ਚੰਡੀਗੜ੍ਹ 'ਚ ਵੀਕਐਂਡ ਲੌਕਡਾਊਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ- ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੇ ਅਪਡੇਟ ਦੇਵਾਂਗੇ।

ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਨੂੰ ਦੇਖਦਿਆਂ ਵੀਕਐਂਡ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਲੌਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸ਼ੁਰੂ ਹੋ ਜਾਏਗਾ ਅਤੇ ਸੋਮਵਾਰ 5 ਵਜੇ ਤੱਕ ਲਾਗੂ ਰਹੇਗਾ।

ਲੌਕਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਆਦੇਸ਼ ਅੱਜ ਰਾਤ ਤੋਂ ਲਾਗੂ ਹੋ ਜਾਣਗੇ। ਇਹ ਵੀਕੈਂਡ ਲੌਕਡਾਊਨ 30 ਅਪ੍ਰੈਲ ਤੱਕ ਲਾਗੂ ਰਹੇਗਾ।

ਕੀ ਖੁੱਲ੍ਹੇਗਾ ਕੀ ਬੰਦ ਰਹੇਗਾ?

  • ਇਸ ਦੌਰਾਨ ਸਾਰੇ ਸਮਾਜਿਕ, ਸੱਭਿਆਚਾਰਕ, ਸਿਆਸੀ ਅਤੇ ਧਾਰਮਿਕ ਸਮਾਗਮਾਂ 'ਤੇ ਪਾਬੰਦੀ ਰਹੇਗੀ। ਇਸ ਦੌਰਾਨ ਮਨਜ਼ੂਰੀਸ਼ੁਦਾ ਇਕੱਠਾਂ ਲਈ ਖੱਲ੍ਹੀਆਂ ਥਾਵਾਂ ਲਈ 100 ਅਤੇ ਅੰਦਰੂਨੀ ਥਾਵਾਂ ਲਈ 50 ਮਹਿਮਾਨਾਂ ਦੀ ਆਗਿਆ ਹੈ।
  • ਸਾਰੇ ਜਿਮ, ਸਪਾ, ਅਜਾਇਬ ਘਰ, ਲਾਇਬ੍ਰੇਰੀ, ਕੋਚਿੰਗ ਸੈਂਟਰ ਆਦਿ 30 ਅਪ੍ਰੈਲ ਤੱਕ ਬੰਦ ਰਹਿਣਗੇ
  • ਸਿਨੇਮਾ ਹਾਲ 50 ਫੀਸਦ ਦਰਸ਼ਕਾਂ ਨਾਲ ਖੁੱਲ੍ਹਣਗੇ
  • 30 ਅਪ੍ਰੈਲ ਤੱਕ ਸਾਰੇ ਸਰਕਾਰੀ ਦਫ਼ਤਰ 50 ਫੀਸਦ ਕਰਮੀਆਂ ਨਾਲ ਖੁੱਲ੍ਹਣਗੇ
  • ਬੱਸਾਂ 50 ਫੀਸਦ ਸਵਾਰੀਆਂ ਨਾਲ ਚੱਲਣਗੀਆਂ, ਏਅਰਪੋਰਟ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉੱਤੇ ਸਕ੍ਰੀਨਿੰਗ ਕੀਤੀ ਜਾਵੇਗੀ। ਲੌਕਡਾਊਨ ਦੌਰਾਨ ਲੋਕ ਸੂਬੇ ਅੰਦਰ ਸਫ਼ਰ ਕਰ ਸਕਦੇ ਹਨ
  • ਲੌਕਡਾਊਨ ਦੌਰਾਨ ਪ੍ਰੀਖਿਆ ਦੇਣ ਵਾਲਿਆਂ ਅਤੇ ਪ੍ਰੀਖਿਆ ਲੈਣ ਵਾਲਿਆਂ ਲਈ ਆਈਡੀ ਕਾਰਡ ਨਾਲ ਆਵਾਜਾਈ ਦੀ ਛੋਟ ਰਹੇਗੀ
  • ਲੌਕਡਾਊਨ ਦੌਰਾਨ ਫੂਡ ਦੀ ਹੋਮ ਡਿਲੀਵਰੀ ਦੀ ਆਗਿਆ ਰਹੇਗੀ
  • ਸਾਰੇ ਵੈਕਸੀਨੇਸ਼ਨ, ਟੈਸਟਿੰਗ ਸੈਂਟਰ, ਡਿਸਪੈਂਸਰੀਆਂ, ਮੈਡੀਕਲ ਸਹੂਲਤਾਂ ਖੁੱਲ੍ਹੀਆਂ ਰਹਿਣਗੀਆਂ

ਹਰਸ਼ਵਰਧਨ ਕਹਿੰਦੇ, ''ਸਾਡੇ ਕੋਲ ਵੱਧ ਤਜਰਬਾ, ਸਾਮਾਨ ਅਤੇ ਟੈਸਟਿੰਗ ਦੀ ਸੁਵਿਧਾ ਪੂਰੀ''

ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਏਮਜ਼ ਦੇ ਟ੍ਰੋਮਾ ਸੈਂਟਰ ਦਾ ਦੌਰਾ ਕਰਕੇ ਉੱਥੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਨੇ ਕਿਹਾ ਕਿ ਦੇਸ਼ਭਰ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮੈਂ ਹਸਪਤਾਲਾਂ ਵਿੱਚ ਜਾ ਕੇ ਡਾਕਟਰਾਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਰ ਰਿਹਾ ਹਾਂ ਕਿ ਸਾਨੂੰ ਹੋਰ ਕੀ ਤਿਆਰੀਆਂ ਕਰਨ ਦੀ ਲੋੜ ਹੈ।

ਇਸ ਦੌਰੇ ਦੌਰਾਨ ਉਨ੍ਹਾਂ ਨਾਲ ਏਮਜ਼ ਦੇ ਡਾਇਰਕੈਟਰ ਡਾ. ਰਣਦੀਪ ਗੁਲੇਰੀਆ ਵੀ ਮੌਜੂਦ ਸਨ।

ਸਿਹਤ ਮੰਤਰੀ ਨੇ ਕਿਹਾ ਕਿ 2021 ਵਿੱਚ 2020 ਦੇ ਮੁਕਾਬਲੇ ਭਾਵੇਂ ਕੇਸਾਂ ਦੀ ਗਿਣਤੀ ਵਧੀ ਹੈ, ਉਸ ਦੀ ਰਫ਼ਤਾਰ ਤੇਜ਼ ਹੈ, ਪਰ 2021 ਵਿੱਚ ਡਾਕਟਰਾਂ ਕੋਲ ਕਈ ਗੁਣਾ ਜ਼ਿਆਦਾ ਤਜਰਬਾ ਹੈ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਸਾਡੇ ਕੋਲ ਅੱਜ ਪਹਿਲਾਂ ਦੇ ਮੁਕਾਬਲੇ ਵੱਧ ਆਤਮ ਵਿਸ਼ਵਾਸ ਹੈ।

ਉਨ੍ਹਾਂ ਅੱਗੇ ਕਿਹਾ, ''ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ, ਤਜਰਬਾ ਵੀ ਹੋ ਗਿਆ, ਸਮਾਨ ਵੀ ਜ਼ਰੂਰੀ ਹੈ ਅਤੇ ਟੈਸਟਿੰਗ ਦੀ ਸੁਵਿਧਾ ਵੀ ਪੂਰੀ ਹੈ।''

ਇਹ ਵੀ ਪੜ੍ਹੋ:

ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ

ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਬਾਬਤ ਬਕਾਇਦਾ ਉਨ੍ਹਾਂ ਨਾ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਸਾਂਝੀ ਕੀਤੀ ਹੈ।

ਉਨ੍ਹਾਂ ਲਿਖਿਆ ਹੈ, ''ਸਤਿਕਾਰਯੋਗ ਜੀਓ, ਹਲਕੇ ਸੰਕੇਤਾਂ ਨਾਲ ਅੱਜ ਮੇਰਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਪੁਸ਼ਟੀ ਹੋਣ ਤੋਂ ਬਾਅਦ, ਮੈਂ ਖ਼ੁਦ ਨੂੰ ਘਰ ਵਿੱਚ ਇਕਾਂਤਵਾਸ 'ਚ ਰੱਖਿਆ ਹੈ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੀ ਹਾਂ।''

''ਬੀਤੇ ਦਿਨਾਂ ਦੌਰਾਨ ਮੇਰੇ ਸੰਪਰਕ ਵਿੱਚ ਆਏ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਵੀ ਇਕਾਂਤਵਾਸ ਅਪਨਾਉਣ ਅਤੇ ਆਪਣਾ ਕੋਵਿਡ ਟੈਸਟ ਛੇਤੀ ਤੋਂ ਛੇਤੀ ਕਰਵਾਉਣ''

ਕਾਂਗਰਸੀ ਆਗੂ ਸੂਰਜੇਵਾਲਾ ਵੀ ਕੋਰੋਨਾ ਪੌਜ਼ੀਟਿਵ

ਕਾਂਗਰਸ ਦੇ ਜਨਰਲ ਸਕੱਤਰ ਅਤੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਵੀ ਕੋਰੋਨਾ ਪੌਜ਼ੀਟਿਵ ਆਏ ਹਨ। ਇਸ ਸਬੰਧੀ ਜਾਣਕਾਰੀ ਉਨ੍ਹਾਂ ਖ਼ੁਦ ਟਵੀਟ ਕੀਤੀ।

ਕੋਰੋਨਾ ਰੋਕਣ ਲਈ ਸਖ਼ਤੀ ਦਿਖਾਉਣ 'ਤੇ ਲੋਕਾਂ ਦਾ ਗੁੱਸਾ ਸਹਿ ਸਕਦੇ ਹਾਂ, ਲਾਸ਼ਾਂ ਦੇ ਢੇਰ ਨਹੀਂ ਵੇਖ ਸਕਦੇ-ਅਨਿਲ ਵਿਜ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਸਕਦੇ ਹਨ ਪਰ ਕੋਰੋਨਾਵਾਇਰਸ ਕਾਰਨ ਲਾਸ਼ਾਂ ਦੇ ਢੇਰ ਨਹੀਂ ਵੇਖ ਸਕਦੇ ਹਨ।

ਉਨ੍ਹਾਂ ਕਿਹਾ, "ਕੋਰੋਨਾਵਾਇਰਸ ਨੂੰ ਕਾਬੂ ਕਰਨ ਦੇ ਕੇਵਲ ਦੋ ਰਸਤੇ ਹਨ, ਪਹਿਲਾ ਲੌਕਡਾਊਨ ਜੋ ਵਾਜਿਬ ਨਹੀਂ ਹੈ ਤੇ ਦੂਜਾ ਸਾਰੇ ਨਿਯਮਾਂ ਦੀ ਪਾਲਣਾ।"

"ਮੈਂ ਅਫ਼ਸਰਾਂ ਨੂੰ ਕਿਹਾ ਹੈ ਕਿ ਕੋਵਿਡ ਦੇ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾਵੇ ਭਾਵੇਂ ਇਸ ਨਾਲ ਲੋਕਾਂ ਨੂੰ ਤਕਲੀਫ਼ ਹੀ ਕਿਉਂ ਨਾ ਹੋਵੇ।

ਹਰਿਆਣਾ ਵਿੱਚ ਵੀਰਵਾਰ ਨੂੰ 5800 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਚੋਣ ਕਮਿਸ਼ਨ ਅੱਗੇ ਮਮਤਾ ਬੈਨਰਜੀ ਨੇ ਰੱਖੀ ਇਹ ਮੰਗ

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਟਵੀਟ ਰਾਹੀਂ ਕੋਰੋਨਾ ਲਾਗ ਦੇ ਮੱਦੇਨਜ਼ਰ ਪੱਛਮ ਬੰਗਾਲ ਵਿੱਚ 8 ਪੜਾਅ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਫ਼ੈਸਲੇ ਦਾ ਇੱਕ ਮੁੜ ਵਿਰੋਧ ਕੀਤਾ ਅਤੇ ਬਾਕੀ ਸਾਰੀਆਂ ਸੀਟਾਂ ਉੱਤੇ ਇੱਕੋ ਸਮੇਂ ਚੋਣ ਕਰਵਾਉਣ ਦੀ ਮੰਗ ਕੀਤੀ ਹੈ।

ਆਪਣੇ ਟਵੀਟ ਵਿੱਚ ਮਮਤਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਕੋਰੋਨ ਲਾਗ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਬਾਕੀ ਬਚੇ ਪੜਾਅ ਦੀ ਵੋਟਿੰਗ ਇੱਕ ਹੀ ਪੜਾਅ ਵਿੱਚ ਕਰਵਾਈ ਜਾਵੇ।

ਦੱਸ ਦਈਏ ਕਿ ਪੱਛਮ ਬੰਗਾਲ ਵਿੱਚ ਹੁਣ ਤੱਕ ਚਾਰ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ ਅਤੇ ਪੰਜਵੇ ਪੜਾਅ ਤਹਿਤ ਵੋਟਿੰਗ ਸ਼ਨੀਵਾਰ (17 ਅਪ੍ਰੈਲ) ਨੂੰ ਹੋਵੇਗੀ।

ਕਮਿਸ਼ਨ ਦੇ ਇਸ ਫ਼ੈਸਲੇ ਦਾ ਵਿਰੋਧ ਮਮਤਾ ਬੈਨਰਜੀ ਨੇ ਪਹਿਲਾਂ ਵੀ ਕੀਤਾ ਸੀ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ਭਰ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਘੱਟੋ-ਘੱਟ ਬਾਕੀ ਬਚੇ 3 ਪੜਾਅ (ਫੇਜ਼) ਦੀਆਂ ਚੋਣਾਂ ਇੱਕੋ ਵਾਰ ਕਰਵਾ ਦਿੱਤੀਆਂ ਜਾਣ।

ਉਧਰ ਸਾਬਕਾ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਇੱਕ ਟਵੀਟ ਰਾਹੀਂ ਪੱਛਮ ਬੰਗਾਲ ਵਿੱਚ ਆਖ਼ਰੀ ਤਿੰਨ ਫੇਜ਼ ਦੀਆਂ ਚੋਣਾਂ ਇੱਕੋ ਸਾਰ ਕਰਵਾਉਣ ਦੇ ਵਿਚਾਰ ਦਾ ਸਮਰਥਨ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੱਛਮ ਬੰਗਾਲ ਵਿੱਚ ਇੱਕ ਦਿਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ 6,769 ਮਾਮਲੇ ਵੀਰਵਾਰ 15 ਅਪ੍ਰੈਲ ਨੂੰ ਸਾਹਮਣੇ ਆਏ ਹਨ ਤੇ 22 ਮਰੀਜ਼ਾਂ ਨੇ ਦਮ ਤੋੜਿਆ ਹੈ।

ਮਮਤਾ ਬੈਨਰਜੀ ਦੇ ਟਵੀਟ ਤੋਂ ਪਹਿਲਾਂ TMC ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਇੱਕ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਕੋਰੋਨਾ ਨੇ ਵੱਧਦੇ ਮਾਮਲਿਆਂ ਵਿਚਾਲੇ 8 ਫੇਜ਼ 'ਚ ਵਿਧਾਨਸਭਾ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਚੋਣ ਕਮਿਸ਼ਨ ਦੀ ''ਆਪਰਾਧਿਕ ਲਾਪਰਵਾਹੀ'' ਦੱਸਿਆ ਸੀ।

ਲਖਨਊ 'ਚ ਸ਼ਮਸ਼ਾਨ ਘਾਟ ਦੇ ਬਾਹਰ ਕੰਧ ਬਣਾਉਣ 'ਤੇ ਉੱਠੇ ਸਵਾਲ

ਲਖਨਊ ਤੋਂ ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਮੁਤਾਬਕ ਉੱਤਰ ਪ੍ਰਦੇਸ਼ ਦਾ ਹੌਟ ਸਪੌਟ ਬਣੇ ਲਖਨਾਊ ਵਿੱਚ 15 ਅਪ੍ਰੈਲ ਨੂੰ ਭੈਂਸਾਕੁੰਡ 'ਚ ਬਣੇ ਬੈਕੁੰਠ ਸ਼ਮਸ਼ਾਨ ਘਾਟ ਦੇ ਬਾਹਰੀ ਹਿੱਸੇ ਨੂੰ ਨੀਲੇ ਰੰਗ ਦੀ ਟੀਨ ਦੀਆਂ ਕੰਧਾਂ ਨਾਲ ਢਕਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਹੰਗਾਮਾ ਮੱਚ ਗਿਆ।

ਇੱਕ ਦਿਨ ਪਹਿਲਾਂ ਹੀ ਇਸੇ ਸ਼ਮਸ਼ਾਨ ਘਾਟ 'ਚ ਰਾਤ ਵੇਲੇ ਲਾਸ਼ਾਂ ਦੇ ਸੜਨ ਦਾ ਵੀਡੀਓ ਵਾਇਰਲ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਲਖਨਊ ਨਗਰ ਨਿਗਮ ਪ੍ਰਸ਼ਾਸਨ ਨੇ ਬਾਹਰ ਟੀਨ ਸ਼ੈੱਡ ਦੀ ਕੰਧ ਇਸ ਲਈ ਬਣਵਾ ਦਿੱਤੀ ਹੈ ਤਾਂ ਜੋ ਲੋਕ ਅੰਦਰ ਦੀ ਦਿਲ ਦਹਿਲਾਉਣ ਵਾਲੀ ਸਥਿਤੀ ਨਾ ਦੇਖ ਸਕਣ।

ਸ਼ਮਸ਼ਾਨ ਘਾਟ ਦੇ ਸੜਕ ਕੰਢੇ ਵਾਲੇ ਇਲਾਕੇ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ ਹੈ।

ਇਸ ਬਾਬਤ ਨਗਰ ਨਿਗਮ ਅਧਿਕਾਰੀ ਕੋਈ ਵੀ ਗੱਲ ਕਰਨ ਤੋਂ ਮਨ੍ਹਾ ਕਰ ਰਹੇ ਹਨ।

ਯੂਪੀ ਦੀ ਰਾਜਧਾਨੀ ਲਖਨਊ ਵਿੱਚ ਲੰਘੇ 24 ਘੰਟੇ ਵਿੱਚ ਪੰਜ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ ਅਤੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਹੈ। ਇੱਥੋਂ ਤੱਕ ਕਿ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟਾਂ ਵਿੱਚ ਵੀ ਥਾਂ ਨਹੀਂ ਬਚੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)