You’re viewing a text-only version of this website that uses less data. View the main version of the website including all images and videos.
ਸੁਡਾਨ ਵਿੱਚ ਤਖ਼ਤਾ ਪਲਟ, ਪ੍ਰਧਾਨ ਮੰਤਰੀ ਸਮੇਤ ਕਈ ਆਗੂ ਨਜ਼ਰਬੰਦ, ਫੌਜ ਦੇ ਹੱਥ ਦੇਸ ਦੀ ਕਮਾਨ
ਅਫ਼ਰੀਕਾ ਦੇ ਦੇਸ਼ ਸੁਡਾਨ ਵਿੱਚ ਸੈਨਾ ਨੇ ਤਖ਼ਤਾ ਪਲਟ ਕਰ ਕੇ ਦੇਸ਼ ਦੀ ਕਮਾਨ ਆਪਣੇ ਹੱਥ ਲੈ ਲਈ ਹੈ। ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਕਈ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਵੀ ਕੀਤਾ ਗਿਆ ਹੈ।
ਸੈਨਾ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਨਾਗਰਿਕਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ।
ਗੋਲੀਬਾਰੀ ਦੌਰਾਨ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। 80 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਤਖ਼ਤਾ ਪਲਟਨ ਲਈ ਸੈਨਾ ਦੇ ਆਗੂ ਜਨਰਲ ਅਬਦੁਲ ਫਤਾ ਬੁਰਹਾਨ ਨੇ ਇਸ ਲਈ ਸਿਆਸੀ ਲੜਾਈ ਝਗੜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸੈਨਾ ਵੱਲੋਂ ਦੇਸ਼ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।ਸੈਨਾ ਵੱਲੋਂ ਤਖ਼ਤਾ ਪਲਟਣ ਤੋਂ ਬਾਅਦ ਲੋਕ ਸੜਕਾਂ 'ਤੇ ਆ ਗਏ ਹਨ। ਦੁਨੀਆਂ ਭਰ ਵਿੱਚ ਸੈਨਾ ਦੀ ਇਸ ਕਾਰਵਾਈ ਦੀ ਨਿਖੇਧੀ ਹੋ ਰਹੀ ਹੈ।
ਅਮਰੀਕਾ ਵੱਲੋਂ ਦੇਸ਼ ਨੂੰ ਵਿਕਾਸ ਕਾਰਜਾਂ ਲਈ ਦਿੱਤਾ ਜਾਣ ਵਾਲਾ ਸੱਤਰ ਕਰੋੜ ਡਾਲਰ ਦਾ ਫੰਡ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਤਖ਼ਤਾਪਲਟ ਤੋਂ ਬਾਅਦ ਸੈਨਾ ਦਾ ਦੇਸ਼ ਨੂੰ ਸੰਬੋਧਨ
ਸੁਡਾਨ ਵਿੱਚ ਅੰਤਰਿਮ ਸਰਕਾਰ ਚਲਾਉਣ ਵਾਲੀ ਪ੍ਰੀਸ਼ਦ ਦੇ ਪ੍ਰਮੁੱਖ ਜਨਰਲ ਅਬਦੁਲ ਫਤਾ ਬੁਰਹਾਨ ਨੇ ਸੰਬੋਧਨ ਕਰਦਿਆਂ ਦੇਸ਼ ਦਾ ਮੰਤਰੀ ਮੰਡਲ ਭੰਗ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਨੇ ਸੈਨਾ ਅਤੇ ਨਾਗਰਿਕ ਪ੍ਰਤੀਨਿਧੀਆਂ ਵਿਚ ਸੱਤਾ ਦੀ ਸਾਂਝੇਦਾਰੀ ਦੇ ਸਮਝੌਤੇ ਨੂੰ ਵੀ ਤੋੜਨ ਦਾ ਐਲਾਨ ਕੀਤਾ।
ਦਸ ਫ਼ੈਸਲਿਆਂ ਦੀ ਘੋਸ਼ਣਾ ਕਰਦੇ ਜਨਰਲ ਬੁਰਹਾਨ ਨੇ ਕਿਹਾ,"ਜੂਬਾ ਵਿਚ ਅਕਤੂਬਰ 2020 ਦੌਰਾਨ ਸੂਡਾਨ ਨੇ ਜਿਸ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਅਤੇ ਵਾਅਦੇ ਕੀਤੇ ਸਨ , ਉਹ ਇਨ੍ਹਾਂ ਫ਼ੈਸਲਿਆਂ ਤੋਂ ਬਾਹਰ ਰਹਿਣਗੇ।"
ਲੋਕਾਂ ਨੇ ਕੀਤਾ ਵਿਰੋਧ, ਕਈ ਉਡਾਣਾਂ ਰੱਦ ਅਤੇ ਇੰਟਰਨੈੱਟ ਬੰਦ
ਤਖ਼ਤਾ ਪਲਟ ਤੋਂ ਬਾਅਦ ਸੋਮਵਾਰ ਰਾਤ ਨੂੰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਦੇਸ਼ ਦੀ ਰਾਜਧਾਨੀ ਖਰਤੂਮ ਦੀਆਂ ਸੜਕਾਂ 'ਤੇ ਆ ਗਏ। ਉਨ੍ਹਾਂ ਨੇ ਸੈਨਾ ਦੇ ਤਖ਼ਤਾਪਲਟ ਦਾ ਵਿਰੋਧ ਕੀਤਾ ਅਤੇ ਸਰਕਾਰ ਨੂੰ ਬਹਾਲ ਕਰਨ ਦੀ ਮੰਗ ਕੀਤੀ।
ਬੀਬੀਸੀ ਅਰੈਬਿਕ ਦੇ ਪੱਤਰਕਾਰ ਮੁਹੰਮਦ ਉਸਮਾਨ ਮੁਤਾਬਕ ਰਾਜਧਾਨੀ ਤੋਂ ਇਹ ਪ੍ਰਦਰਸ਼ਨ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿੱਚ ਵੀ ਫੈਲ ਗਿਆ।
ਪ੍ਰਦਰਸ਼ਨਕਾਰੀਆਂ ਨੇ ਇੱਟਾਂ ਅਤੇ ਸੜਦੇ ਹੋਏ ਟਾਇਰਾਂ ਨਾਲ ਸੜਕਾਂ ਰੋਕ ਦਿੱਤੀਆਂ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਸੈਨਾ ਦੇ ਰਾਜ ਨੂੰ ਨਾ ਕਰਨ ਦੇ ਨਾਅਰੇ ਲਗਾਏ।
ਸ਼ਹਿਰ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਉਡਾਣਾਂ ਫ਼ਿਲਹਾਲ ਰੱਦ ਕਰ ਦਿੱਤੀਆਂ ਗਈਆਂ ਹਨ।
ਇੰਟਰਨੈੱਟ ਅਤੇ ਫੋਨ ਲਾਈਨ ਵੀ ਬੰਦ ਕਰ ਦਿੱਤੀ ਗਈ ਹੈ।
ਕੇਂਦਰੀ ਬੈਂਕ ਦੇ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ। ਡਾਕਟਰਾਂ ਵੱਲੋਂ ਸੈਨਾ ਦੇ ਹਸਪਤਾਲਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਐਮਰਜੈਂਸੀ ਵਾਰਡ ਵਿਚ ਹਾਲਾਂਕਿ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ ।
ਕਈ ਦੇਸ਼ਾਂ ਨੇ ਜਤਾਇਆ ਰੋਸ
ਅਮਰੀਕਾ,ਯੂਕੇ,ਯੂਰੋਪੀਅਨ ਯੂਨੀਅਨ, ਸੰਯੁਕਤ ਰਾਸ਼ਟਰ ਅਤੇ ਅਫਰੀਕਨ ਯੂਨੀਅਨ ਨੇ ਸੁਡਾਨ ਵਿੱਚ ਨਜ਼ਰਬੰਦ ਕੀਤੇ ਰਾਜਨੀਤਿਕ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਦੇਸ਼ ਦੇ ਪ੍ਰਧਾਨਮੰਤਰੀ ਅਬਦੁੱਲਾ ਹੈਮਦਾਕ, ਉਨ੍ਹਾਂ ਦੀ ਪਤਨੀ ਕੈਬਨਿਟ ਮੈਂਬਰ ਸਮੇਤ ਕਈ ਆਗੂਆਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਕੁਝ ਰਾਜਨੀਤਕ ਆਗੂ ਗੁਪਤ ਜਗ੍ਹਾ 'ਤੇ ਰੱਖੇ ਗਏ ਹਨ।
ਬੀਬੀਸੀ ਦੇ ਪੱਤਰਕਾਰ ਮੁਤਾਬਕ ਸੈਨਾ ਦੇ ਇੱਕ ਵਿਸ਼ੇਸ਼ ਸੁਰੱਖਿਆ ਯੂਨਿਟ ਨੂੰ ਪ੍ਰਧਾਨਮੰਤਰੀ ਦੇ ਘਰ ਭੇਜਿਆ ਗਿਆ ਅਤੇ ਆਖਿਆ ਗਿਆ ਕਿ ਉਸ ਤਖ਼ਤਾਪਲਟ ਨੂੰ ਲਈ ਰਾਜ਼ੀ ਹੋ ਜਾਣ ਪਰ ਉਨ੍ਹਾਂ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਸੀ।
ਇਹ ਵੀ ਪੜ੍ਹੋ: