ਮਿਆਂਮਾਰ 'ਚ ਮੁਜ਼ਾਹਰਾਕਾਰੀਆਂ ਦੀ ਮੌਤ ਤੋਂ ਬਾਅਦ ਆਰਮੀ ਜਨਰਲਾਂ ਨੇ ਮਨਾਏ ਜਸ਼ਨ

ਮਿਆਂਮਾਰ ਵਿੱਚ ਸ਼ਨਿੱਚਰਵਾਰ ਨੂੰ 'ਆਰਮਡ ਫ਼ੋਰਸਿਜ਼ ਡੇ' ਮੌਕੇ ਫੌਜ ਦੀ ਚੇਤਾਵਨੀ ਦੇ ਬਾਵਜੂਦ ਸੜਕਾਂ 'ਤੇ ਉੱਤਰੇ ਮੁਜ਼ਾਹਰਾਕਰੀਆਂ ਵਿੱਚੋਂ 90 ਤੋਂ ਵੱਧ ਲੋਕ ਗੋਲੀ ਲੱਗਣ ਕਾਰਨ ਮਾਰੇ ਗਏ, ਪਰ ਇਸ ਦੇ ਬਾਵਜੂਦ ਫੌਜ ਮੁਖੀ ਮਿਨ ਆਂਗ ਲਾਈਂਗ ਅਤੇ ਉਨ੍ਹਾਂ ਦੇ ਜਨਰਲਾਂ ਨੇ ਰਾਤ ਨੂੰ ਪਾਰਟੀ ਕੀਤੀ।

ਇਹ ਵੀ ਪੜ੍ਹੋ-

ਕੁਝ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਸਵੇਰੇ ਜਦੋਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ, ਸੈਨਾ ਨੇ ਉਸ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।

ਸ਼ਨਿੱਚਰਵਾਰ ਨੂੰ ਸੈਨਾ ਦੇ ਦਮਨ ਦੇ ਬਾਵਜੂਦ ਵੀ ਐਤਵਾਰ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਲਾ ਰੁੱਕਿਆ ਨਹੀਂ ਸੀ।

ਮਿਆਂਮਾਰ ਵਿੱਚ ਇਸ ਸਾਲ ਫ਼ਰਵਰੀ ਵਿੱਚ ਸੈਨਾ ਵਲੋਂ ਤਖ਼ਤਾ ਪਲਟ ਕੀਤੇ ਜਾਣ ਤੋਂ ਬਾਅਦ ਸ਼ਨਿੱਚਰਵਾਰ 27 ਮਾਰਚ ਦਾ ਦਿਨ ਪ੍ਰਦਰਸ਼ਨਕਾਰੀਆਂ ਲਈ ਸਭ ਤੋਂ ਵੱਧ ਹਿੰਸਕ ਸਾਬਿਤ ਹੋਇਆ। ਫ਼ਰਵਰੀ ਤੋਂ ਲੈ ਕੇ ਹੁਣ ਤੱਕ ਪ੍ਰਦਰਸ਼ਨਾਂ ਦੌਰਾਨ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਐਤਵਾਰ ਨੂੰ ਕਈ ਦੇਸਾਂ ਦੇ ਸੁਰੱਖਿਆ ਮੁਖੀਆਂ ਨੇ ਇੱਕ ਸੰਯੁਕਤ ਬਿਆਨ ਜਾਰੀ ਕਰਕੇ ਮਿਆਂਮਾਰ ਦੀ ਹਿੰਸਕ ਸੈਨਿਕ ਕਾਰਵਾਈ ਦੀ ਨਿੰਦਾ ਕੀਤੀ ਸੀ।

ਇਸ ਬਿਆਨ ਵਿੱਚ ਕਿਹਾ ਗਿਆ ਸੀ, "ਕੋਈ ਵੀ ਪੇਸ਼ੇਵਰ ਫ਼ੌਜ ਆਚਰਣ ਦੇ ਮਾਮਲੇ ਵਿੱਚ ਕੌਮਾਂਤਰੀ ਮਾਨਕਾਂ ਦੀ ਪਾਲਣਾ ਕਰਦੀ ਹੈ ਅਤੇ ਉਸ ਦੀ ਜ਼ਿੰਮੇਵਾਰੀ ਆਪਣੇ ਦੇਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਬਲਕਿ ਬਚਾਉਣ ਦੀ ਹੁੰਦੀ ਹੈ।"

ਸੰਯੁਕਤ ਰਾਸ਼ਟਰ ਪ੍ਰਧਾਨ ਐਂਟਾਨੀਓ ਗੁਟਰੇਸ਼ ਨੇ ਕਿਹਾ ਹੈ ਕਿ ਮੀਆਂਮਾਰ ਵਿੱਚ ਹੋਈ ਹਿੰਸਾ ਨਾਲ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਿਆ ਹੈ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰੌਬ ਨੇ ਇਸ ਨੂੰ 'ਗਿਰਾਵਟ ਦਾ ਨਵਾਂ ਪੱਧਰ' ਦੱਸਿਆ ਹੈ।

ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਟੌਮ ਏਂਜਰੁਸ ਨੇ ਇਸ ਸਿਲਸਿਲੇ ਵਿੱਚ ਇੱਕ ਕੌਮਾਂਤਰੀ ਐਮਰਜੈਂਸੀ ਸੰਮੇਲਨ ਸੱਦਣ ਦੀ ਮੰਗ ਕੀਤੀ ਹੈ।

ਮਿਆਂਮਾਰ ਦੀ ਅਲੋਚਨਾ ਕਰਨ ਵਾਲੇ ਦੇਸਾਂ ਵਿੱਚ ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਿਲ ਹਨ, ਪਰ ਚੀਨ ਅਤੇ ਰੂਸ ਨੇ ਮਿਆਂਮਾਰ ਦੀ ਅਲੋਚਨਾ ਨਹੀਂ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)