ਸੀਵਰੇਜ ਕਰਮਚਾਰੀਆਂ ਦੀ ਮੌਤ 'ਤੇ ਸਰਕਾਰ ਨੇ ਅਜਿਹਾ ਕੀ ਕਿਹਾ ਜਿਸ ਨੂੰ ਕਾਰਕੁਨ ਗ਼ੈਰਮਨੁੱਖੀ ਕਰਾਰ ਦੇ ਰਹੇ- ਪ੍ਰੈੱਸ ਰਿਵੀਊ

ਬੁੱਧਵਾਰ ਨੂੰ ਸੰਸਦ ਵਿੱਚ ਕੇਂਦਰੀ ਰਾਜ ਸਮਾਜਿਕ ਨਿਆਂ ਮੰਤਰੀ ਰਾਮਦਾਸ ਅਠਾਵਲੇ ਵੱਲੋਂ ਬਿਆਨ ਦਿੱਤਾ ਗਿਆ ਕਿ ਮੈਨੂਅਲ ਸਕੈਵੇਂਜਿੰਗ ਯਾਨੀ ਦਸਤੀ ਸਫ਼ਾਈ ਕਰਕੇ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਸ਼ਖ਼ਸ ਦੀ ਮੌਤ ਨਹੀਂ ਹੋਈ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖ਼ਬਰ ਮੁਤਾਬਕ ਰਾਜ ਸਭਾ ਸਾਂਸਦ ਮਲਿਕਾਅਰਜੁਨ ਖੜਗੇ ਸਮੇਤ ਇੱਕ ਹੋਰ ਸਾਂਸਦ ਨੇ ਇਹ ਸਵਾਲ ਪੁੱਛਿਆ ਸੀ। ਮੰਤਰੀ ਵੱਲੋਂ ਲਿਖਤੀ ਜਵਾਬ ਵਿੱਚ ਦੱਸਿਆ ਗਿਆ ਕਿ ਕੋਈ ਅਜਿਹੀ ਮੌਤ ਪਿਛਲੇ ਪੰਜ ਸਾਲਾਂ ਵਿੱਚ ਨਹੀਂ ਹੋਈ। ਅਖ਼ਬਾਰ ਅਨੁਸਾਰ ਸਫ਼ਾਈ ਅੰਦੋਲਨ ਨਾਲ ਜੁੜੇ ਬੇਜ਼ਵਾੜਾ ਵਿਲਸਨ ਨੇ ਇਸ ਬਿਆਨ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਸਰਕਾਰ ਨੇ ਸੰਸਦ ਦੇ ਪਿਛਲੇ ਇਜਲਾਸ ਵਿੱਚ 340 ਮੌਤਾਂ ਦਾ ਜ਼ਿਕਰ ਕੀਤਾ ਸੀ।

ਉਨ੍ਹਾਂ ਕਿਹਾ ਸਾਡੇ ਰਿਕਾਰਡ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ 472 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਸਰਕਾਰ ਦੇ ਇਸ ਬਿਆਨ ਨੂੰ ਗੈਰਮਨੁੱਖੀ ਕਰਾਰ ਦਿੱਤਾ।

ਇਹ ਵੀ ਪੜ੍ਹੋ:

ਵਿਲਸਨ ਅਨੁਸਾਰ ਇਸ ਸਾਲ ਵੀ 26 ਮੌਤਾਂ ਹੋਈਆਂ ਹਨ। ਵਿਲਸਨ ਨੇ ਕਿਹਾ ਕਿ ਪਿਛਲੇ ਸਾਲ ਲੋਕ ਸਭਾ ਵਿੱਚ ਅਜਿਹੇ ਹੀ ਸਵਾਲ ਦਾ ਜਵਾਬ ਦਿੰਦਿਆਂ ਸਰਕਾਰ ਨੇ ਮੰਨਿਆ ਸੀ ਕਿ ਸੀਵਰੇਜ ਸਾਫ਼ ਕਰਦੇ ਅਤੇ ਸੈਪਟਿਕ ਟੈਂਕ ਸਾਫ ਕਰਦੇ ਕਈ ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਬਿਆਨ ਬਾਰੇ ਮੁਆਫ਼ੀ ਮੰਗਣੀ ਚਾਹੀਦੀ ਹੈ।

ਕਿਸਾਨ ਅੰਦੋਲਨ: ਅੱਠ ਸਿਆਸੀ ਪਾਰਟੀਆਂ ਵੱਲੋਂ ਜੇਪੀਸੀ ਦੇ ਗਠਨ ਦੀ ਮੰਗ

ਸ਼ੁੱਕਰਵਾਰ ਨੂੰ ਅੱਠ ਸਿਆਸੀ ਪਾਰਟੀਆਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਹੈ। ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਸਮੇਤ ਅੱਠ ਸਿਆਸੀ ਪਾਰਟੀਆਂ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਇਸ ਮੰਗ ਨੂੰ ਲੈ ਕੇ ਮੁਲਾਕਾਤ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਐੱਨਸੀਪੀ, ਸੀਪੀਆਈ, ਸੀਪੀਐਮ, ਆਰਐਲਪੀ, ਨੈਸ਼ਨਲ ਕਾਨਫ਼ਰੰਸ ਅਤੇ ਸ਼ਿਵ ਸੈਨਾ ਦੇ ਸਾਂਸਦਾਂ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ। ਸਾਂਸਦਾਂ ਵੱਲੋਂ ਮੰਗ ਕੀਤੀ ਗਈ ਕਿ ਸਾਂਝੀ ਸੰਸਦੀ ਕਮੇਟੀ ਦਾ ਗਠਨ ਹੋਵੇ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਕਿਸਾਨ ਅੰਦੋਲਨ ਦੌਰਾਨ ਕਿੰਨੇ ਕਿਸਾਨਾਂ ਦੀ ਮੌਤ ਹੋਈ ਹੈ।

ਮਾਰੇ ਗਏ ਕਿਸਾਨਾਂ ਦੇ ਮੁੜ ਵਸੇਬੇ ਦੇ ਤਰੀਕੇ ਅਤੇ ਸਾਧਨਾਂ ਬਾਰੇ ਵੀ ਇਸ ਕਮੇਟੀ ਵਿੱਚ ਚਰਚਾ ਕੀਤੀ ਜਾਵੇ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਬਿਆਨ ਦਿੱਤਾ ਸੀ ਕਿ ਸਰਕਾਰ ਕੋਲ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਤੁਰਕੀ ਦੇ ਜੰਗਲਾਂ ਵਿੱਚ ਅੱਗ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ

ਚੀਨ ਅਤੇ ਯੂਰਪ ਵਿੱਚ ਹੜ੍ਹਾਂ ਅਤੇ ਅਮਰੀਕਾ ਕੈਨੇਡਾ 'ਚ ਅੱਤ ਦੀ ਗਰਮੀ ਤੋਂ ਬਾਅਦ ਤੁਰਕੀ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਅੰਗਰੇਜ਼ੀ ਅਖ਼ਬਾਰ ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਦੇਸ਼ ਵਿੱਚ ਜੰਗਲਾਂ 'ਚ ਲੱਗੀ ਅੱਗ ਤੋਂ ਬਾਅਦ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਚਾਰ ਲੋਕਾਂ ਦੀ ਮੌਤ ਹੋਈ ਹੈ।

ਅੰਤਾਲੀਆ ਅਤੇ ਮੁਗਲਾ ਖੇਤਰ ਜਿੱਥੇ ਲੋਕ ਘੁੰਮਣ ਫਿਰਨ ਆਉਂਦੇ ਹਨ, ਨੂੰ ਇਲਾਕਾ ਖਾਲੀ ਕਰਨਾ ਪਿਆ। ਤੁਰਕੀ ਵਿੱਚ ਪਿਛਲੇ ਸੱਠ ਸਾਲਾਂ ਵਿੱਚ ਗਰਮੀ ਦੇ ਰਿਕਾਰਡ ਵੀ ਟੁੱਟੇ ਜਦੋਂ ਦੱਖਣ ਪੂਰਬੀ ਸ਼ਹਿਰ ਸਿਜ਼ਰੇ ਵਿੱਚ 49.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਖ਼ਬਰ ਅਨੁਸਾਰ ਮੁਗਲਾ ਵਿੱਚ 197 ਏਕੜ ਵਿੱਚ ਅੱਗ ਲੱਗੀ ਹੈ ਅਤੇ ਚਾਰ ਹਜ਼ਾਰ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਪੂਰੇ ਦੇਸ਼ ਵਿੱਚ ਦਰਜਨਾਂ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਤੁਰਕੀ ਦੇ ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਇਸ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਦੇਸ਼ ਵਿੱਚ ਜੰਗਲਾਂ 'ਚ ਅੱਗ ਹਰ ਸਾਲ ਲੱਗਦੀ ਹੈ ਪਰ ਇਸ ਸਾਲ ਹਾਲਾਤ ਗੰਭੀਰ ਹਨ। ਖ਼ਬਰ ਅਨੁਸਾਰ ਪੂਰੇ ਦੇਸ਼ ਵਿੱਚ 50 ਤੋਂ ਵੱਧ ਜਗ੍ਹਾ 'ਤੇ ਕਰਮਚਾਰੀ ਅੱਗ ਬੁਝਾਉਣ ਲਈ ਜੂਝ ਰਹੇ ਸਨ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)