ਅਫ਼ਗਾਨਿਸਤਾਨ: ਪੰਜਸ਼ੀਰ ਦਾ ਇਲਾਕਾ, ਜਿਸ ਉੱਤੇ ਤਾਲਿਬਾਨ ਤੇ ਹੋਰ ਹਮਲਾਵਰ ਕਦੇ ਵੀ ਫਤਹਿ ਨਹੀਂ ਪਾ ਸਕੇ

ਵੀਡੀਓ ਕੈਪਸ਼ਨ, ਅਹਿਮਦ ਮਸੂਦ: ਤਾਲਿਬਾਨ ਨੂੰ ਪੰਜਸ਼ੀਰ ਘਾਟੀ ਤੋਂ ਚੁਣੌਤੀ ਦੇਣ ਵਾਲਾ ਨੌਜਵਾਨ

ਚੇਤਾਵਨੀ-ਇਸ ਲੇਖ ਦੀਆਂ ਕੁਝ ਕਹਾਣੀਆਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਲਗਭਗ 150 ਕਿਲੋਮੀਟਰ ਉੱਤਰ-ਪੂਰਬ ਦਾ ਇਲਾਕਾ, ਤਾਲਿਬਾਨ ਸ਼ਾਸਨ ਦੇ ਵਿਰੁੱਧ ਵਿਰੋਧ ਦਾ ਆਖਰੀ ਗੜ੍ਹ ਹੈ।

ਉਬੜ-ਖਾਬੜ ਪਹਾੜਾਂ ਵਾਲੀ ਇਸ ਘਾਟੀ ਨੇ ਪਿਛਲੇ 40 ਸਾਲਾਂ ਵਿੱਚ ਵੱਖ-ਵੱਖ ਹਮਲਾਵਰ ਤਾਕਤਾਂ ਨੂੰ ਰੋਕਿਆ ਹੈ।

1980 ਵਾਲੇ ਸਾਲਾਂ ਵਿੱਚ (1979-1989), ਪੰਜਸ਼ੀਰ ਘਾਟੀ ਨੇ ਸੋਵੀਅਤ ਕਬਜ਼ੇ ਦਾ ਵਿਰੋਧ ਕੀਤਾ ਅਤੇ ਸੋਵੀਅਤ ਤੇ ਸਹਿਯੋਗੀ ਅਫ਼ਗਾਨ ਸਰਕਾਰ ਦੀਆਂ ਫੌਜਾਂ ਦੁਆਰਾ ਕੀਤੇ ਗਏ ਕਈ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ।

1990 ਦੇ ਦਹਾਕੇ (1996-2001) ਵਿੱਚ ਜਦੋਂ ਤਾਲਿਬਾਨ ਦਾ ਪਹਿਲਾ ਸ਼ਾਸਨ ਸੀ, ਉਸ ਸਮੇਂ ਵੀ ਇਸ ਇਲਾਕੇ ਨੇ, ਇਸ ਇਸਲਾਮਿਕ ਸਮੂਹ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਵਰਲਡ ਸਰਵਿਸ ਦੇ ਮਹਿਲਾ ਪੱਤਰਕਾਰ ਮਰੀਅਮ ਅਮਨ ਕਹਿੰਦੇ ਹਨ, "ਪਿਛਲੇ ਦੋ ਦਹਾਕਿਆਂ ਵਿੱਚ ਇਸਨੂੰ ਅਫ਼ਗਾਨਿਸਤਾਨ ਦੇ ਸਭ ਤੋਂ ਸੁਰੱਖਿਅਤ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।"

ਅੱਜ ਇਹ ਅਫ਼ਗਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇਕੱਲਾ ਹੈ ਜੋ ਕਿ ਹੁਣ ਤੱਕ ਤਾਲਿਬਾਨ ਦੇ ਹੱਥ ਨਹੀਂ ਆਇਆ ਹੈ।

ਪਰ ਇਸਲਾਮੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਫੌਜਾਂ ਜੁਟਾ ਰਹੇ ਹਨ ਤਾਂ ਜੋ ਇਸ ਇਲਾਕੇ 'ਤੇ ਕਬਜ਼ਾ ਕੀਤਾ ਜਾ ਸਕੇ।

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਸ਼ੀਰ ਅਫ਼ਗਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇਕੱਲਾ ਹੈ ਜੋ ਕਿ ਹੁਣ ਤੱਕ ਤਾਲਿਬਾਨ ਦੇ ਹੱਥ ਨਹੀਂ ਆਇਆ ਹੈ

ਪੰਜਸ਼ੀਰ ਆਰਥਿਕ ਵਿਭਾਗ ਦੇ ਮੁਖੀ ਅਬਦੁਲ ਰਹਿਮਾਨ ਨੇ ਇਸ ਹਫਤੇ ਕਿਹਾ, "ਅਸੀਂ ਦੂਜੀ ਵਾਰ ਤਾਲਿਬਾਨ ਨੂੰ ਰੋਕਣ ਲਈ ਤਿਆਰ ਹਾਂ।"

ਉਨ੍ਹਾਂ ਦੇ ਇਸ ਸੰਦੇਸ਼ ਨੂੰ ਅਮਰੁੱਲਾਹ ਸਾਲੇਹ ਨੇ ਵੀ ਆਪਣਾ ਸਮਰਥਨ ਦਿੱਤਾ ਹੈ।

ਅਮਰੁੱਲਾਹ ਸਾਲੇਹ, ਪਿਛਲੇ ਹਫ਼ਤੇ ਤਾਲਿਬਾਨ ਦੁਆਰਾ ਸੱਤਾ ਤੋਂ ਕੱਢੀ ਗਈ ਗ਼ਨੀ ਸਰਕਾਰ ਦੇ ਪਹਿਲੇ ਉਪ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਅਸ਼ਰਫ ਗ਼ਨੀ ਦੀ ਗ਼ੈਰ-ਮੌਜੂਦਗੀ ਵਿੱਚ ਮੰਗਲਵਾਰ ਨੂੰ ਆਪਣੇ ਆਪ ਨੂੰ 'ਅਫ਼ਗਾਨਿਸਤਾਨ ਦਾ ਕਾਨੂੰਨੀ ਅੰਤਰਿਮ ਰਾਸ਼ਟਰਪਤੀ' ਘੋਸ਼ਿਤ ਕੀਤਾ ਸੀ।

ਅਫ਼ਗਾਨਿਸਤਾਨ ਦੀ ਗੁਪਤ ਸੇਵਾਵਾਂ ਦੇ ਸਾਬਕਾ ਮੁਖੀ ਸਾਲੇਹ ਨੇ ਅਫ਼ਗਾਨ ਲੋਕਾਂ ਨੂੰ ਘਾਟੀ ਵਿੱਚ ਆ ਕੇ ਵਿਰੋਧ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਸਾਲੇਹ ਇਸ ਨੂੰ ਬਾਕੀ ਦੇਸ਼ ਲਈ ਇੱਕ ਉਦਾਹਰਣ ਦੇ ਤੌਰ 'ਤੇ ਦੇਖਦੇ ਹਨ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਮੈਂ ਕਦੇ ਵੀ ਤਾਲਿਬਾਨ ਦੇ ਨਾਲ ਇੱਕੋ ਛੱਤ ਹੇਠ ਨਹੀਂ ਰਹਾਂਗਾ। ਕਦੇ ਵੀ ਨਹੀਂ।"

ਪੱਤਰਕਾਰ ਅਮਨ ਦੇ ਅਨੁਸਾਰ, ਤਾਲਿਬਾਨ ਦੀ ਵਿਰੋਧੀ ਧਿਰ ਦਾ ਇਹ ਸੰਦੇਸ਼ ਬਹੁਤ ਸਾਰੇ ਅਫ਼ਗਾਨ ਲੋਕਾਂ 'ਤੇ ਅਸਰ ਕਰ ਸਕਦਾ ਹੈ।

ਵੀਡੀਓ ਕੈਪਸ਼ਨ, ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ

ਮੰਨਿਆ ਜਾ ਰਿਹਾ ਹੈ ਕਿ ਸਾਲੇਹ, ਪੰਜਸ਼ੀਰ ਵਿੱਚ ਅਹਿਮਦ ਮਸੂਦ ਦੇ ਨਾਲ ਹਨ।

ਅਹਿਮਦ ਮਸੂਦ ਦੇ ਪਿਤਾ ਨੇ 1990 ਦੇ ਦਹਾਕੇ ਵਿੱਚ ਉੱਤਰੀ ਗਠਜੋੜ ਦੇ ਆਗੂ ਦੇ ਰੂਪ ਵਿੱਚ ਤਾਲਿਬਾਨ ਦਾ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੂੰ "ਪੰਜਸ਼ੀਰ ਦਾ ਸ਼ੇਰ" ਦੇ ਮਸ਼ਹੂਰ ਨਾਂ ਨਾਲ ਜਾਣਿਆ ਜਾਂਦਾ ਹੈ।

ਮਸੂਦ, ਘਾਟੀ ਵਿੱਚ ਤਾਲਿਬਾਨ ਵਿਰੋਧੀ ਗਠਜੋੜ ਦੇ ਸੰਸਥਾਪਕ ਹਨ ਜਿਸ ਨੂੰ ਕਿ ਨੈਸ਼ਨਲ ਰੈਜ਼ਿਸਟੈਂਸ ਫਰੰਟ ਆਫ ਅਫ਼ਗਾਨਿਸਤਾਨ (ਐੱਨਆਰਐੱਫ) ਕਿਹਾ ਜਾਂਦਾ ਹੈ।

ਪਿਛਲੇ ਹਫਤੇ, ਮਸੂਦ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਉਨ੍ਹਾਂ ਨੇ "ਅਫ਼ਗਾਨ ਆਜ਼ਾਦੀ ਦੇ ਆਖਰੀ ਗੜ੍ਹ ਵਜੋਂ ਪੰਜਸ਼ੀਰ ਦੀ ਰੱਖਿਆ" ਕਰਨ ਦੀ ਸਹੁੰ ਚੁੱਕੀ ਹੈ ਅਤੇ ਪੱਛਮੀ ਦੇਸ਼ਾਂ ਨੂੰ 'ਆਜ਼ਾਦੀ ਲਈ ਸਹਾਇਤਾ' ਕਰਨ ਦਾ ਸੱਦਾ ਦਿੱਤਾ ਹੈ।"

ਪਰ ਅਸੀਂ ਪੰਜਸ਼ੀਰ ਅਤੇ ਇਸ ਦੀ ਸੁਰੱਖਿਆ ਕਰਨ ਵਾਲੀਆਂ ਤਾਕਤਾਂ ਬਾਰੇ ਕੀ ਜਾਣਦੇ ਹਾਂ?

ਕੁਦਰਤੀ ਤੌਰ 'ਤੇ ਮਜ਼ਬੂਤ ਇਲਾਕਾ

ਐੱਨਆਰਐੱਫ ਦੇ ਵਿਦੇਸ਼ੀ ਸੰਬੰਧਾਂ ਦੇ ਮੁਖੀ ਅਲੀ ਨਜ਼ਰੀ ਨੇ ਬੀਬੀਸੀ ਨੂੰ ਦੱਸਿਆ ਕਿ ਹਾਲਾਂਕਿ ਵਿਰੋਧ ਦਾ ਮੁੱਖ ਉਦੇਸ਼ ਸ਼ਾਂਤੀ ਬਹਾਲ ਕਰਨਾ ਅਤੇ ਵਿਕੇਂਦਰੀਕ੍ਰਿਤ ਸਰਕਾਰ ਅਧਾਰਿਤ ਸਮਝੌਤਾ ਸੀ, ਪਰ ਉਹ ਹਜ਼ਾਰਾਂ ਫੌਜਾਂ ਨਾਲ ਪੰਜਸ਼ੀਰ ਦੀ ਰੱਖਿਆ ਲਈ ਤਿਆਰ ਸਨ।

ਵੀਡੀਓ ਕੈਪਸ਼ਨ, ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

ਉਹ ਕਹਿੰਦੇ ਹਨ ਕਿ ਸਾਬਕਾ ਸੁਰੱਖਿਆ ਬਲਾਂ ਅਤੇ ਦੇਸ਼ ਭਰ ਤੋਂ ਆਏ ਤਾਲਿਬਾਨ ਵਿਰੋਧੀ ਬਲਾਂ ਦੇ ਆਉਣ ਨਾਲ, ਘਾਟੀ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਸਥਾਨਕ ਬਲਾਂ ਨੂੰ ਹੋਰ ਤਾਕਤ ਮਿਲੀ ਹੈ।

ਕਿਸੇ ਵੀ ਤਰ੍ਹਾਂ ਦੇ ਟਕਰਾਅ ਲਈ, ਇੱਥੋਂ ਦੀਆਂ ਭੂਗੋਲਿਕ ਸਥਿਤੀਆਂ ਵੀ ਸੁਰੱਖਿਆ ਬਲਾਂ ਲਈ ਮਦਦਗਾਰ ਹਨ।

ਪੰਜਸ਼ੀਰ ਦੀਆਂ ਉੱਚੀਆਂ ਚੱਟਾਨਾਂ ਅਤੇ ਤੰਗ ਰਸਤੇ ਇਸ ਖੇਤਰ ਨੂੰ ਇੱਕ ਮਜ਼ਬੂਤ ਕਿਲ੍ਹੇ ਵਿੱਚ ਬਦਲ ਦਿੰਦੇ ਹਨ।

ਉੱਚੇ ਤੇ ਵਿਸ਼ਾਲ ਪਹਾੜਾਂ ਨਾਲ ਘਿਰਿਆ ਇਸ ਦਾ ਤੰਗ ਪ੍ਰਵੇਸ਼ ਦੁਆਰ, ਕਿਸੇ ਨੂੰ ਵੀ ਇੱਥੇ ਆਸਾਨੀ ਨਾਲ ਵੜਨ ਨਹੀਂ ਦਿੰਦਾ।

ਪੰਜਸ਼ੀਰ ਨਦੀ ਤੋਂ ਪਾਰ ਇਹ ਘਾਟੀ, ਅਫ਼ਗਾਨਿਸਤਾਨ ਅਤੇ ਉੱਤਰ-ਪੱਛਮੀ ਪਾਕਿਸਤਾਨ ਦੇ ਵਿਚਕਾਰ ਸਥਿਤ ਪਹਾੜੀ ਲੜੀ ਹਿੰਦੂਕੁਸ਼ ਦੇ ਬਹੁਤ ਨੇੜੇ ਹੈ।

ਇਹ ਮੱਧ ਏਸ਼ੀਆ ਦੇ ਮਹਾਨ ਖ਼ਾਨਾਬਦੋਸ਼ ਵਿਜੇਤਾਵਾਂ ਵਿੱਚੋਂ ਆਖ਼ਰੀ, ਸਿਕੰਦਰ ਮਹਾਨ ਅਤੇ ਟੈਮਰਲੇਨ ਦੀਆਂ ਫ਼ੌਜਾਂ ਲਈ ਇੱਕ ਮਹੱਤਵਪੂਰਨ ਰਸਤਾ ਸੀ।

ਇਸ ਖੇਤਰ ਵਿੱਚ ਪੰਨੇ ਦੀਆਂ ਖਾਣਾਂ, ਪਣ-ਬਿਜਲੀ ਡੈਮ ਅਤੇ ਇੱਕ ਵਿੰਡ ਫਾਰਮ (ਪੌਣ ਚੱਕੀ ਫਾਰਮ) ਵਰਗੇ ਸਰੋਤ ਮੌਜੂਦ ਹਨ।

ਸੰਯੁਕਤ ਰਾਜ ਨੇ ਇੱਥੇ ਸੜਕ ਨਿਰਮਾਣ ਅਤੇ ਇੱਕ ਰੇਡੀਓ ਟਾਵਰ ਲਗਾਉਣ ਵਿੱਚ ਸਹਾਇਤਾ ਕੀਤੀ ਹੈ। ਇਹ ਟਾਵਰ ਰਾਜਧਾਨੀ ਤੋਂ ਸੰਕੇਤ ਪ੍ਰਾਪਤ ਕਰਦਾ ਹੈ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਨਕਸ਼ੇ ਰਾਹੀਂ ਸਮਝੋ ਤਾਲਿਬਾਨ ਨੇ ਅਫ਼ਗਾਨਿਤਾਨ ’ਤੇ ਕਬਜ਼ਾ ਕਿਵੇਂ ਕੀਤਾ

ਪਰ ਫਿਰ ਵੀ ਆਰਥਿਕ ਤੌਰ 'ਤੇ ਇਹ ਦੇਸ਼ ਦੇ ਸਭ ਤੋਂ ਵਿਸ਼ੇਸ਼ ਖੇਤਰਾਂ ਵਿੱਚੋਂ ਇੱਕ ਨਹੀਂ ਹੈ।

ਬੀਬੀਸੀ ਦੁਨੀਆ ਸੇਵਾ ਦੇ ਇੱਕ ਪੱਤਰਕਾਰ ਹਾਰੂਨ ਸ਼ਫੀਕੀ ਦਾ ਕਹਿਣਾ ਹੈ, "ਇਹ ਗੁਰੀਲਾ ਯੁੱਧ ਦੇ ਲਈ ਬਹੁਤ ਉਚਿਤ ਸਥਾਨ ਹੈ, ਪਰ ਇਹ ਰਣਨੀਤਕ ਨਹੀਂ ਹੈ।"

"ਇਹ ਕਿਸੇ ਮਹੱਤਵਪੂਰਨ ਬੰਦਰਗਾਹ ਦੇ ਨੇੜੇ ਨਹੀਂ ਹੈ, ਨਾ ਹੀ ਇੱਥੇ ਕੋਈ ਉਦਯੋਗ ਹੈ, ਅਤੇ ਨਾ ਹੀ ਇਹ ਕਿਸੇ ਖਾਸ ਤਰੀਕੇ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਵਾਧਾ ਕਰਦਾ ਹੈ।"

ਇਸ ਸਮੇਂ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਡੇਢ ਲੱਖ (150,000) ਤੋਂ ਦੋ ਲੱਖ (200,000) ਦੇ ਵਿਚਕਾਰ ਹੈ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਫਾਰਸੀ ਬੋਲਦੇ ਹਨ ਅਤੇ ਤਾਜਿਕ ਜਾਤੀ ਨਾਲ ਸੰਬੰਧਿਤ ਹਨ, ਜੋ ਕਿ ਅਫ਼ਗਾਨਿਸਤਾਨ ਵਿੱਚ ਰਹਿਣ ਵਾਲੇ 38 ਅਰਬ ਲੋਕਾਂ ਦਾ ਇੱਕ ਚੌਥਾਈ ਹਿੱਸਾ ਹੈ।

ਇਹ ਇਤਿਹਾਸਕ ਤੌਰ 'ਤੇ ਤਾਲਿਬਾਨ ਵਿਰੋਧੀ ਆਬਾਦੀ ਹੈ।

ਇਹ ਵੀ ਪੜ੍ਹੋ-

'ਵਿਰੋਧ ਦਾ ਪ੍ਰਤੀਕ'

ਪੰਜਸ਼ੀਰ ਦੇ ਇਤਿਹਾਸ ਵਿੱਚ ਅਹਿਮਦ ਸ਼ਾਹ ਮਸੂਦ ਦਾ ਨਾਮ ਬਹੁਤ ਖ਼ਾਸ ਹੈ। ਉਹ ਤਾਲਿਬਾਨ ਦਾ ਵਿਰੋਧ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਮਸ਼ਹੂਰ ਹਸਤੀ ਰਹੇ ਹਨ।

ਉਨ੍ਹਾਂ ਨੇ 1980 ਅਤੇ 90 ਦੇ ਦਹਾਕਿਆਂ ਵਿੱਚ ਇਸ ਖੇਤਰ ਵਿੱਚ ਸਵਰਾਜ ਦੀ ਲੜਾਈ ਦੀ ਅਗਵਾਈ ਕੀਤੀ ਸੀ।

ਮੁਜਾਹਿਦੀਨ ਗੁਰੀਲਾ ਰਹੇ ਮਸੂਦ ਨੂੰ ਅਲ ਕਾਇਦਾ ਨੇ 9-11 (2001) ਤੋਂ ਦੋ ਦਿਨ ਪਹਿਲਾਂ ਹੀ ਮਾਰ ਦਿੱਤਾ ਸੀ।

"ਪੰਜਸ਼ੀਰ ਦਾ ਸ਼ੇਰ" (ਪੰਜਸ਼ੀਰ ਦਾ ਅਰਥ ਹੈ "ਪੰਜ ਸ਼ੇਰ") ਦੇ ਉਪਨਾਮ ਨਾਲ ਉਨ੍ਹਾਂ ਦੀ ਤਸਵੀਰ, ਪੰਜਸ਼ੀਰ ਸੂਬੇ ਦੇ ਨਾਲ-ਨਾਲ ਅਫ਼ਗਾਨ ਰਾਜਧਾਨੀ ਦੇ ਸਮਾਰਕਾਂ ਤੋਂ ਲੈ ਕੇ ਬਿਲਬੋਰਡਾਂ ਅਤੇ ਦੁਕਾਨਾਂ ਦੀਆਂ ਖਿੜਕੀਆਂ ਤੱਕ, ਵੇਖੀ ਜਾ ਸਕਦੀ ਹੈ।

ਅਮਨ ਦੱਸਦੇ ਹਨ, "ਅਫ਼ਗਾਨ-ਸੋਵੀਅਤ ਯੁੱਧ (1980 ਦੇ ਦਹਾਕੇ) ਦੌਰਾਨ, ਅਹਿਮਦ ਸ਼ਾਹ ਮਸੂਦ ਨੇ ਪੰਜਸ਼ੀਰ ਨੂੰ ਆਪਣੇ ਗੜ੍ਹ ਵਜੋਂ ਇਸਤੇਮਾਲ ਕੀਤਾ ਸੀ।"

ਅਫ਼ਗਾਨਿਸਤਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੰਜਸ਼ੀਰ ਘਾਟੀ ਵਿੱਚ ਲੋਕ ਤਾਲਿਬਾਨ ਨੂੰ ਟੱਕਰ ਦੇਣ ਲਈ ਤਿਆਰ ਹਨ

ਉਹ ਕਹਿੰਦੇ ਹਨ, "1990 ਦੇ ਦਹਾਕੇ ਦੇ ਅੱਧ ਤੋਂ ਲੈ ਕੇ 2001 ਤੱਕ (ਜਦੋਂ ਤਾਲਿਬਾਨ ਸੱਤਾ ਤੋਂ ਬਾਹਰ ਹੋਇਆ) ਮੁਜਾਹਿਦੀਨ ਗੁੱਟਾਂ ਅਤੇ ਤਾਲਿਬਾਨ ਦੇ ਵੱਖ-ਵੱਖ ਧੜਿਆਂ ਦੇ ਵਿੱਚ ਹੋਈ ਲੜਾਈ ਵਿੱਚ ਵੀ ਇਹ ਘਾਟੀ ਮਹੱਤਵਪੂਰਨ ਰਹੀ।"

ਉਹ ਅੱਗੇ ਕਹਿੰਦੇ ਹਨ, "2001 ਵਿੱਚ ਮਸੂਦ ਦੀ ਮੌਤ ਤੋਂ ਬਾਅਦ, ਇਸ ਖੇਤਰ ਨੇ ਤਾਲਿਬਾਨ ਵਿਰੁੱਧ ਲੜਾਈ ਵਿੱਚ ... ਵਿਰੋਧ ਦੀ ਵਿਰਾਸਤ ਨੂੰ ਕਾਇਮ ਰੱਖਿਆ ਹੈ।"

ਅਹਿਮਦ ਸ਼ਾਹ ਮਸੂਦ ਲਈ ਅਫ਼ਗਾਨ ਲੋਕਾਂ ਦੇ ਦਿਲਾਂ ਵਿੱਚ ਬਹੁਤ ਸਤਿਕਾਰ ਹੈ।

ਰਾਸ਼ਟਰਪਤੀ ਹਾਮਿਦ ਕਰਜ਼ਈ ਦੁਆਰਾ ਉਨ੍ਹਾਂ ਨੂੰ ਰਾਸ਼ਟਰੀ ਨਾਇਕ ਘੋਸ਼ਿਤ ਕੀਤਾ ਗਿਆ ਸੀ ਅਤੇ 2012 ਤੋਂ, ਉਨ੍ਹਾਂ ਦੀ ਮੌਤ ਦੀ ਬਰਸੀ 9 ਸਤੰਬਰ ਨੂੰ 'ਸ਼ਹੀਦ ਦਿਵਸ' ਅਤੇ ਅਹਿਮਦ ਸ਼ਾਹ ਮਸੂਦ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਵੀ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਸਪਸ਼ਟ ਕਰ ਦਿੱਤੀ ਹੈ।

ਉਨ੍ਹਾਂ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਲਿਖਿਆ, "ਮੈਂ ਕਦੇ ਵੀ ਆਪਣੇ ਨਾਇਕ, ਕਮਾਂਡਰ, ਆਦਰਸ਼ ਅਤੇ ਮਾਰਗ ਦਰਸ਼ਕ ਅਹਿਮਦ ਸ਼ਾਹ ਮਸੂਦ ਦੀ ਆਤਮਾ ਅਤੇ ਵਿਰਾਸਤ ਨਾਲ ਧੋਖਾ ਨਹੀਂ ਕਰਾਂਗਾ। ਮੈਂ ਕਦੇ ਵੀ, ਕਦੇ ਵੀ ਅਤੇ ਕਿਸੇ ਵੀ ਹਾਲਤ ਵਿੱਚ ਤਾਲਿਬ ਅੱਤਵਾਦੀਆਂ ਦੇ ਅੱਗੇ ਨਹੀਂ ਝੁਕਾਂਗਾ।"

ਪੰਜਸ਼ੀਰ ਦੇ ਰਹਿਣ ਵਾਲੇ ਅਤੇ ਤਾਜਿਕ ਜਾਤੀ ਨਾਲ ਸੰਬੰਧ ਰੱਖਣ ਵਾਲੇ ਸਾਲੇਹ ਖ਼ੁਦ ਆਪ ਵੀ 1990 ਦੇ ਦਹਾਕੇ ਵਿੱਚ ਉੱਤਰੀ ਗਠਜੋੜ ਦਾ ਹਿੱਸਾ ਸਨ।

ਕੁਝ ਲੋਕ ਅਜਿਹੇ ਵੀ ਹਨ ਜੋ ਕਹਿੰਦੇ ਹਨ ਕਿ ਇਹ ਮੁਜਾਹਿਦੀਨ ਨੇਤਾ ਇੱਕ ਯੁੱਧ ਅਪਰਾਧੀ ਸਨ।

2005 ਦੀ ਹਿਊਮਨ ਰਾਈਟਸ ਵਾਚ ਇਨਵੈਸਟੀਗੇਸ਼ਨ ਦੇ ਅਨੁਸਾਰ, "ਅਹਿਮਦ ਸ਼ਾਹ ਮਸੂਦ ਨੂੰ ਫੌਜ ਵੱਲੋਂ ਕੀਤੇ ਸ਼ੋਸ਼ਣ ਵਿੱਚ ਹਿੱਸੇਦਾਰ ਪਾਇਆ ਗਿਆ ਸੀ" ਜੋ ਕਿ ਅਫ਼ਗਾਨਿਸਤਾਨ ਦੇ ਯੁੱਧਾਂ ਦੌਰਾਨ ਉਨ੍ਹਾਂ ਦੀ ਕਮਾਂਡ ਹੇਠ ਕੰਮ ਕਰ ਰਹੇ ਫੌਜੀ ਬਲਾਂ ਦੁਆਰਾ ਕੀਤੇ ਗਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਸਾਨੂੰ ਪਤਾ ਸੀ ਕਿ ਇਹ ਦਿਨ ਆ ਸਕਦਾ ਹੈ"

ਪਰ ਹੁਣ ਘਾਟੀ ਵਿੱਚ ਵਿਰੋਧ ਦੀ ਅਗਵਾਈ ਕਰਨ ਵਾਲਾ ਆਦਮੀ ਉਨ੍ਹਾਂ ਦਾ 32 ਸਾਲਾ ਪੁੱਤਰ, ਅਹਿਮਦ ਮਸੂਦ ਹੈ।

ਸੋਸ਼ਲ ਮੀਡੀਆ 'ਤੇ ਮਿਲੀਆਂ ਕੁਝ ਤਸਵੀਰਾਂ ਵਿੱਚ ਸਾਲੇਹ ਅਤੇ ਮਸੂਦ ਨੂੰ ਇਕੱਠੇ ਦੇਖਿਆ ਗਿਆ ਹੈ।

16 ਅਗਸਤ ਨੂੰ ਖਿੱਚੀਆਂ ਗਈਆਂ ਇਹ ਤਸਵੀਰਾਂ ਉਨ੍ਹਾਂ ਵਿਚਕਾਰ ਗਠਜੋੜ ਨੂੰ ਦਰਸਾਉਂਦੀਆਂ ਜਾਪਦੀਆਂ ਹਨ।

ਅਹਿਮਦ ਮਸੂਦ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਹਿਮਦ ਮਸੂਦ ਦੇ ਪਿਤਾ ਨੇ 1990 ਦੇ ਦਹਾਕੇ ਵਿੱਚ ਉੱਤਰੀ ਗਠਜੋੜ ਦੇ ਆਗੂ ਦੇ ਰੂਪ ਵਿੱਚ ਤਾਲਿਬਾਨ ਦਾ ਵਿਰੋਧ ਕੀਤਾ ਸੀ

ਵਾਸ਼ਿੰਗਟਨ ਪੋਸਟ ਵਿੱਚ ਵੀਰਵਾਰ ਨੂੰ ਪ੍ਰਕਾਸ਼ਿਤ ਹੋਏ ਇੱਕ ਵਿਅਕਤੀਗਤ ਮਤ ਵਾਲੇ ਲੇਖ ਵਿੱਚ, ਮਸੂਦ ਨੇ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੂੰ ਅਫਗਾਨ ਫੌਜ ਅਤੇ ਵਿਸ਼ੇਸ਼ ਬਲਾਂ ਦੇ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ।

ਉਨ੍ਹਾਂ ਕਿਹਾ, "ਸਾਡੇ ਕੋਲ ਗੋਲਾ ਬਾਰੂਦ ਅਤੇ ਹਥਿਆਰਾਂ ਦੇ ਭੰਡਾਰ ਹਨ ਜੋ ਅਸੀਂ ਮੇਰੇ ਪਿਤਾ ਦੇ ਸਮੇਂ ਤੋਂ ਬਹੁਤ ਹੀ ਧੀਰਜ ਨਾਲ ਇਕੱਠੇ ਕੀਤੇ ਹਨ, ਕਿਉਂਕਿ ਸਾਨੂੰ ਪਤਾ ਸੀ ਕਿ ਇਹ ਦਿਨ ਆ ਸਕਦਾ ਹੈ।"

ਪਰ ਉਨ੍ਹਾਂ ਨੇ ਬੈਕਅੱਪ ਦੇਣ ਲਈ ਵੀ ਕਿਹਾ।

ਮਸੂਦ ਨੇ ਲਿਖਿਆ, "ਤਾਲਿਬਾਨ ਵਿਰੁੱਧ ਮੁਜਾਹਿਦੀਨ ਵਿਰੋਧ ਹੁਣ ਸ਼ੁਰੂ ਹੋ ਗਿਆ ਹੈ, ਪਰ ਸਾਨੂੰ ਮਦਦ ਦੀ ਲੋੜ ਹੈ।"

"ਜੇ ਤਾਲਿਬਾਨ ਦੇ ਸੈਨਾਪਤੀ ਹਮਲਾ ਕਰਦੇ ਹਨ, ਤਾਂ ਬੇਸ਼ੱਕ ਉਨ੍ਹਾਂ ਨੂੰ ਸਾਡੇ ਕੜੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ... ਪਰ ਸਾਨੂੰ ਪਤਾ ਹੈ ਕਿ ਸਾਡੇ ਫੌਜੀ ਬਲ ਅਤੇ ਮਾਲ-ਰਸਦ ਕਾਫੀ ਨਹੀਂ ਰਹਿਣਗੇ।"

"ਜੇਕਰ ਪੱਛਮ ਵਿੱਚ ਮੌਜੂਦ ਸਾਡੇ ਦੋਸਤਾਂ ਨੇ ਬਿਨਾਂ ਦੇਰੀ ਕੀਤੇ ਸਾਨੂੰ ਸਪਲਾਈ ਕਰਨ ਦਾ ਰਸਤਾ ਨਹੀਂ ਲੱਭਿਆ ਤਾਂ ਉਹ ਤੇਜ਼ੀ ਨਾਲ ਖਤਮ ਹੋ ਜਾਣਗੇ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)