ਅਫਗਾਨਿਸਤਾਨ : ਤਾਲਿਬਾਨ ਅਮਰੀਕੀ ਫੌਜਾਂ ਦੇ ਗੜ੍ਹ ਰਹੇ ਇਲਾਕੇ ਹੇਲਮੰਡ ਦੀਆਂ ਗਲ਼ੀਆਂ ਬਜ਼ਾਰਾਂ ਵਿਚ ਪਹੁੰਚਿਆ

ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਦੇ ਘਰ 'ਤੇ ਹੋਏ ਹਮਲੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਜਦੋਂ ਬੰਦੂਕਧਾਰੀਆਂ ਨੇ ਕਾਬੁਲ ਦੇ ਕਾਫੀ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਦੇ ਨੇੜੇ ਕਾਰ ਬੰਬ ਧਮਾਕਾ ਕੀਤਾ ਅਤੇ ਗੋਲੀਬਾਰੀ ਕੀਤੀ ਤਾਂ ਬਿਸਮਿੱਲਾ ਖਾਨ ਮੁਹੰਮਦੀ ਮੰਗਲਵਾਰ ਨੂੰ ਘਰ ਵਿੱਚ ਨਹੀਂ ਸਨ।

ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਹਮਲਾਵਰ ਮਾਰੇ ਗਏ ਹਨ।

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਫਗਾਨਿਸਤਾਨ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਜੰਗ ਜਾਰੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਸੁਰੱਖਿਆ ਅਧਿਕਾਰੀਆਂ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਮਲੇ ਵਿੱਚ ਚਾਰ ਲੋਕ ਮਾਰੇ ਗਏ।

ਇਟਲੀ ਦੀ ਮੈਡੀਕਲ ਚੈਰਿਟੀ ਐਮਰਜੈਂਸੀ ਨੇ ਪੁਸ਼ਟੀ ਕੀਤੀ ਕਿ ਜ਼ਖ਼ਮੀ ਹੋਏ 11 ਜਣਿਆਂ ਨੂੰ ਕਾਬੁਲ ਵਿਖੇ ਉਨ੍ਹਾਂ ਦੇ ਸਹਾਇਤਾ ਕੇਂਦਰ ਵਿੱਚ ਲਿਆਂਦਾ ਗਿਆ।

ਮੈਡੀਕਲ ਚੈਰਿਟੀ ਐਮਰਜੈਂਸੀ ਮੁਤਾਬਕ 4 ਜਣਿਆਂ ਦੀਆਂ ਲਾਸ਼ਾਂ ਵੀ ਕੇਂਦਰ ਵਿਚ ਲਿਆਂਦੀਆਂ ਗਈਆਂ, ਜੋ ਇਸ ਹਮਲੇ ਵਿੱਚ ਮਾਰੇ ਗਏ।

ਰਿਪੋਰਟਾਂ ਦੇ ਅਨੁਸਾਰ ਚਾਰ ਹਮਲਾਵਰ ਵੀ ਮਾਰੇ ਗਏ ਹਨ।

ਰੱਖਿਆ ਮੰਤਰੀ ਮੁਹੰਮਦੀ ਨੇ ਹਮਲੇ ਤੋਂ ਬਾਅਦ ਟਵੀਟ ਕੀਤਾ, "ਚਿੰਤਾ ਨਾ ਕਰੋ, ਸਭ ਕੁਝ ਠੀਕ ਹੈ!"

ਅਮਰੀਕੀ ਸਟੇਟ ਵਿਭਾਗ ਨੇ ਕਿਹਾ ਕਿ ਇਸ ਹਮਲੇ ਵਿੱਚ ਤਾਲਿਬਾਨ ਦੇ ਹਮਲੇ ਵਾਲੇ "ਸਾਰੇ ਸੰਕੇਤ" ਸਨ।

ਹਮਲੇ ਦੇ ਕੁਝ ਘੰਟਿਆਂ ਬਾਅਦ, ਕਾਬੁਲ ਵਾਸੀਆਂ ਦੀ ਭੀੜ ਤਾਲਿਬਾਨ ਦੇ ਹਮਲਿਆਂ ਦਾ ਵਿਰੋਧ ਕਰਦੇ ਹੋਏ, ਮੰਗਲਵਾਰ ਸ਼ਾਮ ਨੂੰ ਅੱਲਾਹੂ ਅਕਬਰ (ਸਭ ਤੋਂ ਮਹਾਨ ਰੱਬ) ਦੇ ਨਾਅਰੇ ਲਗਾਉਂਦੇ ਹੋਏ ਸੜਕਾਂ ਅਤੇ ਛੱਤਾਂ 'ਤੇ ਆ ਗਈ, ਨਾਲ ਹੀ ਇਸ ਸੰਬੰਧੀ ਸੋਸ਼ਲ ਮੀਡੀਆ' 'ਤੇ ਵੀਡੀਓ ਵੀ ਸਾਂਝੇ ਕੀਤੇ ਗਏ।

ਅਜਿਹਾ ਹੀ ਦ੍ਰਿਸ਼ ਸੋਮਵਾਰ ਨੂੰ ਹੇਰਾਤ ਸ਼ਹਿਰ ਵਿੱਚ ਦੇਖਿਆ ਕੀਤਾ ਗਿਆ, ਜਿੱਥੇ ਹਾਲ ਹੀ ਦੇ ਦਿਨਾਂ ਵਿੱਚ ਭਿਆਨਕ ਲੜਾਈ ਦੇਖਣ ਨੂੰ ਮਿਲੀ ਹੈ।

ਅਫ਼ਗਾਨਿਸਤਾਨ: ਹੋਰ ਥਾਂਵਾਂ 'ਤੇ ਕੀ ਹੋ ਰਿਹਾ ਹੈ?

ਦੱਖਣੀ ਅਫਗਾਨਿਸਤਾਨ ਦੇ ਹੇਲਮੰਡ ਪ੍ਰਾਂਤ ਦੇ ਸ਼ਹਿਰ ਵਿੱਚ ਤਾਲਿਬਾਨ ਅਤੇ ਸਰਕਾਰੀ ਦਸਤਿਆਂ ਦਰਮਿਆਨ ਭਿਆਨਕ ਲੜਾਈ ਜਾਰੀ ਹੈ।

ਇਸ ਬਾਰੇ ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਬੀਤੇ ਦਿਨੀਂ ਲਸ਼ਕਰ ਗਾਹ ਵਿੱਚ ਘੱਟੋ-ਘੱਟ 40 ਨਾਗਰਿਕ ਮਾਰੇ ਗਏ ਸਨ।

"ਸੜਕਾਂ 'ਤੇ ਲਾਸ਼ਾਂ ਪਈਆਂ ਹਨ। ਅਸੀਂ ਨਹੀਂ ਜਾਣਦੇ ਕਿ ਉਹ ਨਾਗਰਿਕ ਹਨ ਜਾਂ ਤਾਲਿਬਾਨ," ਇੱਕ ਨਿਵਾਸੀ ਨੇ (ਸੁਰੱਖਿਆ ਕਾਰਨਾਂ ਤੋਂ ਨਾਮ ਨਹੀਂ ਦੱਸਿਆ ਜਾ ਰਿਹਾ) ਵੱਟਸਐਪ ਦੁਆਰਾ ਬੀਬੀਸੀ ਅਫਗਾਨ ਸੇਵਾ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਦੌਰਾਨ ਇਹ ਮੰਜ਼ਰ ਦੱਸਿਆ।

"ਦਰਜਨਾਂ ਪਰਿਵਾਰ ਆਪਣੇ ਘਰ ਛੱਡ ਕੇ ਹੇਲਮੰਡ ਨਦੀ ਦੇ ਨੇੜੇ ਜਾ ਕੇ ਵਸ ਗਏ ਹਨ।"

ਕੁਝ ਹੋਰ ਡਰੇ ਹੋਏ ਸਥਾਨਕ ਲੋਕਾਂ ਨੇ ਵੀ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਸੜਕਾਂ 'ਤੇ ਲਾਸ਼ਾਂ ਪਈਆਂ ਵੇਖੀਆਂ ਹਨ।

ਅਫ਼ਗਾਨ ਫ਼ੌਜ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਤਾਲਿਬਾਨ ਦੇ ਵਿਰੁੱਧ ਵੱਡੇ ਹਮਲੇ ਤੋਂ ਪਹਿਲਾਂ ਸ਼ਹਿਰ ਛੱਡ ਦੇਣ।

ਤਾਲੀਬਾਨ ਇੱਕ ਕੱਟੜਪੰਥੀ ਇਸਲਾਮਿਕ ਸਮੂਹ ਹੈ, ਜਿਸ ਨੂੰ 20 ਸਾਲ ਪਹਿਲਾਂ ਅਮਰੀਕਾ ਦੀ ਅਗਵਾਈ ਵਾਲੀ ਫੌਜਾਂ ਨੇ ਸੱਤਾ ਤੋਂ ਖਦੇੜ ਦਿੱਤਾ ਸੀ।

ਸ਼ਹਿਰ ਵਿੱਚ ਕਈ ਦਿਨਾਂ ਤੋਂ ਲੜਾਈ ਚੱਲ ਰਹੀ ਹੈ ਅਤੇ ਹੁਣ ਕਥਿਤ ਤੌਰ 'ਤੇ ਜ਼ਿਆਦਾਤਰ ਜ਼ਿਲ੍ਹੇ ਉਨ੍ਹਾਂ ਦੇ ਕੰਟਰੋਲ ਵਿੱਚ ਹਨ।

ਸੰਯੁਕਤ ਰਾਸ਼ਟਰ ਅਤੇ ਹੋਰ ਏਜੰਸੀਆਂ ਇੱਕ ਵਿਗੜਦੇ ਮਨੁੱਖੀ ਸੰਕਟ ਦੀ ਚਿਤਾਵਨੀ ਦੇ ਰਹੀਆਂ ਹਨ।

ਹੇਲਮੰਡ ਪ੍ਰਾਂਤ ਦੀ ਘੇਰਾਬੰਦੀ ਕੀਤੀ ਰਾਜਧਾਨੀ ਲਸ਼ਕਰ ਗਾਹ 'ਤੇ ਕਬਜ਼ਾ ਕਰਨਾ ਵਿਦਰੋਹੀਆਂ ਲਈ ਬਹੁਤ ਵੱਡਾ ਪ੍ਰਤੀਕ ਹੋਵੇਗਾ ਕਿਉਂਕਿ ਉਹ ਵਿਦੇਸ਼ੀ ਫੌਜਾਂ ਦੀ ਵਾਪਸੀ ਤੋਂ ਬਾਅਦ ਤੇਜ਼ੀ ਨਾਲ ਅੱਗੇ ਵਧ ਰਹੇ ਹਨ।

ਹੇਲਮੰਡ ਅਮਰੀਕਾ ਅਤੇ ਬ੍ਰਿਟਿਸ਼ ਫੌਜੀ ਮੁਹਿੰਮਾਂ ਦਾ ਕੇਂਦਰ ਬਿੰਦੂ ਸੀ।

ਹਫਤੇ ਦੇ ਅੰਤ ਵਿੱਚ, ਹੇਲਮੰਡ ਪ੍ਰੋਵਿੰਸ਼ੀਅਲ ਕੌਂਸਲ ਦੇ ਮੁਖੀ ਅਤਾਉੱਲਾ ਅਫਗਾਨ ਨੇ ਸਵੀਕਾਰ ਕੀਤਾ ਕਿ "ਲੜਾਈ ਸਾਡੇ ਕੰਟਰੋਲ ਤੋਂ ਬਾਹਰ ਹੋ ਰਹੀ ਸੀ।"

ਅਫਗਾਨ ਅਤੇ ਅਮਰੀਕੀ ਲੜਾਕੂ ਜਹਾਜ਼ਾਂ ਦੁਆਰਾ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਉਣ ਦੇ ਬਾਵਜੂਦ ਤਾਲਿਬਾਨ ਇਸ ਹਫਤੇ ਹੋਰ ਅੱਗੇ ਵਧੀਆ ਹੈ।

ਅਜਿਹੀਆਂ ਖਬਰਾਂ ਹਨ ਕਿ ਤਾਲਿਬਾਨ ਲੜਾਕਿਆਂ ਨੇ ਘਰਾਂ, ਦੁਕਾਨਾਂ ਅਤੇ ਬਾਜ਼ਾਰਾਂ ਦੇ ਅੰਦਰ ਪੁਜ਼ੀਸ਼ਨਾਂ ਲੈ ਲਈਆਂ ਹਨ - ਸੜਕਾਂ 'ਤੇ ਲੜਾਈ ਜਾਰੀ ਹੋਣ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਕੈਦ ਹੋ ਗਏ ਹਨ।

ਤਾਲਿਬਾਨ ਆਮ ਤੌਰ 'ਤੇ ਲੋਕਾਂ ਨੂੰ ਲਾਊਡ ਸਪੀਕਰਾਂ ਰਾਹੀਂ ਉੱਥੋਂ ਚਲੇ ਜਾਣ ਦੀ ਚੇਤਾਵਨੀ ਦਿੰਦੇ ਹਨ।

ਕਈ ਵਾਰ ਉਹ ਸਿੱਧਾ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ - ਸਥਾਨਕ ਲੋਕਾਂ ਨੂੰ ਭੱਜਣ ਲਈ ਕੇਵਲ ਕੁੱਝ ਮਿੰਟਾਂ ਦਾ ਹੀ ਸਮਾਂ ਮਿਲਦਾ ਹੈ ਨਹੀਂ ਤਾਂ ਉਨ੍ਹਾਂ ਦੇ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਘਰ ਅਜਿਹੇ ਸਮੇਂ ਵਿਚ ਲੜਾਈ ਦਾ ਮੈਦਾਨ ਹੀ ਬਣ ਜਾਂਦੇ ਹਨ।

ਦੂਜੇ ਪਾਸੇ, ਦੱਖਣ ਵਿੱਚ ਤਾਲਿਬਾਨ ਆਪਣੇ ਪੁਰਾਣੇ ਗੜ੍ਹ ਕੰਧਾਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਤੋਂ ਇਲਾਵਾ ਪੱਛਮੀ ਸ਼ਹਿਰ ਹੇਰਾਤ ਵਿੱਚ ਵੀ ਸੰਘਰਸ਼ ਤੇਜ਼ ਹੋ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)