You’re viewing a text-only version of this website that uses less data. View the main version of the website including all images and videos.
ਭਾਰਤ ਤੋਂ ਚੋਰੀ ਹੋਈਆਂ ਕਿਹੜੀਆਂ 14 ਕਲਾਕ੍ਰਿਤੀਆਂ ਮੋੜੇਗਾ ਆਸਟੇਰਲੀਆ
ਆਸਟਰੇਲੀਆ ਦੀ ਨੈਸ਼ਨਲ ਗੈਲਰੀ ਭਾਰਤ ਨੂੰ 14 ਅਜਿਹੀਆਂ ਕਲਾਤਮਕ ਤਸਵੀਰਾਂ ਅਤੇ ਮੂਰਤੀਆਂ ਵਾਪਸ ਕਰੇਗੀ ਜਿਨ੍ਹਾਂ ਨੂੰ ਚੋਰੀ ਜਾਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਬਾਹਰ ਭੇਜਿਆ ਗਿਆ ਸੀ। ਧਾਰਮਿਕ ਅਤੇ ਸੱਭਿਆਚਾਰਕ ਖੇਤਰਾਂ ਨਾਲ ਜੁੜੀਆਂ ਇਨ੍ਹਾਂ ਕਲਾਤਮਿਕ ਚੀਜ਼ਾਂ ਵਿੱਚ ਮੂਰਤੀਆਂ ਤੇ ਤਸਵੀਰਾਂ ਸ਼ਾਮਿਲ ਹਨ ਜਿਨ੍ਹਾਂ ਦੀ ਕੀਮਤ ਲਗਭਗ 20 ਲੱਖ ਡਾਲਰ ਹੈ। ਗੈਲਰੀ ਦੇ ਮੁਖੀ ਨਿਕ ਮਿਟਜੈਵਿਕ ਅਨੁਸਾਰ ਇਨ੍ਹਾਂ ਨੂੰ ਵਾਪਸ ਕਰਕੇ ਇਤਿਹਾਸ ਦੇ ਕਈ ਕਾਲੇ ਪੰਨੇ ਬੰਦ ਹੋ ਜਾਣਗੇ। ਸੁਭਾਸ਼ ਕਪੂਰ ਜੋ ਨਿਊਯਾਰਕ ਵਿਖੇ ਸਾਬਕਾ ਆਰਟ ਡੀਲਰ ਅਤੇ ਕਥਿਤ ਤਸਕਰ ਹਨ, ਇਨ੍ਹਾਂ ਕਲਾਤਮਕ ਕੰਮਾਂ ਵਿੱਚੋਂ ਇੱਕ ਦੀ ਤਸਕਰੀ ਨਾਲ ਜੁੜੇ ਹਨ। ਕਪੂਰ, ਜਿਨ੍ਹਾਂ ਖ਼ਿਲਾਫ਼ ਭਾਰਤ ਵਿੱਚ ਕੇਸ ਚੱਲ ਰਹੇ ਹਨ, ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
ਇਹ ਵੀ ਪੜ੍ਹੋ-
ਇਨ੍ਹਾਂ ਵਿੱਚੋਂ ਕੁਝ ਮੂਰਤੀਆਂ ਬਾਰ੍ਹਵੀਂ ਸਦੀ ਦੀਆਂ ਹਨ ਜਦੋਂ ਅੱਜ ਦੇ ਦੱਖਣ ਭਾਰਤ ਵਿੱਚ ਚੋਲਾ ਸਾਮਰਾਜ ਸੀ ਅਤੇ ਤਾਮਿਲਨਾਡੂ ਵਿੱਚ ਹਿੰਦੂ ਕਲਾਵਾਂ ਦਾ ਪਸਾਰ ਹੋ ਰਿਹਾ ਸੀ।
ਕੈਨਬਰਾ ਵਿਖੇ ਮੌਜੂਦ ਗੈਲਰੀ ਨੇ ਕਪੂਰ ਵੱਲੋਂ ਹਾਸਲ ਹੋਈਆਂ ਮੂਰਤੀਆਂ ਨੂੰ ਪਹਿਲਾਂ ਹੀ ਭਾਰਤ ਨੂੰ ਸੌਂਪ ਦਿੱਤਾ ਹੈ। ਇਨ੍ਹਾਂ ਵਿੱਚ ਭਗਵਾਨ ਸ਼ਿਵ ਦੀ ਕਾਂਸੇ ਦੀ ਮੂਰਤੀ ਵੀ ਸੀ ਜੋ 2008 ਵਿੱਚ 50 ਲੱਖ ਡਾਲਰ ਵਿੱਚ ਖਰੀਦੀ ਗਈ ਸੀ। ਮਿਟਜੈਵਿਕ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਭਾਰਤ ਸਰਕਾਰ ਨੂੰ ਇਹ ਸਾਰੀਆਂ ਕਲਾਤਮਕ ਚੀਜ਼ਾਂ ਕੁਝ ਮਹੀਨਿਆਂ ਵਿੱਚ ਸੌਂਪ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਵਿਖੇ ਮੌਜੂਦ ਭਾਰਤ ਦੇ ਹਾਈ ਕਮਿਸ਼ਨਰ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਆਸਟਰੇਲੀਆ ਦੀ ਨੈਸ਼ਨਲ ਗੈਲਰੀ ਨੇ ਕਿਹਾ ਹੈ ਕਿ ਕਲਾਤਮਕ ਚੀਜ਼ਾਂ ਦੀ ਜਾਂਚ ਲਈ ਗੈਲਰੀ ਵੱਲੋਂ ਨਵੇਂ ਪੈਮਾਨੇ ਤੈਅ ਕੀਤੇ ਗਏ ਹਨ ਜਿਸ ਵਿਚ ਕਾਨੂੰਨੀ ਅਤੇ ਨੈਤਿਕ ਪਹਿਲੂਆਂ ਦਾ ਧਿਆਨ ਰੱਖਿਆ ਜਾਵੇਗਾ।
ਨੈਸ਼ਨਲ ਗੈਲਰੀ ਨੇ ਆਪਣੇ ਬਿਆਨ ਵਿੱਚ ਆਖਿਆ," ਜੇਕਰ ਕਿਸੇ ਵੀ ਕਲਾਤਮਕ ਚੀਜ਼ ਜਿਸ ਦੇ ਚੋਰੀ ਹੋਣ ਦੀ ਤੇ ਗ਼ੈਰਕਾਨੂੰਨੀ ਤਰੀਕੇ ਨਾਲ ਦੂਸਰੇ ਦੇਸ਼ ਤੋਂ ਭੇਜੇ ਜਾਣ ਦਾ ਖਦਸ਼ਾ ਹੋਵੇ ਤਾਂ ਨੈਸ਼ਨਲ ਗੈਲਰੀ ਅਜਿਹੇ ਕਦਮ ਚੁੱਕੇਗੀ ਜਿਸ ਨਾਲ ਉਸ ਨੂੰ ਗੈਲਰੀ ਵਿੱਚੋਂ ਹਟਾਈਆਂ ਜਾ ਸਕੇ ਅਤੇ ਸਬੰਧਿਤ ਦੇਸ਼ ਨੂੰ ਵਾਪਸ ਕੀਤਾ ਜਾ ਸਕੇ।" ਆਪ੍ਰੇਸ਼ਨ ਹਿਡਨ ਆਈਡਲ ਤਹਿਤ ਸੁਭਾਸ਼ ਕਪੂਰ ਤੋਂ ਅਮਰੀਕਾ ਵਿਖੇ ਸੈਂਕੜੇ ਅਜਿਹੀਆਂ ਕਲਾਤਮਕ ਵਸਤੂਆਂ ਪ੍ਰਾਪਤ ਹੋਈਆਂ ਸਨ ਜੋ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਹਨ।ਸੁਭਾਸ਼ ਦੀ ਮੈਨਹੈਟਨ ਵਿਖੇ ਆਰਟ ਗੈਲਰੀ ਸੀ ਜਿਸ ਉੱਪਰ ਅਮਰੀਕੀ ਅਧਿਕਾਰੀਆਂ ਨੇ 2012 ਵਿੱਚ ਛਾਪੇਮਾਰੀ ਕੀਤੀ ਸੀ। 'ਆਰਟ ਆਫ਼ ਦਿ ਪਾਸਟ' ਨਾਮ ਦੀ ਇਸ ਗੈਲਰੀ ਖ਼ਿਲਾਫ਼ ਮੈਨਹੈਟਨ ਵਿੱਚ ਵੀ ਕਾਨੂੰਨੀ ਕੇਸ ਸਨ।
ਇਹ ਵੀ ਪੜ੍ਹੋ:
ਇਹ ਵੀ ਵੇਖੋ: