ਟੋਕੀਓ ਪੈਰਾਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਰਵਿੰਦਰ ਨੂੰ ਪੰਜਾਬੀ ਯੂਨੀਵਰਸਿਟੀ ਦੀ ਪੀਐੱਚਡੀ ਦੀ ਪੜ੍ਹਾਈ ਕਿਵੇਂ ਕੰਮ ਆਉਂਦੀ ਹੈ

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਇਕੋਨੌਮਿਕਸ ਦੇ ਸਕੌਲਰ ਹਰਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਟੋਕੀਓ ਪੈਰਾਲੰਪਿਕਸ ਵਿੱਚ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।

ਉਹ ਤੀਰਅੰਦਾਜ਼ੀ ਵਿੱਚ ਕੋਈ ਵੀ ਮੈਡਲ ਜਿੱਤਣ ਵਾਲੇ ਪਹਿਲੇ ਪੈਰਾ ਐਥਲੀਟ ਬਣ ਗਏ ਹਨ।

ਉਨ੍ਹਾਂ ਨੇ ਦੱਖਣੀ ਕੋਰੀਆ ਦੇ ਕਿਮ ਮਿਨ ਸੂ ਨੂੰ ਬ੍ਰੌਂਜ਼ ਮੈਡਲ ਮੈਚ ਵਿੱਚ ਹਰਾਇਆ।

ਹਰਵਿੰਦਰ ਸਿੰਘ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ-

ਮੈਡਲ ਜਿੱਤਣ ਤੋਂ ਬਾਅਦ ਹਰਵਿੰਦਰ ਨੇ ਕੀ ਕਿਹਾ

ਮੈਡਲ ਜਿੱਤਣ ਤੋਂ ਬਾਅਦ ਹਰਵਿੰਦਰ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਵੀ ਨਹੀਂ ਸਨ।

ਉਹ ਕਹਿੰਦੇ ਹਨ, "ਮੇਰਾ ਫੋਨ ਵੀ ਬੰਦ ਸੀ ਕਿਉਂਕਿ ਖੇਡ ਤੋਂ ਪਹਿਲਾਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਤੁਸੀਂ ਮੈਡਲ ਜਿੱਤਣਾ ਹੈ ਜਦਕਿ ਸਾਨੂੰ ਪ੍ਰਦਰਸ਼ਨ ਕਰਨਾ ਹੁੰਦਾ ਹੈ, ਜੋ ਅਸੀਂ ਪ੍ਰਦਰਸ਼ਨ ਕਰਾਂਗੇ ਤਾਂ ਹੀ ਜਿੱਤਾਂਗੇ।"

ਕੋਰੋਨਾ ਕਾਲ ਵਿੱਚ ਪ੍ਰੈਕਟਿਸ

ਹਰਵਿੰਦਰ ਦੱਸਦੇ ਹਨ ਕਿ ਪਿੰਡ ਵਿੱਚ ਘਰ ਹੈ, ਕਾਫੀ ਖੁੱਲ੍ਹਾ ਹੈ, ਇਸ ਲਈ ਘਰੇ ਹੀ ਪ੍ਰੈਕਟਿਸ ਕਰਦੇ ਸਨ।

"ਫਿਰ ਜਦੋਂ ਓਲੰਪਿਕ ਅੱਗੇ ਪੈ ਗਏ ਤਾਂ ਪਹਿਲਾਂ ਨਿਰਾਸ਼ਾ ਹੋਈ ਫਿਰ ਲੱਗਾ ਕਿ ਚੱਲੋ, ਕੁਝ ਹੋਰ ਸਮਾਂ ਮਿਲ ਜਾਵੇਗਾ ਪ੍ਰੈਕਟਿਸ ਲਈ।"

"ਮੇਰੇ ਪਿਤਾ ਜੀ ਨੇ ਖੇਤ ਵਾਹ ਕੇ ਟਰੈਕਟਰ ਨਾਲ ਮੈਨੂੰ ਉੱਥੇ ਹੀ ਥਾਂ ਬਣਾ ਕੇ ਦਿੱਤੀ ਜਿੱਥੇ ਮੈਂ ਪ੍ਰੈਕਟਿਸ ਕਰਨ ਲੱਗਾ। ਉਸ ਵੇਲੇ ਖੇਤ ਖਾਲ੍ਹੀ ਸਨ। ਕੋਰੋਨਾ ਲੌਕਡਾਊਨ ਵਿੱਚ ਵੀ ਉੱਥੇ ਹੀ ਪ੍ਰੈਕਟਿਸ ਕਰਦਾ ਹੁੰਦਾ ਸੀ। ਫਿਰ ਕੈਂਪ ਵੀ ਲੱਗੇ।"

ਉਹ ਅੱਗੇ ਦੱਸਦੇ ਹਨ, "ਪਿੰਡ ਵਿੱਚ ਮੈਨੂੰ ਦੇਖ ਦੇ ਹੋਰ ਛੋਟੇ ਬੱਚੇ ਪ੍ਰੈਕਟਿਸ ਕਰਨ ਲੱਗੇ, ਮੈਨੂੰ ਉਨ੍ਹਾਂ ਦਾ ਸਾਥ ਮਿਲ ਜਾਂਦਾ ਤੇ ਚੰਗਾ ਲੱਗਦਾ ਸੀ।"

ਉਨ੍ਹਾਂ ਨੇ ਕਿਹਾ, "ਇੱਥੇ ਮੇਰੇ ਤਿੰਨ ਸ਼ੂਟ ਆਫ ਹੋਏ ਅਤੇ ਮੈਂ ਤਿੰਨੇ ਜਿੱਤੇ, ਹੁਣ ਮੈਨੂੰ ਸ਼ੂਟ ਆਫ ਮਾਸਟਰ ਕਹਿ ਰਹੇ ਹਨ, ਕਾਫ਼ੀ ਚੰਗਾ ਲੱਗ ਰਿਹਾ ਹੈ।"

ਪੜ੍ਹਾਈ ਅਤੇ ਖੇਡ ਦਾ ਸੰਤੁਲਨ ਕਿਵੇਂ ਬਣਾਉਂਦੇ ਹੋ

ਹਰਵਿੰਦਰ ਸਿੰਘ ਕਹਿੰਦੇ ਹਨ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ (ਈਕੋਨਾਮਿਕਸ) ਕਰ ਰਹੇ ਹਨ।

ਹਰਵਿੰਦਰ ਕਹਿੰਦੇ ਹਨ ਕਿ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਪਰ ਨਾਲ ਪੜ੍ਹਨ ਦਾ ਇਹ ਫਾਇਦਾ ਹੁੰਦਾ ਹੈ ਕਿ ਅਸੀਂ ਖਾਲੀ ਨਹੀਂ ਬੈਠਦੇ।

ਉਹ ਕਹਿੰਦੇ ਹਨ, "ਮੇਰੇ ਰਿਸਰਚ ਦਾ ਮੇਰੀ ਖੇਡ 'ਤੇ ਵੀ ਅਸਰ ਪੈਂਦਾ ਹੈ, ਜਦੋਂ ਮੇਰਾ ਸ਼ੌਟ ਖ਼ਰਾਬ ਜਾਂਦਾ ਹੈ ਤਾਂ ਮੈਂ ਰਿਸਰਚ ਕਰਦਾ ਹਾਂ ਕਿ ਅਜਿਹਾ ਕਿਉਂ ਹੋਇਆ। ਮੇਰੀ ਖੋਜ ਨੇ ਵੀ ਮੈਨੂੰ ਮੈਡਲ ਜਿਤਵਾਉਣ ਵਿੱਚ ਮਦਦ ਕੀਤੀ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਾਨਸਿਕ ਸਿਖਲਾਈ ਬਾਰੇ

ਹਰਵਿੰਦਰ ਕਹਿੰਦੇ ਹਨ, "ਜਿਵੇਂ ਅਸੀਂ ਪ੍ਰੀਖਿਆ ਦਿੰਦੇ ਹਾਂ ਤੇ ਪਿਛਲੇ 6 ਮਹੀਨਿਆਂ ਦਾ ਪੜ੍ਹਿਆਂ 3 ਘੰਟਿਆਂ ਵਿੱਚ ਲਿਖਦੇ ਹਾਂ ਇਸੇ ਤਰ੍ਹਾਂ ਖੇਡ ਵਿੱਚ ਸਾਲਾਂ ਦੀ ਮਿਹਨਤ ਨੂੰ 10-15 ਸਕਿੰਟਾਂ ਵਿੱਚ ਦਿਖਾਉਣਾ ਹੁੰਦਾ ਹੈ।"

ਹਰਵਿੰਦਰ ਸਿੰਘ ਵਿਸ਼ਵ ਰੈਂਕਿੰਗ ਵਿੱਚ ਇਸ ਵੇਲੇ 23ਵੇਂ ਨੰਬਰ ਉੱਤੇ ਹਨ। 2018 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਹਰਵਿੰਦਰ ਸਿੰਘ ਗੋਲਡ ਮੈਡਲ ਜਿੱਤ ਚੁੱਕੇ ਹਨ।

ਹਰਵਿੰਦਰ ਸਿੰਘ ਇੱਕ ਮਿਡਿਲ ਕਲਾਸ ਪਰਿਵਾਰ ਤੋਂ ਆਉਂਦੇ ਹਨ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਡੇਢ ਸਾਲ ਦੀ ਉਮਰ ਵਿੱਚ ਹਰਵਿੰਦਰ ਨੂੰ ਡੇਂਗੂ ਹੋ ਗਿਆ ਸੀ। ਉਸ ਵੇਲੇ ਇੱਕ ਲਗਾਏ ਗਏ ਇੱਕ ਇੰਜੈਕਸ਼ਨ ਨੇ ਉਨ੍ਹਾਂ ਦੀਆਂ ਲੱਤਾਂ ਦੇ ਕੰਮ ਕਰਨ ਨੂੰ ਰੋਕ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)