ਚੈਕਿੰਗ ਲਈ ਗੱਡੀ ਰੋਕਣ 'ਤੇ ਡਰਾਈਵਰ ਪੁਲਿਸ ਵਾਲੇ ਨੂੰ ਕਾਰ ਨਾਲ ਘਸੀਟਦਾ ਹੋਇਆ ਲੈ ਗਿਆ

ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਜਦੋਂ ਅਸਿਸਟੈਂਟ ਸਬ ਇਸੰਪੈਕਟਰ (ਏਐੱਸਆਈ) ਨੇ ਇੱਕ ਕਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਦਾ ਡਰਾਈਵਾਰ ਏਐੱਸਾਈ ਨੂੰ ਗੱਡੀ ਨਾਲ ਘਸਟੀਦਿਆਂ ਹੋਇਆ ਕਾਰ ਭਜਾ ਕੇ ਲੈ ਗਿਆ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਪੁਲਿਸ ਕਰਮੀ ਦਾ ਇਲਾਜ ਚੱਲ ਰਿਹਾ ਹੈ, ਕਾਰ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ, ਡੀਐੱਸਪੀ (ਸਿਟੀ), ਹੇਮੰਤ ਸ਼ਰਮਾ ਨੇ ਦੱਸਿਆ ਕਿ ਏਐੱਸੀਆਈ ਸੂਬਾ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ, "15 ਅਗਸਤ ਦੇ ਸਬੰਧੀ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਚੈਕਿੰਗ ਚੱਲ ਰਹੀ ਸੀ, ਜਿਸ ਦੌਰਾਨ ਸੂਬਾ ਸਿੰਘ ਨੇ ਜਦੋਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸ਼ਰਾਰਤੀ ਅਨਸਰ ਕਾਫੀ ਦੂਰ ਤੱਕ ਉਨ੍ਹਾਂ ਨੂੰ ਘਸੀਟਦਾ ਹੋਇਆ ਲੈ ਗਿਆ।"

"ਗੱਡੀ ਹੇਠਾਂ ਆਉਣ ਕਰਕੇ ਉਨ੍ਹਾਂ ਦੇ ਇੱਕ ਪੈਰ ਵਿੱਚ ਫਰੈਕਚਰ ਆਇਆ ਹੈ। ਗੱਡੀ ਟਰੇਸ ਕਰ ਲਈ ਗਈ ਹੈ।"

ਜਖ਼ਮੀ ਹੋਏ ਸੂਬਾ ਸਿੰਘ ਨੇ ਦੱਸਿਆ ਕਿ ਗੱਡੀ 'ਤੇ ਕਾਲਾ ਝੰਡਾ ਲੱਗਾ ਸੀ ਅਤੇ ਸਪੀਕਰ ਦੀ ਆਵਾਜ਼ ਤੇਜ਼ ਕਰ ਕੇ ਘੁੰਮ ਰਹੀ ਸੀ।

ਉਨ੍ਹਾਂ ਨੇ ਅੱਗੇ ਕਿਹਾ, "ਲੋਕਾਂ ਨੇ ਆ ਕੇ ਸਾਨੂੰ ਸ਼ਿਕਾਇਤ ਕੀਤੀ ਕਿ ਇਨ੍ਹਾਂ ਨੂੰ ਚੈੱਕ ਕਰੋ। ਜਦੋਂ ਅਸੀਂ ਗਏ ਤੇ ਮੈਂ ਉਨ੍ਹਾਂ ਨੂੰ ਦੋ-ਤਿੰਨ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੁਕਿਆ ਨਹੀਂ। ਉਨ੍ਹਾਂ ਨੇ ਤਿੰਨ ਵਾਰ ਗੱਡੀ ਅੱਗੇ-ਪਿੱਛੇ ਕਰ ਕੇ ਮੇਰੇ ਉੱਤੇ ਚਾੜਨ ਦੀ ਕੋਸ਼ਿਸ਼ ਕੀਤੀ ਹੈ।

ਮੁੱਖ ਮੰਤਰੀ ਦਾ ਟਵੀਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ, "ਸਖ਼ਤ ਕਾਰਵਾਈ ਸ਼ੁਰੂ ਹੋ ਗਈ ਅਤੇ ਧਾਰਾ 307 ਦੇ ਤਹਿਤ ਕੇਸ ਵੀ ਦਰਜ ਕਰ ਲਿਆ ਹੈ। ਡੀਜੀਪੀ ਨੂੰ ਕਿਹਾ ਹੈ ਕਿ ਦੋਸ਼ੀਆਂ ਦੀ ਜਲਦ ਪਛਾਣ ਕਰ ਕੇ ਤੁਰੰਤ ਕਾਰਵਾਈ ਕੀਤੀ ਜਾਵੇ।"

ਉਨ੍ਹਾਂ ਨੇ ਅੱਗੇ ਦੱਸਿਆ ਹੈ, "ਫਿਲਹਾਲ ਏਐੱਸਆਈ ਸੂਬਾ ਸਿੰਘ ਦੇ ਸੁਰੱਖਿਅਤ ਹੋਣ ਦੀ ਖ਼ਬਰ ਮਿਲਣ ਨਾਲ ਰਾਹਤ ਮਿਲੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)