ਨਵਜੋਤ ਸਿੱਧੂ ਆਉਂਦੇ ਹਨ, ਪਿਆਰ ਨਾਲ ਗੱਲਾਂ ਕਰਦੇ ਹਨ ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੇਅਰੋਸ਼ਾਇਰੀ ਵਾਲੇ ਆਪਣੇ ਫਰਾਟੇਦਾਰ ਭਾਸ਼ਣਾਂ ਲਈ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ।

ਪਰ ਇੰਝ ਲੱਗਦਾ ਹੈ ਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਸਿਰਫ਼ ਆਪਣੀ ਹੀ ਗੱਲ ਕਹਿਣ ਦਾ ਮਨ ਬਣਾ ਲਿਆ ਹੈ।

ਉਹ ਮੀਡੀਆ ਕਾਨਫਰੰਸਾਂ ਦੌਰਾਨ ਸਭ ਨਾਲ ਪਿਆਰ ਅਤੇ ਸਲੀਕੇ ਨਾਲ ਗੱਲ ਕਰਦੇ ਹਨ ਪਰ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦਿੰਦੇ।

ਅਸਲ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜਲੰਧਰ ਪਹੁੰਚੇ ਸਨ।

ਇੱਥੇ ਉਨ੍ਹਾਂ ਨੇ ਕਾਂਗਰਸ ਭਵਨ ਵਿੱਚ ਪਾਰਟੀ ਦੇ ਵਿਧਾਇਕਾਂ, ਆਗੂਆਂ ਤੇ ਵਰਕਰਾਂ ਤੋਂ ਫੀਡਬੈਕ ਲਈ।

ਇਸੇ ਦੌਰਾਨ ਪੱਤਰਕਾਰ ਵੀ ਵੱਡੀ ਗਿਣਤੀ 'ਚ ਕਾਂਗਰਸ ਭਵਨ ਪਹੁੰਚੇ ਹੋਏ ਸਨ। ਪਰ ਇੱਥੇ ਪੱਤਰਕਾਰਾਂ ਦੀਆਂ ਵਾਰ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਕਿਸੇ ਦੇ ਸਵਾਲ ਦਾ ਜਵਾਬ ਦੇਣ ਤੋਂ ਬਿਨਾਂ ਹੀ ਚਲੇ ਗਏ।

ਇਹ ਵੀ ਪੜ੍ਹੋ-

ਚੰਡੀਗੜ੍ਹ ਦੇ ਭਾਸ਼ਣ ਦੀ ਅਜੇ ਵੀ ਚਰਚਾ

ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਅਹੁਦਾ ਸੰਭਾਲਣ ਸਮੇਂ ਸਟੇਜ 'ਤੇ ਜਿਸ ਤਰ੍ਹਾਂ ਦਾ ਭਾਸ਼ਣ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਸੀ ਉਸ ਦੀ ਚਰਚਾ ਅਜੇ ਵੀ ਲੋਕਾਂ ਵਿੱਚ ਚੱਲ ਰਹੀ ਹੈ।

ਅਹੁਦਾ ਸੰਭਾਲਣ ਸਮੇਂ ਲੱਗੀ ਸਟੇਜ 'ਤੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਰਾਂ ਵੀ ਨਹੀਂ ਮਿਲਾਈਆਂ।

ਉਨ੍ਹਾਂ ਨੇ ਮੰਚ ਤੋਂ ਕਿਸੇ ਆਗੂ ਦਾ ਨਾਂ ਨਹੀਂ ਲਿਆ, ਆਪਣੇ ਭਾਸ਼ਣ ਵਿੱਚ ਬਸ ਆਪਣਾ ਹੀ ਨਾਂ ਲੈਂਦੇ ਰਹੇ। ਉਨ੍ਹਾਂ ਪੂਰੇ ਭਾਸ਼ਣ ਵਿੱਚ ਲਗਭਗ 10 ਵਾਰ ਆਪਣੇ ਨਾਂ ਦਾ ਜ਼ਿਕਰ ਕੀਤਾ।

ਉਹ ਹਾਈਕਮਾਂਡ ਦੇ 18 ਸੂਤਰੀ ਏਜੰਡੇ ਦੀ ਗੱਲ ਕਰਕੇ ਪੰਜਾਬ ਦੇ ਏਜੰਡੇ ਉੱਤੇ ਪਹਿਰਾ ਦੇਣ ਦੀ ਗੱਲ ਕਰਦੇ ਰਹੇ।

ਪ੍ਰਧਾਨਗੀ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਨਾਲ ਹੋਈ ਪਹਿਲੀ ਮੁਲਾਕਾਤ 'ਚ ਉਨ੍ਹਾਂ ਨੇ ਪੰਜ ਸੂਤਰੀ ਏਜੰਡਾ ਮੁੱਖ ਮੰਤਰੀ ਨੂੰ ਦਿੱਤਾ ਸੀ।

ਇਨ੍ਹਾਂ ਭਖਦੇ ਮੁੱਦਿਆਂ 'ਤੇ ਪੱਤਰਕਾਰਾਂ ਦੇ ਮਨਾਂ ਵਿੱਚ ਕਈ ਸਵਾਲ ਸਨ, ਜਿਹੜੇ ਉਹ ਨਵਜੋਤ ਸਿੰਘ ਸਿੱਧੂ ਮੁਹਰੇ ਰੱਖਣਾ ਚਾਹੁੰਦੇ ਸਨ।

ਕਾਂਗਰਸ ਭਵਨ ਦੇ ਵਿਹੜੇ ਵਿੱਚ ਜਿਉਂ ਹੀ ਨਵਜੋਤ ਸਿੰਘ ਸਿੱਧੂ ਪਹੁੰਚੇ ਤਾਂ ਉਨ੍ਹਾਂ ਦੇ ਦੁਆਲੇ ਪੱਤਰਕਾਰਾਂ ਦੇ ਵੱਡੇ ਝੁੰਡ ਨੇ ਘੇਰਾ ਪਾ ਲਿਆ। ਇਹ ਦੇਖ ਕੇ ਕਾਂਗਰਸੀ ਪ੍ਰਬੰਧਕ ਵੀ ਹੈਰਾਨ-ਪ੍ਰੇਸ਼ਾਨ ਸਨ।

ਉਹ ਇਹ ਮਹਿਸੂਸ ਕਰ ਰਹੇ ਸਨ ਕਿ ਏਨੇ ਕਾਂਗਰਸੀ ਵਰਕਰ ਨਹੀਂ ਪਹੁੰਚੇ ਜਿੰਨੇ ਪੱਤਰਕਾਰ ਆ ਗਏ ਹਨ। ਇਨ੍ਹਾਂ ਪੱਤਰਕਾਰਾਂ ਵਿੱਚ ਬਹੁਤੇ ਵੈੱਬ ਪੋਰਟਲਾਂ ਦੇ ਪੱਤਰਕਾਰ ਸਨ।

ਸਿੱਧੂ ਦੇ ਮੂੰਹ ਉੱਤੇ ਉਂਗਲੀ

ਜਿਉਂ ਹੀ ਪੱਤਰਕਾਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਣ ਲਈ ਉਨ੍ਹਾਂ ਦਾ ਨਾਂ ਲੈ ਕੇ ਸੰਬੋਧਨ ਕੀਤਾ ਤਾਂ ਸਿੱਧੂ ਨੇ ਆਪਣੇ ਮੂੰਹ 'ਤੇ ਉਂਗਲ ਰੱਖਦਿਆਂ ਇਸ਼ਾਰਾ ਕੀਤਾ ਕਿ ਕੋਈ ਸਵਾਲ ਨਹੀਂ।

ਪੱਤਰਕਾਰਾਂ ਵੱਲੋਂ ਵਾਰ-ਵਾਰ ਗੱਲਬਾਤ ਕਰਨ ਲਈ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਨਾਲ ਬੈਠੇ ਹੋਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ, ਤੁਸੀਂ ਸਾਰੇ ਸਾਈਡ 'ਤੇ ਹੋ ਜਾਓ।

ਜਿਉਂ ਇੱਕ ਪਾਸੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਨਵਜੋਤ ਸਿੰਘ ਸਿੱਧੂ ਆਏ ਤਾਂ ਵੀ ਉਨ੍ਹਾਂ ਨੇ ਕਿਸੇ ਪੱਤਰਕਾਰ ਦਾ ਕੋਈ ਸਵਾਲ ਨਹੀਂ ਸੁਣਿਆ ਸਗੋਂ ਆਪਣੀਆਂ ਹੀ ਸੁਣਾ ਕੇ ਚਲੇ ਗਏ।

ਨਵਜੋਤ ਸਿੰਘ ਸਿੱਧੂ ਦਸ ਮਿੰਟ ਤੋਂ ਵੱਧ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਰਹੇ ਪਰ ਇਸ ਦੌਰਾਨ ਉਨ੍ਹਾਂ ਨੇ ਕਿਸੇ ਨੂੰ ਵੀ ਕੋਈ ਸਵਾਲ ਨਾ ਪੁੱਛਣ ਦਿੱਤਾ।

ਜਿਹੜੀਆਂ ਗੱਲਾਂ ਪੱਤਰਕਾਰਾਂ ਨਾਲ ਕੀਤੀਆਂ ਸਨ ਉਹ ਹੀ ਬਾਅਦ ਵਿੱਚ ਆ ਕੇ ਮੰਚ ਤੋਂ ਕੀਤੀਆਂ।

ਗੱਲਬਾਤ ਪਿਆਰ ਨਾਲ ਪਰ ਜਵਾਬ ਕਿਸੇ ਦਾ ਨਹੀਂ

ਦੁਪਹਿਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਬੁਲਾਇਆ ਹੋਇਆ ਸੀ।

ਉਸ ਤੋਂ ਬਾਅਦ ਗੱਲਬਾਤ ਨਿਬੇੜ ਕੇ ਜਦੋਂ ਉਹ ਕਾਂਗਰਸ ਭਵਨ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਫਿਰ ਸੀਨੀਅਰ ਪੱਤਰਕਾਰਾਂ ਨੇ ਗੱਲਬਾਤ ਲਈ ਰੋਕਿਆ।

ਨਵਜੋਤ ਸਿੰਘ ਸਿੱਧੂ ਨੇ ਖੜ੍ਹ ਕੇ ਪੱਤਰਕਾਰਾਂ ਨੂੰ ਚੰਗੀ ਤਰ੍ਹਾਂ ਬੁਲਾਇਆ ਜ਼ਰੂਰ ਪਰ ਜਦੋਂ ਉਨ੍ਹਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਉਨ੍ਹਾਂ ਨੇ ਆਪਣੇ ਹੱਥ ਦੀ ਇਕ ਉਂਗਲ ਖੜ੍ਹੀ ਕਰਕੇ ਨਾਂਹ-ਨਾਂਹ ਦਾ ਇਸ਼ਾਰਾ ਕੀਤਾ ਤੇ ਕਿਹਾ ਕਿ ਜੋ ਮੈਂ ਕਹਿਣਾ ਸੀ ਉਹ ਮੰਚ ਤੋਂ ਕਹਿ ਦਿੱਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸੇ ਦੌਰਾਨ ਇੱਕ ਮਹਿਲਾ ਪੱਤਰਕਾਰ ਨਾਲ ਵੀ ਉਨ੍ਹਾਂ ਨੇ ਬੜੇ ਸਨੇਹ ਨਾਲ ਗੱਲ ਕੀਤੀ ਪਰ ਉਸ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਵੀ ਉਹ ਪਾਸਾ ਵੱਟ ਗਏ।

ਕਾਂਗਰਸ ਭਵਨ ਤੋਂ ਬਾਹਰ ਨਿਕਲਦਿਆਂ ਦੋ ਬਜ਼ੁਰਗ ਕਾਂਗਰਸੀ ਵਰਕਰ ਨਵਜੋਤ ਸਿੰਘ ਸਿੱਧੂ ਨੂੰ ਮਿਲੇ, ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਅਪਾਹਜ ਸੀ ਤੇ ਉਹ ਵਾਕਰ ਨਾਲ ਚੱਲ ਕੇ ਆਇਆ ਸੀ।

ਉਸ ਨੇ ਸਿੱਧੂ ਨੂੰ ਕਿਹਾ ਕਿ ਆਉਦੀਆਂ ਚੋਣਾਂ ਵਿੱਚ ਮਿੱਟੀ ਦੇ ਮਾਧੋ ਵਿਧਾਇਕ ਨਾ ਬਣਾਇਓ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)