ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਬਲੈਕ ਵਿੱਚ ਦਵਾਈਆਂ ਕਿਵੇਂ ਤੇ ਕਿੰਨੇ ਦੀਆਂ ਮਿਲ ਰਹੀਆਂ ਹਨ

    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਅਖਿਲੇਸ਼ ਮਿਸ਼ਰਾ ਨੂੰ ਪਿਛਲੇ ਵੀਰਵਾਰ ਨੂੰ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਹੋਈ ਸੀ ਪਰ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਹ ਸਿਰਫ ਫ਼ਲੂ ਦੇ ਹੀ ਲੱਛਣ ਹਨ।

ਪਰ ਜਦੋਂ ਅਗਲੇ ਹੀ ਦਿਨ ਉਨ੍ਹਾਂ ਦੇ ਪਿਤਾ ਯੋਗੇਂਦਰ ਨੂੰ ਵੀ ਇਸ ਤਰ੍ਹਾਂ ਦੇ ਹੀ ਲੱਛਣਾਂ ਨੇ ਘੇਰਿਆ ਤਾਂ ਅਖਿਲੇਸ਼ ਦੀ ਚਿੰਤਾ ਵਧੀ।

ਦੋਵਾਂ ਪਿਓ-ਪੁੱਤ ਨੇ ਕੋਵਿਡ ਆਰਟੀ-ਪੀਸੀਆਰ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਆਨਲਾਈਨ ਹੀ ਸਲੋਟ ਬੁੱਕ ਕਰਨ ਦੀ ਕੋਸ਼ਿਸ਼ ਕੀਤੀ।

ਪਰ ਟੈਸਟ ਲਈ ਅਗਲਾ ਉਪਲਬਧ ਸਮਾਂ ਤਿੰਨ ਦਿਨ ਬਾਅਦ ਦਾ ਸੀ। ਆਖਰਕਾਰ ਉਨ੍ਹਾਂ ਨੂੰ ਐਤਵਾਰ ਨੂੰ ਟੈਸਟ ਕਰਵਾਉਣ ਦਾ ਸਮਾਂ ਮਿਲ ਹੀ ਗਿਆ।

ਇਸ ਦੌਰਾਨ ਯੋਗੇਂਦਰ ਨੂੰ ਬਹੁਤ ਤੇਜ਼ ਬੁਖਾਰ ਹੋ ਰਿਹਾ ਸੀ ਅਤੇ ਉਨ੍ਹਾਂ ਦੇ ਡਾਕਟਰ ਨੇ ਯੋਗੇਂਦਰ ਲਈ ਹਸਪਤਾਲ 'ਚ ਬੈੱਡ ਦਾ ਇੰਤਜ਼ਾਮ ਕਰਨ ਦੀ ਸਲਾਹ ਦਿੱਤੀ, ਜੋ ਕਿ ਇੱਕ ਹੋਰ ਮੁਸ਼ਕਲ ਕੰਮ ਸੀ।

ਉਨ੍ਹਾਂ ਨੇ ਨੋਇਡਾ ਅਤੇ ਰਾਜਧਾਨੀ ਦਿੱਲੀ ਦੇ ਕਈ ਨਿੱਜੀ ਹਸਪਤਾਲਾਂ ਦਾ ਦੌਰਾ ਕੀਤਾ ,ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਾ ਫੜੀ। ਆਖਰਕਾਰ ਉਨ੍ਹਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ 'ਚ ਬੈੱਡ ਮਿਲ ਹੀ ਗਿਆ ਅਤੇ ਹੁਣ ਯੋਗੇਂਦਰ ਦੀ ਸਥਿਤੀ 'ਚ ਵੀ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ:

ਇੱਕ ਸਮੇਂ ਅਖਿਲੇਸ਼ ਨੂੰ ਲੱਗਿਆ ਸੀ ਕਿ ਉਹ ਆਪਣੇ ਪਿਤਾ ਨੂੰ ਗੁਆ ਹੀ ਦੇਵੇਗਾ।

ਅਖਿਲੇਸ਼ ਨੇ ਕਿਹਾ, " ਮੈਂ ਬਹੁਤ ਨਿਰਾਸ਼ ਸੀ। ਮੈਨੂੰ ਡਰ ਸੀ ਕਿ ਉਹ ਬਿਨਾਂ ਇਲਾਜ ਦੇ ਹੀ ਮਰ ਜਾਣਗੇ। ਮੈਂ ਨਹੀਂ ਚਾਹੁੰਦਾ ਕਿ ਜਿਸ ਸਥਿਤੀ 'ਚੋਂ ਮੈਂ ਨਿਕਲਿਆ ਹਾਂ, ਉਸ 'ਚ ਕੋਈ ਹੋਰ ਨਿਕਲੇ। ਹਰ ਕਿਸੇ ਕੋਲ ਦੇਖਭਾਲ ਲਈ ਬਰਾਬਰ ਪਹੁੰਚ ਹੋਣੀ ਚਾਹੀਦੀ ਹੈ।"

ਅਖਿਲੇਸ਼ ਦੇ ਪਰਿਵਾਰ ਦੀ ਇਹ ਕਹਾਣੀ ਕੋਈ ਵੱਖਰੀ ਨਹੀਂ ਹੈ।

ਦੇਸ਼ ਭਰ 'ਚ ਅਜਿਹੇ ਕਈ ਪਰਿਵਾਰ ਹਨ, ਜੋ ਕਿ ਹਸਪਤਾਲਾਂ 'ਚ ਬੈੱਡ, ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਜਾਂ ਆਕਸੀਜਨ ਸਿਲੰਡਰਾਂ ਲਈ ਜੂਝ ਰਹੇ ਹਨ। ਕਈ ਸ਼ਹਿਰਾਂ 'ਚ ਤਾਂ ਸ਼ਮਸ਼ਾਨ ਘਾਟ 'ਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਦਵਾਈਆਂ ਦੀ ਕਾਲਾਬਜ਼ਾਰੀ

ਭਾਰਤ 'ਚ ਹਾਲ ਹੀ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਰੈਮਡੈਸੇਵੀਅਰ ਅਤੇ ਟੋਸੀਲਿਜ਼ੁਮੈਬ ਦਵਾਈਆਂ ਦੀ ਭਾਲ 'ਚ ਮਦਦ ਲਈ ਬਹੁਤ ਸਾਰੇ ਬੇਨਤੀ ਮੈਸੇਜ ਪੋਸਟ ਕੀਤੇ ਗਏ ਹਨ।

ਇਨ੍ਹਾਂ ਦੋਵਾਂ ਹੀ ਦਵਾਈਆਂ ਦੀ ਪ੍ਰਭਾਵਸ਼ੀਲਤਾ ਬਾਰੇ ਦੁਨੀਆਂ ਭਰ 'ਚ ਬਹਿਸ ਹੋ ਰਹੀ ਹੈ, ਪਰ ਭਾਰਤ ਸਮੇਤ ਕੁਝ ਦੇਸ਼ਾਂ ਨੇ ਇਨ੍ਹਾਂ ਦੋਵਾਂ ਦਵਾਈਆਂ ਦੀ ਐਮਰਜੈਂਸੀ 'ਚ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ।

ਦੇਸ਼ ਭਰ 'ਚ ਡਾਕਟਰਾਂ ਵੱਲੋਂ ਐਂਟੀਵਾਇਰਲ ਡਰੱਗ ਰੈਮਡੈਸੇਵੀਅਰ ਦੀ ਤਜਵੀਜ਼ ਕੀਤੀ ਜਾ ਰਹੀ ਹੈ। ਜਿਸ ਕਰਕੇ ਇਸ ਦੀ ਮੰਗ 'ਚ ਖਾਸਾ ਵਾਧਾ ਹੋਇਆ ਹੈ।

ਭਾਰਤ ਨੇ ਇਸ ਦੇ ਬਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਵੀ ਨਿਰਮਾਤਾ ਇਸ ਦੀ ਮੰਗ ਪੂਰੀ ਕਰਨ ਲਈ ਕਈ ਦਿੱਕਤਾਂ ਝੱਲ ਰਹੇ ਹਨ।

ਭਾਰਤ 'ਚ ਪਿਛਲੇ ਤਿੰਨ ਹਫ਼ਤਿਆਂ 'ਚ ਇੱਕ ਹੀ ਦਿਨ 'ਚ 150,000 ਤੋਂ ਵੀ ਵੱਧ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।

ਹੇਟੇਰੋ ਫਾਰਮਾ, ਜੋ ਕਿ ਭਾਰਤ 'ਚ ਰੈਮਡੈਸੇਵੀਅਰ ਦਾ ਨਿਰਮਾਣ ਕਰਨ ਵਾਲੀਆਂ ਸੱਤ ਕੰਪਨੀਆਂ 'ਚੋਂ ਇੱਕ ਹੈ, ਉਸ ਨੇ ਕਿਹਾ ਹੈ ਕਿ ਕੰਪਨੀ ਇਸ ਦੇ ਉਤਪਾਦਨ 'ਚ ਵਾਧਾ ਕਰਨ ਦੇ ਯਤਨ ਕਰ ਰਹੀ ਹੈ।

ਬੀਬੀਸੀ ਨੇ ਦੇਖਿਆ ਕਿ ਸਪਲਾਈ ਦੀ ਘਾਟ ਦੇ ਕਾਰਨ ਦਿੱਲੀ ਅਤੇ ਹੋਰ ਕਈ ਸ਼ਹਿਰਾਂ 'ਚ ਦਵਾਈਆਂ ਦੀ ਕਾਲਾਬਜ਼ਾਰੀ ਹੋ ਰਹੀ ਹੈ।

ਦਿੱਲੀ 'ਚ ਬੀਬੀਸੀ ਵੱਲੋਂ ਸੰਪਰਕ ਕੀਤੇ ਗਏ ਘੱਟ ਤੋਂ ਘੱਟ ਤਿੰਨ ਏਜੰਟਾਂ ਨੇ ਰੈਮਡੈਸੇਵੀਅਰ ਦੀ 100 ਮਿਲੀਗ੍ਰਾਮ ਦੀ ਹਰੇਕ ਸ਼ੀਸ਼ੀ 24,000 ਰੁਪਏ 'ਚ ਦੇਣ ਦੀ ਸਹਿਮਤੀ ਦਿੱਤੀ। ਇਹ ਕੀਮਤ ਸਰਕਾਰੀ ਕੀਮਤ ਨਾਲੋਂ ਪੰਜ ਗੁਣਾ ਜ਼ਿਆਦਾ ਹੈ।

ਭਾਰਤ ਦੇ ਸਿਹਤ ਮੰਤਰਾਲੇ ਨੇ ਇੱਕ ਰੋਗੀ ਲਈ ਦਵਾਈ ਦੇ ਕੋਰਸ ਵੱਜੋਂ 100 ਮਿਲੀਗ੍ਰਾਮ ਸ਼ੀਸ਼ੀਆਂ ਦੀਆਂ 6 ਖੁਰਾਕਾਂ ਦੇਣ ਦੀ ਸਿਫਾਰਸ਼ ਕੀਤੀ ਹੈ। ਪਰ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ 'ਚ 8 ਖੁਰਾਕਾਂ ਦੀ ਜ਼ਰੂਰਤ ਪੈਂਦੀ ਹੈ।

ਇਹ ਵੀ ਪੜ੍ਹੋ:

ਅਤੁਲ ਗਰਗ, ਜਿਸ ਦੀ ਮਾਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ, ਉਨ੍ਹਾਂ ਦਾ ਕਹਿਣਾ ਹੈ, " ਇੱਕ ਮੱਧ ਵਰਗੀ ਪਰਿਵਾਰ ਲਈ ਇਹ ਬਹੁਤ ਵੱਡੀ ਰਕਮ ਹੈ। ਇਸ ਦਵਾਈ ਨੂੰ ਹਾਸਲ ਕਰਨ ਲਈ ਮੈਂ ਵੀ ਕਈ ਪੈਸੇ ਖਰਚ ਕੀਤੇ ਹਨ। ਇਸ ਦੇ ਨਾਲ ਹੀ ਸੈਂਕੜੇ ਫੋਨ ਕਾਲਾਂ ਅਤੇ ਤਣਾਅ ਅਤੇ ਨਿਰਾਸ਼ਾ ਵਾਲੇ ਘੰਟੇ ਵੀ ਸ਼ਾਮਲ ਹਨ।"

ਟੋਕਸੀਲੀਜ਼ੁਮਾਬ, ਆਮ ਤੌਰ 'ਤੇ ਗਠੀਏ ਦੇ ਇਲਾਜ ਲਈ ਵਰਤੀ ਜਾਂਦੀ ਹੈ, ਪਰ ਇਸ ਕੋਰੋਨਾ ਕਾਲ ਦੌਰਾਨ ਕੁਝ ਕਲੀਨੀਕਲ ਟਰਾਇਲ ਦੌਰਾਨ ਸਾਬਤ ਕੀਤਾ ਗਿਆ ਹੈ ਕਿ ਇਹ ਜਾਨ ਬਚਾਉਣ ਦੇ ਵੀ ਸਮਰੱਥ ਹੈ।

ਪਰ ਹੈਰਾਨੀ ਵਾਲੀ ਗੱਲ ਇਹ ਕਿ ਇਹ ਦਵਾਈ ਭਾਰਤ ਦੇ ਬਾਜ਼ਾਰ 'ਚੋਂ ਲਗਭਗ ਗਾਇਬ ਹੀ ਹੋ ਗਈ ਹੈ।

ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਸਿੰਘਲਾ ਨੇ ਕਿਹਾ ਕਿ ਉਸ ਦਾ ਫੋਨ ਪੂਰਾ ਦਿਨ ਵੱਜਦਾ ਸੀ ਕਿਉਂਕਿ ਲੋਕ ਉਨ੍ਹਾਂ ਨੂੰ ਡਰੱਗ ਲੱਭਣ 'ਚ ਮਦਦ ਕਰਨ ਲਈ ਗੁਹਾਰ ਲਗਾ ਰਹੇ ਸਨ।

ਉਨ੍ਹਾਂ ਅੱਗੇ ਕਿਹਾ, " ਹਾਲਾਤ ਇੰਨੇ ਖ਼ਰਾਬ ਹਨ ਕਿ ਮੈਥੋਂ ਮੇਰੇ ਆਪਣੇ ਹੀ ਪਰਿਵਾਰਕ ਮੈਂਬਰਾਂ ਲਈ ਡਰੱਗ ਦਾ ਪ੍ਰਬੰਧ ਨਹੀਂ ਹੋ ਰਿਹਾ। ਅਸੀਂ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਮੈਂ ਮੰਨਦਾ ਹਾਂ ਕਿ ਸਿਸਟਮ 'ਚ ਵੀ ਕਮੀਆਂ ਹਨ।"

ਆਕਸੀਜਨ, ਐਕਸ-ਰੇ ਅਤੇ ਕੋਵਿਡ ਟੈਸਟ

ਭਾਰਤ ਦੇ ਕਈ ਸੂਬਿਆਂ 'ਚ ਮੈਡੀਕਲ ਆਕਸੀਜਨ ਦੀ ਮੰਗ 'ਚ ਵਾਧਾ ਹੋਇਆ ਹੈ ਅਤੇ ਕਈ ਹਸਪਤਾਲ ਮਰੀਜ਼ਾਂ ਨੂੰ ਵਾਪਸ ਭੇਜ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਸਪਲਾਈ ਦੀ ਘਾਟ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸੰਘੀ ਸਰਕਾਰ ਨੂੰ ਫੌਜੀ ਜਹਾਜ਼ਾਂ ਰਾਹੀਂ ਆਕਸੀਜਨ ਭੇਜਣ ਲਈ ਕਿਹਾ ਹੈ, ਕਿਉਂਕਿ ਸੜਕੀ ਮਾਰਗ ਰਾਹੀਂ ਸਮਾਂ ਵਧੇਰੇ ਲੱਗਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਤਾਂ ਹਾਲਾਤ ਹੋਰ ਵੀ ਬਦਤਰ ਹੈ। ਜਦੋਂ ਕਿਸੇ ਮਰੀਜ਼ ਨੂੰ ਹਸਪਤਾਲ 'ਚ ਬੈੱਡ ਨਹੀਂ ਮਿਲ ਰਿਹਾ ਹੈ ਤਾਂ ਡਾਕਟਰ ਉਨ੍ਹਾਂ ਨੂੰ ਘਰ 'ਚ ਹੀ ਆਕਸੀਜਨ ਸਿਲੰਡਰ ਦਾ ਪ੍ਰਬੰਧ ਕਰਨ ਦੀ ਸਲਾਹ ਦੇ ਰਹੇ ਹਨ।

ਨਬੀਲ ਅਹਿਮਦ ਦੇ ਪਿਤਾ ਸ਼ੁੱਕਰਵਾਰ ਨੂੰ ਕੋਵਿਡ-19 ਪੌਜ਼ੀਟਿਵ ਪਾਏ ਗਏ। ਉਹ ਉੱਤਰੀ ਭਾਰਤ ਦੇ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦੇ ਹਨ। ਪੰਜ ਦਿਨਾਂ ਬਾਅਦ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋਣ ਲੱਗੀ।

ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਡਾਕਟਰ ਨੇ ਨਬੀਲ ਨੂੰ ਸਲਾਹ ਦਿੱਤੀ ਕਿ ਘਰ 'ਚ ਹੀ ਆਕਸੀਜਨ ਸਿਲੰਡਰ ਦਾ ਪ੍ਰਬੰਧ ਕੀਤਾ ਜਾਵੇ। ਨਬੀਲ ਚਾਰ ਘੰਟਿਆਂ ਦਾ ਸਫ਼ਰ ਕਰਕੇ ਦੂਜੇ ਸ਼ਹਿਰ ਤੋਂ ਆਕਸੀਜਨ ਦਾ ਇੱਕ ਸਿਲੰਡਰ ਲਿਆਉਣ 'ਚ ਕਾਮਯਾਬ ਰਿਹਾ।

ਨਬੀਲ ਨੇ ਦੱਸਿਆ, "ਆਕਸੀਜਨ ਦਾ ਇੱਕ ਸਿਲੰਡਰ ਹਾਸਿਲ ਕਰਨ ਲਈ ਮੈਨੂੰ ਆਉਣ-ਜਾਣ 'ਚ 8 ਘੰਟੇ ਲੱਗੇ। ਉਸ ਸਮੇਂ ਮੇਰੇ ਪਿਤਾ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਸੀ।"

ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਮਰੀਜ਼ਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਪੇਸ਼ ਆ ਰਹੀ ਹੈ, ਉਹ ਹੈ ਨਿੱਜੀ ਲੈਬਾਂ ਵੱਲੋਂ ਛਾਤੀ ਦਾ ਐਕਸ-ਰੇ ਅਤੇ ਸੀਟੀ ਸਕੈਨ ਕਰਨ ਤੋਂ ਇਨਕਾਰ ਕੀਤਾ ਜਾਣਾ।

ਡਾਕਟਰ ਅਕਸਰ ਹੀ ਬਿਮਾਰੀ ਦਾ ਮੁਲਾਂਕਣ ਕਰਨ ਲਈ ਇਨ੍ਹਾਂ ਟੈਸਟਾਂ ਬਾਰੇ ਪੁੱਛਦੇ ਹਨ।

ਯੋਗੇਸ਼ ਕੁਮਾਰ, ਜੋ ਕਿ ਇਲਾਹਾਬਾਦ ਦੇ ਵਸਨੀਕ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਐਕਸ-ਰੇ ਕਰਵਾਉਣ ਦਾ ਇੱਕੋ ਇੱਕ ਤਰੀਕਾ ਹਸਪਤਾਲ 'ਚ ਭਰਤੀ ਹੋਣਾ ਸੀ ਜਾਂ ਫਿਰ ਸਰਕਾਰੀ ਹਸਪਤਾਲ 'ਚ ਟੈਸਟ ਕਰਵਾਉਣਾ ਸੀ, ਪਰ ਉੱਥੇ ਵੀ ਟੈਸਟ ਕਰਵਾਉਣ ਲਈ ਇੱਕ ਲੰਬੀ ਕਤਾਰ ਲੱਗੀ ਸੀ।

ਇਲਾਹਾਬਾਦ ਦੇ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ, " ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੈਂ ਆਪਣੇ ਮਰੀਜ਼ਾਂ ਦੇ ਐਕਸ-ਰੇ ਕਰਵਾਉਣ 'ਚ ਅਸਮੱਰਥ ਹਾਂ। ਕੁਝ ਮਾਮਲਿਆਂ 'ਚ ਬਿਮਾਰੀ ਦਾ ਮੁਲਾਂਕਣ ਕਰਨ ਲਈ ਸਾਨੂੰ ਖੂਨ ਦੀਆਂ ਰਿਪੋਰਟਾਂ 'ਤੇ ਹੀ ਨਿਰਭਰ ਰਹਿਣਾ ਪਵੇਗਾ, ਜੋ ਕਿ ਸਹੀ ਤਰੀਕਾ ਨਹੀਂ ਹੈ।"

ਸ਼ਮਸ਼ਾਨਘਾਟ 'ਚ ਥਾਂ ਦੀ ਘਾਟ

ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰਾਂ 'ਚ ਮ੍ਰਿਤਕ ਦੇਹਾਂ ਦੇ ਸਸਕਾਰ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ। ਕਈ ਵਾਰ ਤਾਂ ਮ੍ਰਿਤਕ ਦੇਹ ਦੇ ਸਸਕਾਰ ਲਈ ਪਰਿਵਾਰ ਵਾਲਿਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ।

ਇਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੱਛਮੀ ਭਾਰਤ ਦੇ ਸ਼ਹਿਰ ਸੂਰਤ 'ਚ ਤਾਂ ਸ਼ਮਸ਼ਾਨਘਾਟ ਦੇ ਅੰਦਰ ਮੌਜੂਦ ਭੱਠੀਆਂ ਦਾ ਧਾਤੂ ਢਾਂਚਾ ਵੀ ਪਿਘਲਣਾ ਸ਼ੂਰੂ ਹੋ ਗਿਆ ਸੀ, ਕਿਉਂਕਿ ਉੱਥੇ ਬਿਨ੍ਹਾਂ ਰੁਕੇ ਦਿਨ ਰਾਤ ਸਸਕਾਰ ਹੋ ਰਹੇ ਹਨ।

ਹਾਲ ਹੀ 'ਚ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ ਹੈ, ਜਿਸ 'ਚ ਵਿਖਾਇਆ ਗਿਆ ਹੈ ਕਿ ਲਖਨਊ 'ਚ ਅੱਧੀ ਰਾਤ ਨੂੰ ਦਰਜਨਾਂ ਹੀ ਮ੍ਰਿਤਕ ਦੇਹਾ ਦਾ ਸਸਕਾਰ ਕੀਤਾ ਜਾ ਰਿਹਾ ਹੈ।

ਸ਼ਮਸ਼ਾਨਘਾਟ 'ਚ ਬਹੁਤ ਸਾਰੇ ਸਟਾਫ਼ ਮੈਂਬਰ ਬਿਨ੍ਹਾਂ ਆਰਾਮ ਕੀਤੇ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਿਸ ਕਾਰਨ ਉਹ ਥੱਕ ਰਹੇ ਹਨ।

ਭਾਰਤ ਦੇ ਕਈ ਲੋਕਾਂ ਦਾ ਸਵਾਲ ਹੈ ਕਿ ਕੀ ਇਸ ਸਥਿਤੀ ਨੂੰ ਟਾਲਿਆ ਜਾ ਸਕਦਾ ਸੀ।

ਮਹਾਂਮਾਰੀ ਰੋਗ ਵਿਗਿਆਨੀ ਡਾ. ਲਲਿਤ ਕਾਂਤ ਦਾ ਕਹਿਣਾ ਹੈ, "ਅਸੀਂ ਪਹਿਲੀ ਲਹਿਰ ਤੋਂ ਸਬਕ ਨਹੀਂ ਸਿੱਖਿਆ ਹੈ। ਅਸੀਂ ਇਸ ਗੱਲ ਤੋਂ ਜਾਣੂ ਸੀ ਕਿ ਦੂਜੀ ਲਹਿਰ ਆ ਰਹੀ ਹੈ, ਪਰ ਫਿਰ ਵੀ ਅਸੀਂ ਦਵਾਈਆਂ, ਬੈੱਡ ਅਤੇ ਆਕਸੀਜਨ ਦੀ ਘਾਟ ਵਰਗੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਣ ਲਈ ਕੋਈ ਠੋਸ ਯੋਜਨਾ ਨਹੀਂ ਬਣਾਈ।"

"ਅਸੀਂ ਤਾਂ ਉਨ੍ਹਾਂ ਦੇਸ਼ਾਂ ਤੋਂ ਵੀ ਕੁਝ ਨਹੀ ਸਿੱਖਿਆ, ਜਿੰਨ੍ਹਾਂ ਨੇ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੀਤਾ ਸੀ।"

ਗੁਜ਼ਾਰਿਸ਼ 'ਤੇ ਕੁਝ ਨਾਮ ਬਦਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)