ਬੇਲਾਰੂਸ-ਪੋਲੈਂਡ ਸਰਹੱਦ ’ਤੇ ਪਰਵਾਸ ਸੰਕਟ ਕਿਵੇਂ ਸ਼ੁਰੂ ਹੋਇਆ, ਸਮਝੋ

ਬੇਲਾਰੂਸ ਅਤੇ ਪੋਲੈਂਡ ਦੀ ਸਰਹੱਦ 'ਤੇ ਪਰਵਾਸ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਕਿਉਂਕਿ ਮੱਧ ਪੂਰਬ ਅਤੇ ਅਫ਼ਰੀਕਾ ਤੋਂ ਹਜ਼ਾਰਾਂ ਲੋਕ ਪੋਲੈਂਡ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਬੀਬੀਸੀ ਨੇ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਦਿੱਤੇ ਹਨ ਕਿ ਇਹ ਲੋਕ ਉੱਥੇ ਕਿਵੇਂ ਪਹੁੰਚੇ?

ਵੈੱਬਸਾਈਟ ਫਲਾਈਟਰਡਾਰ24 ਅਨੁਸਾਰ ਅਗਲੇ ਸੱਤ ਦਿਨਾਂ ਵਿੱਚ 21 ਉਡਾਣਾਂ ਇਸਤੰਬੁਲ ਤੋਂ ਮਿੰਸਕ, 12 ਦੁਬਈ ਅਤੇ ਇੱਕ ਬਗ਼ਦਾਦ ਤੋਂ ਪਹੁੰਚਣਗੀਆਂ।

ਉਂਝ ਇਹ ਸਾਈਟ ਹਮੇਸ਼ਾ ਚਾਰਟਰ ਉਡਾਣਾਂ ਨੂੰ ਧਿਆਨ ਵਿੱਚ ਨਹੀਂ ਰੱਖਦੀ।

ਉਨ੍ਹਾਂ ਉਡਾਣਾਂ 'ਤੇ ਯਾਤਰੀਆਂ ਦੇ ਇੱਕ ਮਹੱਤਵਪੂਰਨ ਅਨੁਪਾਤ ਦੇ ਪਰਵਾਸੀ ਹੋਣ ਦੀ ਸੰਭਾਵਨਾ ਹੈ, ਜੋ ਬੇਲਾਰੂਸ ਦੇ ਅਧਿਕਾਰੀਆਂ ਦੇ ਲੁਕਵੇਂ ਸਮਰਥਨ ਨਾਲ, ਯੂਰਪੀ ਸੰਘ ਦੇ ਦੇਸ਼ਾਂ ਵਿੱਚ ਜਾਣ ਲਈ ਦੇਸ਼ ਨੂੰ ਇੱਕ ਟਰਾਂਜ਼ਿਟ ਪੁਆਇੰਟ ਵਜੋਂ ਵਰਤਦੇ ਹਨ।

ਇਹ ਵੀ ਪੜ੍ਹੋ-

ਪਰਵਾਸ ਸੰਕਟ ਕਿਵੇਂ ਸ਼ੁਰੂ ਹੋਇਆ

2020 ਤੋਂ ਬੇਲਾਰੂਸੀ ਅਧਿਕਾਰੀਆਂ ਨੇ 76 ਦੇਸ਼ਾਂ ਲਈ ਵੀਜ਼ਾ ਜ਼ਰੂਰਤਾਂ ਨੂੰ ਰੱਦ ਜਾਂ ਮਹੱਤਵਪੂਰਨ ਤੌਰ 'ਤੇ ਸਰਲ ਕਰ ਦਿੱਤਾ ਹੈ।

ਇਨ੍ਹਾਂ ਵਿੱਚ ਸੀਰੀਆ, ਲੀਬੀਆ, ਇਰਾਕ ਅਤੇ ਅਫ਼ਗਾਨਿਸਤਾਨ ਸਮੇਤ ਹਥਿਆਰਬੰਦ ਸੰਘਰਸ਼ਾਂ ਤੋਂ ਪ੍ਰਭਾਵਿਤ ਦੇਸ਼ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਨਾਗਰਿਕ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।

ਸੀਰੀਆ, ਇਰਾਕ ਅਤੇ ਤੁਰਕੀ ਵਿੱਚ ਟ੍ਰੈਵਲ ਏਜੰਸੀਆਂ ਨੇ ਯੂਰਪੀ ਸੰਘ ਵਿੱਚ ਰਿਹਾਇਸ਼ ਅਤੇ ਰੁਜ਼ਗਾਰ ਦੀ ਪੇਸ਼ਕਸ਼ ਕਰਦੇ ਹੋਏ, ਬੇਲਾਰੂਸ ਦੀਆਂ ਯਾਤਰਾਵਾਂ ਦਾ ਇਸ਼ਤਿਹਾਰ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਸ ਖੇਤਰ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਸੇਵਾ ਵਟਸਐਪ 'ਤੇ ਇਸ ਤਰ੍ਹਾਂ ਦੀਆਂ ਸੈਂਕੜੇ ਪੇਸ਼ਕਸ਼ਾਂ ਆਈਆਂ ਹਨ।

ਸ਼ਰਤਾਂ ਦੇ ਆਧਾਰ 'ਤੇ ਅਜਿਹੀ ਯਾਤਰਾ ਦੀ ਲਾਗਤ 10,000-20,000 ਅਮਰੀਕੀ ਡਾਲਰ ਹੁੰਦੀ ਹੈ।

ਜਰਮਨ ਪ੍ਰਸਾਰਕ ਡੋਏਸ਼ੇ ਵੇਲ ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਬੇਲਾਰੂਸੀ ਕੌਂਸਲੇਟ ਨੇ ਇਨ੍ਹਾਂ ਟਰੈਵਲ ਏਜੰਸੀਆਂ ਨੂੰ ਆਪਣੇ ਪਾਸਪੋਰਟਾਂ ਵਿੱਚ ਬੇਲਾਰੂਸੀ ਵੀਜ਼ਾ ਲਗਾਉਣ ਦਾ ਅਧਿਕਾਰ ਵੀ ਦਿੱਤਾ ਹੈ।

ਇਸ ਸਾਲ ਬੇਲਾਰੂਸ ਨੇ ਮੱਧ ਪੂਰਬ ਲਈ ਉਡਾਣਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ।

ਯੂਰਪੀ ਸੰਘ ਦੇ ਦੇਸ਼ਾਂ ਵਿੱਚ, ਉਦਾਹਰਣ ਵਜੋਂ, ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, "ਇਹ ਮੰਨਿਆ ਜਾ ਰਿਹਾ ਹੈ ਕਿ ਇਹ ਬੇਲਾਰੂਸੀ ਅਧਿਕਾਰੀ ਹਨ ਜੋ ਟ੍ਰੈਵਲ ਏਜੰਸੀਆਂ ਦੀਆਂ ਇਨ੍ਹਾਂ ਪੇਸ਼ਕਸ਼ਾਂ ਦੇ ਪਿੱਛੇ ਹਨ।"

ਪਰਵਾਸੀ/ਸ਼ਰਨਾਰਥੀ ਕਿੱਥੋਂ ਆਉਂਦੇ ਹਨ?

2021 ਦੀਆਂ ਗਰਮੀਆਂ ਵਿੱਚ ਇਰਾਕ ਪ੍ਰਮੁੱਖ ਰਵਾਨਗੀ ਬਿੰਦੂ ਸੀ।

ਸਤੰਬਰ ਵਿੱਚ ਵਿਦੇਸ਼ ਮਾਮਲਿਆਂ ਲਈ ਯੂਰਪੀ ਸੰਘ ਦੇ ਉੱਚ ਪ੍ਰਤੀਨਿਧੀ ਜੋਸੇਪ ਬੋਰੇਲ ਨੇ ਬੇਲਾਰੂਸ ਲਈ ਉਡਾਣਾਂ ਦੀ ਗਿਣਤੀ ਨੂੰ ਘਟਾਉਣ ਲਈ ਇਰਾਕੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।

ਹੁਣ ਇਹ ਸੀਰੀਆ ਦੇ ਕੁਰਦ ਹਨ ਜੋ ਇਸ ਤਰੀਕੇ ਨਾਲ ਯੂਰਪੀ ਸੰਘ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਵਧਾਉਂਦੇ ਹਨ।

ਸੀਰੀਆ ਵਿੱਚ ਉਨ੍ਹਾਂ ਨੂੰ ਦੇਸ਼ ਦੇ ਅਧਿਕਾਰੀਆਂ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੋਵਾਂ ਤੋਂ ਖਤਰਾ ਹੈ।

ਹੋਰਨਾਂ ਵਿੱਚ ਲੀਬੀਆ, ਅਫ਼ਗਾਨਿਸਤਾਨ, ਯਮਨ ਅਤੇ ਕਈ ਅਫ਼ਰੀਕੀ ਦੇਸ਼ਾਂ ਦੇ ਨਿਵਾਸੀ ਸ਼ਾਮਲ ਹਨ ਜਿੱਥੇ ਸਿਆਸੀ ਜਾਂ ਧਾਰਮਿਕ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ, ਉਦਾਹਰਨ ਲਈ ਕਾਂਗੋ ਜਾਂ ਇਥੋਪੀਆ।

ਉਹ ਬੇਲਾਰੂਸੀ-ਪੋਲਿਸ਼ ਸਰਹੱਦ ਤੱਕ ਕਿਵੇਂ ਪਹੁੰਚਦੇ ਹਨ?

ਪਹਿਲਾਂ ਬੇਲਾਵੀਆ, ਤੁਰਕੀ ਅਤੇ ਕਤਰ ਏਅਰਲਾਈਨਾਂ ਦੀਆਂ ਨਿਯਮਤ (ਚਾਰਟਰ ਤੋਂ ਅਕਸਰ ਘੱਟ) ਉਡਾਣਾਂ ਅਤੇ ਨਾਲ ਹੀ ਬਜਟ ਏਅਰਲਾਈਨ ਫਲਾਈ ਦੁਬਈ ਰਾਹੀਂ ਪਹੁੰਚਦੇ ਹਨ।

ਕੁਝ ਸਮਾਂ ਪਹਿਲਾਂ ਤੱਕ ਸ਼ਰਨਾਰਥੀਆਂ ਲਈ ਵੀਜ਼ਾ, ਜੇਕਰ ਉਨ੍ਹਾਂ ਨੂੰ ਇਸ ਦੀ ਲੋੜ ਹੁੰਦੀ ਸੀ ਤਾਂ ਉਸ 'ਤੇ ਹਵਾਈ ਅੱਡੇ 'ਤੇ ਹੀ ਮੋਹਰ ਲਗਾਈ ਜਾਂਦੀ ਸੀ।

ਰਵਾਨਗੀ ਗੇਟਾਂ 'ਤੇ ਯਾਤਰੀਆਂ ਨੂੰ ਪਰਵਾਸੀ ਜਾਂ ਸ਼ਰਨਾਰਥੀ ਵਜੋਂ ਪਛਾਣਨਾ ਲਗਭਗ ਅਸੰਭਵ ਹੈ।

ਉਨ੍ਹਾਂ ਕੋਲ ਪੈਸਾ ਹੈ, ਉਨ੍ਹਾਂ ਦੇ ਦਸਤਾਵੇਜ਼ਾਂ ਨਾਲ ਸਭ ਕੁਝ ਠੀਕ ਹੈ, ਉਨ੍ਹਾਂ ਦੇ ਕੱਪੜੇ ਹੋਰਾਂ ਨਾਲੋਂ ਵੱਖਰੇ ਨਹੀਂ ਹਨ, ਇਸ ਲਈ ਏਅਰਲਾਈਨਾਂ ਲਈ ਯਾਤਰੀਆਂ ਨੂੰ ਫਲਾਈਟ ਵਿੱਚ ਨਾ ਆਉਣ ਦੇਣ ਦਾ ਕੋਈ ਕਾਰਨ ਨਹੀਂ ਹੈ।

ਅੱਗੇ ਕੀ ਹੁੰਦਾ ਹੈ, ਇਹ ਬਹੁਤਾ ਸਪੱਸ਼ਟ ਨਹੀਂ ਹੈ। ਵੀਡੀਓਜ਼ ਜੋ ਪਰਵਾਸੀ ਖੁਦ ਮਿੰਸਕ ਪਹੁੰਚਣ 'ਤੇ ਫਿਲਮਾਉਂਦੇ ਹਨ, ਉਹ ਇਹ ਦਰਸਾਉਂਦੀਆਂ ਹਨ ਕਿ ਹਵਾਈ ਅੱਡੇ ਤੋਂ ਮਿੰਸਕ ਅਤੇ ਫਿਰ ਲਿਥੁਆਨੀਆ ਜਾਂ ਪੋਲਿਸ਼ ਸਰਹੱਦ ਤੱਕ ਟਰਾਂਸਫਰ ਚੰਗੀ ਤਰ੍ਹਾਂ ਵਿਵਸਥਿਤ ਹੈ।

ਪਰ ਇਹ ਯਕੀਨੀ ਤੌਰ 'ਤੇ ਕਹਿਣਾ ਅਸੰਭਵ ਹੈ ਕਿ ਇਸ ਨੂੰ ਵਿਵਸਥਿਤ ਕੌਣ ਕਰ ਰਿਹਾ ਹੈ।

ਪਰਵਾਸੀ ਅਤੇ ਸ਼ਰਨਾਰਥੀ ਸਰਹੱਦ ਪਾਰ ਕਿਵੇਂ ਕਰਦੇ ਹਨ?

ਪਰਵਾਸ ਸੰਕਟ ਦੀ ਸ਼ੁਰੂਆਤ ਵਿੱਚ ਪੋਲੈਂਡ ਅਤੇ ਲਿਥੁਆਨੀਆ ਦੇ ਬਾਰਡਰ ਗਾਰਡਾਂ ਨੇ ਲੋਕਾਂ ਨੂੰ ਲੰਘਣ ਦਿੱਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਵਿੱਚ ਭੇਜ ਦਿੱਤਾ।

ਉਸੇ ਸਮੇਂ, ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਤੁਰੰਤ ਬੇਲਾਰੂਸ 'ਤੇ ਇਸ ਨਵੇਂ ਵਰਤਾਰੇ ਨੂੰ ਪ੍ਰਬੰਧਿਤ ਕਰਨ ਦਾ ਇਲਜ਼ਾਮ ਲਗਾਇਆ।

ਜਦੋਂ ਸੈਂਕੜੇ ਅਤੇ ਫਿਰ ਹਜ਼ਾਰਾਂ ਲੋਕ ਰੋਜ਼ਾਨਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੋਲੈਂਡ ਅਤੇ ਲਿਥੁਆਨੀਆ ਨੇ ਉਨ੍ਹਾਂ ਦਾ ਅੰਦਰ ਜਾਣਾ ਬੰਦ ਕਰ ਦਿੱਤਾ ਅਤੇ ਕੰਡਿਆਲੀ ਤਾਰ ਦੀ ਵਾੜ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ।

ਹੁਣ ਸਰਹੱਦ ਸਿਰਫ਼ ਗ਼ੈਰ-ਕਾਨੂੰਨੀ ਤਰੀਕੇ ਨਾਲ ਹੀ ਪਾਰ ਕੀਤੀ ਜਾ ਸਕਦੀ ਹੈ, ਪਰ ਫਿਰ ਵੀ ਕਈ ਕੋਸ਼ਿਸ਼ ਕਰਨ ਲਈ ਤਿਆਰ ਹਨ।

ਉਹ ਜਾਂ ਤਾਂ ਬਾਰਡਰ ਗਾਰਡਾਂ ਵੱਲੋਂ ਲਗਾਈਆਂ ਰੁਕਾਵਟਾਂ ਨੂੰ ਤੋੜਦੇ ਹਨ (9 ਨਵੰਬਰ ਨੂੰ ਅਜਿਹੀਆਂ ਦੋ ਘਟਨਾਵਾਂ ਹੋਈਆਂ ਸਨ), ਜਾਂ ਉਹ ਅਸੁਰੱਖਿਅਤ ਖੇਤਰਾਂ ਦੀ ਤਲਾਸ਼ ਕਰ ਰਹੇ ਹਨ।

ਬੇਲਾਰੂਸ ਅਤੇ ਪੋਲੈਂਡ ਦੀ ਸਰਹੱਦ ਲਗਭਗ 400 ਕਿਲੋਮੀਟਰ ਲੰਬੀ ਹੈ ਅਤੇ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਜੰਗਲ ਜਾਂ ਦਲਦਲ ਹੈ।

ਬੇਲਾਰੂਸੀ ਬਾਰਡਰ ਗਾਰਡਾਂ ਦੀ ਭੂਮਿਕਾ ਕੀ ਹੈ?

ਸ਼ਰਨਾਰਥੀਆਂ ਅਤੇ ਪਰਵਾਸੀਆਂ ਵੱਲੋਂ ਦਿੱਤੇ ਗਏ ਦਰਜਨਾਂ ਬਿਆਨਾਂ ਅਤੇ ਪਿਛਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਲਿਥੁਆਨੀਅਨ ਅਤੇ ਪੋਲਿਸ਼ ਅਧਿਕਾਰੀਆਂ ਦੁਆਰਾ ਜਨਤਕ ਕੀਤੇ ਗਏ ਵੀਡੀਓਜ਼ ਇਹ ਦਰਸਾਉਂਦੇ ਹਨ ਕਿ ਬੇਲਾਰੂਸੀ ਬਾਰਡਰ ਸਰਵਿਸਿਜ਼ ਸਿੱਧੇ ਤੌਰ 'ਤੇ ਸ਼ਰਨਾਰਥੀਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਬੇਲਾਰੂਸੀ ਬਾਰਡਰ ਸਰਵਿਸਿਜ਼ ਦੀ ਵੈੱਬਸਾਈਟ ਪਰਵਾਸ ਸੰਕਟ 'ਤੇ ਸਵੈ-ਇੱਛਾ ਨਾਲ ਟਿੱਪਣੀ ਕਰਦੀ ਹੈ, ਪਰ ਦਾਅਵਾ ਕਰਦੀ ਹੈ ਕਿ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਲਈ ਵੀਜ਼ੇ ਦੀ ਲੋੜ ਹੈ।

ਮੰਤਰਾਲੇ ਦੀ ਵੈੱਬਸਾਈਟ ਅਨੁਸਾਰ, ''ਬੇਲਾਰੂਸ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਆਪਣਾ ਸਭ ਤੋਂ ਵੱਡਾ ਫਰਜ਼ ਨਿਭਾ ਰਿਹਾ ਹੈ।"

"ਯੂਰਪੀ ਸੰਘ ਦੇ ਦੇਸ਼ਾਂ ਦੇ ਸਮਰਥਨ ਵਿੱਚ ਉਨ੍ਹਾਂ ਖੇਤਰਾਂ ਵਿੱਚ "ਰੰਗ" ਕ੍ਰਾਂਤੀ ਲਈ ਕਾਰਨ ਲੱਭੇ ਜਾ ਸਕਦੇ ਹਨ ਜਿੱਥੇ ਉਨ੍ਹਾਂ ਦੀ ਆਮ ਜ਼ਿੰਦਗੀ ਤਬਾਹ ਹੋ ਗਈ ਹੈ ਜਾਂ ਯੁੱਧ ਚੱਲ ਰਿਹਾ ਹੈ।''

ਬੇਲਾਰੂਸੀਅਨ ਅਖ਼ਬਾਰ 'ਨਸ਼ਾ ਨਿਵਾ' ਨਾਲ ਇੱਕ ਇੰਟਰਵਿਊ ਵਿੱਚ ਇੱਕ ਅਗਿਆਤ ਬਾਰਡਰ ਅਧਿਕਾਰੀ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਨੂੰ "ਕਾਨੂੰਨਾਂ ਅਤੇ ਨੈਤਿਕਤਾ ਦਾ ਪੂਰਾ ਨਿਘਾਰ" ਦੱਸਿਆ ਹੈ।

ਪਰਵਾਸੀ ਕਿੱਥੇ ਜਾਂਦੇ ਹਨ?

ਪੋਲੈਂਡ ਅਤੇ ਲਿਥੁਆਨੀਆ ਦੋਵੇਂ ਸ਼ਰਨਾਰਥੀਆਂ ਅਤੇ ਪਰਵਾਸੀਆਂ ਲਈ ਟਰਾਂਜ਼ਿਟ ਵਾਲੇ ਦੇਸ਼ ਹਨ।

ਬਹੁਤ ਸਾਰੇ ਜਰਮਨੀ, ਫਰਾਂਸ, ਆਸਟਰੀਆ ਅਤੇ ਨੀਦਰਲੈਂਡ ਜਾਣ ਦਾ ਇਰਾਦਾ ਰੱਖਦੇ ਹਨ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲੇ ਹੋ ਸਕਦੇ ਹਨ।

ਜਰਮਨ ਅਧਿਕਾਰੀਆਂ ਦੇ ਅਨੁਸਾਰ ਘੱਟੋ-ਘੱਟ 5,000 ਲੋਕ ਬੇਲਾਰੂਸ ਦੇ ਜ਼ਰੀਏ ਪਹਿਲਾਂ ਹੀ ਜਰਮਨੀ ਪਹੁੰਚ ਚੁੱਕੇ ਹਨ।

ਕੀ ਸ਼ਰਨਾਰਥੀ ਅਤੇ ਪਰਵਾਸੀ ਬੇਲਾਰੂਸ ਵਿੱਚ ਰਹਿ ਰਹੇ ਹਨ?

ਹਾਂ, ਪਰ ਅਧਿਕਾਰੀਆਂ ਨੇ ਕਦੇ ਵੀ ਉਨ੍ਹਾਂ ਦੀ ਸਹੀ ਗਿਣਤੀ ਨਹੀਂ ਦੱਸੀ।

ਮਿੰਸਕ ਨਿਵਾਸੀਆਂ ਦੇ ਅਨੁਸਾਰ ਸੈਂਕੜੇ ਲੋਕਾਂ ਨੇ ਪੂਰੇ ਸ਼ਹਿਰ ਵਿੱਚ ਸ਼ਾਪਿੰਗ ਸੈਂਟਰਾਂ, ਭੂਮੀਗਤ ਰਸਤਿਆਂ ਅਤੇ ਰਿਹਾਇਸ਼ੀ ਇਮਾਰਤਾਂ ਦੇ ਪ੍ਰਵੇਸ਼ ਦੁਆਰਾਂ ਵਿੱਚ ਡੇਰੇ ਲਾਏ ਹੋਏ ਹਨ।

ਸ਼ਾਇਦ ਇਸ ਕਰਕੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਣ ਦੇ ਡਰੋਂ, ਹਾਲ ਹੀ ਦੇ ਦਿਨਾਂ ਵਿੱਚ ਬੇਲਾਰੂਸ ਦੇ ਅਧਿਕਾਰੀਆਂ ਨੇ ਦੇਸ਼ ਵਿੱਚ ਆਉਣ ਲਈ ਸ਼ਰਤਾਂ ਨੂੰ ਸਖ਼ਤ ਕਰ ਦਿੱਤਾ ਹੈ।

ਖਾਸ ਤੌਰ 'ਤੇ, ਉਨ੍ਹਾਂ ਨੇ ਸਭ ਤੋਂ ਵੱਧ ਸਮੱਸਿਆ ਵਾਲੇ ਦੇਸ਼ਾਂ, ਸੀਰੀਆ, ਈਰਾਨ, ਅਫ਼ਗਾਨਿਸਤਾਨ, ਨਾਈਜੀਰੀਆ ਅਤੇ ਯਮਨ ਦੇ ਨਾਗਰਿਕਾਂ ਲਈ ਹਵਾਈ ਅੱਡੇ 'ਤੇ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਰੂਸ ਪਰਵਾਸ ਸੰਕਟ ਵਿੱਚ ਭੂਮਿਕਾ ਨਿਭਾ ਰਿਹਾ ਹੈ?

ਯੂਰਪੀ ਸੰਘ ਦੇ ਕਈ ਦੇਸ਼ਾਂ ਦੇ ਅਧਿਕਾਰੀ ਅਜਿਹਾ ਸੋਚਦੇ ਹਨ। ਉਦਾਹਰਨ ਲਈ ਪੋਲਿਸ਼ ਪ੍ਰਧਾਨ ਮੰਤਰੀ ਮਤੇਓਸ਼ੋ ਮੋਰਾਵਿਐਤਸਕੀ ਨੇ ਕਿਹਾ, "ਲੁਕਾਸ਼ੇਂਕੋ ਜੋ ਹਮਲਾ ਕਰ ਰਿਹਾ ਹੈ, ਉਸ ਦਾ ਮਾਸਟਰਮਾਈਂਡ ਮਾਸਕੋ ਵਿੱਚ ਹੈ। ਮਾਸਟਰਮਾਈਂਡ ਰਾਸ਼ਟਰਪਤੀ ਪੁਤਿਨ ਹੈ।"

ਰੂਸੀ ਅਧਿਕਾਰੀ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਰੂਸੀ ਰਾਸ਼ਟਰਪਤੀ ਦਮਿਤਰੀ ਪੇਸਕੋਵ ਦੇ ਪ੍ਰੈਸ ਸਕੱਤਰ ਨੇ ਮੋਰਾਵੇਇਕੀ ਦੇ ਸ਼ਬਦਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਅਸਵੀਕਾਰਨਯੋਗ ਕਿਹਾ ਹੈ।

ਫਿਰ ਵੀ, ਜਰਮਨ ਚਾਂਸਲਰ ਐਂਗਲਾ ਮਰਕਲ ਨੇ ਰਾਸ਼ਟਰਪਤੀ ਪੁਤਿਨ ਨੂੰ ਸੰਕਟ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ, ਜਿਸ ਨੂੰ ਯੂਰਪੀ ਸੰਘ ਬਲਾਕ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਇੱਕ "ਹਾਈਬ੍ਰਿਡ ਹਮਲਾ'' ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)