ਤਾਲਿਬਾਨ ਦੇ ਅੱਗੇ ਅਫ਼ਗਾਨ ਫੌਜ ਕਿਉਂ ਨਹੀਂ ਖੜ੍ਹੀ ਹੋ ਸਕੀ

    • ਲੇਖਕ, ਜੌਨਥਨ ਬੀਲੇ
    • ਰੋਲ, ਰੱਖਿਆ ਪੱਤਰਕਾਰ, ਬੀਬੀਸੀ ਨਿਊਜ਼

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਤਾਜ਼ਾ ਚੜ੍ਹਤ ਨੇ ਕਈਆਂ ਨੂੰ ਹੈਰਾਨ ਕੀਤਾ ਹੈ ਕਿ ਕਿਵੇਂ ਉਨ੍ਹਾਂ ਅੱਗੇ ਸੂਬਾਈ ਰਾਜਧਾਨੀਆਂ ਇੱਕ ਤੋਂ ਬਾਅਦ ਇੱਕ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈਆਂ।

ਜੇ ਕਿਹਾ ਜਾਵੇ ਕਿ ਹਵਾ ਤਾਲਿਬਾਨ ਦੇ ਰੁਖ ਦੀ ਵਹਿ ਰਹੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਦਕਿ ਅਫ਼ਗਾਨ ਸਰਕਾਰ ਆਪਣੇ ਉੱਖੜਦੇ ਪੈਰ ਜਮਾਈ ਰੱਖਣ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ।

ਇਸੇ ਹਫ਼ਤੇ ਲੀਕ ਹੋਈ ਇੱਕ ਅਮਰੀਕੀ ਸੂਹੀਆ ਰਿਪੋਰਟ ਮੁਤਾਬਕ ਤਾਲਿਬਾਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕੁਝ ਹੀ ਹਫ਼ਤਿਆਂ ਵਿੱਚ ਪਹੁੰਚ ਸਕਦੇ ਹਨ ਅਤੇ ਕਰੀਬ 90 ਦਿਨਾਂ ਵਿੱਚ ਉੱਥੋਂ ਦੀ ਸਰਕਾਰ ਡਿੱਗ ਸਕਦੀ ਹੈ।

ਇਸ ਸਭ ਵਿੱਚ ਵੱਡਾ ਸਵਾਲ ਇਹ ਹੈ ਕਿ ਤਾਲਿਬਾਨ ਨੇ ਇੰਨੀ ਜਲਦੀ ਇਹ ਸਭ ਕੁਝ ਕਿਵੇਂ ਕਰ ਲਿਆ?

ਅਮਰੀਕਾ ਅਤੇ ਇਸਦੇ ਨਾਟੋ ਮਿੱਤਰ ਦੇਸ਼ਾਂ ਨੇ ਪਿਛਲੇ ਵੀਹਾਂ ਸਾਲਾਂ ਦੌਰਾਨ ਅਫ਼ਗਾਨਿਸਤਾਨ ਨੂੰ ਆਹਲਾ ਦਰਜੇ ਦੇ ਫ਼ੌਜੀ ਉਪਕਰਣ ਅਤੇ ਸਿਖਲਾਈ ਮੁਹਈਆ ਕਰਵਾਈ।

ਅਣਗਿਣਤ ਅਮਰੀਕੀ ਅਤੇ ਬ੍ਰਿਟਿਸ਼ ਜਰਨੈਲ ਦਾਅਵੇ ਕਰਦੇ ਰਹੇ ਹਨ ਕਿ ਉਨ੍ਹਾਂ ਨੇ ਅਫ਼ਗਾਨ ਫ਼ੌਜ ਨੂੰ ਪਹਿਲਾਂ ਨਾਲੋਂ ਕਿਤੇ ਤਾਕਤਵਰ ਅਤੇ ਸਮਰੱਥ ਬਣਾਇਆ ਹੈ ਪਰ ਉਹੀ ਫ਼ੌਜ ਹੁਣ ਤਾਲਿਬਾਨ ਦੇ ਸਾਹਮਣੇ ਖੋਖਲੀ ਨਜ਼ਰ ਆ ਰਹੀ ਹੈ। ਕੀ ਉਹ ਸਾਰੇ ਵਾਅਦੇ-ਦਾਅਵੇ ਝੂਠੇ ਸਨ?

ਇਹ ਵੀ ਪੜ੍ਹੋ:

ਤਾਲਿਬਾਨ ਦੀ ਤਾਕਤ ਕੀ ਹੈ?

ਅਫ਼ਗਾਨਿਸਤਾਨ ਦੀ ਸਰਕਾਰ ਕੋਲ ਭਲੇ ਹੀ ਹਾਲੇ ਵੀ ਤਾਲਿਬਾਨ ਦੇ ਮੁਕਾਬਲੇ ਕਿਤੇ ਵੱਡੀ ਫ਼ੌਜੀ ਤਾਕਤ ਕਿਉਂ ਨਾ ਹੋਵੇ।

ਕਾਗਜ਼ਾਂ ਉੱਪਰ ਅਫ਼ਗਾਨਿਸਤਾਨ ਦੀ ਨਫ਼ਰੀ ਤਿੰਨ ਲੱਖ ਤੋਂ ਵਧੇਰੇ ਹੈ, ਜਿਸ ਵਿੱਚ ਥਲ, ਹਵਾਈ ਸੈਨਾ ਅਤੇ ਪੁਲਿਸ ਸ਼ਾਮਲ ਹੈ।

ਜਦਕਿ ਅਸਲੀਅਤ ਵਿੱਚ ਕਦੇ ਪੂਰੀ ਭਰਤੀ ਹੋਈ ਹੀ ਨਹੀਂ।

ਅਫ਼ਗਾਨ ਫ਼ੌਜ ਅਤੇ ਪੁਲਿਸ ਵਿੱਚ ਹਮੇਸ਼ਾ ਹੀ ਮੌਤਾਂ, ਅਸਤੀਫ਼ਿਆਂ ਅਤੇ ਭ੍ਰਿਸ਼ਟਾਚਾਰ ਦੀ ਗਿਣਤੀ ਜ਼ਿਆਦਾ ਰਹੀ ਹੈ।

ਕੁਝ ਕਮਾਂਡਰ ਤਾਂ ਇੰਨੇ ਭ੍ਰਿਸ਼ਟ ਰਹੇ ਹਨ ਕਿ ਉਨ੍ਹਾਂ ਸਿਪਾਹੀਆਂ ਦੀਆਂ ਤਨਖ਼ਾਹਾਂ ਵੀ ਖਾਂਦੇ ਰਹੇ ਜੋ ਕਦੇ ਭਰਤੀ ਹੀ ਨਹੀਂ ਹੋਏ।

ਅਮਰੀਕੀ ਕਾਂਗਰਸ ਵਿੱਚ ਅਫ਼ਗਾਨਿਸਤਾਨ ਲਈ ਵਿਸ਼ੇਸ਼ ਇੰਸਪੈਕਟਰ ਜਨਰਲ ਨੇ ਭ੍ਰਿਸ਼ਟਾਚਾਰ ਦੇ ਦੇਸ਼ ਉੱਪਰ ਪੈਣ ਵਾਲੇ ਮਾਰੂ ਅਤੇ ਫੋਰਸ ਦੀ ਅਸਲੀ ਸਮਰੱਥਾ ਬਾਰੇ ਸਟੀਕ-ਸਹੀ ਡੇਟਾ ਦੀ ਅਣਹੋਂਦ ਬਾਰੇ ਚਿੰਤਾ ਜਤਾਈ ਸੀ।

ਰੋਇਲ ਯੂਨਾਈਟਡ ਸਰਵਸਿਜ਼ ਇੰਸਟੀਚਿਊਟ ਦੇ ਜੈਕ ਵਾਟਲਿੰਗ ਮੁਤਾਬਕ ਅਫ਼ਗਾਨ ਫ਼ੌਜ ਕਦੇ ਆਪਣੀ ਨਫ਼ਰੀ ਬਾਰੇ ਖ਼ੁਦ ਹੀ ਸਪਸ਼ਟ ਨਹੀਂ ਹੋ ਸਕੀ।

ਇਸ ਤੋਂ ਇਲਾਵਾ ਉਪਕਰਣ ਅਤੇ ਮੋਰਾਲ ਕਾਇਮ ਰੱਖਣਾ ਵੀ ਇੱਕ ਚੁਣੌਤੀ ਰਿਹਾ ਹੈ। ਸਿਪਾਹੀਆਂ ਨੂੰ ਕਈ ਵਾਰ ਅਜਿਹੀਆਂ ਥਾਵਾਂ 'ਤੇ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਦਾ ਕੋਈ ਕਬੀਲਾਈ ਕਨੈਕਸ਼ਨ ਨਹੀਂ ਹੁੰਦਾ।

ਇਸ ਕਾਰਨ ਵੀ ਉਹ ਆਪਣੀਆਂ ਚੌਂਕੀਆਂ ਜਲਦੀ ਛੱਡ ਜਾਂਦੇ ਹਨ।

ਤਾਲਿਬਾਨ ਦੀ ਤਾਕਤ ਦਾ ਤਾਂ ਸਟੀਕ ਅੰਦਾਜ਼ਾ ਲਗਾਉਣਾ ਹੋਰ ਵੀ ਮੁਸ਼ਕਲ ਹੈ।

ਵੈਸਟ ਪੁਆਇੰਟ ਵਿੱਚ ਅਮਰੀਕਾ ਦੇ ਕੰਬੈਟਿੰਗ ਟੈਰੋਰਿਜ਼ਮ ਸੈਂਟਰ ਦੇ ਅਨੁਮਾਨਾਂ ਮੁਤਾਬਕ ਤਾਲਿਬਾਨ ਦੇ ਆਪਣੇ ਲੜਾਕਿਆਂ ਦੀ ਸੰਖਿਆ 60,000 ਹੈ। ਜਿਸ ਵਿੱਚ ਹੋਰ ਗਰੁਪਾਂ ਦੇ ਲੜਾਕੇ ਵੀ ਮਿਲਾ ਲਏ ਜਾਣ ਤਾਂ ਇਹ ਸੰਖਿਆ ਦੋ ਲੱਖ ਤੋਂ ਵਧੇਰੇ ਹੋ ਸਕਦੀ ਹੈ।

ਹਾਲਾਂਕਿ ਮਾਈਕ ਮਾਰਟਿਨ ਜੋ ਕਿ ਇੱਕ ਬ੍ਰਿਟਿਸ਼ ਆਰਮੀ ਅਫ਼ਸਰ ਹਨ ਅਤੇ ਪਸ਼ਤੋ ਵੀ ਜਾਣਦੇ ਹਨ, ਉਨ੍ਹਾਂ ਨੇ ਆਪਣੀ ਕਿਤਾਬ ਐਨ ਇੰਟੇਮੇਟ ਵਾਰ ਵਿੱਚ ਹੈਲਮੰਡ ਵਿਚਲੇ ਤਣਾਅ ਦੀ ਇਤਿਹਾਸਕਾਰੀ ਕੀਤੀ ਹੈ।

ਉਹ ਤਾਲਿਬਾਨ ਨੂੰ ਇੱਕ ਅਕੀਦੇ ਵਾਲੇ ਸਮੂਹ ਵਜੋਂ ਪਰਿਭਾਸ਼ਿਤ ਕਰਨ ਦੇ ਖ਼ਤਰਿਆਂ ਬਾਰੇ ਸੁਚੇਤ ਕਰਦੇ ਹਨ।

ਬਲਕਿ ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਆਪੋ ਆਪਣੇ ਹਿੱਤਾਂ ਕਾਰਨ ਢਿੱਲੇ ਰੂਪ ਵਿੱਚ ਜੁੜੇ ਲੋਕ ਸਮੂਹਾਂ ਦਾ ਸਮੁੱਚ ਹੈ ਜੋ ਹੋ ਸਕਦਾ ਹੈ ਕਿ ਆਰਜੀ ਤੌਰ 'ਤੇ ਹੀ ਇੱਕ ਦੂਜੇ ਨਾਲ ਜੁੜੇ ਹੋਣ।

ਉਨ੍ਹਾਂ ਮੁਤਾਬਕ ਅਫ਼ਗਾਨਿਸਤਾਨ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਸਰਕਾਰ ਵਿੱਚ ਮੌਜੂਦ ਲੋਕਾਂ ਨੇ ਵੀ ਸਮਾਂ ਆਉਣ 'ਤੇ ਸਿਰਫ਼ ਆਪਣੇ ਬਚਾਅ ਨੂੰ ਮੁੱਖ ਰਖਦੇ ਹੋਏ ਪਾਲੇ ਬਦਲੇ ਹਨ।

ਤਾਲਿਬਾਨ ਦੇ ਹਥਿਆਰ

ਇੱਥੇ ਫਿਰ ਫੰਡਿੰਗ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਅਫ਼ਗਾਨਿਸਤਾਨ ਸਰਕਾਰ ਦਾ ਪਾਸਾ ਭਾਰੀ ਹੋਣਾ ਚਾਹੀਦਾ ਹੈ।

ਸਰਕਾਰ ਨੂੰ ਖਰਬਾਂ ਡਾਲਰ (ਜ਼ਿਆਦਾਤਰ ਅਮਰੀਕਾ ਤੋਂ) ਸਿਪਾਹੀਆਂ ਦੀਆਂ ਤਨਖ਼ਾਹਾਂ ਦੇਣ ਅਤੇ ਉਪਕਰਣਾਂ ਲਈ ਮਿਲੇ ਹਨ।

ਐੱਸਆਈਜੀਏਆਰ ਦੀ ਜੁਲਾਈ 2021 ਦੀ ਰਿਪੋਰਟ ਮੁਤਾਬਕ 88 ਬਿਲੀਅਨ ਡਾਲਰ ਅਫ਼ਗਾਨਿਸਤਾਨ ਦੀ ਸੁਰੱਖਿਆ ਲਈ ਭੇਜੇ ਗਏ।

ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਪੈਸਾ ਕਿਸ ਕੁਸ਼ਲਤਾ ਨਾਲ ਖ਼ਰਚ ਕੀਤਾ ਗਿਆ ਇਸ ਦਾ ਪਤਾ ਤਾਂ ਜ਼ਮੀਨੀ ਲੜਾਈ ਦੇ ਨਤੀਜਿਆਂ ਤੋਂ ਹੀ ਲੱਗ ਸਕੇਗਾ।

ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਇਸ ਦੀ ਜ਼ਮੀਨੀ ਸੈਨਾ ਲਈ ਇੱਕ ਅਹਿਮ ਮਦਦ ਹੈ।

ਹਵਾਈ ਫ਼ੌਜ ਹਮੇਸ਼ਾ ਹੀ ਆਪਣੇ 211 ਲੜਾਕੂ ਜਹਾਜ਼ਾਂ ਦੇ ਫਲੀਟ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦੀ ਰਹੀ ਹੈ। ਹੁਣ ਤਾਲਿਬਾਨ ਪਾਇਲਟਾਂ ਨੂੰ ਖ਼ਾਸ ਤੌਰ 'ਤੇ ਆਪਣਾ ਨਿਸ਼ਾਨਾ ਬਣਾ ਰਹੀ ਹੈ, ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।

ਇਹ ਜ਼ਮੀਨੀ ਪੱਧਰ 'ਤੇ ਵੀ ਕਮਾਂਡਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਵੀ ਅਸਮਰੱਥ ਰਹੀ ਹੈ।

ਲਸ਼ਕਰਗਾਹ ਵਰਗੇ ਸ਼ਹਿਰ ਜਿਨ੍ਹਾਂ ਵਿੱਚ ਅਮਰੀਕੀ ਮਦਦ ਹਾਸਲ ਸੀ, ਤਾਲਿਬਾਨ ਦੇ ਅਧਿਕਾਰ ਵਿੱਚ ਆਉਣ ਤੋਂ ਬਾਅਦ ਇਹ ਵੀ ਸਪਸ਼ਟ ਨਹੀਂ ਹੈ ਕਿ ਹੁਣ ਅਮਰੀਕਾ ਹੋਰ ਕਿੰਨੀ ਦੇਰ ਆਪਣੀ ਮਦਦ ਜਾਰੀ ਰੱਖਣਾ ਚਾਹੁੰਦਾ ਹੈ।

ਤਾਲਿਬਾਨ ਆਪਣੀ ਕਮਾਈ ਲਈ ਜ਼ਿਆਦਾਤਰ ਨਸ਼ਿਆਂ ਦੇ ਕਾਰੋਬਾਰ ਉੱਪਰ ਨਿਰਭਰ ਹੈ ਪਰ ਉਨ੍ਹਾਂ ਨੂੰ ਬਾਹਰੀ ਮਦਦ ਵੀ ਮਿਲ ਜਾਂਦੀ ਹੈ ਜਿਵੇਂ- ਪਾਕਿਸਤਾਨ ਤੋਂ।

ਹਾਲ ਹੀ ਵਿੱਚ ਤਾਲਿਬਾਨ ਨੇ ਅਫ਼ਗਾਨ ਫ਼ੌਜਾਂ ਦੇ ਹਥਿਆਰਾਂ ਦੀ ਵੱਡੀ ਖੇਪ ਉੱਪਰ ਕਬਜ਼ਾ ਕੀਤਾ ਹੈ। ਇਨ੍ਹਾਂ ਹਥਿਆਰਾਂ ਵਿੱਚ ਕੁਝ ਅਮਰੀਕਾ ਵੱਲੋਂ ਵੀ ਦਿੱਤੇ ਗਏ ਸਨ- ਜਿਵੇਂ ਹਮਵੀ, ਰਾਤ ਨੂੰ ਦੇਖ ਸਕਣ ਵਾਲੀਆਂ ਦੂਰਬੀਨਾਂ, ਮਸ਼ੀਨ ਗੰਨਾਂ, ਮੋਰਟਾਰ ਅਤੇ ਹੋਰ ਅਸਲ੍ਹਾ।

ਸੋਵੀਅਤ ਦੇ ਹਮਲੇ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਹਥਿਆਰਾਂ ਦੀ ਪਹਿਲਾਂ ਹੀ ਕੋਈ ਕਮੀ ਨਹੀਂ ਸੀ। ਤਾਲਿਬਾਨ ਨੇ ਹੁਣ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੇਸੀ ਤੋਂ ਦੇਸੀ ਹਥਿਆਰ ਵੀ ਆਪਣੇ ਤੋਂ ਕਿਤੇ ਜ਼ਿਆਦਾ ਆਧੁਨਿਕ ਸੁਰੱਖਿਆ ਦਸਤਿਆਂ ਨੂੰ ਹਰਾ ਸਕਦੇ ਹਨ।

ਅਜਿਹੇ ਵਿੱਚ ਕਲਪਨਾ ਕਰਕੇ ਦੇਖੋ ਕਿ ਇੰਪੋਰੋਵਾਈਜ਼ਡ ਇਕਸਪਲੋਜ਼ਿਵ ਡਿਵੀਈਸ (ਆਈਈਡੀ) ਦਾ ਅਮਰੀਕੀ ਅਤੇ ਬ੍ਰਿਟਿਸ ਫ਼ੌਜਾਂ ਉੱਪਰ ਕੀ ਅਸਰ ਪਵੇਗਾ।

ਇਸ ਤੋਂ ਇਲਾਵਾ ਸਥਾਨਕ ਗਿਆਨ ਅਤੇ ਭੂਗੋਲ ਦੀ ਸਮਝ ਵੀ ਤਾਲਿਬਾਨ ਦੇ ਪੱਖ ਵਿੱਚ ਭੁਗਤੀ ਹੈ।

ਉੱਤਰ ਅਤੇ ਪੱਛਮ ਵੱਲ ਧਿਆਨ

ਹਾਲਾਂਕਿ ਤਾਲਿਬਾਨ ਜਿੱਤ ਲਈ ਉਤਾਵਲੇਪਣ ਲਈ ਜਾਣੇ ਜਾਂਦੇ ਹਨ ਪਰ ਫਿਲਹਾਲ ਕਈਆਂ ਨੂੰ ਉਨ੍ਹਾਂ ਦੇ ਅੱਗੇ ਵਧਣ ਦੇ ਤਰੀਕੇ ਵਿੱਚ ਮਿਲਵਰਤਣ ਅਤੇ ਵਿਉਂਤਬੰਦੀ ਨਜ਼ਰ ਆ ਰਹੀ ਹੈ।

ਬੈਨ ਬੈਰੀ ਜੋ ਕਿ ਬ੍ਰਿਟਿਸ਼ ਆਰਮੀ ਦੇ ਇੱਕ ਸਾਬਕਾ ਬ੍ਰਿਗੇਡੀਅਰ ਹਨ ਅਤੇ ਹੁਣ ਇੰਸਟੀਚਿਊਟ ਆਫ਼ ਸਟਰੈਟਿਜਿਕ ਸਟੱਡੀਜ਼ ਵਿੱਚ ਸੀਨੀਅਰ ਫੈਲੋ ਹਨ।

ਉਹ ਤਾਲਿਬਾਨੀ ਹਮਲਿਆਂ ਦੇ ਉੱਤਰ ਅਤੇ ਪੱਛਮ ਵਿੱਚ ਕੇਂਦਰਿਤ ਹੋਣ ਵੱਲ ਧਿਆਨ ਦਿਵਾਉਂਦੇ ਹਨ। ਇਹ ਉਹ ਇਲਾਕੇ ਹਨ ਜੋ ਰਵਾਇਤੀ ਤੌਰ 'ਤੇ ਤਾਲਿਬਾਨ ਦੇ ਹਮਾਇਤੀ ਨਹੀਂ ਰਹੇ ਹਨ।

ਤਾਲਿਬਾਨ ਨੇ ਅਹਿਮ ਸਰਹੱਦੀ ਚੌਂਕੀਆਂ ਵੀ ਆਪਣੇ ਕਬਜ਼ੇ ਵਿੱਚ ਲਈਆਂ ਹਨ। ਇਸ ਦੀ ਮਦਦ ਨਾਲ ਉਨ੍ਹਾਂ ਨੇ ਅਫ਼ਗਾਨ ਸਰਕਾਰ ਨੂੰ ਕਸਟਮ ਤੋਂ ਹੋਣ ਵਾਲੀ ਕਮਾਈ ਤੋਂ ਵੀ ਵਾਂਝਿਆਂ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਤਾਲਿਬਾਨ ਨੇ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਨਾਲ ਹੌਲ਼ੀ-ਹੌਲ਼ੀ ਹੀ ਸਹੀ ਅਫ਼ਗਾਨਿਸਤਾਨ ਨੇ ਪਿਛਲੇ ਵੀਹ ਸਾਲਾਂ ਦੌਰਾਨ ਜੋ ਇਨ੍ਹਾਂ ਸੋਬਿਆਂ ਵਿੱਚ ਤਰੱਕੀ ਕੀਤੀ ਸੀ ਉਸ ਨੂੰ ਨਿਸ਼ਚਿਤ ਹੀ ਢਾਹ ਲੱਗੇਗੀ।

ਸਮੇਂ ਦੇ ਨਾਲ ਤਾਲਿਬਾਨ ਵੱਲੋਂ ਜਿੱਤੇ ਇਲਾਕੇ ਉਨ੍ਹਾਂ ਤੋਂ ਵਾਪਸ ਲੈਣ ਦੇ ਅਫ਼ਗਾਨ ਸਰਕਾਰ ਦੇ ਸਾਰੇ ਦਾਅਵੇ-ਵਾਅਦੇ ਖੋਖਲੇ ਸਾਬਤ ਹੋਣ ਲੱਗੇ ਹਨ।

ਬੈਰੀ ਦਾ ਕਹਿਣਾ ਹੈ ਕਿ ਤਾਲਿਬਾਨ ਜਿੱਤੇ ਹੋਏ ਅਹਿਮ ਤੇ ਵੱਡੇ ਸ਼ਹਿਰਾਂ ਨੂੰ ਮੁੜ ਗਵਾ ਲੈਣ ਦੇ ਡਰ ਤੋਂ ਉਨ੍ਹਾਂ ਦੀ ਕਿਲੇਬੰਦੀ ਕਰ ਰਿਹਾ ਹੈ।

ਉਸ ਨੇ ਲਸ਼ਕਰਗਾਹ ਅਤੇ ਹੇਲਮੰਡ ਵਿੱਚ ਆਪਣੀ ਤੈਨਾਅਤੀ ਵਧਾਈ ਹੈ।

ਪਰ ਕਿੰਨੀ ਦੇਰ ਲਈ?

ਅਫ਼ਗਾਨ ਸਪੈਸ਼ਲ ਫੋਰਸਜ਼ ਤੁਲਨਾ ਵਿੱਚ ਕਮਜ਼ੋਰ ਹਨ।

ਤਾਲਿਬਾਨ ਸੰਵਾਦ ਸਿਰਜਣ ਅਤੇ ਪ੍ਰੌਪੇਗੰਡਾ ਵਿੱਚ ਵੀ ਸਰਕਾਰ ਤੋਂ ਅੱਗੇ ਪ੍ਰਤੀਤ ਹੁੰਦਾ ਹੈ।

ਬੈਰੀ ਮੁਤਾਬਕ ਯੁੱਧ ਭੂਮੀ ਵਿੱਚ ਆਪਣੀ ਗਤੀ ਤੋਂ ਵੀ ਤਾਲਿਬਾਨ ਦਾ ਹੌਂਸਲਾ ਵਧਿਆ ਹੈ। ਉਨ੍ਹਾਂ ਵਿੱਚ ਇਕਜੁੱਟਤਾ ਦੀ ਭਾਵਨਾ ਆਈ ਹੈ।

ਜਦਕਿ ਅਫ਼ਗਾਨ ਸਰਕਾਰ ਜੋ ਕਿ ਲਗਾਤਾਰ ਪਿੱਛੇ ਹਟ ਰਹੀ ਹੈ, ਉਹ ਬਿਖਰ ਰਹੀ ਹੈ ਅਤੇ ਆਪਣੇ ਜਰਨੈਲਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ।

ਹੁਣ ਫਿਰ ਕੀ ਹੋ ਸਕਦਾ ਹੈ?

ਨਿਸ਼ਚਿਤ ਹੀ ਸਥਿਤੀ ਅਫ਼ਗਾਨ ਸਰਕਾਰ ਦੇ ਹੱਥੋਂ ਧਿਲਕਦੀ ਜਾਪ ਰਹੀ ਹੈ।

ਫਿਰ ਵੀ ਆਰਯੂਐੱਸਆਈ ਦੇ ਜੈਕ ਵਾਟਲਿੰਗ ਕਹਿੰਦੇ ਹਨ ਕਿ ਅਜੇ ਵੀ ਇਸ ਨੂੰ ਸਿਆਸਤ ਨਾਲ ਸੰਭਾਲਿਆ ਜਾ ਸਕਦਾ ਹੈ।

ਜੇ ਸਰਕਾਰ ਕਬੀਲਾਈ ਆਗੂਆਂ ਦਾ ਭਰੋਸਾ ਜਿੱਤ ਸਕੇ ਫਿਰ ਵੀ ਵਾਟਲਿੰਗ ਮੁਤਾਬਕ ਤਾਲਿਬਾਨ ਨੂੰ ਅੱਗੇ ਵਧਣੋਂ ਰੋਕੇ ਜਾ ਸਕਣ ਦੀ ਸੰਭਾਵਨਾ ਹੈ।

ਅਜਿਹਾ ਹੀ ਵਿਚਾਰ ਮਾਈਕ ਮਾਰਟਿਨ ਦੇ ਹਨ। ਉਹ ਮਜ਼ਾਰ-ਏ-ਸ਼ਰੀਫ਼ ਵਿੱਚ ਸਾਬਕਾ ਲੜਾਕੇ ਅਬਦੁੱਲ ਰਾਸ਼ਿਦ ਦੋਸਤਮ ਦੀ ਵਾਪਸੀ ਨੂੰ ਇੱਕ ਅਹਿਮ ਮੌਕਾ ਮੰਨਦੇ ਹਨ।

ਅਫ਼ਗਾਨਿਸਤਾਨ ਵਿੱਚ ਗ਼ਰਮੀਆਂ ਦੇ ਮੁੱਕਣ ਨਾਲ ਲੜਾਈ ਨੂੰ ਠੱਲ੍ਹ ਪਵੇਗੀ।

ਹੋ ਸਕਦਾ ਹੈ ਕਿ ਸਾਲ ਦੇ ਅੰਤ ਤੱਕ ਅਫ਼ਗਾਨ ਸਰਕਾਰ ਕਾਬੁਲ ਅਤੇ ਨਾਲ ਲਗਦੇ ਸ਼ਹਿਰਾਂ ਉੱਪਰ ਕੰਟਰੋਲ ਬਰਕਰਾਰ ਰੱਖ ਸਕੇ।

ਫਿਰ ਵੀ ਇਸ ਸਮੇਂ ਤਾਂ ਲਗਦਾ ਹੈ ਕਿ ਅਮਨ, ਸੁਰੱਖਿਆ ਅਤੇ ਸਥਿਰਤਾ ਲਿਆਉਣ ਦੀਆਂ ਅਫ਼ਗਾਨਿਸਤਾਨ ਵਿੱਚ ਅਮਰੀਕਾ ਅਤੇ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀਆਂ ਕੋਸ਼ਿਸ਼ਾਂ ਸੋਵੀਅਤ ਰੂਸ ਵਾਂਗ ਹੀ ਨਾਕਾਮ ਸਾਬਤ ਹੋ ਰਹੀਆਂ ਹਨ।

ਜੇ ਤਾਲਿਬਾਨ ਵਿੱਚ ਫੁੱਟ ਪੈ ਜਾਵੇ ਪਾਸਾ ਫਿਰ ਵੀ ਪਲਟ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)