ਅਫ਼ਗਾਨਿਸਤਾਨ: ਪੱਤਰਕਾਰਾਂ ਨੇ ਕਿਹਾ ਤਾਲਿਬਾਨ ਨੇ ‘ਸਾਨੂੰ ਬਿਜਲੀ ਦੀਆਂ ਤਾਰਾਂ, ਛਾਂਟਿਆਂ ਨਾਲ ਕੁੱਟਿਆ’

ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਉਸ ਸਮੇਂ ਕੁੱਟਿਆ ਗਿਆ ਜਦੋਂ ਉਹ ਵਿਰੋਧ ਪ੍ਰਦਰਸ਼ਨ ਦੀ ਰਿਪੋਰਟਿੰਗ ਕਰ ਰਹੇ ਸਨ।

ਇਤਿਲਾਤਾਰੋਜ਼ ਅਖ਼ਬਾਰ ਦੇ ਪੱਤਰਕਾਰਾਂ ਦੀਆਂ ਇੰਟਰਨੈਟ ਉੱਪਰ ਘੁੰਮ ਰਹੀਆਂ ਤਸਵੀਰਾਂ ਵਿੱਚ ਉਹ ਕੁੱਟ ਨਾਲ ਪਏ ਨੀਲ ਦਿਖਾ ਰਹੇ ਹਨ।

ਪੱਤਰਕਾਰਾਂ ਦੀ ਰੱਖਿਆ ਲਈ ਕਮੇਟੀ ਨੇ ਤਿਲਾਬਾਨ ਸਰਕਾਰ ਤੋਂ ਪੱਤਰਕਾਰਾਂ ਨੂੰ ਸੁਤੰਤਤਰਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ।

ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਅੰਤਰਿਮ ਸਰਕਾਰ ਬਣਾਉਣ ਕਰਨ ਤੋਂ ਬਾਅਦ ਹੀ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਉੱਪਰ ਪਾਬੰਦੀ ਲਗਾ ਦਿੱਤੀ ਹੈ।

ਬੁੱਧਵਾਰ ਨੂੰ ਬੀਬੀਸੀ ਨੂੰ ਵੀ ਫਿਲਮਾਂਕਣ ਤੋਂ ਰੋਕਿਆ ਗਿਆ ਸੀ।

ਇਤਿਲਾਤਾਰੋਜ਼ ਦੇ ਫੋਟੋਗ੍ਰਾਫਰ ਨਿਮੇਤੁੱਲ੍ਹਾ ਨਾਕਦੀ ਅਤੇ ਪੱਤਰਕਾਰ ਤਕੀ ਦਰਿਆਬੀ ਨੂੰ ਬੁੱਧਵਾਰ ਨੂੰ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ।

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਕਾਬੁਲ ਪੁਲਿਸ ਥਾਣੇ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਡੰਡਿਆਂ, ਬਿਜਲੀ ਦੀਆਂ ਤਾਰਾਂ ਅਤੇ ਛਾਂਟਿਆਂ ਨਾਲ ਮਾਰਿਆ ਗਿਆ।

ਕੁਝ ਘੰਟਿਆਂ ਮਗਰੋਂ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਬਿਨਾਂ ਕੋਈ ਕਾਰਨ ਦੱਸੇ ਹੀ ਰਿਹਾਅ ਵੀ ਕਰ ਦਿੱਤਾ ਗਿਆ।

ਪੱਤਰਕਾਰਾਂ ਨੇ ਕੀ ਦੱਸਿਆ

ਉਨ੍ਹਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜੋ ਕੋਈ ਵੀ ਫਿਲਮਾਂਕਣ ਕਰ ਰਹੇ ਸਨ, ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਹੋਰ ਪੱਤਰਕਾਰ ਜਿਨ੍ਹਾਂ ਵਿੱਚ ਬੀਬੀਸੀ ਦੀ ਟੀਮ ਵੀ ਸ਼ਾਮਲ ਸੀ। ਉਨ੍ਹਾਂ ਨੂੰ ਵੀ ਬੁੱਧਵਾਰ ਨੂੰ ਫਿਲਮਾਂਕਣ ਤੋਂ ਰੋਕਿਆ ਗਿਆ।

ਅਫ਼ਗਾਨਿਸਤਾਨ ਦੀ ਟੋਲੋ ਖ਼ਬਰ ਏਜੰਸੀ ਮੁਤਾਬਕ ਉਸ ਦੇ ਕੈਮਰਾਮੈਨ ਨੂੰ ਤਾਲਿਬਾਨ ਵੱਲੋਂ ਗ੍ਰਿਫ਼ਤਾਰ ਕੀਤਾ ਗਿਆਨ ਅਤੇ ਤਿੰਨ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ।

ਨਾਕਦੀ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ, "ਇੱਕ ਤਾਲਿਬਾਨ ਨੇ ਮੇਰੇ ਸਿਰ ਤੇ ਪੈਰ ਰੱਖਿਆ, ਮੇਰੇ ਸਿਰ ਨੂੰ ਕਾਲੀਨ ਤੇ ਕੁਚਲਿਆ। ਮੇਰੇ ਸਿਰ ਵਿੱਚ ਲੱਤਾਂ ਮਾਰੀਆਂ ਮੈਂ ਸੋਚ ਰਿਹਾ ਸੀ ਕਿ ਉਹ ਮੈਨੂੰ ਮਾਰ ਦੇਣਗੇ।"

ਨਾਕਦੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ ਤਾਂ ਜਵਾਬ ਸੀ ਕਿ "ਤੁਸੀਂ ਖੁਸ਼ ਕਿਸਮਤ ਹੋ ਕਿ ਤੁਹਾਡਾ ਗਲ਼ਾ ਨਹੀਂ ਵੱਢਿਆ ਜਾ ਰਿਹਾ।"

ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਤਾਲਿਬਾਨਾਂ ਨੇ ਉਨ੍ਹਾਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ।

ਕਮੇਟੀ ਫਾਰ ਪਰੋਟੈਕਸ਼ਨ ਫਾਰ ਜਰਨਲਿਸਟਸ ਜੋ ਕਿ ਇੱਕ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਹੈ ਮੁਕਾਬਕ ਪਿਛਲੇ ਦੋ ਦਿਨਾਂ ਦੌਰਾਨ ਘੱਟੋ-ਘੱਟ 14 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਗਿ ਅਤੇ ਕੁਝ ਘੰਟਿਆਂ ਬਾਅਦ ਰਿਹਾ ਕਰ ਦਿੱਤਾ ਗਿਆ।

ਕਮੇਟੀ ਦੇ ਏਸ਼ੀਆ ਪ੍ਰੋਗਰਾਮ ਕੋਆਰਡੀਨੇਟਰ ਸਟੀਵ ਬਟਲਰ ਨੇ ਕਿਹਾ,"ਤਾਲਿਬਾਨ ਬੜੀ ਤੇਜੀ ਨਾਲ ਇਹ ਸਾਬਤ ਕਰ ਰਹੇ ਹਨ ਕਿ ਉਨ੍ਹਾਂ ਦੇ ਪ੍ਰੈੱਸ ਨੂੰ ਸੁਤੰਤਰਤਾ ਨਾਲ ਕੰਮ ਕਰਨ ਦੇਣ ਦੇ ਪਿਛਲੇ ਵਾਅਦਿਆਂ ਦਾ ਕੋਈ ਮੁੱਲ ਨਹੀਂ ਹੈ।"

ਅਸੀਂ ਤਾਲਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਉਨ੍ਹਾਂ ਪਿਛਲੇ ਵਾਅਦਿਆਂ 'ਤੇ ਖਰੇ ਉਤਰਨ। ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣਾ ਅਤੇ ਕੁੱਟਣਾ ਬੰਦ ਕਰਨ। ਅਤੇ ਮੀਡੀਆ ਨੂੰ ਪ੍ਰਤੀਹਿੰਸਾ ਦੇ ਡਰ ਤੋਂ ਬੇਖੌਫ਼ ਹੋ ਕੇ ਕੰਮ ਕਰਨ ਦੇਣ।

ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਪੁਰਸ਼ ਦਬਦਬੇ ਵਾਲੀ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਸੀ।

ਉਸ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਉੱਪਰ ਪਾਬੰਦੀ ਲਗਾ ਦਿੱਤੀ ਹੈ ਅਤੇ ਨਿਆਂ ਮੰਤਰਾਲਾ ਦੀ ਆਗਿਆ ਤੋਂ ਬਿਨਾਂ ਅਜਿਹੇ ਇਕੱਠ ਕਰਨ ਨੂੰ ਗੈਰ-ਕਨੂੰਨੀ ਕਰਾਰ ਦੇ ਦਿੱਤਾ ਹੋਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)