You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: 'ਕੀ ਤੁਸੀਂ ਸਾਡਾ ਬੱਚਾ ਖਰੀਦੋਗੇ, ਰੋਟੀ ਲਈ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ' - ਬਲਾਗ
- ਲੇਖਕ, ਯੋਗਿਤਾ ਲਿਮਏ
- ਰੋਲ, ਬੀਬੀਸੀ ਪੱਤਰਕਾਰ
ਅਸੀਂ ਜਿਵੇਂ ਹੀ ਹੇਰਾਤ ਸ਼ਹਿਰ ਤੋਂ ਬਾਹਰ ਨਿਕਲੇ, ਭੀੜ-ਭਾੜ ਵਾਲੀਆਂ ਸੜਕਾਂ ਦੇ ਬਾਅਦ ਸਾਨੂੰ ਇੱਕ ਲੰਮਾ ਅਤੇ ਖਾਲੀ ਹਾਈਵੇ ਮਿਲਿਆ। ਤਾਲਿਬਾਨ ਦੀਆਂ ਜਿਨ੍ਹਾਂ ਦੋ ਚੌਕੀਆਂ ਨੂੰ ਅਸੀਂ ਪਾਰ ਕੀਤਾ, ਉਹ ਸਾਫ਼ ਦੱਸ ਰਹੀਆਂ ਸਨ ਕਿ ਹੁਣ ਅਫਗਾਨਿਸਤਾਨ 'ਤੇ ਕਿਸ ਦਾ ਰਾਜ ਹੈ।
ਸਭ ਤੋਂ ਪਹਿਲੀ ਚੌਕੀ 'ਤੇ ਮਿਲਣ ਵਾਲੇ ਲੜਾਕੇ ਮਿਲਣਸਾਰ ਸਨ ਪਰ ਉਨ੍ਹਾਂ ਨੇ ਸਾਡੀਆਂ ਕਾਰਾਂ ਅਤੇ ਉੱਥੋਂ ਦੇ ਸੱਭਿਆਚਾਰਕ ਮੰਤਰਾਲੇ ਤੋਂ ਮਿਲੇ ਪਰਮਿਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ।
ਜਿਵੇਂ ਹੀ ਅਸੀਂ ਉੱਥੋਂ ਜਾਣ ਲੱਗੇ ਤਾਂ ਇੱਕ ਵਿਅਕਤੀ ਜਿਸਦੇ ਮੋਢੇ 'ਤੇ ਅਸਾਲਟ ਰਾਈਫਲ ਟੰਗੀ ਹੋਈ ਸੀ, ਉਸਨੇ ਇੱਕ ਚੌੜੀ ਮੁਸਕਾਨ ਨਾਲ ਕਿਹਾ, ''ਤਾਲਿਬਾਨ ਤੋਂ ਨਾ ਡਰੋ, ਅਸੀਂ ਚੰਗੇ ਲੋਕ ਹਾਂ''।
ਹਾਲਾਂਕਿ ਦੂਸਰੀ ਚੌਕੀ 'ਤੇ ਮਿਲੇ ਪਹਿਰੇਦਾਰ ਕੁਝ ਵੱਖਰੇ ਸਨ: ਠੰਡੇ ਤੇ ਖਤਰਨਾਕ ਜਿਹੇ।
ਇਹ ਵੀ ਪੜ੍ਹੋ:
ਤੁਹਾਨੂੰ ਕਦੇ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਤੁਹਾਡੀ ਮੁਲਾਕਾਤ ਕਿਹੋ-ਜਿਹੇ ਤਾਲਿਬਾਨ ਨਾਲ ਹੋਵੇਗੀ।
ਉਨ੍ਹਾਂ ਦੇ ਕੁਝ ਲੜਾਕਿਆਂ ਨੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਅਫਗਾਨ ਪੱਤਰਕਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ। ਹਾਲ ਹੀ ਦੇ ਇੱਕ ਆਨਲਾਈਨ ਵੀਡੀਓ ਵਿੱਚ ਉਹ ਇੱਕ ਵਿਦੇਸ਼ੀ ਪੱਤਰਕਾਰ ਨੂੰ ਆਪਣੀਆਂ ਬੰਦੂਕਾਂ ਦੇ ਬਟ (ਹੱਥੇ) ਨਾਲ ਮਾਰ ਰਹੇ ਸਨ।
ਸ਼ੁਕਰ ਦੀ ਗੱਲ ਇਹ ਰਹੀ ਕਿ ਚੈੱਕਪੁਆਇੰਟ ਤੋਂ ਸਾਡਾ ਖਹਿੜਾ ਛੇਤੀ ਹੀ ਛੁੱਟ ਗਿਆ। ਪਰ ਉਨ੍ਹਾਂ ਦਾ ਇੱਕ ਬਿਆਨ ਸਾਨੂੰ ਚੇਤਾਵਨੀ ਵਰਗਾ ਲੱਗ ਰਿਹਾ ਸੀ, ਉਨ੍ਹਾਂ ਕਿਹਾ ਸੀ,''ਸਾਡੇ ਬਾਰੇ ਚੰਗੀਆਂ ਗੱਲਾਂ ਲਿਖੀਆਂ ਜਾਣ, ਇਹ ਯਕੀਨੀ ਬਣਾਉਣਾ''।
ਇੱਕ ਬੱਚੇ ਦੀ ਕੀਮਤ 65 ਹਜ਼ਾਰ
ਹੇਰਾਤ ਤੋਂ ਤਕਰੀਬਨ 15 ਕਿਲੋਮੀਟਰ ਦੂਰ ਅਸੀਂ ਤੂੜੀ, ਮਿੱਟੀ ਅਤੇ ਇੱਟਾਂ ਨਾਲ ਬਣੇ ਇੱਕ ਕਮਰੇ ਵਾਲੇ ਘਰਾਂ ਦੀ ਇੱਕ ਵੱਡੀ ਬਸਤੀ ਵਿੱਚ ਪਹੁੰਚ ਗਏ।
ਸਾਲਾਂ ਤੱਕ ਚੱਲੀ ਲੜਾਈ ਅਤੇ ਸੋਕੇ ਦੇ ਮਾਰੇ ਇਹ ਲੋਕ, ਆਪਣੇ ਦੂਰ-ਦੁਰਾਡੇ ਸਥਿਤ ਘਰਾਂ ਨੂੰ ਛੱਡ ਕੇ ਇੱਥੇ ਆ ਵਸੇ ਸਨ, ਤਾਂ ਜੋ ਉਨ੍ਹਾਂ ਨੂੰ ਨੇੜਲੇ ਸ਼ਹਿਰ ਵਿੱਚ ਰੁਜ਼ਗਾਰ ਅਤੇ ਸੁਰੱਖਿਆ ਮਿਲ ਸਕੇ।
ਜਿਵੇਂ ਹੀ ਅਸੀਂ ਆਪਣੀ ਕਾਰ 'ਚੋਂ ਬਾਹਰ ਨਿੱਕਲੇ, ਧੂੜ ਉੱਡਣ ਲੱਗ ਪਈ। ਹਵਾ ਹਲਕੀ ਚੁਭ ਰਹੀ ਸੀ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਵਿੱਚ ਬਦਲ ਜਾਵੇਗੀ।
ਅਸੀਂ ਉੱਥੇ ਇਹ ਪੜਤਾਲ ਕਰਨ ਗਏ ਸੀ ਕਿ ਕੀ ਸੱਚਮੁੱਚ ਲੋਕ ਆਪਣੀ ਗਰੀਬੀ ਦੇ ਮਾਰੇ ਆਪਣੇ ਬੱਚੇ ਵੇਚ ਰਹੇ ਹਨ।
ਜਦੋਂ ਮੈਂ ਪਹਿਲੀ ਵਾਰ ਇਸ ਬਾਰੇ ਸੁਣਿਆ ਤਾਂ ਮਨ ਹੀ ਮਨ ਸੋਚਿਆ: ਨਿਸ਼ਚਿਤ ਤੌਰ 'ਤੇ ਅਜਿਹੇ ਇੱਕ-ਦੋ ਮਾਮਲੇ ਹੀ ਹੋਣਗੇ। ਪਰ ਉੱਥੇ ਜੋ ਸਾਨੂੰ ਮਿਲਿਆ, ਉਸਦੇ ਲਈ ਮੈਂ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਸੀ।
ਸਾਡੇ ਉੱਥੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਇੱਕ ਵਿਅਕਤੀ ਨੇ ਸਾਡੀ ਟੀਮ ਦੇ ਇੱਕ ਮੈਂਬਰ ਨੂੰ ਸਿੱਧਾ ਹੀ ਪੁੱਛ ਲਿਆ ਕਿ ਕੀ ਅਸੀਂ ਉਨ੍ਹਾਂ ਦੇ ਕਿਸੇ ਬੱਚੇ ਨੂੰ ਖਰੀਦਾਂਗੇ।
ਉਹ ਇਸਦੇ ਬਦਲੇ 900 ਡਾਲਰ (ਲਗਭਗ 65 ਹਜ਼ਾਰ ਭਾਰਤੀ ਰੁਪਏ) ਮੰਗ ਰਹੇ ਸਨ। ਮੇਰੇ ਸਹਿਯੋਗੀ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਉਹ ਆਪਣੇ ਬੱਚੇ ਕਿਉਂ ਵੇਚਣਾ ਚਾਹੁੰਦੇ ਹਨ।
ਇਸ 'ਤੇ ਉਸ ਵਿਅਕਤੀ ਨੇ ਕਿਹਾ ਕਿ ਉਸਦੇ ਹੋਰ 8 ਬੱਚੇ ਹਨ, ਪਰ ਉਨ੍ਹਾਂ ਕੋਲ ਬੱਚਿਆਂ ਨੂੰ ਖੁਆਉਣ ਲਈ ਭੋਜਨ ਨਹੀਂ ਹੈ।
ਢਿੱਡ ਭਰਨ ਦੀ ਮਜਬੂਰੀ
ਅਸੀਂ ਥੋੜ੍ਹਾ ਹੀ ਅੱਗੇ ਵਧੇ ਸੀ ਕਿ ਇੱਕ ਮਹਿਲਾ ਸਾਡੇ ਕੋਲ ਇੱਕ ਬੱਚੀ ਲੈ ਕੇ ਆਈ। ਉਹ ਕਾਹਲੀ-ਕਾਹਲੀ ਅਤੇ ਘਬਰਾ ਕੇ ਗੱਲ ਕਰ ਰਹੀ ਸੀ।
ਸਾਡੇ ਅਨੁਵਾਦਕ ਨੇ ਦੱਸਿਆ ਕਿ ਉਹ ਕਹਿ ਰਹੇ ਹਨ ਕਿ ਪੈਸੇ ਦੀ ਸਖ਼ਤ ਜ਼ਰੂਰਤ ਕਾਰਨ ਆਪਣੇ ਡੇਢ ਸਾਲਾ ਗੋਦੀ ਵਾਲੇ ਬੱਚੇ ਨੂੰ ਉਹ ਪਹਿਲਾਂ ਹੀ ਵੇਚ ਚੁੱਕੇ ਹਨ।
ਇਸ ਤੋਂ ਪਹਿਲਾਂ ਕਿ ਅਸੀਂ ਉਨ੍ਹਾਂ ਤੋਂ ਕੁਝ ਹੋਰ ਪੁੱਛਦੇ, ਸਾਡੇ ਆਲੇ-ਦੁਆਲੇ ਲੱਗੀ ਭੀੜ 'ਚੋਂ ਇੱਕ ਮਹਿਲਾ ਨੇ ਸਾਨੂੰ ਕਿਹਾ ਉਨ੍ਹਾਂ ਦੀ 13 ਮਹੀਨਿਆਂ ਦੀ ਭਾਣਜੀ ਨੂੰ ਪਹਿਲਾਂ ਹੀ ਵੇਚਿਆ ਜਾ ਚੁੱਕਾ ਹੈ।
ਉਨ੍ਹਾਂ ਨੇ ਦੱਸਿਆ ਕਿ ਘੋਰ ਸੂਬੇ ਦੇ ਇੱਕ ਕਬੀਲੇ ਦੇ ਇੱਕ ਵਿਅਕਤੀ ਨੇ ਬਹੁਤ ਦੂਰੋਂ ਆ ਕੇ ਉਸਨੂੰ ਖਰੀਦ ਲਿਆ। ਖਰੀਦਣ ਵਾਲੇ ਵਿਅਕਤੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਹ ਉਸ ਲੜਕੀ ਦਾ ਵਿਆਹ ਆਪਣੇ ਪੁੱਤਰ ਨਾਲ ਕਰ ਦੇਵੇਗਾ।
ਇਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਕੋਈ ਵੀ ਨਿਸ਼ਚਿਤ ਤੌਰ ਨਾਲ ਨਹੀਂ ਦੱਸ ਸਕਦਾ।
ਇੱਕ ਘਰ ਵਿੱਚ ਅਸੀਂ 6 ਮਹੀਨੇ ਦੇ ਇੱਕ ਬੱਚੀ ਨੂੰ ਪੰਘੂੜੇ ਵਿੱਚ ਸੌਂਦੇ ਹੋਏ ਵੇਖਿਆ। ਪਤਾ ਲੱਗਾ ਕਿ ਜਦੋਂ ਉਹ ਤੁਰਨਾ ਸ਼ੁਰੂ ਕਰ ਦੇਵੇਗੀ ਤਾਂ ਉਸਦਾ ਖਰੀਦਦਾਰ ਉਸਨੂੰ ਲੈ ਜਾਵੇਗਾ। ਉਸਦੇ ਮਾਤਾ-ਪਿਤਾ ਦੇ ਤਿੰਨ ਹੋਰ ਬੱਚੇ ਹਨ - ਹਰੀਆਂ ਅੱਖਾਂ ਵਾਲੇ ਛੋਟੇ ਮੁੰਡੇ।
ਇਨ੍ਹਾਂ ਦੇ ਪੂਰੇ ਪਰਿਵਾਰ ਨੂੰ ਕਈ ਦਿਨ ਬਿਨਾਂ ਭੋਜਨ ਦੇ ਭੁੱਖੇ ਪੇਟ ਹੀ ਰਹਿਣਾ ਪੈਂਦਾ ਹੈ। ਇਸ ਬੱਚੀ ਦੇ ਪਿਤਾ ਕੂੜਾ-ਕਰਕਟ ਇਕੱਠਾ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ।
ਉਨ੍ਹਾਂ ਨੇ ਦੱਸਿਆ, ''ਹੁਣ ਜ਼ਿਆਦਾਤਰ ਦਿਨਾਂ 'ਚ ਮੈਂ ਕੁਝ ਨਹੀਂ ਕਮਾ ਪਾਉਂਦਾ। ਜਦੋਂ ਕੋਈ ਕਮਾਈ ਹੁੰਦੀ ਹੈ ਤਾਂ ਅਸੀਂ 6-7 ਬਰੈੱਡ ਖਰੀਦ ਲੈਂਦੇ ਹਾਂ ਅਤੇ ਉਸਨੂੰ ਆਪਸ ਵਿੱਚ ਵੰਡ ਲੈਂਦੇ ਹਾਂ। ਮੇਰੀ ਪਤਨੀ, ਸਾਡੀ ਧੀ ਨੂੰ ਵੇਚਣ ਦੇ ਮੇਰੇ ਫੈਸਲੇ ਨਾਲ ਸਹਿਮਤ ਨਹੀਂ ਹੈ, ਇਸ ਲਈ ਪਰੇਸ਼ਾਨ ਹੈ। ਪਰ ਮੈਂ ਬੇਵੱਸ ਹਾਂ। ਜਿਉਣ ਦਾ ਹੋਰ ਕੋਈ ਰਸਤਾ ਨਹੀਂ ਬਚਿਆ।''
ਮੈਂ ਉਨ੍ਹਾਂ ਦੀ ਪਤਨੀ ਦੀਆਂ ਅੱਖਾਂ ਨੂੰ ਕਦੇ ਨਹੀਂ ਭੁੱਲ ਸਕਾਂਗੀ। ਅੱਖਾਂ ਵਿੱਚ ਗੁੱਸਾ ਅਤੇ ਲਾਚਾਰੀ ਦੋਵੇਂ ਨਜ਼ਰ ਆ ਰਹੇ ਸਨ।
ਬੱਚੀ ਨੂੰ ਵੇਚ ਕੇ ਉਨ੍ਹਾਂ ਨੂੰ ਜਿਹੜਾ ਪੈਸਾ ਮਿਲਣ ਵਾਲਾ ਹੈ, ਉਹ ਉਨ੍ਹਾਂ ਨੂੰ ਜਿਉਂਦਾ ਰਹਿਣ ਵਿੱਚ ਮਦਦ ਕਰੇਗਾ। ਇਸ ਨਾਲ ਬੱਚਿਆਂ ਲਈ ਭੋਜਨ ਦਾ ਇੰਤਜ਼ਾਮ ਹੋ ਸਕੇਗਾ, ਪਰ ਸਿਰਫ ਕੁਝ ਮਹੀਨਿਆਂ ਲਈ।
ਫਿਰ ਜਿਵੇਂ ਹੀ ਅਸੀਂ ਉੱਥੋਂ ਨਿੱਕਲਣ ਲੱਗੇ, ਸਾਡੇ ਕੋਲ ਇੱਕ ਦੂਜੀ ਮਹਿਲਾ ਆਈ। ਪੈਸਿਆਂ ਦਾ ਇਸ਼ਾਰਾ ਕਰਦੇ ਹੋਏ ਉਹ ਸਾਫ ਤੌਰ 'ਤੇ ਉਸੇ ਵੇਲੇ ਆਪਣਾ ਬੱਚਾ ਉੱਥੇ ਹੀ ਸਾਨੂੰ ਸੌਂਪਣ ਲਈ ਤਿਆਰ ਸੀ।
''ਸਾਨੂੰ ਅਜਿਹੇ ਹਾਲਾਤਾਂ ਦੀ ਉਮੀਦ ਵੀ ਨਹੀਂ ਸੀ''
ਅਸੀਂ ਤਾਂ ਇਹ ਉਮੀਦ ਤੱਕ ਨਹੀਂ ਕੀਤੀ ਸੀ ਕਿ ਇੱਥੇ ਇੰਨੇ ਸਾਰੇ ਪਰਿਵਾਰ ਆਪਣੇ ਬੱਚੇ ਵੇਚਣ ਲਈ ਮਜਬੂਰ ਹੋਣਗੇ। ਇਸ ਬਾਰੇ ਆਪਸ 'ਚ ਖੁੱਲ ਕੇ ਗੱਲ ਕਰਨ ਦੀ ਤਾਂ ਗੱਲ ਹੀ ਛੱਡ ਦਿਓ।
ਸਾਡੇ ਕੋਲ ਜੋ ਜਾਣਕਾਰੀ ਮੌਜੂਦ ਸੀ, ਉਸਨੂੰ ਦੱਸਣ ਲਈ ਅਸੀਂ ਸਯੁੰਕਤ ਰਾਸ਼ਟਰ ਦੀ ਬੱਚਿਆਂ ਦੀ ਸੰਸਥਾ ਯੂਨੀਸੇਫ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਅਜਿਹੇ ਪਰਿਵਾਰਾਂ ਤੱਕ ਪਹੁੰਚਣ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ।
ਅਫ਼ਗਾਨਿਸਤਾਨ ਦੀ ਅਰਥ-ਵਿਵਸਥਾ ਵਿਦੇਸ਼ੀ ਧਨ ਨਾਲ ਚੱਲਦੀ ਰਹੀ ਹੈ। ਜਦੋਂ ਅਗਸਤ ਵਿੱਚ ਸੱਤਾ ਤਾਲਿਬਾਨ ਦੇ ਹੱਥ ਆਈ ਤਾਂ ਉਨ੍ਹਾਂ ਸਰੋਤਾਂ ਨੂੰ ਰੋਕ ਦਿੱਤਾ ਗਿਆ।
ਇਸਦਾ ਮਤਲਬ ਇਹ ਹੋਇਆ ਕਿ ਹਰ ਤਰ੍ਹਾਂ ਦੇ ਸਰਕਾਰੀ ਖਰਚੇ, ਚਾਹੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਹੋਣ ਜਾਂ ਸਰਕਾਰ ਦੇ ਵਿਕਾਸ ਕਾਰਜ, ਸਾਰੇ ਦੇ ਸਾਰੇ ਰੁਕ ਗਏ।
ਇਸ ਨਾਲ ਅਰਥ-ਵਿਵਸਥਾ ਦੇ ਹੇਠਲੇ ਪੱਧਰ 'ਤੇ ਮੌਜੂਦ ਲੋਕ, ਜੋ ਅਗਸਤ ਤੋਂ ਪਹਿਲਾਂ ਵੀ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ, ਉਨ੍ਹਾਂ ਲਈ ਤਬਾਹੀ ਵਾਲੇ ਹਾਲਾਤ ਪੈਦਾ ਹੋ ਗਏ।
ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਗਾਰੰਟੀ ਨਾ ਮਿਲੇ ਅਤੇ ਧਨ ਕਿਵੇਂ ਖਰਚ ਹੋਵੇ, ਉਸਦੀ ਪੜਤਾਲ ਕੀਤੇ ਬਿਨਾਂ ਤਾਲਿਬਾਨ ਨੂੰ ਪੈਸੇ ਦੇਣਾ ਖਤਰਨਾਕ ਹੈ। ਪਰ ਸਮੱਸਿਆ ਦਾ ਹੱਲ ਨਾ ਮਿਲਣ ਨਾਲ ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ, ਅਫਗਾਨ ਲੋਕ ਭੁੱਖਮਰੀ ਵੱਲ ਵਧਦੇ ਜਾ ਰਹੇ ਹਨ।
ਹੇਰਾਤ ਵਿੱਚ ਅਸੀਂ ਜੋ ਵੇਖਿਆ, ਉਸ ਨਾਲ ਇਹ ਸਾਫ਼ ਹੈ ਕਿ ਬਿਨਾਂ ਕਿਸੇ ਬਾਹਰੀ ਸਹਾਇਤਾ ਦੇ ਅਫ਼ਗਾਨਿਸਤਾਨ ਦੇ ਇਹ ਲੱਖਾਂ ਲੋਕ ਠੰਢ ਦਾ ਮੌਸਮ ਨਹੀਂ ਲੰਘਾ ਸਕਣਗੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ: