ਤਾਲਿਬਾਨ, ਇਸਲਾਮਿਕ ਸਟੇਟ ਅਤੇ ਅਲ-ਕਾਇਦਾ 'ਚ ਕੀ ਫ਼ਰਕ ਹੈ, ਕਿਸ ਨੂੰ ਆਪਣਾ ਦੁਸ਼ਮਣ ਮੰਨਦੇ ਹਨ

    • ਲੇਖਕ, ਜੋਸ ਕਾਰਲੋਸ ਕੁਏਟੋ
    • ਰੋਲ, ਬੀਬੀਸੀ ਪੱਤਰਕਾਰ

ਅਫਗਾਨਿਸਤਾਨ ਵਿੱਚ ਇੱਕ ਵਾਰ ਫਿਰ ਤਾਲਿਬਾਨ ਦਾ ਸ਼ਾਸਨ ਹੈ ਅਤੇ ਇਸਦਾ ਜਸ਼ਨ ਦੁਨੀਆਂ ਭਰ ਦੇ ਜਿਹਾਦੀਆਂ ਨੇ ਮਨਾਇਆ ਹੈ।

ਯਮਨ ਅਤੇ ਹੋਰ ਦੇਸਾਂ ਵਿੱਚ ਉਨ੍ਹਾਂ ਨੇ ਆਤਿਸ਼ਬਾਜ਼ੀ ਕੀਤੀ, ਸੋਮਾਲੀਆ ਵਿੱਚ ਉਨ੍ਹਾਂ ਨੇ ਮਿਠਾਈਆਂ ਵੰਡੀਆਂ ਅਤੇ ਪੂਰੇ ਦੱਖਣੀ ਏਸ਼ੀਆ ਵਿੱਚ ਇਸਲਾਮਿਕ ਸਮੂਹਾਂ ਨੇ ਪੱਛਮੀ ਸੈਨਾ ਦੇ ਵਾਪਸ ਜਾਣ ਨੂੰ ਉਨ੍ਹਾਂ ਉੱਪਰ ਇੱਕ ਜਿੱਤ ਵਜੋਂ ਦੇਖਦੇ ਹੋਏ ਇੱਕ-ਦੂਜੇ ਨੂੰ ਆਨਲਾਈਨ ਵਧਾਈਆਂ ਦਿੱਤੀਆਂ।

ਮਾਹਰਾਂ ਨੂੰ ਹੁਣ ਡਰ ਹੈ ਕਿ ਮੱਧ ਪੂਰਬ ਅਤੇ ਮੱਧ ਏਸ਼ੀਆ ਵਿੱਚ ਜਿਹਾਦ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ।

ਸਭ ਤੋਂ ਵੱਡਾ ਖ਼ਤਰਾ ਉਨ੍ਹਾਂ ਸੰਗਠਨਾਂ ਤੋਂ ਹੈ ਜੋ ਅਲ-ਕਾਇਦਾ ਅਤੇ ਇਸਲਾਮਿਕ ਸਟੇਟ (ਆਈਐੱਸ) ਕਹੇ ਜਾਣ ਵਾਲੀਆਂ ਜਥੇਬੰਦੀਆਂ ਨਾਲ ਜੁੜੇ ਹਨ - ਜੋ ਕਿ ਹਾਲ ਦੇ ਕੁਝ ਸਾਲਾਂ ਵਿੱਚ ਕਮਜ਼ੋਰ ਤਾਂ ਹੋਏ ਪਰ ਫਿਰ ਵੀ ਸਰਗਰਮ ਹਨ।

ਅਮਰੀਕਾ ਨਾਲ ਕੀਤੇ ਸਮਝੌਤੇ ਵਿੱਚ ਤਾਲਿਬਾਨ ਨੇ ਇਹ ਵਾਅਦਾ ਕੀਤਾ ਹੈ ਕਿ ਉਹ ਅਜਿਹੇ ਕੱਟੜਪੰਥੀ ਸੰਗਠਨਾਂ ਨੂੰ ਪਨਾਹ ਨਹੀਂ ਦੇਣਗੇ ਜਿਨ੍ਹਾਂ ਦੇ ਇਰਾਦੇ ਪੱਛਮੀ ਦੇਸ਼ਾਂ ਦੇ ਟਿਕਾਣਿਆਂ 'ਤੇ ਹਮਲੇ ਕਰਨ ਦੇ ਹੋਣ। ਪਰ ਤਾਲਿਬਾਨ ਦੇ ਰਿਸ਼ਤੇ ਅਲ-ਕਾਇਦਾ ਨਾਲ ਕਾਫ਼ੀ ਕਰੀਬੀ ਹਨ।

ਇਹ ਵੀ ਪੜ੍ਹੋ:

ਦੂਜੇ ਪਾਸੇ ਅਲ-ਕਾਇਦਾ ਦੇ ਵਿਰੋਧੀ, ਆਈਐੱਸ ਬਾਰੇ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਮੂਹ ਆਪਣੀ ਸਾਰਥਕਤਾ ਨੂੰ ਸਾਬਿਤ ਕਰਨ ਲਈ ਦਬਾਅ ਹੇਠ ਹੋਵੇਗਾ।

ਇਸਲਾਮਿਕ ਸਟੇਟ ਖੁਰਾਸਾਨ ਪ੍ਰੌਵਿੰਸ (ISIS-K ਜਾਂ ਆਈਐੱਸਕੇਪੀ), ਇੱਕ ਆਈਐੱਸ ਨਾਲ ਜੁੜਿਆ ਸਮੂਹ ਹੈ ਜਿਸਨੇ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ਦੇ ਬਾਹਰ ਹਮਲਾ ਕਰ ਦਿੱਤਾ। ਜਿਸ ਵਿੱਚ 13 ਅਮਰੀਕੀ ਫੌਜੀਆਂ ਸਣੇ 150 ਤੋਂ ਵੱਧ ਲੋਕ ਮਾਰੇ ਗਏ।

ਪਰ ਜੇ ਇਸ ਕੱਟੜਪੰਥੀ ਵਿਚਾਰਧਾਰਾ ਨੂੰ ਛੱਡ ਦੇਈਏ, ਤਾਂ ਅਜਿਹਾ ਕੀ ਹੈ ਜੋ ਇਨ੍ਹਾਂ ਤਿੰਨਾਂ ਸਮੂਹਾਂ ਨੂੰ ਇੱਕ-ਦੂਜੇ ਨਾਲੋਂ ਵੱਖ ਕਰਦਾ ਹੈ?

ਨਿਊਯਾਰਕ ਦੇ ਸੌਫਾਨ ਸੈਂਟਰ ਦੇ ਇੱਕ ਖੋਜਕਰਤਾ ਅਤੇ ਸੁਰੱਖਿਆ ਵਿਸ਼ਲੇਸ਼ਕ ਕੋਲਿਨ ਕਲਾਰਕ ਨੇ ਬੀਬੀਸੀ ਨਾਲ ਗੱਲ ਕਰਦਿਆਂ ਸੰਖੇਪ ਵਿੱਚ ਕਿਹਾ:

"ਤਾਲਿਬਾਨ, ਅਫ਼ਗਾਨਿਸਤਾਨ ਦਾ ਸਭ ਤੋਂ ਅਹਿਮ ਖਿਡਾਰੀ ਹੈ। ਅਲ-ਕਾਇਦਾ ਇੱਕ ਕੌਮਾਂਤਰੀ ਜਿਹਾਦੀ ਸੰਗਠਨ ਹੈ ਜੋ ਦੁਬਾਰਾ ਆਪਣੇ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਲਾਮਿਕ ਸਟੇਟ ਵੀ ਇਸੇ ਤਰ੍ਹਾਂ ਹੈ, ਪਰ ਇਸ ਦੇ ਲਈ ਲੜਾਈ ਔਖੀ ਹੋਵੇਗੀ ਕਿਉਂਕਿ ਇਹ ਅਲ-ਕਾਇਦਾ ਅਤੇ ਤਾਲਿਬਾਨ ਦੋਵਾਂ ਦਾ ਖ਼ਤਰਨਾਕ ਦੁਸ਼ਮਣ ਹੈ।"

ਸਾਬਕਾ ਮੇਅਰ ਨੇ ਤਾਲਿਬਾਨ ਨੂੰ ਕਿਉਂ ਕੀਤੀ ਗੱਲਬਾਤ ਦੀ ਅਪੀਲ- ਦੇਖੋ ਵੇਡੀਓ

ਕਿਵੇਂ ਉੱਭਰੇ ਇਹ ਸੰਗਠਨ

1980 ਦੇ ਅਖੀਰ ਵਿੱਚ ਸੋਵੀਅਤ ਹਮਲੇ ਦੇ ਵਿਰੋਧ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਅਫ਼ਗਾਨਿਸਤਾਨ ਦੇ ਅੰਦਰੂਨੀ ਸੰਘਰਸ਼ਾਂ ਦੇ ਵਿਰੋਧ ਦੌਰਾਨ ਅਲ-ਕਾਇਦਾ ਅਤੇ ਤਾਲਿਬਾਨ ਉੱਭਰ ਕੇ ਸਾਹਮਣੇ ਆਏ।

ਕਈ ਸਾਲਾਂ ਬਾਅਦ ਇਰਾਕ ਵਿੱਚ ਅਲ-ਕਾਇਦਾ ਤੋਂ ਬਾਅਦ ਇਸਲਾਮਿਕ ਸਟੇਟ ਉੱਭਰਿਆ, ਜੋ 2003 ਵਿੱਚ ਇਰਾਕ ਉੱਤੇ ਅਮਰੀਕੀ ਹਮਲੇ ਦੇ ਜਵਾਬ ਵਿੱਚ ਸਥਾਪਤ ਅਲ-ਕਾਇਦਾ ਦਾ ਇੱਕ ਸਥਾਨਕ ਸਮੂਹ ਸੀ।

2007 ਵਿੱਚ ਇਰਾਕ ਵਿੱਚ ਅਮਰੀਕੀ ਫ਼ੌਜਾਂ ਦੇ ਵਧਦੇ ਪ੍ਰਭਾਵ ਤੋਂ ਬਾਅਦ ਇਹ ਸੰਗਠਨ ਕਈ ਸਾਲਾਂ ਤੱਕ ਲੁਕਿਆ ਜਿਹਾ ਰਿਹਾ। ਪਰ ਫਿਰ ਸਾਲ 2011 ਵਿੱਚ ਇਸਨੇ ਦੁਬਾਰਾ ਉੱਭਰਨਾ ਸ਼ੁਰੂ ਕਰ ਦਿੱਤਾ।

ਅਲ-ਕਾਇਦਾ ਦੀ ਸਥਾਪਨਾ ਸਾਊਦੀ ਅਰਬ ਦੇ ਕਰੋੜਪਤੀ ਪਰਿਵਾਰ ਤੋਂ ਆੁਉਂਦੇ ਓਸਾਮਾ ਬਿਨ ਲਾਦੇਨ ਨੇ 1980 ਦੇ ਅਖੀਰ ਵਿੱਚ ਕੀਤੀ ਸੀ।

ਇਸਦਾ ਮਤਲਬ ਹੁੰਦਾ ਹੈ, "ਅਧਾਰ/ਬੇਸ" ਜਾਂ "ਨੈੱਟਵਰਕ" ਅਤੇ ਇਸ ਨੇ ਸੋਵੀਅਤ ਯੂਨੀਅਨ ਦੇ ਵਿਰੁੱਧ ਲੜਨ ਵਾਲੇ ਮੁਸਲਮਾਨਾਂ ਲਈ ਇੱਕ ਲੌਜਿਸਟਿਕਲ (ਸੰਚਾਲਨ) ਅਤੇ ਹਥਿਆਰਾਂ ਦੇ ਸਮਰਥਨ ਨੈੱਟਵਰਕ ਵਜੋਂ ਕੰਮ ਕੀਤਾ।

ਬਿਨ ਲਾਦੇਨ ਨੇ ਅਲ-ਕਾਇਦਾ ਵਿੱਚ ਸ਼ਾਮਲ ਹੋਣ ਲਈ ਦੁਨੀਆਂ ਭਰ 'ਚੋਂ ਲੋਕਾਂ ਦੀ ਭਰਤੀ ਕੀਤੀ।

ਪਸ਼ਤੋ ਭਾਸ਼ਾ ਵਿੱਚ "ਵਿਦਿਆਰਥੀ" ਕਹੇ ਜਾਂਦੇ ਤਾਲਿਬਾਨ, ਅਫ਼ਗਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਤੋਂ ਬਾਅਦ ਉੱਤਰੀ ਪਾਕਿਸਤਾਨ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਉੱਭਰੇ ਸਨ।

ਭਾਰਤ ਪਹੁੰਚੇ ਅਫ਼ਗਾਨ ਸਿੱਖ ਐੱਮਪੀ ਨਰਿੰਦਰ ਸਿੰਘ ਨਾਲ ਗੱਲਬਾਤ ਦਾ ਵੀਡੀਓ

ਇਹ ਮੰਨਿਆ ਜਾਂਦਾ ਹੈ ਕਿ ਮੁੱਖ ਤੌਰ 'ਤੇ ਪਸ਼ਤੂਨ ਅੰਦੋਲਨ ਪਹਿਲੀ ਵਾਰ ਧਾਰਮਿਕ ਸੈਮੀਨਾਰਾਂ ਵਿੱਚ ਦਿਖਾਈ ਦਿੱਤਾ ਸੀ। ਇਸਦੇ ਲਈ ਪੈਸੇ ਦਿੱਤੇ ਜਾਂਦੇ ਸਨ ਜੋ ਕਿ ਜ਼ਿਆਦਾਤਰ ਅਰਬ ਤੋਂ ਆਉਂਦੇ ਸਨ - ਇਸਨੇ ਸੁੰਨੀ ਇਸਲਾਮ ਦੇ ਇੱਕ ਕੱਟੜ ਰੂਪ ਦਾ ਪ੍ਰਚਾਰ ਕੀਤਾ ਸੀ।

ਤਾਲਿਬਾਨ ਦਾ ਵਾਅਦਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਪਸ਼ਤੂਨ ਇਲਾਕਿਆਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਹਾਲ ਕਰਨਗੇ ਅਤੇ ਸ਼ਰੀਆ ਜਾਂ ਆਪਣੇ ਸਖ਼ਤ ਇਸਲਾਮਿਕ ਕਾਨੂੰਨ ਲਾਗੂ ਕਰਨਗੇ।

ਤਾਲਿਬਾਨ ਨੇ ਦੱਖਣ-ਪੱਛਮੀ ਅਫ਼ਗਾਨਿਸਤਾਨ ਤੋਂ ਤੇਜ਼ੀ ਨਾਲ ਆਪਣਾ ਪ੍ਰਭਾਵ ਵਧਾਇਆ। ਸਾਲ 1996 ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਬੁਰਹਾਨੁਦੀਨ ਰਬਾਨੀ ਦੀ ਸਰਕਾਰ ਦਾ ਤਖ਼ਤਾ ਪਲਟ ਕਰਦਿਆਂ ਕਾਬੁਲ ਉੱਤੇ ਕਬਜ਼ਾ ਕਰ ਲਿਆ।

1998 ਤੱਕ ਲਗਭਗ 90 ਫੀਸਦ ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਸੀ।

ਉਦੋਂ ਤੱਕ ਅਲ-ਕਾਇਦਾ ਇੱਕ ਲੌਜਿਸਟਿਕਲ ਸਪੋਰਟ ਨੈੱਟਵਰਕ ਨਾਲੋਂ ਕਿਤੇ ਜ਼ਿਆਦਾ ਵੱਡਾ ਬਣ ਗਿਆ ਸੀ।

ਇਹ ਇੱਕ ਅਜਿਹਾ ਜਿਹਾਦੀ ਸੰਗਠਨ ਬਣ ਗਿਆ ਸੀ, ਜਿਸਦਾ ਮਕਸਦ ਹੁਣ ਪੂਰੀ ਦੁਨੀਆਂ ਸੀ ਅਤੇ ਤਾਲਿਬਾਨ ਸ਼ਾਸਨ ਨੇ ਧੰਨਵਾਦ ਦੇ ਤੌਰ 'ਤੇ ਅਤੇ ਫੰਡਿੰਗ ਦੇ ਬਦਲੇ ਅਫ]ਗਾਨਿਸਤਾਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਸੀ।

ਪਰ ਏਕਿਊਆਈ ਜੋ ਇਰਾਕ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਨ ਵਾਲਾ ਇੱਕ ਮੁੱਖ ਚਿਹਰਾ ਬਣ ਗਿਆ ਸੀ, ਦੇ ਵਿਚਾਰ ਵਿਸ਼ਵ ਪੱਧਰ ਤੱਕ ਪਹੁੰਚ ਦੇ ਸਨ ਜੋ ਅਲ-ਕਾਇਦਾ ਦੇ ਮੂਲ ਸਿਧਾਂਤਾਂ ਤੋਂ ਵੱਖਰੇ ਸਨ।

2006 ਵਿੱਚ ਇਸ ਨੇ ਹੋਰ ਕੱਟੜਪੰਥੀ ਜਥੰਬਦੀਆਂ ਨੂੰ ਆਪਣੇ ਨਾਲ ਜੋੜਿਆ ਅਤੇ ਖੁਦ ਨੂੰ ਇਸਲਾਮਿਕ ਸਟੇਟ ਆਫ਼ ਇਰਾਕ ਦਾ ਨਾਂ ਦਿੱਤਾ।

ਸਾਲ 2011 ਤੋਂ ਬਾਅਦ ਜਦੋਂ ਇਸਨੇ ਜੰਗ-ਪ੍ਰਭਾਵਿਤ ਸੀਰੀਆ ਵਿੱਚ ਆਪਣਾ ਪ੍ਰਭਾਵ ਵਧਾਇਆ ਤਾਂ ਇਸ ਸਮੂਹ ਨੇ ਆਪਣਾ ਨਾਮ ਬਦਲ ਕੇ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਲੇਵੈਂਟ ਕਰ ਦਿੱਤਾ। ਅਤੇ ਸਵੈ-ਐਲਾਨੇ ਖਲੀਫ਼ਾ ਦੇ ਤੌਰ 'ਤੇ ਇਸਨੇ ਖੁਦ ਨੂੰ ਅਲ-ਕਾਇਦਾ ਤੋਂ ਇੱਕਦਮ ਦੂਰ ਕਰ ਲਿਆ।

ਅਫ਼ਗਾਨਿਸਤਾਨ 'ਚ ਧਰਤੀ ਹੇਠ ਕਿਹੜੇ ਖਜ਼ਾਨੇ- ਦੇਖੋ ਵੀਡੀਓ

ਇਸਲਾਮ ਦੀ ਵਿਆਖਿਆ

ਤਾਲਿਬਾਨ, ਅਲ-ਕਾਇਦਾ ਅਤੇ ਆਈਐੱਸ ਵਿਚਾਲੇ ਇੱਕ ਸਾਂਝੀ ਗੱਲ ਹੈ - ਸੁੰਨੀ ਇਸਲਾਮ ਪ੍ਰਤੀ ਉਨ੍ਹਾਂ ਦਾ ਕੱਟੜ ਦ੍ਰਿਸ਼ਟੀਕੋਣ।

ਕਿੰਗਜ਼ ਕਾਲਜ ਲੰਡਨ ਦੇ ਸਹਾਇਕ ਅਧਿਆਪਕ ਮਿਸ਼ੇਲ ਗਰੋਪੀ ਨੇ ਬੀਬੀਸੀ ਨੂੰ ਦੱਸਿਆ, "ਤਿੰਨਾਂ ਸੰਗਠਨਾਂ ਦਾ ਮੰਨਣਾ ਹੈ ਕਿ ਸਮਾਜਿਕ ਅਤੇ ਸਿਆਸੀ ਜੀਵਨ ਨੂੰ ਧਾਰਮਿਕ ਜੀਵਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ।"

"ਉਹ ਮੰਨਦੇ ਹਨ ਕਿ ਧਾਰਮਿਕ ਵਿਸ਼ਵਾਸ ਦੇ ਨਾਮ 'ਤੇ ਹਿੰਸਾ ਜਾਇਜ਼ ਹੈ। ਕੋਈ ਵੀ ਮੁਸਲਮਾਨ ਜੋ ਲੜਾਈ ਨਹੀਂ ਕਰਦਾ ਉਹ ਬੁਰਾ ਮੁਸਲਮਾਨ ਹੈ।"

ਮਿਸ਼ੇਲ ਗਰੋਪੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਜ਼ਰੀਆ ਪਵਿੱਤਰ ਗ੍ਰੰਥਾਂ ਦੀ ਸ਼ਾਬਦਿਕ ਵਿਆਖਿਆ ਤੋਂ ਪੈਦਾ ਹੋਇਆ ਹੈ ਜੋ ਧਮਕੀਆਂ ਜਾਂ ਡਰ ਦੇ ਇੱਕ ਵੱਖਰੇ ਸੰਦਰਭ ਵਿੱਚ ਲਿਖੀ ਗਈ ਸੀ।

"ਕੁਰਾਨ ਵਿੱਚ ਸਖ਼ਤ ਆਇਤਾਂ ਹਨ, ਬਹੁਤ ਸਖ਼ਤ ਆਇਤਾਂ। ਪਰ ਆਮ ਤੌਰ 'ਤੇ ਮੁਸਲਮਾਨਾਂ ਦੀ ਬਹੁਗਿਣਤੀ ਉਨ੍ਹਾਂ ਹਿੰਸਕ ਸਿਧਾਂਤਾਂ ਨੂੰ ਨਹੀਂ ਮੰਨਦੀ। ਉਹ ਕਹਿੰਦੇ ਹਨ ਕਿ ਇਹ ਧਰਮ ਦੇ ਸ਼ੁਰੂਆਤੀ ਸਮੇਂ ਵਿੱਚ ਠੀਕ ਸਨ, ਜਦੋਂ ਇਹ ਖ਼ਤਰੇ ਵਿੱਚ ਸੀ। ਉਸ ਸਮੇਂ ਪਵਿੱਤਰ ਜਿਹਾਦੀ ਲੜਾਈ ਦਾ ਮਤਲਬ ਸਮਝ ਆਉਂਦਾ ਹੈ।"

ਇਸ ਸਾਂਝੇ ਨਜ਼ਰੀਏ ਦੇ ਬਾਵਜੂਦ, ਤਾਲਿਬਾਨ, ਅਲ-ਕਾਇਦਾ ਅਤੇ ਆਈਐੱਸ ਆਪਣੇ ਟੀਚਿਆਂ ਅਨੁਸਾਰ ਕੱਟੜਵਾਦ ਪ੍ਰਤੀ ਵੱਖਰੇ ਹਨ - ਜਿਸ ਬਾਰੇ ਕੁਝ ਮਾਹਰ ਮੰਨਦੇ ਹਨ ਕਿ ਇਹੀ ਇਨ੍ਹਾਂ ਤਿੰਨਾਂ ਵਿੱਚ ਵੱਡਾ ਫ਼ਰਕ ਹੈ।

ਕੀ ਹਨ ਇਨ੍ਹਾਂ ਦੇ ਮਕਸਦ

ਇੱਕ ਪਾਸੇ ਜਿੱਥੇ ਤਾਲਿਬਾਨ ਦਾ ਰੁਝਾਨ ਅਫਗਾਨਿਸਤਾਨ ਵਿੱਚ ਹੈ, ਉੱਥੇ ਦੂਜੇ ਪਾਸੇ ਅਲ-ਕਾਇਦਾ ਅਤੇ ਆਈਐੱਸ ਦੁਨੀਆਂ ਭਰ ਵਿੱਚ ਦਿਲਚਸਪੀ ਰੱਖਦੇ ਹਨ।

ਪਿਛਲੀ ਵਾਰ ਜਦੋਂ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ ਵਿੱਚ ਕਾਬਜ਼ ਸਨ ਤਾਂ ਸੰਗਠਨ ਨੇ 1990 ਦੇ ਦਹਾਕੇ ਵਿੱਚ ਸ਼ਰੀਆ ਕਾਨੂੰਨ ਲਾਗੂ ਕੀਤਾ ਸੀ, ਜਿਸ ਵਿੱਚ ਔਰਤਾਂ ਲਈ ਸਖ਼ਤ ਕਾਨੂੰਨ ਅਤੇ ਸਖ਼ਤ ਸਜ਼ਾਵਾਂ ਸ਼ਾਮਲ ਸਨ, ਅਤੇ ਨਾਲ ਹੀ ਜਨਤਕ ਫਾਂਸੀ, ਕੋੜੇ ਮਾਰਨਾ ਅਤੇ ਅੰਗ ਕੱਟਣ ਵਰਗੀਆਂ ਸਜ਼ਾਵਾਂ ਵੀ ਸ਼ਾਮਲ ਸਨ।

ਹੁਣ ਇੱਕ ਵਾਰ ਜਦੋਂ ਮੁੜ ਤਾਲਿਬਾਨ ਸੱਤਾ ਵਿੱਚ ਹੈ ਤਾਂ ਅਫ਼ਗਾਨ ਲੋਕਾਂ ਵਿੱਚ ਖੌਫ਼ ਹੈ ਕਿ ਉਹ ਡਰਾਉਣਾ ਇਤਿਹਾਸ ਖੁਦ ਨੂੰ ਦੁਹਰਾਏਗਾ ਅਤੇ ਇਸੇ ਕਾਰਨ ਵੱਡੀ ਗਿਣਤੀ ਵਿੱਚ ਅਫਗਾਨਾਂ ਨੇ ਦੇਸ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਵਾਸ਼ਿੰਗਟਨ ਦੀ ਜੌਰਜਟਾਊਨ ਯੂਨੀਵਰਸਿਟੀ ਦੇ ਅੱਤਵਾਦ ਅਤੇ ਮੱਧ ਪੂਰਬ ਦੇ ਮਾਹਰ ਡੈਨੀਅਲ ਬਾਇਮਨ ਦਾ ਕਹਿਣਾ ਹੈ ਕਿ ਅਲ-ਕਾਇਦਾ ਅਤੇ ਆਈਐੱਸ ਦੀਆਂ ਸਿੱਖਿਆਵਾਂ ਹੋਰ ਵੀ ਕੱਟੜ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਚਾਹੇ ਤਾਲਿਬਾਨ "ਦੂਜੇ ਦੇਸ਼ਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ।"

ਬਾਇਮਨ ਦਾ ਕਹਿਣਾ ਹੈ ਕਿ ਜਦੋਂਕਿ ਅਲ-ਕਾਇਦਾ ਅਤੇ ਆਈਐੱਸ ਦੋਵਾਂ ਦੀਆਂ ਵਿਸ਼ਵਵਿਆਪੀ ਇੱਛਾਵਾਂ ਹਨ ਅਤੇ ਇਹ ਇੱਕ ਖਲੀਫ਼ਾ ਬਣਾਉਣ ਦੀ ਇੱਛਾ ਰੱਖਦੇ ਹਨ।

"ਜਿੱਥੇ ਆਈਐੱਸ ਹੁਣ ਇੱਕ ਖਲੀਫ਼ਾ ਬਣਾਉਣਾ ਚਾਹੁੰਦਾ ਹੈ, ਅਲ-ਕਾਇਦਾ ਦਾ ਸੋਚਣਾ ਹੈ ਕਿ ਇਹ ਜਲਦਬਾਜ਼ੀ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹਾਦੀ ਭਾਈਚਾਰਾ ਅਤੇ ਮੁਸਲਿਮ ਸਮਾਜ ਹਾਲੇ ਤਿਆਰ ਨਹੀਂ ਹਨ। ਇਹ ਉਨ੍ਹਾਂ ਦੀ ਤਰਜੀਹ ਨਹੀਂ ਹੈ।"

ਕਿਸ ਨੂੰ ਮੰਨਦੇ ਹਨ ਦੁਸ਼ਮਣ

ਤਾਲਿਬਾਨ, ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਦੇ ਕਈ ਨੇੜਲੇ ਸਾਂਝੇ ਦੁਸ਼ਮਣ ਹਨ ਪਰ ਉਨ੍ਹਾਂ ਦੇ ਕਈ ਵੱਖੋ-ਵੱਖਰੇ ਦੁਸ਼ਮਣ ਵੀ ਹਨ।

ਅਮਰੀਕਾ ਅਤੇ ਪੱਛਮੀ ਦੇਸ ਪਹਿਲੇ ਨੰਬਰ 'ਤੇ ਹਨ। ਇਸਤੋਂ ਬਾਅਦ ਵਾਲਿਆਂ ਵਿੱਚ ਉਨ੍ਹਾਂ ਦੇ ਸਹਿਯੋਗੀ ਦੇਸ ਅਤੇ ਉਹ ਦੇਸ ਹਨ ਜਿਨ੍ਹਾਂ ਨੇ ਸਿਆਸਤ ਅਤੇ ਧਰਮ ਨੂੰ ਵੱਖ ਕੀਤਾ ਹੈ।

ਬਾਇਮਨ ਕਹਿੰਦੇ ਹਨ, "ਸ਼ੁਰੂ ਤੋਂ ਹੀ, ਆਈਐੱਸ ਅਲ-ਕਾਇਦਾ ਨਾਲੋਂ ਵਧੇਰੇ ਹਿੰਸਕ ਸਨ ਅਤੇ ਉਹ ਪੱਛਮ ਦੇ ਵਿਰੁੱਧ ਲੜਾਈ ਦੇ ਨਾਲ-ਨਾਲ ਉਨ੍ਹਾਂ ਮੁਸਲਮਾਨਾਂ ਦੇ ਵਿਰੁੱਧ ਵੀ ਇੱਕ ਸੰਪਰਦਾਇਕ ਸੰਘਰਸ਼ ਕਰਦੇ ਰਹੇ ਜੋ ਆਈਐੱਸ ਦੀ ਵਿਚਾਰਧਾਰਾ ਵਾਲੇ ਨਹੀਂ ਸਨ।"

ਇਸ ਲਈ ਇੱਕ ਹੋਰ ਅਹਿਮ ਫਰਕ ਇਹ ਹੈ ਕਿ ਜਿੱਥੇ ਅਲ-ਕਾਇਦਾ ਦਾ ਮੁੱਖ ਦੁਸ਼ਮਣ ਅਮਰੀਕਾ ਹੈ, ਉੱਥੇ ਆਈਐਸ ਮੱਧ-ਪੂਰਬ ਵਿੱਚ ਸ਼ੀਆ ਭਾਈਚਾਰਿਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ 'ਤੇ ਵੀ ਹਮਲੇ ਜਾਰੀ ਰੱਖਦਾ ਹੈ।

ਬਾਇਮਨ ਕਹਿੰਦੇ ਹਨ, "ਹਾਲਾਂਕਿ ਅਲ-ਕਾਇਦਾ ਵੀ ਸ਼ੀਆ ਨੂੰ ਧਰਮ-ਤਿਆਗੀ ਮੰਨਦੇ ਹਨ ਪਰ ਉਹ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਮਾਰਨਾ ਅਤਿ ਹੋ ਜਾਵੇਗੀ। ਜੋ ਕਿ ਸਰੋਤਾਂ ਦੀ ਬਰਬਾਦੀ ਅਤੇ ਜਿਹਾਦੀ ਪ੍ਰੋਜੈਕਟ ਲਈ ਨੁਕਸਾਨ ਵਾਲਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਗਰੋਪੀ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਨੇ ਇਸ ਫ਼ਰਕ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਆਈਐੱਸ ਦਾ ਮੰਨਣਾ ਹੈ ਕਿ ਤਾਲਿਬਾਨ "ਗੱਦਾਰ" ਹੈ ਜਿਸ ਨੇ ਅਮਰੀਕਾ ਦੀ ਯੋਜਨਾਬੱਧ ਵਾਪਸੀ ਲਈ ਉਨ੍ਹਾਂ ਨਾਲ ਸਮਝੌਤੇ ਵਾਲੀ ਗੱਲਬਾਤ ਕੀਤੀ।

ਹਾਲਾਂਕਿ, ਉਹ ਤੀਜੇ ਸਮੂਹ ਦੇ ਜ਼ਰੀਏ ਹਾਲੇ ਵੀ ਤਾਲਿਬਾਨ ਨਾਲ ਜੁੜੇ ਹੋਏ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਆਈਐੱਸ ਧੜੇ ਅਤੇ ਕਥਿਤ ਹੱਕਾਨੀ ਨੈੱਟਵਰਕ ਦੇ ਵਿਚਕਾਰ ਮਜ਼ਬੂਤ ਸਬੰਧ ਹਨ। ਹੱਕਾਨੀ ਨੈੱਟਵਰਕ ਇੱਕ ਅੱਤਵਾਦੀ ਸਮੂਹ ਹੈ ਜੋ ਤਾਲਿਬਾਨ ਦੇ ਕਾਫ਼ੀ ਨਜ਼ਦੀਕ ਹੈ।

ਵੱਖ-ਵੱਖ ਹਨ ਤਰੀਕੇ

11 ਸਤੰਬਰ, 2001 ਨੂੰ ਨਿਊਯਾਰਕ ਦੇ ਟਵਿਨ ਟਾਵਰਸ 'ਤੇ ਕੀਤਾ ਗਿਆ ਹਮਲਾ, ਅਲ-ਕਾਇਦਾ ਦਾ ਸਭ ਤੋਂ ਵੱਡਾ ਹਮਲਾ ਸੀ। ਇਸ ਨੂੰ 9/11 ਦੇ ਹਮਲੇ ਵਜੋਂ ਵੀ ਜਾਣਿਆ ਜਾਂਦਾ ਹੈ।

ਅਜਿਹੇ ਪ੍ਰਭਾਵੀ ਤਰੀਕਿਆਂ ਨਾਲ, ਸੰਗਠਨ ਦਾ ਮਕਸਦ ਮੁਸਲਮਾਨ ਲੜਾਕਿਆਂ ਨੂੰ ਹਰ ਥਾਂ 'ਤੇ ਤਾਕਤਵਰ ਬਣਾਉਣਾ ਅਤੇ ਅਮਰੀਕਾ ਨੂੰ ਮੱਧ ਪੂਰਬ, ਖ਼ਾਸਸ ਕਰਕੇ ਸਾਊਦੀ ਅਰਬ ਅਤੇ ਪਵਿੱਤਰ ਸਥਾਨਾਂ ਤੋਂ ਬਾਹਰ ਕੱਢਣਾ ਹੈ।

ਇਨ੍ਹਾਂ ਦਾ ਪ੍ਰਚਾਰ ਇਸ ਵਿਚਾਰ ਦੇ ਦੁਆਲੇ ਘੁੰਮਦਾ ਹੈ ਕਿ ਜਿਹਾਦ ਹਰ ਮੁਸਲਿਮ ਵਿਅਕਤੀ ਦੀ ਜ਼ਿੰਮੇਵਾਰੀ ਹੈ - ਪਰ ਅਲ-ਕਾਇਦਾ ਦੇ ਟੀਚੇ ਸਥਾਨਕ ਮਕਸਦ ਨਾਲੋਂ ਤਰਜੀਹ 'ਤੇ ਹਨ।

ਬਾਇਮਨ ਦਾ ਕਹਿਣਾ ਹੈ ਕਿ ਆਈਏੱਸ ਵੀ ਇਨ੍ਹਾਂ ਬਿੰਦੂਆਂ ਨੂੰ ਮੰਨਦਾ ਹੈ "ਪਰ ਬਹੁਤ ਜ਼ਿਆਦਾ ਹਿੰਸਕ ਤਰੀਕੇ ਨਾਲ"।

"ਆਈਐਸ ਲਈ, ਅੱਤਵਾਦ ਕ੍ਰਾਂਤੀਕਾਰੀ ਜੰਗ ਦਾ ਹਿੱਸਾ ਹੈ। ਉਨ੍ਹਾਂ ਦੇ ਕਾਬੂ ਵਾਲੇ ਖੇਤਰਾਂ ਵਿੱਚ ਉਨ੍ਹਾਂ ਨੇ ਵੱਡੇ ਪੱਧਰ 'ਤੇ ਫਾਂਸੀਆਂ, ਜਨਤਕ ਸਿਰ ਕਲਮ ਅਤੇ ਬਲਾਤਕਾਰ ਕੀਤੇ ਹਨ। ਉਨ੍ਹਾਂ ਨੇ ਸਥਾਨਕ ਆਬਾਦੀ ਨੂੰ ਅਧੀਨ ਕਰਨ ਲਈ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਅਲ-ਕਾਇਦਾ, ਜੇ ਮੈਂ ਇਸ ਸ਼ਬਦ ਦੀ ਵਰਤੋਂ ਕਰ ਸਕਦਾ ਹਾਂ, ਤਾਂ ਉਹ ਕੁਝ ਨਰਮ ਹਨ।"

ਸਾਲ 2014 ਅਤੇ 2017 ਦੇ ਵਿਚਕਾਰ ਆਈਐੱਸ ਨੇ ਸੀਰੀਆ ਅਤੇ ਇਰਾਕ ਵਿੱਚ ਆਪਣੇ ਖ਼ੇਤਰ ਦਾ ਬਹੁਤ ਵਿਸਤਾਰ ਕੀਤਾ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਇਹ ਪੱਛਮੀ ਫੌਜਾਂ, ਕੁਰਦਿਸ਼ ਫੌਜਾਂ ਅਤੇ ਰੂਸੀ ਸਮਰਥਿਤ ਸੀਰੀਆ ਦੀਆਂ ਫੌਜਾਂ ਦੇ ਹੱਥੋਂ ਗੁਆਉਣਾ ਪਿਆ।

ਸੀਰੀਆ ਵਿੱਚ ਆਪਣਾ ਆਖਰੀ ਇਲਾਕਾ ਗੁਆਉਣ ਤੋਂ ਬਾਅਦ ਮਾਰਚ 2019 ਵਿੱਚ ਖਲੀਫ਼ਾ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਇੱਕ ਗੁਪਤ ਨੈੱਟਵਰਕ ਵਿੱਚ ਵਿਕਸਤ ਹੋ ਗਿਆ ਹੈ ਅਤੇ ਇੱਕ ਖਤਰਾ ਬਣਿਆ ਹੋਇਆ ਹੈ।

ਆਈਐੱਸ ਦੀ ਅਫ਼ਗਾਨ ਸ਼ਾਖਾ ਆਈਐੱਸ-ਕੇ ਨੇ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ਦੇ ਬਾਹਰ ਹਮਲਾ ਕੀਤਾ ਸੀ, ਜਿਸ ਵਿੱਚ 170 ਲੋਕਾਂ ਦੀ ਮੌਤ ਹੋ ਗਈ ਸੀ। ਇਹ ਸਮੂਹ ਦੇਸ ਦੇ ਘੱਟ ਗਿਣਤੀ ਨਸਲੀ ਸਮੂਹਾਂ 'ਤੇ ਵੀ ਹਮਲੇ ਕਰਦਾ ਹੈ।

ਤਾਲਿਬਾਨ ਦੀ ਗੱਲ ਕਰੀਏ ਤਾਂ ਇਸ ਜਥੇਬੰਦੀ ਨੇ ਹਾਲ ਦੇ ਹਫ਼ਤਿਆਂ ਵਿੱਚ ਵੱਡੇ ਸ਼ਹਿਰਾਂ ਅਤੇ ਅੰਤ ਵਿੱਚ ਰਾਜਧਾਨੀ ਕਾਬੁਲ ਉੱਤੇ ਕਬਜ਼ਾ ਕਰਨ ਦੇ ਲਈ ਅਫ਼ਗਾਨ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਵਿਰੁੱਧ ਜੰਗੀ ਰਣਨੀਤੀਆਂ ਅਪਣਾਈਆਂ ਅਤੇ ਹਮਲੇ ਕੀਤੇ ਹਨ।

ਇੱਥੇ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿਨ੍ਹਾਂ ਵਿੱਚ ਤਾਲਿਬਾਨ ਲੜਾਕਿਆਂ 'ਤੇ ਅਫਗਾਨ ਸੈਨਿਕਾਂ ਨੂੰ ਮਾਰਨ, ਸਖਤ ਸਜ਼ਾਵਾਂ ਦੇਣ ਅਤੇ ਪਾਬੰਦੀਆਂ ਲਗਾਉਣ ਦੇ ਇਲਜ਼ਾਮ ਹਨ, ਖਾਸ ਤੌਰ 'ਤੇ ਔਰਤਾਂ ਉੱਪਰ ਪਾਬੰਦੀਆਂ।

ਹਾਲਾਂਕਿ, ਗਰੋਪੀ ਦਾ ਕਹਿਣਾ ਹੈ ਕਿ ਇਹ ਸਮੂਹ ਸਥਾਨਕ ਲੋਕਾਂ ਨੂੰ ਯਕੀਨ ਦਿਵਾਉਂਦਿਆਂ ਹੋਰ ਮਜ਼ਬੂਤ ਹੋਇਆ ਹੈ, "ਵਿਸ਼ੇਸ਼ ਰੂਪ ਨਾਲ ਪੇਂਡੂ ਖੇਤਰਾਂ ਵਿੱਚ, ਕਿ ਉਹ ਦੇਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹਨ, ਖ਼ਾਸ ਕਰਕੇ ਭ੍ਰਿਸ਼ਟਾਚਾਰ ਦਾ।"

ਕਿਵੇਂ ਕਰਦੇ ਹਨ ਲੋਕਾਂ ਦੀ ਭਰਤੀ

ਤਾਲਿਬਾਨ, ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਆਪਣੇ ਮਕਸਦ ਲਈ ਲੜਨ ਲਈ ਸਥਾਨਕ ਆਬਾਦੀ ਦੇ ਲੋਕਾਂ ਨੂੰ ਭਰਤੀ ਕਰਦੇ ਹਨ।

ਇਸਦੇ ਲਈ ਉਹ ਅਜਿਹਾ ਵਾਅਦਾ ਕਰਦੇ ਹਨ ਕਿ ਜਿਹਾਦ ਉਨ੍ਹਾਂ ਦੇ ਧਰਮ ਨੂੰ ਬਚਾਏਗਾ ਅਤੇ "ਪਵਿੱਤਰ" ਕਰੇਗਾ।

ਵਿਸ਼ਵਵਿਆਪੀ ਇੱਛਾਵਾਂ ਦੇ ਨਾਲ, ਅਲ-ਕਾਇਦਾ ਅਤੇ ਆਈਐੱਸ ਤਾਂ ਮੱਧ ਪੂਰਬ ਦੀਆਂ ਸਰਹੱਦਾਂ ਤੋਂ ਪਾਰ ਦੇ ਲੋਕਾਂ ਨੂੰ ਵੀ ਭਰਤੀ ਕਰਨ ਵਿੱਚ ਵੀ ਸਫਲ ਹੋਏ ਹਨ।

ਗਰੋਪੀ ਕਹਿੰਦੇ ਹਨ, "ਇਸ ਮਾਮਲੇ ਵਿੱਚ ਆਈਐੱਸ ਸਭ ਤੋਂ ਜ਼ਿਆਦਾ ਸਫ਼ਲ ਰਹੇ ਹਨ।"

ਉਹ ਇੰਟਰਨੈਟ ਦੀ ਤਾਕਤ ਦਾ ਭਰਪੂਰ ਇਸਤੇਮਾਲ ਕਰਦਿਆਂ ਹੋਇਆਂ ਲੋਕਾਂ ਨੂੰ ਆਪਣੇ ਖੇਤਰ ਇਰਾਕ ਅਤੇ ਸੀਰੀਆ ਵਿੱਚ ਆਉਣ ਲਈ ਖਿੱਚਦੇ ਹਨ।

ਬਾਇਮਨ ਸਹਿਮਤ ਹਨ, "ਸੋਸ਼ਲ ਮੀਡੀਆ 'ਤੇ ਆਈਐੱਸ ਦੀਆਂ ਕੋਸ਼ਿਸ਼ਾਂ ਪ੍ਰਭਾਵਸ਼ਾਲੀ ਰਹੀਆਂ ਹਨ ਅਤੇ ਉਹ ਪੱਛਮ ਦੇ ਉਨ੍ਹਾਂ ਲੋਕਾਂ ਨੂੰ ਵੀ ਤਿਆਰ ਕਰਨ ਦੇ ਯੋਗ ਸਨ ਜਿਨ੍ਹਾਂ ਦਾ ਸੰਗਠਨ ਨਾਲ ਬਹੁਤ ਘੱਟ ਜਾਂ ਕੋਈ ਵੀ ਸੰਪਰਕ ਨਹੀਂ ਸੀ ਅਤੇ ਉਹ ਸੀਰੀਆ ਜਾਂ ਇਰਾਕ ਦੀ ਯਾਤਰਾ ਕਰਨ ਦੇ ਵੀ ਯੋਗ ਨਹੀਂ ਸਨ, ਪਰ ਫਿਰ ਵੀ ਉਨ੍ਹਾਂ ਨੇ ਆਪਣੇ ਹੀ ਦੇਸਾਂ ਵਿੱਚ ਹਮਲਿਆਂ ਦੀ ਯੋਜਨਾ ਬਣਾਈ।"

ਇਨ੍ਹਾਂ ਵਿੱਚ ਸਾਲ 2015 ਵਿੱਚ ਪੈਰਿਸ ਵਿੱਚ ਹੋਏ ਹਮਲੇ ਸ਼ਾਮਲ ਸਨ, ਜਿਸ ਵਿੱਚ ਆਈਐੱਸ ਦੇ ਅੱਤਵਾਦੀਆਂ ਨੇ 130 ਲੋਕਾਂ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)