ਓਜ਼ੋਨ ’ਚ ਛੇਦ ਤੇ ਤੇਜ਼ਾਬੀ ਮੀਂਹ ਵਰਗੇ ਮਾਮਲੇ ਜਦੋਂ ਵਾਤਾਵਰਣ ਬਚਾਉਣ ਲਈ ਮਿਲ ਕੇ ਕੰਮ ਕੀਤਾ ਗਿਆ

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਮੌਸਮੀ ਬਦਲਾਅ ਵਰਗੀਆਂ ਵੱਡੀਆਂ ਸਮੱਸਿਆਵਾਂ ਲਈ ਹੱਲ ਲੱਭਣੇ ਸੁਖਾਲੇ ਨਹੀਂ ਹੁੰਦੇ। ਪਰ ਅਜਿਹੇ ਮੌਕੇ ਵੀ ਆਏ ਹਨ ਜਦੋਂ ਵਾਤਾਵਰਨ ਸੰਬੰਧੀ ਵਿਗਾੜ ਨੂੰ ਠੀਕ ਕਰਨ ਲਈ ਪੂਰੀ ਦੁਨੀਆਂ ਨੇ ਮਿਲ ਕੇ ਕੋਸ਼ਿਸ਼ ਕੀਤੀ ਹੈ।

ਮਿਸਾਲ ਵਜੋਂ, ਅਸੀਂ ਤੇਜ਼ਾਬੀ ਮੀਂਹ ਜਾਂ ਓਜ਼ੋਨ ਪਰਤ ਵਿੱਚ ਹੋਏ ਛੇਕ ਦੀ ਸਮੱਸਿਆ ਦਾ ਸਮਾਧਾਨ ਕਿਵੇਂ ਕੀਤਾ?

ਕੀ ਸਾਨੂੰ ਕੋਈ ਅਜਿਹੀ ਸਿੱਖ ਜਾਂ ਉਪਾਅ ਮਿਲੇ, ਜਿਨ੍ਹਾਂ ਨਾਲ ਅਸੀਂ ਵਾਤਾਵਰਨ ਦੀ ਸਭ ਤੋਂ ਵੱਡੀ ਸਮੱਸਿਆ ਭਾਵ ਗਲੋਬਲ ਵਾਰਮਿੰਗ ਨਾਲ ਵੀ ਨਜਿੱਠ ਸਕਦੇ ਹਾਂ?

ਇਹ ਵੀ ਪੜ੍ਹੋ:

1970, '80 ਅਤੇ '90 ਦੇ ਦਹਾਕੇ: ਤੇਜ਼ਾਬੀ ਮੀਂਹ

1980 ਦੇ ਦਹਾਕੇ ਵਿੱਚ ਸਕੈਂਡੀਨੇਵੀਆ ਦੀਆਂ ਨਹਿਰਾਂ ਵਿੱਚ ਮੱਛੀਆਂ ਅਲੋਪ ਹੋ ਰਹੀਆਂ ਸਨ। ਜੰਗਲਾਂ ਦੇ ਕੁਝ ਹਿੱਸਿਆਂ ਵਿੱਚ ਦਰਖਤਾਂ ਦੇ ਪੱਤੇ ਝੜ ਗਏ ਸਨ ਅਤੇ ਉੱਤਰੀ ਅਮਰੀਕਾ ਦੀਆਂ ਕੁਝ ਝੀਲਾਂ ਬਿਲਕੁਲ ਖ਼ਤਮ ਹੋਣ ਕੰਢੇ 'ਤੇ ਸਨ, ਉਨ੍ਹਾਂ ਦਾ ਪਾਣੀ ਭਿਆਨਕ ਗਹਿਰੇ ਨੀਲੇ ਰੰਗ ਦਾ ਹੋ ਰਿਹਾ ਸੀ।

ਕਾਰਨ: ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਤੋਂ ਨਿਕਲਣ ਵਾਲੇ ਸਲਫਰ ਡਾਇਆਕਸਾਈਡ ਵਾਲੇ ਬੱਦਲ ਹਵਾ ਵਿੱਚ ਲੰਮੀ ਦੂਰੀ ਤੈਅ ਕਰਦੇ ਹਨ ਅਤੇ ਫਿਰ ਤੇਜ਼ਾਬੀ ਮੀਂਹ ਦੇ ਰੂਪ ਵਿੱਚ ਮੁੜ ਧਰਤੀ 'ਤੇ ਪਹੁੰਚ ਜਾਂਦੇ ਹਨ।

ਪੇਰਿੰਜ ਗ੍ਰੇਨਫੈਲਟ ਇੱਕ ਸਵੀਡਿਸ਼ ਵਿਗਿਆਨੀ ਹਨ, ਜਿਨ੍ਹਾਂ ਨੇ ਤੇਜ਼ਾਬੀ ਮੀਂਹ ਦੇ ਖਤਰਿਆਂ ਨੂੰ ਸਮਝਾਉਣ ਲਈ ਅਤੇ ਉਨ੍ਹਾਂ 'ਤੇ ਰੌਸ਼ਨੀ ਪਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ।

ਉਹ ਕਹਿੰਦੇ ਹਨ, "1980 ਦੇ ਦਹਾਕੇ ਵਿੱਚ, ਅਸਲ ਵਿੱਚ ਸੰਦੇਸ਼ ਇਹ ਸੀ ਕਿ ਉਹ ਹੁਣ ਤੱਕ ਦੀ ਵਾਤਾਵਰਨ ਸੰਬੰਧੀ ਸਭ ਤੋਂ ਵੱਡੀ ਸਮੱਸਿਆ ਸੀ।"

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਤੇਜ਼ਾਬੀ ਮੀਂਹ ਨੂੰ ਲੈ ਕੇ ਚੇਤਾਵਨੀ ਵਾਲੀਆਂ ਸੁਰਖੀਆਂ ਆਮ ਸਨ। ਸਾਲਾਂ ਤੱਕ ਇਸ ਬਾਰੇ ਜਾਣਕਾਰੀ ਦੀ ਘਾਟ ਸੀ, ਇਸ ਨੂੰ ਨਕਾਰਿਆ ਵੀ ਜਾ ਰਿਹਾ ਸੀ ਅਤੇ ਕੂਟਨੀਤਿਕ ਪੱਖ ਲਏ ਜਾ ਰਹੇ ਸਨ।

ਜਿਵੇਂ ਹੀ ਵਿਗਿਆਨ ਨੇ ਇਨ੍ਹਾਂ ਖਦਸ਼ਿਆਂ ਨੂੰ ਖ਼ਤਮ ਕਰ ਦਿੱਤਾ ਤਾਂ ਛੇਤੀ ਹੀ ਇਸ ਨਾਲ ਨਜਿੱਠਣ ਲਈ ਤਿਆਰੀ 'ਤੇ ਵਿਚਾਰ ਹੋਣ ਲੱਗੇ।

ਅਮਰੀਕਾ ਵਿੱਚ ਸਾਫ਼ ਹਵਾ ਐਕਟ (ਕਲੀਨ ਏਅਰ ਐਕਟ) ਨਾਲ ਕੈਪ (ਪੂੰਜੀ) ਅਤੇ ਟ੍ਰੇਡ ਪ੍ਰਣਾਲੀ ਵਿੱਚ ਵਿਕਾਸ ਦਿਖਾਈ ਦਿੱਤਾ।

ਇਸ ਐਕਟ ਦੇ ਤਹਿਤ, ਸਲਫਰ ਅਤੇ ਨਾਈਟ੍ਰੋਜਨ ਦਾ ਘੱਟ ਨਿਕਾਸ ਕਰਨ ਵਾਲੀਆਂ ਕੰਪਨੀਆਂ ਨੂੰ ਇੰਸੈਂਟਿਵ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ, ਉਤਸਰਜਨ ਦੇ ਘੱਟ ਹੋਣ ਤੱਕ ਹਰ ਸਾਲ ਕੈਪ ਲਗਾਤਾਰ ਡਿੱਗ ਰਿਹਾ ਸੀ।

ਤਾਂ ਕੀ ਇਨ੍ਹਾਂ ਤਰੀਕਿਆਂ ਨੇ ਕੰਮ ਕੀਤਾ?

ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਤੇਜ਼ਾਬੀ ਮੀਂਹ ਹੁਣ ਪੁਰਾਣੀ ਗੱਲ ਹੋ ਗਈ ਹੈ। ਹਾਲਾਂਕਿ ਬਾਕੀ ਥਾਂਵਾਂ, ਖਾਸਕਰ ਏਸ਼ੀਆ ਵਿੱਚ ਇਹ ਹਾਲੇ ਵੀ ਇੱਕ ਸਮੱਸਿਆ ਬਣਿਆ ਹੋਇਆ ਹੈ।

1980 ਦੇ ਦਹਾਕੇ ਦੇ ਇੱਕ ਨੌਜਵਾਨ ਖੋਜਕਰਤਾ ਅਤੇ ਕੈਨੇਡੀਅਨ ਵਿਗਿਆਨੀ ਜੌਨ ਸਮੋਲ ਕਹਿੰਦੇ ਹਨ ਕਿ ਤੇਜ਼ਾਬੀ ਮੀਂਹ ਕਈ ਤਰੀਕਿਆਂ ਨਾਲ ਇੱਕ "ਸਫਲ ਕਹਾਣੀ" ਸੀ, ਜੋ ਦਿਖਾਉਂਦੀ ਹੈ ਕਿ ਅੰਤਰਰਾਸ਼ਟਰੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਦੇਸ਼ ਇਕੱਠੇ ਹੋ ਕੇ ਕੰਮ ਕਰ ਸਕਦੇ ਹਨ।

ਉਹ ਕਹਿੰਦੇ ਹਨ, "ਜੇ ਤੁਸੀਂ ਪ੍ਰਦੂਸ਼ਣ 'ਤੇ ਜੁਰਮਾਨਾ ਨਹੀਂ ਲਗਾਉਂਦੇ ਤਾਂ ਲੋਕ ਪ੍ਰਦੂਸ਼ਣ ਫੈਲਾਉਂਦੇ ਰਹਿਣਗੇ। ਅਸੀਂ ਘੱਟੋ-ਘੱਟ ਇਹ ਤਾਂ ਸਿੱਖ ਹੀ ਲਿਆ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

1980 ਦਾ ਦਹਾਕਾ: ਓਜ਼ੋਨ ਪਰਤ ਵਿੱਚ ਛੇਕ

ਸਾਲ 1985 ਵਿੱਚ ਵਾਤਾਵਰਨ ਸੰਬੰਧੀ ਇੱਕ ਹੋਰ ਵੱਡੀ ਸਮੱਸਿਆ ਨੇ ਸੁਰਖੀਆਂ ਵਿੱਚ ਥਾਂ ਬਣਾਈ।

ਬ੍ਰਿਟਿਸ਼ ਐਂਟਾਰਕਟਿਕ ਸਰਵੇ (ਬੀਏਐਸ) ਦੇ ਵਿਗਿਆਨੀਆਂ ਨੇ ਦੁਨੀਆ ਨੂੰ ਚੇਤਾਵਨੀ ਦਿੱਤੀ ਕਿ ਐਂਟਾਰਕਟਿਕ ਉੱਪਰ ਓਜ਼ੋਨ ਪਰਤ ਵਿੱਚ ਇੱਕ ਵੱਡਾ ਛੇਕ ਸੀ ਜੋ ਕਿ ਲਗਾਤਾਰ ਵੱਧ ਰਿਹਾ ਸੀ। ਜਿਸ ਦਾ ਮੁੱਖ ਕਾਰਨ ਸੀ ਕਲੋਰੋਫਲੋਰੋਕਾਰਬਨ - ਗ੍ਰੀਨ ਹਾਊਸ ਗੈਸਾਂ ਜਿਨ੍ਹਾਂ ਨੂੰ ਸੀਐਫਸੀਜ਼ (CFCs) ਵੀ ਕਿਹਾ ਜਾਂਦਾ ਹੈ - ਜੋ ਉਸ ਸਮੇਂ ਏਰੋਸੋਲਜ਼ ਅਤੇ ਰੈਫਿਰਜਰੇਟਰਸ ਵਿੱਚ ਇਸਤੇਮਾਲ ਹੁੰਦੇ ਸਨ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਬੀਏਐਸ ਦੇ ਪੋਲਰ (ਧਰੁਵੀ) ਵਿਗਿਆਨੀ ਐਨਾ ਜੌਨਸ, ਧਰਤੀ ਨੂੰ ਨੁਕਸਾਨਦੇਹ ਪੈਰਾਵੈਂਗਨੀ ਕਿਰਨਾਂ ਤੋਂ ਸੁਰੱਖਿਅਤ ਰੱਖਣ ਵਾਲੀ ਇਸ ਦੀ ਪਰਤ ਦੇ ਅਚਾਨਕ ਪਤਲੇ (ਕਮਜ਼ੋਰ) ਹੋਣ ਬਾਰੇ ਗੱਲ ਕਰਦਿਆਂ ਕਹਿੰਦੇ ਹਨ, "ਇਸ ਵਿੱਚ ਅਚਾਨਕ ਬਦਲਾਅ ਆਇਆ ਅਤੇ ਇਹ ਤੇਜ਼ੀ ਨਾਲ ਘਟਣ ਲੱਗੀ।"

ਐਂਟਾਰਕਟਿਕ ਦੇ ਉੱਪਰਲੀ ਓਜ਼ੋਨ ਪਰਤ 1970 ਤੋਂ ਹੀ ਘੱਟ ਹੋ ਰਹੀ ਸੀ, ਪਰ ਉਹ ਖ਼ਬਰ ਜਿਸ ਨੇ ਸਾਰੀ ਦੁਨੀਆ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ, ਉਹ ਸੀ ਕਿ ਓਜ਼ੋਨ ਵਿਚਲੇ ਛੇਕ ਨੇ ਪੂਰੇ ਐਂਟਾਰਕਟਿਕ ਮਹਾਂਦੀਪ ਨੂੰ ਘੇਰ ਲਿਆ ਹੈ।

ਭਾਵ ਉਸ ਮਹਾਂਦੀਪ ਦੇ ਇਲਾਕੇ ਉੱਪਰਲੀ ਪਰਤ ਵਿੱਚ ਉਹ ਛੇਕ ਫੈਲ ਚੁੱਕਿਆ ਹੈ। ਸਾਲ 1987 ਵਿੱਚ ਦੁਨੀਆ ਭਰ ਦੇ ਆਗੂਆਂ ਨੇ ਇਤਿਹਾਸਕ ਮੋਂਟਰਿਅਲ ਪ੍ਰੋਟੋਕੋਲ 'ਤੇ ਹਸਤਾਖਰ ਕੀਤੇ ਜੋ ਕਿ ਵਾਤਾਵਰਨ ਸੰਬੰਧੀ ਹੁਣ ਤੱਕ ਦੇ ਸਭ ਤੋਂ ਸਫਲ ਸਮਝੌਤਿਆਂ ਵਿੱਚੋਂ ਇੱਕ ਬਣਿਆ।

ਵੀਡੀਓ ਕੈਪਸ਼ਨ, 50 ਡਿਗਰੀ ਤਾਪਮਾਨ 'ਚ ਰਹਿੰਦਾ ਇਹ ਪਰਿਵਾਰ ਇੰਝ ਘਰ ਨੂੰ ਠੰਢਾ ਕਰ ਰਿਹਾ ਹੈ

ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਦਾ ਇਸਤੇਮਾਲ ਬੰਦ ਹੋਇਆ ਅਤੇ ਉਦਯੋਗਾਂ ਦੁਆਰਾ "ਸੀਐਫਸੀ ਮੁਕਤ" ਏਰੋਸੋਲ ਕੈਨਜ਼ (ਡੱਬਿਆਂ) ਦਾ ਇਸਤੇਮਾਲ ਕੀਤਾ ਜਾਣ ਲੱਗਿਆ ਜੋ ਕਿ ਵਾਤਾਵਰਨ ਪ੍ਰਤੀ ਜਾਗਰੂਕ ਲੋਕਾਂ ਨੂੰ ਵੀ ਪਸੰਦ ਆਇਆ।

ਡਾ. ਜੌਨਸ ਕਹਿੰਦੇ ਹਨ, ''ਇਹ ਇੱਕ ਵੈਸ਼ਵਿਕ (ਗਲੋਬਲ) ਸਮੱਸਿਆ ਸੀ ਪਰ ਉਦਯੋਗ, ਵਿਗਿਆਨੀ, ਨੀਤੀ ਨਿਰਧਾਰਕ ਸਾਰੇ ਇਕੱਠੇ ਹੋ ਕੇ ਸਾਹਮਣੇ ਆਏ।''

"ਉਨ੍ਹਾਂ ਨੇ ਤੇਜ਼ੀ ਨਾਲ ਕੰਮ ਕੀਤਾ, ਉਨ੍ਹਾਂ ਨੇ ਇੱਕ ਵਿਧੀ ਨਾਲ ਕੰਮ ਕੀਤਾ ਜਿਸ ਨੇ ਉਸ ਪ੍ਰੋਟੋਕੋਲ ਨੂੰ ਲਗਾਤਾਰ ਸਖਤ ਬਣਾਈ ਰੱਖਿਆ। ਇਹ ਇਸ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਚੀਜ਼ਾਂ ਨੂੰ ਕਿਵੇਂ ਪੂਰਾ ਕਰ ਪਾਉਂਦੇ ਹੋ।"

ਮੋਂਟਰਿਅਲ ਪ੍ਰੋਟੋਕੋਲ ਦੀ ਸਫਲਤਾ ਤੋਂ ਬਾਅਦ ਵੀ ਕਈ ਵਾਰ ਨਿਰਾਸ਼ਾ ਹੱਥ ਲੱਗੀ। ਇਹ ਪਾਇਆ ਗਿਆ ਕਿ ਹਾਈਡ੍ਰੋਫਲੋਰੋਕਾਰਬਨ (HFCs), ਜਿਨ੍ਹਾਂ ਨੂੰ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਦੀ ਥਾਂ (ਵਿਕਲਪ ਵਜੋਂ) ਤਿਆਰ ਕੀਤਾ ਗਿਆ ਸੀ, ਉਹ ਪ੍ਰਭਾਵਸ਼ਾਲੀ/ਤਾਕਤਵਰ ਗ੍ਰੀਨ ਹਾਊਸ ਗੈਸਾਂ ਸਨ।

ਇਸ ਦੇ ਨਾਲ ਹੀ ਸੀਐਫਸੀਜ਼ ਵਿੱਚ ਰਹੱਸਮਈ ਤੇਜ਼ੀ ਦੇ ਵੀ ਸਬੂਤ ਮਿਲੇ। ਇਨ੍ਹਾਂ ਦੋਵਾਂ ਦੇ ਅਧਾਰ 'ਤੇ ਅਗਲੇ ਕਦਮ ਚੁੱਕੇ ਗਏ। ਜਿੱਥੇ ਓਜ਼ੋਨ ਛੇਕ "ਠੀਕ ਹੋਣ ਦੇ ਰਸਤੇ 'ਤੇ" ਹੈ, ਉਥੇ ਦੂਜੇ ਪਾਸੇ ਇਹ ਵੀ ਤੱਥ ਹਨ ਕਿ ਓਜ਼ੋਨ ਨੂੰ ਨੁਕਸਾਨ ਦੇਣ ਵਾਲੇ ਰਸਾਇਣ ਲੰਮੇ ਸਮੇਂ ਤੱਕ ਵਾਤਾਵਰਨ ਵਿੱਚ ਬਣੇ ਰਹਿੰਦੇ ਹਨ, ਜਿਸ ਦਾ ਮਤਲਬ ਹੈ ਕਿ ਇਸ ਦੀ ਮੁਰੰਮਤ ਲਈ ਵੀ ਲੰਮਾ ਸਮਾਂ ਲੱਗੇਗਾ।

1920ਵਿਆਂ ਤੋਂ 2020ਵਿਆਂ ਤੱਕ: ਸੀਸੇ ਵਾਲਾ ਪੈਟਰੋਲ

ਕਈ ਦਹਾਕਿਆਂ ਤੱਕ ਅਸੀਂ ਇੰਧਨ (ਬਾਲਣ) ਵਜੋਂ ਸੀਸੇ (ਲੇਡ) ਵਾਲੇ ਪੈਟਰੋਲ ਦਾ ਇਸਤੇਮਾਲ ਕਰਦੇ ਰਹੇ ਹਾਂ - ਤੇਲ ਕੰਪਨੀਆਂ, ਪੈਟਰੋਲ ਵਿੱਚ ਸੀਸੇ ਦੇ ਯੋਜਕ (ਅਡਿਟੀਵੀਜ਼) ਮਿਲਾਉਂਦਿਆਂ ਸਨ ਤਾਂ ਜੋ ਇਹ ਆਸਾਨੀ ਨਾਲ ਬਲ਼ ਸਕੇ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਸੀਸੇ ਵਾਲੇ ਇਸ ਤੇਲ ਕਾਰਨ ਵਾਹਨਾਂ ਵਿੱਚੋਂ ਨਿੱਕਲਣ ਵਾਲੇ ਧੂੰਏਂ ਵਿੱਚ ਵੀ ਸੀਸੇ ਦੇ ਕਣ ਸ਼ਾਮਿਲ ਹੋ ਜਾਂਦੇ ਸਨ ਜੋ ਕਿ ਸਾਹ ਰਾਹੀਂ ਅੰਦਰ ਜਾ ਸਕਦੇ ਹਨ ਅਤੇ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ - ਜਿਨ੍ਹਾਂ ਵਿੱਚ ਦਿਲ ਦਾ ਦੌਰਾ, ਹੋਰ ਦੌਰੇ (ਸਟ੍ਰੋਕਸ) ਅਤੇ ਬੱਚਿਆਂ ਵਿੱਚ ਦਿਮਾਗੀ ਵਿਗਾੜ ਪੈਦਾ ਹੋਣਾ ਵੀ ਸ਼ਾਮਲ ਹਨ।

ਵਿਗਿਆਨੀਆਂ, ਰੈਗੂਲੇਟਰੀ ਅਥਾਰਿਟੀਆਂ ਅਤੇ ਉਦਯੋਗਾਂ ਵਿਚਕਾਰ ਚੱਲੀ ਇੱਕ ਲੰਮੀ ਲੜਾਈ ਤੋਂ ਬਾਅਦ ਸਿਹਤ ਸੰਬੰਧੀ ਖਤਰਿਆਂ ਨੂੰ ਲੈ ਕੇ ਇੱਕ ਸਹਿਮਤੀ ਬਣੀ ਅਤੇ (ਵਿਕਸਿਤ) ਅਮੀਰ ਦੇਸ਼ਾਂ ਨੇ 1980ਵਿਆਂ ਤੋਂ ਸੀਸੇ ਵਾਲੇ ਪੈਟਰੋਲ 'ਤੇ ਪਾਬੰਦੀ ਲਗਾ ਦਿੱਤੀ।

ਵਿਕਾਸਸ਼ੀਲ ਦੇਸ਼ਾਂ ਵਿਚ ਇਸ ਦਾ ਇਸਤੇਮਾਲ ਘੱਟ ਜਾਂ ਸੀਮਿਤ ਹੋ ਰਿਹਾ ਹੈ ਹਾਲਾਂਕਿ ਬਾਲਣ ਦੇ ਸਸਤੇ ਹੋਣ ਕਾਰਨ ਵੀ ਬਿਨਾਂ ਸੀਸੇ ਦੇ ਪੈਟਰੋਲ ਵੱਲ ਕਦਮ ਵੱਧ ਰਹੇ ਹਨ।

ਵੀਡੀਓ ਕੈਪਸ਼ਨ, ਵੋਖੋ ਬਰਫ਼ ਨਾਲ ਬਣੇ ਸਾਜ਼ ਵਜਾਉਂਦੇ ਸੰਗੀਤਕਾਰ

ਗੈਰ ਸਰਕਾਰੀ ਸੰਸਥਾਵਾਂ ਵੱਲੋਂ ਚਲਾਈ ਗਈ ਇੱਕ ਲੰਮੀ ਮੁਹਿੰਮ ਦੇ ਨਾਲ, ਉਦਯੋਗਿਕ ਸਮੂਹਾਂ ਅਤੇ ਸਰਕਾਰਾਂ ਯੂਨਾਇਟੇਡ ਨੇਸ਼ਨਜ਼ ਇਨਵਾਇਰਮੈਂਟਸ ਪ੍ਰੋਗਰਾਮ ਦੇ ਤਹਿਤ ਇਕੱਠੇ ਆਏ ਅਤੇ ਇਨ੍ਹਾਂ ਸਾਰੇ ਯਤਨਾਂ ਦੇ ਸਦਕਾ, ਸੀਸੇ ਵਾਲੇ ਤੇਲ ਦਾ ਇਸਤੇਮਾਲ ਇੱਕ ਕਾਰ ਵਿੱਚ ਆਖ਼ਿਰੀ ਵਾਰ ਕਈ ਮਹੀਨੇ ਪਹਿਲਾਂ ਕੀਤਾ ਗਿਆ ਸੀ।

ਪਰ ਜਿੱਥੇ ਦੁਨੀਆ ਨੇ ਸੀਸੇ ਵਾਲੇ ਬਾਲਣ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ, ਉਧੜ ਸੀਸੇ ਦੇ ਹਾਨੀਕਾਰਕ ਤੱਤ ਧੂੜ ਅਤੇ ਮਿੱਟੀ ਵਿੱਚ ਮਿਲ ਕੇ ਵਾਤਾਵਰਨ ਵਿੱਚ ਬਣੇ ਰਹਿੰਦੇ ਹਨ, ਜਿੱਥੇ ਇਹ ਲੰਮੇ ਸਮੇਂ ਤੱਕ ਰਹਿ ਸਕਦੇ ਹਨ।

ਮੌਸਮੀ ਬਦਲਾਅ ਲਈ ਸਾਨੂੰ ਕੀ ਸਿੱਖ ਮਿਲੀ?

ਮੌਸਮੀ ਬਦਲਾਅ ਵਾਲੇ ਖ਼ਬਰੀ ਏਜੰਡੇ ਦੇ ਨਾਲ, ਅਸੀਂ ਇਨ੍ਹਾਂ ਦਿਨੀਂ ਓਜ਼ਨ ਛੇਕ ਵਰਗੀਆਂ ਚੀਜ਼ਾਂ ਬਹੁਤ ਘੱਟ ਸੁਣਦੇ ਹਾਂ। ਫਿਰ ਵੀ, ਇਨ੍ਹਾਂ ਸੰਕਟਾਂ ਅਤੇ ਮੌਸਮੀ ਬਦਲਾਅ ਵਿਚਕਾਰ ਕੁਝ ਸਮਾਨਤਾਵਾਂ ਹਨ।

ਲੰਮੇ ਸਮੇਂ ਤੱਕ, ਤੇਜ਼ਾਬੀ ਮੀਂਹ ਵਿਸ਼ਵ ਪੱਧਰ 'ਤੇ ਬਹਿਸ ਦਾ ਮੁੱਦਾ ਸੀ, ਜਿੱਥੇ ਕਈ ਇਸ ਦੀ ਹੋਂਦ ਨੂੰ ਵੀ ਨਕਾਰਦੇ ਸਨ ਅਤੇ ਪਥਰਾਟ (ਜੈਵਿਕ) ਬਾਲਣ ਉਦਯੋਗ, ਵਾਤਾਵਰਨ ਦੇ ਜਾਣਕਾਰਾਂ ਦੇ ਖਿਲਾਫ ਖੜ੍ਹਾ ਹੋ ਗਿਆ ਸੀ।

ਕੀ ਇਸ ਵਿੱਚ ਕੁਝ ਸਮਾਨਤਾ ਲੱਗਦੀ ਹੈ?

ਪ੍ਰੋਫੈਸਰ ਸਮੋਲ ਦੇ ਅਨੁਸਾਰ, ਤੇਜ਼ਾਬੀ ਮੀਂਹ 'ਤੇ ਹੋਈਆਂ ਬਹਿਸਾਂ ਜਾਂ ਗੱਲਬਾਤ, ਮੌਸਮੀ ਬਦਲਾਅ ਵਰਗੇ ਗੁੰਝਲਦਾਰ ਮੁੱਦੇ ਲਈ ਇੱਕ ਕਿਸਮ ਦੀ ਟ੍ਰੇਨਿੰਗ (ਸਿਖਲਾਈ) ਸੀ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਪਹਿਲੀ ਸਿੱਖ ਜੋ ਮੈਨੂੰ ਮਿਲੀ ਉਹ ਇਹ ਸੀ ਕਿ ਸਾਨੂੰ ਆਪਣੇ ਅਧਿਐਨਾਂ ਦੇ ਨਤੀਜਿਆਂ ਬਾਰੇ ਜਲਦੀ ਤੋਂ ਜਲਦੀ ਗੱਲ ਕਰਨੀ ਚਾਹੀਦੀ ਹੈ, ਨਾ ਕੇਵਲ ਹੋਰ ਵਿਗਿਆਨੀਆਂ ਨਾਲ ਬਲਕਿ ਨੀਤੀ-ਨਿਰਧਾਰਕਾਂ ਅਤੇ ਵੱਡੇ ਪੱਧਰ 'ਤੇ ਲੋਕਾਂ ਨਾਲ ਵੀ।''

"ਜੇ ਜਾਣਕਾਰੀ ਵਿੱਚ ਕੋਈ ਕਮੀ ਰਹਿੰਦੀ ਹੈ ਤਾਂ ਵੇਸਟੇਡ ਇੰਟਰਸਟ ਸਮੂਹ (ਇਸ ਵਿੱਚ ਖਾਸ ਦਿਲਚਸਪੀ ਰੱਖਣ ਵਾਲੇ) ਇਸ ਨੂੰ ਭਰ ਦੇਣਗੇ।"

ਜਦੋਂ ਅੰਤਰਰਾਸ਼ਟੀ ਪੱਧਰ 'ਤੇ ਸੀਸੇ ਵਾਲੇ ਤੇਲ ਨੂੰ ਖਤਮ ਕਰਨ ਦੀ ਗੱਲ ਆਉਂਦੀ ਹੈ ਤਾਂ, ਯੂਐਨਈਪੀਜ਼ ਸਸਟੇਨੇਬਲ ਮੋਬਿਲਿਟੀ ਯੂਨਿਟ ਦੇ ਮੁਖੀ ਰੋਬ ਡੇ ਜੌਂਗ ਕਹਿੰਦੇ ਹਨ ਕਿ ਤਾਲਮੇਲ ਵਾਲੀ ਪਹੁੰਚ ਲਈ ਇੱਕ ਵਿਸ਼ੇਸ ਸਿੱਖ ਪ੍ਰਮੁੱਖ ਹੈ।

ਸੀਸੇ ਵਾਲੇ ਪੈਟਰੋਲ ਦੀ ਮੁਹਿੰਮ ਨੇ ਵੱਡੇ ਪੱਧਰ 'ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ, ਵੱਡੇ ਪੱਧਰ 'ਤੇ ਸਮਾਜਿਕ ਅਤੇ ਭਾਈਚਾਰਕ ਕੰਮਾਂ 'ਤੇ ਪ੍ਰਭਾਵ ਪਾਇਆ, ਵੱਡੇ ਪੱਧਰ 'ਤੇ ਇਸ ਨਾਲ ਬੱਚਿਆਂ 'ਤੇ ਪੈਣ ਵਾਲੇ ਪ੍ਰਭਾਵ 'ਤੇ ਧਿਆਨ ਦਿਵਾਇਆ।

ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਚੁੱਕੇ ਗਏ ਕਦਮ ਇਹ ਦਿਖਾਉਂਦੇ ਹਨ ਕਿ ਇਸ ਛੋਟੇ ਪੱਧਰ 'ਤੇ ਗਲੋਬਲ ਵਾਰਮਿੰਗ ਵਰਗੀ ਸਮੱਸਿਆ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਦੇ ਸਹੋਯੋਗ ਦੀ ਜ਼ਰੂਰਤ ਹੈ।

ਵੀਡੀਓ ਕੈਪਸ਼ਨ, ਦੱਖਣੀ ਅਮਰੀਕਾ ਦੇ ਐਮੇਜ਼ਨ ਜੰਗਲ ਦੁਨੀਆਂ ਦੇ ਸਭ ਤੋਂ ਵੱਡੇ ਬਰਸਾਤੀ ਜੰਗਲ ਹਨ ਜੋ ਤੇਜ਼ੀ ਨਾਲ ਖਤਮ ਹੋ ਰਹੇ ਹਨ

ਡਾ. ਜੋਨਸ ਕਹਿੰਦੇ ਹਨ, "ਮੌਸਮੀ ਬਦਲਾਅ ਦੀ ਸਮੱਸਿਆ, ਓਜ਼ੋਨ ਦੀ ਸਮੱਸਿਆ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ ਕਿਉਂਕਿ ਸਾਡੇ ਕੋਲ ਪਥਰਾਟ ਬਾਲਣ (ਜੈਵਿਕ ਬਾਲਣ) ਦਾ ਕੋਈ ਹੋਰ ਤੁਰੰਤ ਵਾਲਾ ਵਿਕਲਪ ਨਹੀਂ ਹੈ, ਜਿਵੇਂ ਕਿ ਸਾਡੇ ਕੋਲ ਸੀਐਫਸੀਜ਼ ਲਈ ਸੀ। ਪਰ, ਇਹ ਕੋਈ ਕਾਰਨ ਨਹੀਂ ਹੈ ਜਿਸ ਨੂੰ ਲੈ ਕੇ ਕੁਝ ਨਾ ਕੀਤਾ ਜਾਵੇ - ਸਮੱਸਿਆ ਬਹੁਤ ਮਹੱਤਵਪੂਰਨ ਹੈ, ਇਹ ਬਹੁਤ ਵੱਡੀ ਹੈ ਅਤੇ ਉਨ੍ਹਾਂ ਨੂੰ ਇਸਦੇ ਲਈ ਕੰਮ ਕਰਨ ਦੀ ਜ਼ਰੂਰਤ ਹੈ।"

"ਇਤਿਹਾਸ ਵਿੱਚ ਜਦੋਂ ਉਦਯੋਗ ਅਤੇ ਸਰਕਾਰਾਂ ਇਕੱਠੇ ਹੋਏ ਸਨ ਤਾਂ ਉਨ੍ਹਾਂ ਨੇ ਵਿਸ਼ਵ ਪੱਧਰ ਦੀ ਇੱਕ ਵਾਤਾਵਰਨ ਸੰਬੰਧੀ ਸਮੱਸਿਆ ਦਾ ਹੱਲ ਲੱਭਿਆ ਸੀ - ਹੁਣ ਉਨ੍ਹਾਂ ਨੂੰ ਇਹ ਸਾਬਿਤ ਕਰਨ ਦੀ ਲੋੜ ਹੈ ਕਿ ਉਹ ਇੱਕ ਵਾਰ ਫਿਰ ਅਜਿਹਾ ਕਰ ਸਕਦੇ ਹਨ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)