ਮਲਿਕ ਅਦਨਾਨ ਦੇ ਨੈਤਿਕ ਸਾਹਸ ਅਤੇ ਬਹਾਦਰੀ ਨੂੰ ਸਲਾਮ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਿਆਲਕੋਟ ਵਿੱਚ ਭੜਕੀ ਭੀੜ ਤੋਂ ਪ੍ਰਿਆਂਥਾ ਦਿਯਾਵਦਾਨਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਪੀੜਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।''
''ਉਨ੍ਹਾਂ ਨੇ ਪੀੜਤ ਨੂੰ ਬਚਾਉਣ ਦੇ ਲਈ ਸਰੀਰਕ ਰੂਪ ਤੋਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ। ਅਸੀਂ ਉਨ੍ਹਾਂ ਨੂੰ ਤਮਗ਼ਾ-ਏ-ਸ਼ੁਜਾਤ ਪੁਰਸਕਾਰ ਦੇਵਾਂਗੇ।''
ਸਿਆਲਕੋਟ ਦੇ ਪੁਲਿਸ ਦੇ ਇੱਕ ਬੁਲਾਰੇ ਨੇ ਵੀ ਮਲਿਕ ਅਦਨਾਨ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜਾਂਚ ਵਿੱਚ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਤੋਂ ਪਹਿਲਾਂ ਇਸ ਘਟਨਾ ਨੂੰ ਪਾਕਿਸਤਾਨ ਦੇ ਲਈ ਇੱਕ ਸ਼ਰਮਨਾਕ ਦਿਨ ਦੱਸਦੇ ਹੋਏ ਕਿਹਾ ਸੀ ਕਿ ਉਹ ਇਸ ਦੀ ਜਾਂਚ ਨੂੰ ਖ਼ੁਦ ਦੇਖ ਰਹੇ ਹਨ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਇਮਰਾਨ ਖ਼ਾਨ ਨੇ ਟਵਿੱਟਰ ਉੱਤੇ ਲਿਖਿਆ, ''ਸਿਆਲਕੋਟ ਦੀ ਫੈਕਟਰੀ ਵਿੱਚ ਹੋਇਆ ਹਮਲਾ ਅਤੇ ਸ਼੍ਰੀਲੰਕਾਈ ਮੈਨੇਜਰ ਨੂੰ ਜ਼ਿੰਦਾ ਸਾੜ ਦਿੱਤਾ ਜਾਣਾ ਪਾਕਿਸਤਾਨ ਲਈ ਇੱਕ ਸ਼ਰਮਨਾਕ ਦਿਨ ਹੈ। ਮੈਂ ਖ਼ੁਦ ਇਸ ਦੀ ਜਾਂਚ ਨੂੰ ਦੇਖ ਰਿਹਾ ਹਾਂ, ਜੋ ਵੀ ਇਸ ਦੇ ਲਈ ਜ਼ਿਮੇਵਾਰ ਹਨ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।''
ਮਨੁੱਖਤਾ ਲਈ ਪ੍ਰਿਆਂਥਾ ਦੀ ਢਾਲ ਬਣੇ ਅਦਨਾਨ
ਸ਼੍ਰੀਲੰਕਾਈ ਨਾਗਰਿਕ ਪ੍ਰਿਆਂਥਾ ਦਿਯਾਵਦਾਨਾ ਸਾਲ 2012 ਤੋਂ ਸਿਆਲਕੋਟ ਕਾਰਖ਼ਾਨੇ ਵਿੱਚ ਐਕਸਪੋਰਟ ਪ੍ਰਬੰਧਕ ਦੇ ਤੌਰ 'ਤੇ ਕੰਮ ਕਰ ਰਹੇ ਸਨ।
ਪਾਕਿਸਤਾਨ ਦੀ ਪੰਜਾਬ ਪੁਲਿਸ ਦੀ ਸ਼ੁਰਆਤੀ ਜਾਂਚ ਰਿਪੋਰਟ ਮੁਤਾਬਕ, ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅਨੁਸ਼ਾਸਨ ਦੇ ਸਖ਼ਤ ਫੈਕਟਰੀ ਪ੍ਰਬੰਧਕ ਪ੍ਰਿਆਂਥਾ ਨੇ ਫੈਕਟਰੀ ਤੋਂ ਕੁਝ ਧਾਰਮਿਕ ਸਟਿੱਕਰ ਹਟਾਉਣ ਦੀ ਮੰਗ ਕੀਤੀ ਜਿਸ ਤੋਂ ਕਰਮਚਾਰੀ ਨਾਰਾਜ਼ ਹੋ ਗਏ।
ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਕ, ਜਦੋਂ ਭੀੜ ਭੜਕੀ ਤਾਂ ਸ਼੍ਰੀਲੰਕਾਈ ਮੈਨੇਜਰ ਨੂੰ ਫੈਕਟਰੀ ਅੰਦਰ ਤੰਗ-ਪਰੇਸ਼ਾਨ ਕੀਤਾ ਗਿਆ। ਪ੍ਰੋਡਕਸ਼ਨ ਮੈਨੇਜਰ ਮਲਿਕ ਅਦਨਾਨ ਸਣੇ ਕੁਝ ਲੋਕਾਂ ਨੇ ਗੁੱਸੇ ਵਿੱਚ ਆਏ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਕਿਸੇ ਤਰ੍ਹਾਂ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ।
ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਮਲਿਕ ਅਦਨਾਨ ਨੇ ਕਿਹਾ ਕਿ ਉਹ ਇਸ ਸਨਮਾਨ ਲਈ ਇਮਰਾਨ ਖ਼ਾਨ ਦੇ ਸ਼ੁਕਰਗੁਜ਼ਾਰ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਮਨੁੱਖਤਾ ਦੀ ਖ਼ਾਤਰ ਆਪਣੇ ਸਹਿਯੋਗੀ ਨੂੰ ਬਚਾਉਣਾ ਚਾਹੁੰਦੇ ਸਨ ਅਤੇ ਇਸੇ ਲਈ ਜਦੋਂ ਭੀੜ ਉਨ੍ਹਾਂ ਨੂੰ ਮਾਰਨ ਆਈ ਤਾਂ ਸ਼੍ਰੀਲੰਕਾਈ ਨਾਗਰਿਕ ਸਾਹਮਣੇ ਕੰਧ ਬਣ ਕੇ ਖੜ੍ਹੇ ਹੋ ਗਏ, ਪਰ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਮਲਿਕ ਅਦਨਾਨ ਨੇ ਕਿਹਾ ਕਿ ਘਟਨਾ ਦੌਰਾਨ ਉਹ ਵੀ ਜ਼ਖਮੀ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ''ਪ੍ਰਿਆਂਥਾ ਆਪਣੇ ਕੰਮ ਨੂੰ ਲੈ ਕੇ ਇਮਾਨਦਾਰ ਅਤੇ ਸਖ਼ਤ ਸਨ।''
''ਜਦੋਂ ਮੈਂ ਰੌਲਾ ਸੁਣਿਆ ਤਾਂ ਦੇਖਿਆ ਕਿ 40-50 ਲੋਕ ਪ੍ਰਿਆਂਥਾ ਵੱਲ ਆ ਰਹੇ ਸਨ। ਮੈਂ ਛੱਤ ਦੀਆਂ ਪੌੜੀਆਂ ਵੱਲ ਦੌੜਿਆ, ਜਦੋਂ ਛੱਤ ਉੱਤੇ ਪਹੁੰਚਿਆਂ ਤਾਂ ਦੇਖਿਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਪ੍ਰਿਆਂਥਾ ਦੇ ਸਿਰ ਅਤੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: