ਅਫ਼ਗਾਨਿਸਤਾਨ 'ਚ ਤਾਲਿਬਾਨ: 'ਜਿਵੇਂ ਹੀ ਉਨ੍ਹਾਂ ਨੇ ਸਾਨੂੰ ਦੇਖਿਆ, ਸਾਡੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ'

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੇਰੇ ਪਿਤਾ ਨੇ ਵਾਅਦਾ ਕੀਤਾ ਸੀ ਕਿ ਦੁਪਹਿਰ ਦੇ ਖਾਣੇ ਵਿੱਚ ਅਸੀਂ ਕਾਬੁਲੀ ਪੁਲਾਓ ਖਾਵਾਂਗੇ ਪਰ... (ਸੰਕੇਤਕ ਤਸਵੀਰ)

15 ਅਗਸਤ 2021 ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਅਫ਼ਗ਼ਾਨਿਸਤਾਨ ਛੱਡ ਕੇ ਚਲੇ ਗਏ।

ਇਸ ਤੋਂ ਪਹਿਲਾਂ 1990 ਦੇ ਦਹਾਕੇ ਵਿੱਚ, ਅਫ਼ਗ਼ਾਨਿਸਤਾਨ ਦੀ ਸੱਤਾ ਤਾਲਿਬਾਨ ਦੇ ਹੱਥ ਸੀ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਬੀਬੀਸੀ ਨੇ ਅਫ਼ਗ਼ਾਨਿਸਤਾਨ ਵਿੱਚ ਪਿਛਲੇ ਤਾਲਿਬਾਨ ਯੁੱਗ ਅਤੇ ਉਸ ਸਮੇਂ ਦੀ ਸਥਿਤੀ ਨੂੰ ਦਰਸਾਉਣ ਵਾਲੇ ਲੇਖਾਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦੀ ਇਹ ਦੂਜੀ ਕਿਸ਼ਤ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ।

ਇਹ ਲੇਖ ਅਫ਼ਗ਼ਾਨ ਪੱਤਰਕਾਰ ਮੁਰਤਜ਼ਾ ਬਲਖੀ ਦੇ ਕਲਮੀ ਨਾਂ ਹੇਠ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਉਹ ਦਿਨ, 8 ਅਗਸਤ 1998 ਸੀ...

ਮੈਨੂੰ ਸਕੂਲੋਂ ਛੁੱਟੀਆਂ ਸਨ। ਮੈਨੂੰ ਅਜੇ ਵੀ ਯਾਦ ਹੈ ਕਿ ਕਿਵੇਂ ਮੈਂ ਉਸ ਦਿਨ ਆਪਣੇ ਪਿਤਾ ਦੇ ਨਾਲ਼ ਉਨ੍ਹਾਂ ਦੀ ਦੁਕਾਨ 'ਤੇ, ਜਾਣ ਲਈ ਖਹਿੜੇ ਪੈ ਕੇ ਮਨਾਇਆ ਸੀ।

ਮੇਰੇ ਪਿਤਾ ਦੀ ਕੇਂਦਰੀ ਮਜ਼ਾਰ-ਏ-ਸ਼ਰੀਫ ਵਿੱਚ ਬਿਜਲੀ ਦੇ ਉਪਕਰਣਾਂ ਦੀ ਮੁਰੰਮਤ ਦੀ ਇੱਕ ਦੁਕਾਨ ਸੀ।

ਇਹ ਵੀ ਪੜ੍ਹੋ:

ਉਦੋਂ ਤੱਕ ਉੱਤਰ-ਪੂਰਬੀ ਅਫ਼ਗ਼ਾਨਿਸਤਾਨ ਵਿੱਚ ਮਜ਼ਾਰ-ਏ-ਸ਼ਰੀਫ ਦਾ ਕੰਟਰੋਲ, ਉੱਤਰੀ ਗੱਠਜੋੜ ਕੋਲ਼ ਸੀ। ਉੱਤਰੀ ਗਠਜੋੜ ਇੱਕ ਕਬਾਇਲੀ ਲੜਾਕਿਆਂ ਦਾ ਗੱਠਜੋੜ ਸੀ ਅਤੇ ਜਿਨ੍ਹਾਂ ਨੇ ਤਾਲਿਬਾਨ ਦਾ ਸਖ਼ਤ ਵਿਰੋਧ ਕੀਤਾ ਸੀ।

ਮੇਰੇ ਜ਼ਿੱਦ ਕਰਨ 'ਤੇ ਮੇਰੇ ਪਿਤਾ ਮੈਨੂੰ ਆਪਣੇ ਨਾਲ ਦੁਕਾਨ 'ਤੇ ਲੈ ਗਏ ਅਤੇ ਉਨ੍ਹਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਅਸੀਂ ਦੁਪਹਿਰ ਦੇ ਖਾਣੇ ਵਿੱਚ ਮੇਰੇ ਮਨਪਸੰਦ ਕਾਬਲੀ ਪਲਾਓ ਖਾਵਾਂਗੇ।

ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਅਗਲੇ ਕੁਝ ਘੰਟਿਆਂ ਵਿੱਚ ਕੀ ਹੋਣ ਵਾਲਾ ਸੀ।

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਕਾਨਦਾਰ ਤੇ ਗਾਹਕ ਜਾਨ ਬਚਾ ਕੇ ਜਾਂ ਤਾਂ ਭੱਜ ਚੁੱਕੇ ਸਨ ਜਾਂ ਜਾਣ ਦੀ ਕੋਸ਼ਿਸ਼ ਵਿੱਚ ਸਨ, ਮੇਰੇ ਪਿਤਾ ਨੇ ਕੁਝ ਦੇਰ ਰੁਕਣ ਦਾ ਫ਼ੈਸਲਾ ਕੀਤਾ

ਸਵੇਰੇ ਨੌਂ ਵੱਜੇ ਹੋਣਗੇ, ਜਦੋਂ ਸਾਨੂੰ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ।

ਮੈਂ ਅੱਠ ਸਾਲਾਂ ਦਾ ਸੀ, ਸਪੱਸ਼ਟ ਹੈ ਕਿ ਮੈਂ ਘਬਰਾ ਗਿਆ ਸੀ। ਜਦੋਂ ਮੈਂ ਪਿਤਾ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉੱਤਰੀ ਗੱਠਜੋੜ ਦੇ ਧੜਿਆਂ ਵਿਚਕਾਰ ਲੜਾਈ ਹੋ ਸਕਦੀ ਹੈ।

ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਤਾਲਿਬਾਨ ਸ਼ਹਿਰ ਵਿੱਚ ਦਾਖਲ ਹੋ ਗਏ ਹਨ।

ਜਦੋਂ ਸੜਕਾਂ ਉੱਪਰ ਕਾਰਾਂ 'ਤੇ ਚਿੱਟੇ ਝੰਡੇ ਅਤੇ ਕਾਲੀਆਂ ਪੱਗਾਂ ਦਿਖਾਈ ਦੇਣ ਲੱਗੀਆਂ, ਤਾਂ ਅਸੀਂ ਸਮਝ ਗਏ ਕਿ ਕੀ ਹੋ ਰਿਹਾ ਹੈ।

ਗੋਲੀਬਾਰੀ ਦੁਪਹਿਰ ਇੱਕ ਵਜੇ ਤੱਕ ਜਾਰੀ ਰਹੀ, ਫਿਰ ਆਖਿਰਕਾਰ ਤਾਲਿਬਾਨ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।

ਉਸ ਸਮੇਂ ਤੱਕ, ਅਸੀਂ ਸ਼ਹਿਰ ਦੇ ਕੇਂਦਰ ਵਿੱਚ ਬਲਖ਼ ਦਰਵਾਜ਼ੇ ਦੇ ਨੇੜੇ ਇੱਕ ਬਾਜ਼ਾਰ ਵਿੱਚ ਸੀ।

ਇਹੀ ਤਾਲਿਬਾਨ ਦੇ ਸ਼ਹਿਰ ਵਿੱਚ ਦਾਖ਼ਲ ਹੋਣ ਦਾ ਰਸਤਾ ਵੀ ਸੀ।

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਫਗਾਨ ਨਾਗਰਿਕ ਦੀ ਸੰਕੇਤਕ ਤਸਵੀਰ

ਸਾਡੇ ਸਾਰਿਆਂ ਵਿੱਚੋਂ, ਬਜ਼ਾਰ ਵਿੱਚ ਸਿਰਫ ਪੰਜ ਜਣੇ ਹੀ ਰਹਿ ਗਏ ਸਨ।

ਬਾਕੀ ਦੁਕਾਨਦਾਰ ਅਤੇ ਗਾਹਕ ਜਾਂ ਤਾਂ ਭੱਜ ਗਏ ਸਨ ਜਾਂ ਪਹਿਲਾਂ ਹੀ ਗੋਲੀ ਲੱਗਣ ਦੇ ਡਰ ਤੋਂ ਨੱਸ ਗਏ ਸਨ।

ਹਾਲਾਂਕਿ ਮੇਰੇ ਪਿਤਾ ਨੇ ਜ਼ਿੱਦ ਕੀਤੀ ਕਿ ਅਸੀਂ ਉੱਥੇ ਹੀ ਰੁਕ ਜਾਈਏ।

ਅਸੀਂ ਬਾਜ਼ਾਰ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ।

‘ਮੈਂ ਭੁੱਖ ਨਾਲ ਤੜਪ ਰਿਹਾ ਸੀ’

ਬਾਜ਼ਾਰ ਦੇ ਅੰਦਰ ਇੱਕ ਜਗ੍ਹਾ ਸੀ, ਜਿੱਥੋਂ ਅਸੀਂ ਪੂਰਬ ਵਾਲੇ ਪਾਸੇ ਦੀ ਇਮਾਰਤ ਦੇ ਬਾਹਰ ਵੇਖ ਸਕਦੇ ਸੀ। ਉੱਥੋਂ ਮੈਂ ਦੇਖਿਆ ਕਿ ਹਰ ਪਾਸੇ ਧੂੰਆਂ ਹੀ ਧੂੰਆਂ ਸੀ। ਸਾਰੇ ਪਾਸਿਓਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ।

ਲੋਕ ਸੜਕਾਂ 'ਤੇ ਦੌੜ ਰਹੇ ਸਨ ਅਤੇ ਗੱਡੀਆਂ ਨਾਲ ਟਕਰਾ ਰਹੇ ਸਨ, ਜਿਨ੍ਹਾਂ ਦੇ ਮਾਲਕ ਤਾਲਿਬਾਨ ਤੋਂ ਬਚਣ ਲਈ ਕਾਹਲੇ ਪਏ ਹੋਏ ਸਨ ਅਤੇ ਹੋਰ ਲੋਕਾਂ ਦੀ ਵੀ ਪਰਵਾਹ ਨਹੀਂ ਕਰ ਰਹੇ ਸਨ।

ਬਜ਼ਾਰ ਦੇ ਬਾਹਰ ਸਟਾਲਾਂ ਅਤੇ ਗੱਡੀਆਂ ਖਿੱਲਰੀਆਂ ਹੋਈਆਂ ਸਨ। ਤਾਲਿਬਾਨ ਹਰ ਜਗ੍ਹਾ ਸਨ, ਸੜਕਾਂ 'ਤੇ ਅਤੇ ਡੌਟਸਨ ਵਾਹਨਾਂ ਵਿੱਚ, ਕਾਫਲਿਆਂ ਵਿੱਚ। ਉਹ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਸਨ।

ਮੈਂ ਹੋਰ ਨਹੀਂ ਵੇਖ ਸਕਿਆ। ਮ੍ਰਿਤਕਾਂ ਅਤੇ ਜ਼ਖਮੀਆਂ ਦੀਆਂ ਚੀਕਾਂ ਮੇਰੀ ਸਹਿਣ ਸ਼ਕਤੀ ਤੋਂ ਬਾਹਰ ਹੋ ਰਹੀਆਂ ਸਨ। ਮੈਂ ਬਹੁਤ ਡਰਿਆ ਹੋਇਆ ਸੀ।

ਇਸ ਵੇਲੇ ਮੇਰੇ ਪਿਤਾ ਨੇ ਮੈਨੂੰ ਦੁਕਾਨ ਦੇ ਅੰਦਰ ਜਾਣ ਲਈ ਕਿਹਾ ਪਰ ਮੈਂ ਬਹੁਤ ਡਰ ਗਿਆ ਅਤੇ ਜਦੋਂ ਮੈਂ ਅੰਦਰ ਆਇਆ ਤਾਂ ਮੈਂ ਰੋਣ ਲੱਗ ਪਿਆ। ਫਿਰ ਮੇਰੇ ਪਿਤਾ ਆਏ ਅਤੇ ਉਨ੍ਹਾਂ ਨੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ।

ਦੁਪਹਿਰ ਦੇ ਤਿੰਨ ਵੱਜੇ ਸਨ ਅਤੇ ਮੈਂ ਭੁੱਖ ਨਾਲ ਤੜਪ ਰਿਹਾ ਸੀ।

ਅਫ਼ਗਾਨਿਤਾਨ

ਤਸਵੀਰ ਸਰੋਤ, Getty Images

ਮੈਂ ਆਪਣੇ ਪਿਤਾ ਨੂੰ ਕੁਝ ਖਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਥੋੜਾ ਹੋਰ ਇੰਤਜ਼ਾਰ ਕਰੋ, ਫਿਰ ਆਪਾਂ ਘਰ ਜਾਵਾਂਗੇ ਅਤੇ ਵਧੀਆ ਖਾਣਾ ਖਾਵਾਂਗੇ।"

ਮੈਂ ਭਾਵੇਂ ਛੋਟਾ ਸੀ, ਪਰ ਫਿਰ ਵੀ ਮੈਨੂੰ ਪਤਾ ਸੀ ਕਿ ਮੇਰੇ ਪਿਤਾ ਸਿਰਫ ਮੈਨੂੰ ਹੌਂਸਲਾ ਦੇਣ ਲਈ ਇਹ ਸਭ ਕੁਝ ਕਹਿ ਰਹੇ ਸਨ।

ਮੈਂ ਕੁਝ ਚਿਰ ਚੁੱਪ ਰਿਹਾ, ਪਰ ਫਿਰ ਮੇਰੀ ਨਜ਼ਰ ਗਲੀ ਦੇ ਪਾਰ ਇੱਕ ਬੇਕਰੀ 'ਤੇ ਪਈ। ਬੇਕਰੀ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਅੰਦਰ ਕੋਈ ਨਹੀਂ ਸੀ।

ਮੈਂ ਆਪਣੇ ਪਿਤਾ ਕੋਲ ਗਿਆ ਅਤੇ ਪੁੱਛਿਆ, "ਕੀ ਅਸੀਂ ਇਸ ਬੇਕਰੀ ਵਿੱਚ ਜਾ ਸਕਦੇ ਹਾਂ?"

‘ਬੇਕਰੀ ਵਿੱਚ ਗਏ ਤਾਂ ਤਾਲਿਬਾਨ ਸਾਨੂੰ ਗੋਲ਼ੀ ਮਾਰ ਦੇਣਗੇ’

ਉਨ੍ਹਾਂ ਦਾ ਆਖ਼ਰੀ ਜਵਾਬ ਸੀ, "ਜੇ ਅਸੀਂ ਇਸ ਬਾਜ਼ਾਰ ਨੂੰ ਛੱਡ ਕੇ ਬੇਕਰੀ ਵਿੱਚ ਗਏ ਤਾਂ ਤਾਲਿਬਾਨ ਸਾਨੂੰ ਗੋਲੀ ਮਾਰ ਦੇਣਗੇ।"

ਦੁਪਹਿਰ ਲੰਘ ਗਈ ਅਤੇ ਗੋਲੀਬਾਰੀ ਬੰਦ ਹੋ ਗਈ। ਹੁਣ ਕਦੇ-ਕਦੇ ਸਿਰਫ ਛੋਟੀ-ਮੋਟੀ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੰਦੀ ਸੀ, ਪਰ ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਚੁੱਪ ਫੈਲੀ ਹੋਈ ਸੀ।

ਮਾਹੌਲ ਦੇਖ ਕੇ, ਮੇਰੇ ਪਿਤਾ ਨੇ ਫੈਸਲਾ ਕੀਤਾ ਕਿ ਹੁਣ ਬਾਹਰ ਜਾਣ ਦਾ ਠੀਕ ਸਮਾਂ ਹੈ। "ਜੇ ਅਸੀਂ ਹੁਣੇ ਨਿੱਕਲ ਗਏ, ਤਾਂ ਇਸਦੀ ਕਾਫੀ ਉਮੀਦ ਸੀ ਕਿ ਅਸੀਂ ਸਹੀ-ਸਲਾਮਤ ਆਪਣੇ ਪਰਿਵਾਰਾਂ ਤੱਕ ਪਹੁੰਚ ਜਾਵਾਂਗੇ।"

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਲਿਬਾਨ ਕੋਲ ਇੱਕ ਟੈਂਕ ਸੀ ਅਤੇ ਉਨ੍ਹਾਂ ਨੇ ਸਾਨੂੰ ਰੋਕਿਆ...

ਚਾਰ ਵਜ ਚੁੱਕੇ ਸਨ ਅਤੇ ਅਸੀਂ ਸਾਰੇ ਬਜ਼ਾਰ ਤੋਂ ਬਾਹਰ ਨਿੱਕਲ ਗਏ। ਸਾਰੇ ਪਾਸੇ ਇੱਕ ਅਜੀਬ ਜਿਹੀ ਸ਼ਾਂਤੀ ਸੀ, ਪਰ ਵਿੱਚ-ਵਿੱਚ ਅਚਾਨਕ ਗੋਲੀਆਂ ਅਤੇ ਚੀਕਾਂ ਸੁਣਾਈ ਦਿੰਦੀਆਂ ਸਨ।

ਬਜ਼ਾਰ ਦੇ ਬਾਹਰ, ਗਲੀਆਂ ਲਾਸ਼ਾਂ ਅਤੇ ਖੂਨ ਨਾਲ ਭਰੀਆਂ ਹੋਈਆਂ ਸਨ। ਅਸੀਂ ਬਲਖ਼ ਦਰਵਾਜ਼ੇ ਤੋਂ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਵੱਲ ਤੁਰਨਾ ਸ਼ੁਰੂ ਕੀਤਾ, ਜੋ ਕਿ ਰੋਜ਼ਾ ਮੁਬਾਰਕ ਮਜ਼ਾਰ-ਏ-ਸ਼ਰੀਫ ਦੇ ਨੇੜੇ ਸਥਿਤ ਹੈ।

ਅਚਾਨਕ ਅਸੀਂ ਸੜਕ 'ਤੇ ਕੁਝ ਤਾਲਿਬਾਨ ਦੇਖੇ ਜੋ ਇੱਕ ਆਦਮੀ ਨੂੰ ਤਸੀਹੇ ਦੇ ਰਹੇ ਸਨ।

ਜਿਵੇਂ ਹੀ ਉਨ੍ਹਾਂ ਨੇ ਸਾਨੂੰ ਦੇਖਿਆ, ਉਨ੍ਹਾਂ ਨੇ ਸਾਡੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਸ਼ੁਰੂ ਹੁੰਦੇ ਹੀ ਅਸੀਂ ਕਿਸੇ ਚੀਜ਼ ਦੇ ਪਿੱਛੇ ਲੁਕ ਗਏ ਅਤੇ ਮੇਰੇ ਪਿਤਾ ਨੇ ਪਸ਼ਤੋ ਵਿੱਚ ਚੀਕਿਆ, "ਸਾਨੂੰ ਨਾ ਮਾਰੋ, ਅਸੀਂ ਆਮ ਨਾਗਰਿਕ ਹਾਂ।"

ਗੋਲੀਬਾਰੀ ਰੁਕ ਗਈ ਅਤੇ ਅਸੀਂ ਕਿਸੇ ਤਰ੍ਹਾਂ ਤਾਲਿਬਾਨ ਨੂੰ ਯਕੀਨ ਦਿਵਾਉਣ ਵਿੱਚ ਕਾਮਯਾਬ ਹੋ ਗਏ ਕਿ ਅਸੀਂ ਬਸ ਘਰ ਜਾਣਾ ਚਾਹੁੰਦੇ ਹਾਂ। ਉਨ੍ਹਾਂ ਨੇ ਖਾਸ ਤੌਰ 'ਤੇ ਪੁੱਛਿਆ ਕਿ ਕੀ ਤੁਹਾਡੇ ਵਿੱਚੋਂ ਕੋਈ 'ਹਜ਼ਾਰਾ' ਹੈ।

ਮੇਰੇ ਪਿਤਾ ਨੇ ਪਸ਼ਤੋ ਵਿੱਚ ਕਿਹਾ, "ਨਹੀਂ, ਸਾਡੇ ਵਿੱਚੋਂ ਕੋਈ ਨਹੀਂ ਹੈ, ਅਸੀਂ ਪਸ਼ਤੂਨ ਹਾਂ।"

ਵੀਡੀਓ ਕੈਪਸ਼ਨ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਲਖ਼ ਤੋਂ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਦੀ ਰਿਪੋਰਟ

ਜਦੋਂ ਅਸੀਂ ਸਦੀਕ ਯਾਰ ਚੌਕ 'ਤੇ ਪਹੁੰਚੇ, ਸਾਨੂੰ ਇੱਕ ਹੋਰ ਤਾਲਿਬਾਨ ਸਮੂਹ ਟੱਕਰ ਗਿਆ। ਉਸ ਸਮੂਹ ਕੋਲ ਚਿੱਟੇ ਝੰਡਿਆਂ ਵਾਲੇ ਟੈਂਕ ਵੀ ਸਨ ਅਤੇ ਜਿਵੇਂ ਹੀ ਉਨ੍ਹਾਂ ਨੇ ਸਾਨੂੰ ਵੇਖਿਆ, ਸਾਡੇ ਵੱਲ ਇਸ਼ਾਰਾ ਕੀਤਾ।

ਇੱਥੇ ਵੀ, ਮੇਰੇ ਪਿਤਾ ਨੇ ਉਨ੍ਹਾਂ ਨਾਲ ਪਸ਼ਤੋ ਵਿੱਚ ਗੱਲ ਕਰਕੇ ਸਾਡੀ ਜਾਨ ਬਚਾਈ।

ਅਸੀਂ ਚੌਕ ਪਾਰ ਕਰਨ ਹੀ ਵਾਲੇ ਸੀ ਕਿ ਅਸੀਂ ਸੜਕ ਦੇ ਕਿਨਾਰੇ ਖੂਨ ਨਾਲ ਭਿੱਜੀਆਂ ਕੁਝ ਲਾਸ਼ਾਂ ਵੇਖੀਆਂ।

ਮੇਰੇ ਪਿਤਾ ਨੇ ਆਪਣੇ ਸਾਥੀ ਨੂੰ ਕਿਹਾ, "ਦੇਖੋ, ਇਹ ਨਦੀਮ ਹੈ।"

ਨਦੀਮ ਸਾਡੇ ਬਾਜ਼ਾਰ ਦੀ ਦੂਜੀ ਮੰਜ਼ਲ 'ਤੇ ਇਲੈਕਟ੍ਰੌਨਿਕ ਸਟੋਰ ਚਲਾਉਂਦਾ ਸੀ ਅਤੇ ਕੁਝ ਘੰਟੇ ਪਹਿਲਾਂ ਜਦੋਂ ਤਾਲਿਬਾਨ ਸ਼ਹਿਰ ਵਿੱਚ ਦਾਖਲ ਹੋਇਆ ਸੀ ਤਾਂ ਉਸਨੇ ਬਾਜ਼ਾਰ ਛੱਡ ਦਿੱਤਾ ਸੀ। ਉਸ ਦੀ ਲਾਸ਼ ਹੁਣ ਸੜਕ ਦੇ ਕਿਨਾਰੇ ਪਈ ਸੀ।

ਤਾਲਿਬਾਨ ਆਏ ਅਤੇ ਮੇਰੇ ਪਿਤਾ ਨੂੰ ਲੈ ਗਏ

ਮੈਂ ਇਸ ਦ੍ਰਿਸ਼ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਮੈਂ ਆਪਣੇ ਮਨ ਵਿੱਚ ਸੋਚਿਆ, "ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ?"

ਖੈਰ, ਜਦੋਂ ਅਸੀਂ ਆਖਿਰਕਾਰ ਘਰ ਪਹੁੰਚੇ, ਮੇਰੀ ਮਾਂ ਅਤੇ ਛੋਟੀ ਭੈਣ ਦਾ ਬੁਰਾ ਹਾਲ ਸੀ। ਜਦੋਂ ਅਸੀਂ ਪਹੁੰਚੇ, ਉਹ ਘਬਰਾ ਗਏ ਪਰ ਸਾਨੂੰ ਸਹੀ-ਸਲਾਮਤ ਵੇਖ ਕੇ ਉਨ੍ਹਾਂ ਨੂੰ ਥੋੜ੍ਹੀ ਹਿੰਮਤ ਮਿਲੀ।

ਅਗਲੇ ਦਿਨ ਤਾਲਿਬਾਨ ਨੇ ਘਰ-ਘਰ ਤਲਾਸ਼ੀ ਸ਼ੁਰੂ ਕੀਤੀ। ਉਹ ਜ਼ਿਆਦਾਤਰ ਹਜ਼ਾਰਾ ਭਾਈਚਾਰੇ ਦੇ ਮੈਂਬਰਾਂ ਜਾਂ ਹਥਿਆਰਾਂ ਦੀ ਤਲਾਸ਼ ਕਰ ਰਹੇ ਸਨ ਅਤੇ ਕਈ ਵਾਰ ਘਰ ਦੇ ਆਦਮੀਆਂ ਨੂੰ ਆਪਣੇ ਨਾਲ ਲੈ ਜਾਂਦੇ ਸਨ।

ਬਾਜ਼ਾਰ ਤੋਂ ਵਾਪਸ ਆਉਣ ਤੋਂ ਬਾਅਦ, ਮੈਂ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਸਾਰਾ ਦਿਨ ਮੰਜੇ 'ਤੇ ਪਿਆ ਰਿਹਾ। ਰਾਤ ਦੇ ਅੱਠ ਵਜੇ ਜਦੋਂ ਮੈਂ ਅੱਖਾਂ ਖੋਲ੍ਹੀਆਂ, ਮੈਂ ਆਪਣੀ ਮਾਂ ਕੋਲ ਗਿਆ ਅਤੇ ਪੁੱਛਿਆ, "ਅੱਬੂ ਕਿੱਥੇ ਹਨ?"

ਮੈਨੂੰ ਯਾਦ ਹੈ ਕਿ ਮੇਰੀ ਮਾਂ ਰੋ ਰਹੀ ਸੀ ਅਤੇ ਮੈਨੂੰ ਦੱਸ ਰਹੀ ਸੀ ਕਿ ਤਾਲਿਬਾਨ ਦੇ ਲੋਕ ਆਏ ਸਨ ਅਤੇ ਮੇਰੇ ਪਿਤਾ ਨੂੰ ਲੈ ਗਏ ਸਨ।

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਵਾਰ ਮੈਂ ਸੋਚਦਾ ਹਾਂ ਕਿ ਸਾਡਾ ਬਚਾਅ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ.... (ਰੋਜ਼ਾ ਮੁਬਾਰਕ ਮਜ਼ਾਰ-ਏ-ਸ਼ਰੀਫ )

ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਯਾਦ ਨਹੀਂ ਹੈ।

ਅਗਲੇ ਦਿਨ ਜਦੋਂ ਮੈਂ ਉੱਠਿਆ, ਮੇਰੇ ਪਿਤਾ ਜੀ ਮੇਰੇ ਕੋਲ ਬੈਠੇ ਸਨ। ਉਨ੍ਹਾਂ ਨੂੰ ਵੇਖ ਕੇ ਮੇਰੀ ਜਾਨ ਵਿੱਚ ਜਾਨ ਆਈ।

ਮੈਂ ਉਨ੍ਹਾਂ 'ਤੇ ਸਵਾਲਾਂ ਦੀ ਝੜੀ ਹੀ ਲਾ ਦਿੱਤੀ।

"ਤੁਸੀਂ ਕਿੱਥੇ ਚਲੇ ਗਏ ਸੀ?" ਉਨ੍ਹਾਂ ਨੇ ਸਾਨੂੰ ਦੱਸਿਆ ਕਿ ਤਾਲਿਬਾਨ ਨੇ ਆਂਢ-ਗੁਆਂਢ ਦੇ ਵੀ ਸਾਰੇ ਲੋਕਾਂ ਨੂੰ ਅਗਵਾ ਕਰ ਲਿਆ ਸੀ ਅਤੇ ਜੋ ਲੋਕ ਪਸ਼ਤੋ ਜਾਣਦੇ ਸਨ ਜਾਂ ਹਜ਼ਾਰਾ ਨੂੰ ਪਸੰਦ ਨਹੀਂ ਕਰਦੇ ਸਨ, ਉਹ ਜਿਉਂਦੇ ਵਾਪਸ ਆ ਰਹੇ ਸਨ।

ਮੈਂ ਉਸ ਸਮੇਂ ਬਹੁਤ ਖੁਸ਼ ਸੀ ਜਦੋਂ ਮੇਰੇ ਪਿਤਾ ਜੀ ਜ਼ਿੰਦਾ ਪਰਤੇ ਸਨ ਪਰ ਸਾਡੇ ਰਿਸ਼ਤੇਦਾਰਾਂ, ਦੋਸਤਾਂ, ਗੁਆਂਢੀਆਂ ਨਾਲ ਬਹੁਤ ਹੀ ਭਿਆਨਕ ਚੀਜ਼ਾਂ ਵਾਪਰੀਆਂ ਸਨ।

ਕਈ ਵਾਰ ਮੈਂ ਸੋਚਦਾ ਹਾਂ ਕਿ ਸਾਡਾ ਬਚਾਅ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਅਤੇ ਅਸੀਂ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿੱਚੋਂ ਹਾਂ, ਜੋ ਇਨ੍ਹਾਂ ਹਨੇਰੇ ਸਮਿਆਂ ਵਿੱਚ ਵੀ ਜ਼ਿੰਦਾ ਬਚ ਸਕੇ ।

ਪਰ ਇਹ ਸਿਰਫ ਦੁਖਦਾਈ ਕਹਾਣੀ ਦੀ ਇੱਕ ਸ਼ੁਰੂਆਤ ਸੀ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਅਜਿਹੇ ਭਿਆਨਕ ਦਿਨ ਵੇਖਣ ਵਾਲੇ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)