ਹੈਤੀ 'ਚ ਭਿਆਨਕ ਭੂਚਾਲ, 300 ਤੋਂ ਵੱਧ ਲੋਕਾਂ ਦੀ ਮੌਤ, ਸੈਂਕੜੇ ਲੋਕ ਜ਼ਖ਼ਮੀ ਹੋਏ

ਕੈਰੀਬੀਅਨ ਦੇਸ਼ ਹੈਤੀ ਜ਼ਬਰਦਸਤ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ, ਜਿਸ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1800 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ।

ਸ਼ਨੀਵਾਰ ਨੂੰ 7.2 ਦੀ ਤੀਬਰਤਾ ਵਾਲਾ ਇਹ ਭੂਚਾਲ ਦੇਸ਼ ਦੇ ਪੱਛਮੀ ਹਿੱਸੇ ਵਿੱਚ ਆਇਆ, ਜਿਸ ਵਿੱਚ ਚਰਚ, ਹੋਟਲ ਸਣੇ ਕਈ ਇਮਾਰਤਾਂ ਡਿੱਗ ਗਈਆਂ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।

ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਕਿਹਾ ਹੈ "ਵੱਡਾ ਨੁਕਸਾਨ" ਹੋਇਆ ਹੈ ਅਤੇ ਇੱਕ ਮਹੀਨੇ ਦੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਹੈ, "ਰਾਹਤ ਅਤੇ ਬਚਾਅ ਕਾਰਜ ਲਈ ਟੀਮ ਤਿਆਰ ਕੀਤੀ ਗਈ ਹੈ।"

ਉਨ੍ਹਾਂ ਕਿਹਾ, "ਸਭ ਤੋਂ ਮਹੱਤਵਪੂਰਨ ਮਲਬੇ ਹੇਠਾਂ ਦੱਬੇ ਜ਼ਿੰਦਾ ਲੋਕਾਂ ਨੂੰ ਬਾਹਰ ਕੱਢਣਾ ਹੈ। ਸਥਾਨਕ ਹਸਪਤਾਲ ਜਖ਼ਮੀ ਲੋਕਾਂ ਨਾਲ ਭਰੇ ਹੋਏ ਹਨ। ਸਾਨੂੰ ਪਤਾ ਲਗਿਆ ਹੈ ਕਿ ਸਥਾਨਕ ਹਸਪਤਾਲ ਜ਼ਖਮੀਆਂ ਨਾਲ ਭਰੇ ਹੋਏ ਹਨ।"

ਇਹ ਵੀ ਪੜ੍ਹੋ-

ਹੈਤੀ ਅਜੇ ਸਾਲ 2010 ਦੇ ਵਿਨਾਸ਼ਕਾਰੀ ਭੂਚਾਲ ਤੋਂ ਉਭਰ ਰਿਹਾ ਹੈ, ਜਿਸ ਵਿੱਚ ਕਰੀਬ ਦੋ ਲੱਖ ਮਾਰੇ ਗਏ ਸਨ।

ਯੂਐੱਸ ਜਿਓਲੋਜੀਕਲ ਸਰਵੇ (ਯੂਐੱਸਜੀਸੀ) ਮੁਤਾਬਕ ਭੂਚਾਲ ਦਾ ਕੇਂਦਰ ਸੈਂਟ ਲੂਇਸ ਡੂ ਸੁਡ ਸ਼ਹਿਰ ਤੋਂ 12 ਕਿਲੋਮੀਟਰ ਦੂਰ ਸੀ।

ਪਹਿਲਾਂ ਹੀ ਦਿੱਤੀ ਸੀ ਚਿਤਾਵਨੀ

ਯੂਐੱਸਜੀਐੱਸ ਨੇ ਪਹਿਲਾ ਹੀ ਚਿਤਾਵਨੀ ਦਿੱਤੀ ਸੀ ਕਿ ਭੂਚਾਲ ਆਉਣ ਕਾਰਨ ਹਜ਼ਾਰਾਂ ਲੋਕ ਮਾਰੇ ਜਾ ਸਕਦੇ ਹਨ ਅਤੇ ਜਖ਼ਮੀ ਹੋ ਸਕਦੇ ਹਨ।

ਉਸ ਨੇ ਇਹ ਵੀ ਕਿਹਾ ਕਿ ਇਲਾਕੇ ਵਿੱਚ ਕਰੀਬ 6 ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ ਇੱਕ ਦੀ 5.1 ਦੀ ਤੀਬਰਤਾ ਸੀ।

ਹੈਤੀ ਵਿੱਚ 1.1 ਕਰੋੜ ਲੋਕਾਂ ਦੀ ਆਬਾਦੀ ਹੈ, ਜਿਸ ਵਿੱਚ 59 ਫੀਸਦ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ।

ਅਮਰੀਕੀ ਜੋਅ ਬਾਈਡਨ ਨੇ "ਤਤਕਾਲੀ ਮਦਦ" ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਯੂਐੱਸਏਆਈਡੀ "ਨੁਕਸਾਨ ਦਾ ਮੁਲਾਂਕਣ ਕਰਨ ਅਤੇ ਜਖ਼ਮੀ ਲੋਕਾਂ ਦੇ ਠੀਕ ਹੋਣ ਵਿੱਚ ਮਦਦ ਕਰੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)