You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਹੋਈ ਫਾਇਰਿੰਗ 'ਚ 4 ਸਿੱਖਾਂ ਦੀ ਮੌਤ, ਕੀ ਹੈ ਪੂਰਾ ਮਾਮਲਾ
ਵੀਰਵਾਰ ਰਾਤ ਨੂੰ ਅਮਰੀਕਾ ਦੇ ਇੰਡਿਆਨਾਪੋਲਿਸ ਸ਼ਹਿਰ ਦੇ ਫੈੱਡਐਕਸ ਫਸੀਲਿਟੀ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ 8 ਲੋਕਾਂ ਵਿੱਚ 4 ਸਿੱਖ ਸ਼ਾਮਲ ਸਨ।
ਸਥਾਨਕ ਸਿੱਖ ਭਾਈਚਾਰੇ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਖ਼ਬਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਫੈੱਡਐਕਸ ਫਸੀਲਿਟੀ ਵਿੱਚ ਸਿੱਖ ਭਾਈਚਾਰੇ ਦੇ ਕਾਫ਼ੀ ਅਜਿਹੇ ਲੋਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ।
ਪੁਲਿਸ ਨੇ ਕਿਹਾ ਕਿ ਵੀਰਵਾਰ ਨੂੰ ਰਾਤ 11 ਵਜੇ 19 ਸਾਲਾਂ ਬ੍ਰੈਂਡਹੋਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਜੋ ਖ਼ੁਦ ਪਹਿਲਾਂ ਇਸ ਕੰਪਨੀ ਵਿੱਚ ਕੰਮ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ-
ਪੁਲਿਸ ਮੁਤਾਬਕ ਬ੍ਰੈਂਡਹੋਨ ਨੇ ਆਪਣੀ ਕਾਰ ਵਿੱਚੋਂ ਨਿਕਲਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੁਲਿਸ ਦੇ ਆਉਣ ਤੋਂ ਪਹਿਲਾਂ ਮੁਲਜ਼ਮ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ ਘਟਨਾ ਦੌਰਾਨ 8 ਲੋਕ ਮਾਰ ਗਏ ਸਨ ਅਤੇ 7 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ।
ਘਟਨਾ ਦੀ ਹੋ ਰਹੀ ਨਿਖੇਧੀ
ਫੈੱਡਐਕਸ ਦੇ ਚੇਅਰਮੈਨ ਅਤੇ ਸੀਈਓ ਫਰੈੱਡਰਿਕ ਸਮਿਥ ਨੇ ਇਸ ਹਿੰਸਕ ਘਟਨਾ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ, ''ਪਹਿਲਾਂ ਤਾਂ ਮੈਂ ਇਸ ਘਟਨਾ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਨਾ ਚਾਹੁੰਦਾ ਹਾਂ। ਸਾਡੀ ਪਹਿਲੀ ਤਵੱਜੋ ਸਥਿਤੀ ਨੂੰ ਸੰਭਾਲਣਾ ਹੈ ਅਤੇ ਆਪਣੀ ਟੀਮ ਦੀ ਮਦਦ ਕਰਨਾ ਹੈ।''
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਘਟਨਾ ਨੂੰ ਦੇਸ਼ ਲਈ ਸ਼ਰਮਿੰਦਗੀ ਦੀ ਗੱਲ ਆਖਿਆ।
ਉਨ੍ਹਾਂ ਕਿਹਾ, ਇਹ ਸਭ ਹੁਣ ਖ਼ਤਮ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ''ਹਰ ਦਿਨ ਅਸੀਂ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਪੜ੍ਹ ਰਹੇ ਹਾਂ। ਜਿਸ ਦੌਰਾਨ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹ ਸਾਡੇ ਦੇਸ਼ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਹੁਣ ਇਹ ਸਭ ਖ਼ਤਮ ਹੋਣਾ ਚਾਹੀਦਾ ਹੈ।''
ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਦੱਸਿਆ ਕਿ ਅਜੇ ਤੱਕ ਇਸ ਘਟਨਾ ਪਿੱਛੇ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਹੋ ਪਾਇਆ ਹੈ।
ਪੁਲਿਸ ਮੁਖੀ ਰੈਂਡਲ ਟੇਅਲਰ ਨੇ ਕਿਹਾ, ''ਸਾਨੂੰ ਅਜੇ ਘਟਨਾ ਦੇ ਕਾਰਨਾਂ ਬਾਰੇ ਸਭ ਕੁਝ ਤਾਂ ਪਤਾ ਨਹੀਂ ਲੱਗ ਪਾਇਆ ਹੈ ਪਰ ਸਾਡੀ ਪੁਰੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਘਟਨਾ ਬਾਰੇ ਹਰ ਗੱਲ ਦਾ ਪਤਾ ਲਗਾਈਏ।''
ਅਪਰਾਧਿਕ ਮਾਮਲਿਆਂ ਦੇ ਉਪ-ਮੁਖੀ ਕਰੈਗ ਮੈੱਕਕਾਰਟ ਨੇ ਕਿਹਾ ਕਿ ਜਿਵੇਂ ਹੀ ਮੁਲਜ਼ਮ ਬਿਲਡਿੰਗ ਦੇ ਅੰਦਰ ਆਇਆ, ਉਸ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ, ''ਉਸ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਨਾ ਹੀ ਕਿਸੇ ਨਾਲ ਕੋਈ ਝੜਪ ਹੋਈ। ਉਸ ਨੇ ਆਉਂਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤਾ।''
ਉਨ੍ਹਾਂ ਕਿਹਾ, ਚਾਰ ਲੋਕਾਂ ਦੀ ਮੌਤ ਇਮਾਰਤ ਦੇ ਬਾਹਰ ਹੋਈ ਅਤੇ ਚਾਰ ਲੋਕਾਂ ਦੀ ਮੋਤ ਇਮਾਰਤ ਦੇ ਅੰਦਰ ਹੋਈ।
ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਮੁਲਜ਼ਮ ਨੇ ਖ਼ੁਦ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਦੱਸਿਆ, ''ਜਦੋਂ ਪੁਲਿਸ ਘਟਨਾ ਵਾਲੀ ਥਾਂ ਤੇ ਪੁੱਜੀ ਤਾਂ ਹੜਕੰਪ ਮੱਚਿਆ ਹੋਇਆ ਸੀ।''
ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਹਿੰਸਾ ਨੂੰ ਅੰਜਾਮ ਦੇਣ ਲਈ ਰਾਇਫਲ ਦੀ ਵਰਤੋਂ ਕੀਤੀ ਸੀ।
ਮੇਅਰ ਜੋਅ ਹੌਗਸੈੱਟ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾਵਾਂ ਜ਼ਾਹਿਰ ਕੀਤੀਆਂ।
ਉਨ੍ਹਾਂ ਕਿਹਾ, ''ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਜਿਹਾ ਹੋਣਾ ਆਮ ਗੱਲ ਹੋ ਗਈ ਹੈ। ਸਾਨੂੰ ਅਜਿਹੀ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਨੀ ਚਾਹੀਦੀ ਹੈ।''
ਇਹ ਵੀ ਪੜ੍ਹੋ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
2020 'ਚ ਮਾਂ ਨੇ ਦਰਜ ਕਰਾਈ ਸੀ ਸ਼ਿਕਾਇਤ
ਜਾਂਚ ਕਰ ਰਹੀ ਐੱਫਬੀਆਈ ਮੁਲਜ਼ਮ ਦੇ ਘਰ ਦੀ ਤਲਾਸ਼ ਕਰ ਰਹੀ ਹੈ। ਉਹ ਕਈ ਘਰਾਂ ਵਿੱਚ ਗਈ ਵੀ ਹੈ। ਪਰ ਇਹ ਨਹੀਂ ਦੱਸ ਰਹੀ ਕਿ ਮੁਲਜ਼ਮ ਦਾ ਘਰ ਕਿਹੜਾ ਹੈ।
ਸੀਬੀਐੱਸ ਨਿਊਜ਼ ਦੀ ਖ਼ਬਰ ਮੁਤਾਬਕ, ਐਫਬੀਆਈ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮੁਲਜ਼ਮ ਤੋਂ 2020 ਵਿੱਚ ਵੀ ਇੱਕ ਸ਼ੌਟਗਨ ਬਰਾਮਦ ਕੀਤੀ ਗਈ ਸੀ ਜਦੋਂ ਉਸ ਦੀ ਮਾਂ ਨੇ ਸ਼ਿਕਾਇਤ ਕੀਤੀ ਸੀ।
ਪਿਛਲੀ ਅਪ੍ਰੈਲ ਨੂੰ ਪੁਲਿਸ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਸੀ ਪਰ ਉਸ ਦੀਆਂ ਗੱਲਾਂ ਹਿੰਸਕ ਜਾਂ ਭੜਕਾਉ ਨਹੀਂ ਜਾਪੀਆਂ ਸਨ।
ਉਹ ਖੁੱਲ੍ਹੇ ਵਿੱਚ ਗੋਲੀਬਾਰੀ ਕਰ ਰਿਹਾ ਸੀ
ਫੈੱਡਐਕਸ ਦੇ ਵਰਕਰ ਜੈਰੇਮਿਆਹ ਮਿਲੱਰ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਗੋਲੀਬਾਰੀ ਕਰਦਿਆਂ ਵੇਖਿਆ ਸੀ।
ਉਨ੍ਹਾਂ ਨੇ ਕਿਹਾ, ''ਮੈਂ ਉਸਦੇ ਹੱਥ ਵਿੱਚ ਮਸ਼ੀਨ-ਗਨ ਵੇਖੀ, ਉਹ ਇੱਕ ਆਟੋਮੈਟਿਕ ਰਾਇਫਲ ਲੱਗ ਰਹੀ ਸੀ ਅਤੇ ਉਸ ਨੇ ਅੰਨੇਵਾਹ ਖੁੱਲ੍ਹੇ ਵਿੱਚ ਹੀ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।''
ਇਸ ਸਾਲ ਇੰਡਿਆਨਾਪੋਲਿਸ ਵਿੱਚ ਹੋਈ ਇਹ ਤੀਸਰੀ ਗੋਲੀਬਾਰੀ ਦੀ ਘਟਨਾ ਹੈ।
ਜਨਵਰੀ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਗਰਭਵਤੀ ਔਰਤ ਸਣੇ 5 ਲੋਕ ਮਾਰੇ ਗਏ ਸਨ।
ਮਾਰਚ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਬੱਚੇ ਸਣੇ ਚਾਰ ਲੋਕਾਂ ਦੀ ਮੌਤ ਹੋਈ ਸੀ।
ਅਮਰੀਕਾ ਵਿੱਚ ਇਸ ਸਾਲ 12,395 ਲੋਕਾਂ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਹਨ।
ਪਿਛਲੇ ਹਫ਼ਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਗੋਲੀਬਾਰੀ ਦੀਆਂ ਘਟਨਾਵਾਂ ਉੱਤੇ ਨੱਥ ਪਾਉਣ ਦੀ ਗੱਲ ਕਹੀ ਸੀ।
ਇਸ ਦੇ ਲਈ ਉਨ੍ਹਾਂ ਨੇ ਨਵੇਂ ਨਿਯਮ ਬਣਾਉਣ ਦੀ ਅਤੇ ਅਪਰਾਧਾਂ ਦੀ ਵਿਸਥਾਰ ਨਾਲ ਜਾਂਚ ਕਰਨ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ: