ਲਾਹੌਰ ਯੂਨੀਵਰਸਿਟੀ: ਦੋ ਵਿਦਿਆਰਥੀਆਂ ਨੂੰ ਗਲੇ ਲੱਗਣ ਕਾਰਨ ਕੀਤਾ ਗਿਆ ਸਸਪੈਂਡ, ਕੀ ਹੈ ਮਾਮਲਾ

ਲਾਹੌਰ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਨੂੰ ਇਸ ਕਰਕੇ ਯੂਨੀਵਰਸਿਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਇੱਕ ਵਿਦਿਆਰਥਣ ਨੇ ਸਾਰਿਆਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਇੱਕ ਵਿਦਿਆਰਥੀ ਨੂੰ ਫੁੱਲ ਭੇਂਟ ਕੀਤੇ। ਫਿਰ ਮੁੰਡੇ ਨੇ ਕੁੜੀ ਨੂੰ ਗਲੇ ਲਾ ਲਿਆ।

ਇਹ ਆਪਣੀ ਕਿਸਮ ਦੀ ਇੱਕ ਅਨੌਖੀ ਘਟਨਾ ਹੈ ਕਿਉਂਕਿ ਪਾਕਿਸਤਾਨੀ ਸਮਾਜ ਵਿੱਚ ਜ਼ਿਆਦਾਤਰ ਲੋਕਾਂ ਦੇ ਸਾਹਮਣੇ ਪਿਆਰ ਦਿਖਾਉਣਾ ਅਜੇ ਵੀ ਵਰਜਿਆ ਜਾਂਦਾ ਹੈ।

ਇਹ ਇੱਕ ਯੂਨੀਵਰਸਿਟੀ ਵਿੱਚ ਹੋਰਨਾਂ ਵਿਦਿਆਰਥੀਆਂ ਦੇ ਸਾਹਮਣੇ ਹੋਇਆ ਸੀ ਇਸ ਲਈ ਯੂਨੀਵਰਸਿਟੀ ਨੇ 'ਤੁਰੰਤ ਕਾਰਵਾਈ' ਕੀਤੀ ਅਤੇ ਦੋਵਾਂ ਨੂੰ ਯੂਨੀਵਰਸਿਟੀ ਤੋਂ ਕੱਢ ਦਿੱਤਾ।

ਯੂਨੀਵਰਸਿਟੀ ਨੇ ਆਪਣੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਇਸ ਤੋਂ ਇਲਾਵਾ ਦੋਹਾਂ ਵਿਦਿਆਰਥੀਆਂ ਉੱਪਰ ਲਾਹੌਰ ਯੂਨੀਵਰਸਿਟੀ ਅਤੇ ਇਸ ਦੇ ਸਾਰੇ ਉਪ-ਕੈਂਪਸਾਂ ਵਿੱਚ ਕਿਤੇ ਵੀ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਘਟਨਾ ਤੋਂ ਬਾਅਦ ਦੋਹਾਂ ਵਿਦਿਆਰਥੀਆਂ ਦਾ ਪ੍ਰਤੀਕਰਮ

ਬੀਬੀਸੀ ਨੇ ਦੋਵਾਂ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਪਰ ਅਜੇ ਤੱਕ ਉਨ੍ਹਾਂ ਨੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ।

ਪਰ ਦੋਹਾਂ ਨੇ ਆਪਣੇ ਟਵਿੱਟਰ ਅਕਾਊਂਟਸ ਦੇ ਬਾਇਓਸ ਵਿੱਚ ਇੱਕ ਦੂਜੇ ਦਾ ਜ਼ਿਕਰ ਕੀਤਾ ਹੈ ਅਤੇ ਟਵੀਟ ਵਿੱਚ ਕਿਹਾ ਹੈ ਕਿ 'ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ।'

ਇਸ ਸਬੰਧ ਵਿੱਚ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਦਿਲਚਸਪ ਪ੍ਰਤੀਕ੍ਰਿਆਵਾਂ ਸਾਹਮਣੇ ਆਈਆਂ ਹਨ ਨਾ ਸਿਰਫ਼ ਪਾਕਿਸਤਾਨ ਵਿੱਚ ਸਗੋਂ ਸਰਹੱਦ ਪਾਰ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਇਸ ਮੁੱਦੇ 'ਤੇ ਆਪਣੇ ਵਿਚਾਰ ਜ਼ਾਹਰ ਕੀਤੇ ਹਨ।

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀ ਕਿਹਾ

ਕਈ ਲੋਕਾਂ ਨੇ ਇਸ ਦੀ ਨਿੰਦਾ ਵੀ ਕੀਤੀ ਅਤੇ ਕਈ ਲੋਕਾਂ ਨੇ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।

ਵਕੀਲ ਈਮਾਨ ਜ਼ੈਨਬ ਮਾਜ਼ਰੀ-ਹਾਜ਼ਿਰ ਨੇ ਕਿਹਾ, "ਇਸ ਦੇਸ ਦੀਆਂ ਯੂਨੀਵਰਸਿਟੀਆਂ ਕੈਂਪਸ ਵਿੱਚ ਕੀ ਬਰਦਾਸ਼ਤ ਕਰਦੀਆਂ ਹਨ? ਜਿਨਸੀ ਸ਼ੋਸ਼ਣ, ਮੌਬ ਹਿੰਸਾ ਅਤੇ ਨਿਗਰਾਨੀ ਕੈਮਰੇ (ਵਿਦਿਆਰਥੀਆਂ ਨੂੰ ਬਲੈਕਮੇਲ ਕਰਨ ਲਈ)। ਜੇ ਦੋ ਬਾਲਗ ਇੱਕ-ਦੂਜੇ ਨੂੰ ਗਲੇ ਲਗਾਉਂਦੇ ਹਨ ਤਾਂ ਇੱਥੇ ਹੀ ਇੱਕ ਲਾਈਨ ਖਿੱਚੀ ਜਾਂਦੀ ਹੈ।"

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ ਜਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਮਹਿਲਾ ਵਿਦਿਆਰਥੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਸਾਲ 2017 ਵਿੱਚ ਮਰਦਾਨ ਦੀ ਬਾਚਾ ਖਾਨ ਯੂਨੀਵਰਸਿਟੀ ਵਿੱਚ ਮਸ਼ਾਲ ਖਾਨ ਨਾਮ ਦੇ ਇੱਕ ਵਿਦਿਆਰਥੀ ਨੂੰ ਭੀੜ ਨੇ ਮਾਰ ਦਿੱਤਾ ਸੀ। ਉਸ ਨੂੰ ਈਸ਼ ਨਿੰਦ ਕਾਰਨ ਕੁੱਟਿਆ ਗਿਆ ਸੀ।

ਇਸ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵੱਖੋ-ਵੱਖਰੀਆਂ ਸਿਆਸੀ ਅਤੇ ਧਾਰਮਿਕ ਸੰਸਥਾਵਾਂ ਵਿਚਾਲੇ ਵਿਦਿਆਰਥੀਆਂ ਵਿੱਚ ਹਿੰਸਕ ਝੜਪਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।

ਕ੍ਰਿਕਟ ਵਿਸ਼ਲੇਸ਼ਕ ਡੈਨਿਸ ਫ੍ਰਾਈਡਮੈਨ ਉਪ ਮਹਾਂਦੀਪ ਵਿੱਚ ਜ਼ਿਆਦਾਤਰ ਸਿਆਸੀ ਅਤੇ ਸਮਾਜਿਕ ਮੁੱਦਿਆਂ ਬਾਰੇ ਖ਼ਾਸਕਰ ਪਾਕਿਸਤਾਨ ਵਿੱਚ ਕ੍ਰਿਕਟ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਟਵਿੱਟਰ ਉੱਤੇ ਆਪਣਾ ਨਾਮ ਬਦਲ ਕੇ ਡੈਨਿਸ ਲਾਹੌਰ ਯੂਨੀਵਰਸਿਟੀ ਰੱਖ ਲਿਆ ਅਤੇ ਟਵਿੱਟਰ 'ਤੇ ਵਿਸਤ੍ਰਿਤ ਜਵਾਬ ਦਿੱਤੇ।

ਜਦੋਂ ਇੱਕ ਯੂਜ਼ਰ ਨੇ ਲਿਖਿਆ ਕਿ ਯੂਨੀਵਰਸਿਟੀਆਂ ਮੈਰਿਜ ਬਿਓਰੋ ਨਹੀਂ ਹਨ ਅਤੇ ਇਨ੍ਹਾਂ ਸੰਸਥਾਵਾਂ ਨੂੰ ਆਪਣਾ ਕੰਮ ਕਰਨ ਦਿਓ ਤਾਂ ਡੈਨਿਸ ਨੇ ਉੱਤਰ ਦਿੱਤਾ ਕਿ ਕੈਂਪਸ ਵਿੱਚ ਖਾਣੇ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਰੈਸਟੋਰੈਂਟ ਨਹੀਂ ਹਨ।

ਅਫਜ਼ਲ ਖਾਨ ਜਮਾਲੀ ਨਾਮ ਦੇ ਯੂਜ਼ਰ ਨੇ ਲਿਖਿਆ, "ਤੁਸੀਂ ਬੱਚਿਆਂ ਨਾਲ ਬਲਾਤਕਾਰ ਕਰ ਸਕਦੇ ਹੋ, ਉਨ੍ਹਾਂ ਨੂੰ ਕੁੱਟ ਸਕਦੇ ਹੋ, ਮਾਰ ਸਕਦੇ ਹੋ, ਸ਼ੋਸ਼ਣ ਕਰ ਸਕਦੇ ਹੋ ਪਰ ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਲੋਕ ਕਹਿੰਦੇ ਹਨ ਕਿ ਇਹ ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਹੈ। ਜਨਤਕ ਤੌਰ 'ਤੇ ਵਿਆਹ ਦੀ ਪੇਸ਼ਕਸ਼ ਕਰਨ ਵਿੱਚ ਕੀ ਗਲਤ ਹੈ?

ਇਜਾਜ਼ ਅਲੀ ਨੇ ਲਿਖਿਆ, "ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਇੱਕ ਨੌਜਵਾਨ ਜੋੜੇ ਨੂੰ ਮਾਮੁਲੀ ਇਲਜ਼ਾਮ ਕਾਰਨ ਕੱਢ ਦਿੱਤਾ ਗਿਆ ਹੈ। ਉਸ ਨੇ ਪੂਰੀ ਜ਼ਿੰਦਗੀ ਜਿਓਣੀ ਹੈ ਅਤੇ ਉਹ ਇੰਨੀ ਸਖ਼ਤ ਸਜ਼ਾ ਦਾ ਹੱਕਦਾਰ ਨਹੀਂ ਹੈ।"

ਉਨ੍ਹਾਂ ਉਮੀਦ ਜਤਾਈ ਕਿ ਲਾਹੌਰ ਯੂਨੀਵਰਸਿਟੀ ਆਪਣੇ ਫ਼ੈਸਲੇ ਨੂੰ ਬਦਲ ਦੇਵੇਗੀ।

ਕੁਝ ਯੂਜ਼ਰਸ ਨੇ ਇਸ ਘਟਨਾ ਵਿੱਚ 'ਨੈਤਿਕ ਗਿਰਾਵਟ' ਵੀ ਦੇਖੀ।

ਮੋਮੀਨਾ ਨਾਮ ਦੀ ਇੱਕ ਯੂਜ਼ਰ ਨੇ ਲਿਖਿਆ, "ਇਸ ਤਰ੍ਹਾਂ ਅਸੀਂ ਤੇਜ਼ੀ ਨਾਲ ਨੌਜਵਾਨਾਂ ਦੇ ਵਿਨਾਸ਼ ਵੱਲ ਵੱਧ ਰਹੇ ਹਾਂ ਜੋ ਸਾਡੇ ਸਮਾਜ ਨੂੰ ਨੈਤਿਕ ਅਤੇ ਧਾਰਮਿਕ ਤੌਰ 'ਤੇ ਹੋਰ ਤਬਾਹੀ ਵੱਲ ਲੈ ਜਾਵੇਗਾ।"

ਅਦਨਾਨ ਕੱਕੜ ਨੇ ਲਿਖਿਆ ਕਿ ਉਨ੍ਹਾਂ ਨੂੰ ਵਿਆਹ ਦੀ ਪੇਸ਼ਕਸ਼ ਨਾਲ ਕੋਈ ਮੁਸ਼ਕਲ ਨਹੀਂ ਹੈ ਪਰ ਇਸ ਲਈ ਜੋ ਥਾਂ ਚੁਣੀ ਉਹ ਗਲਤ ਸੀ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਵਿਦਿਅਕ ਅਦਾਰੇ ਅਜਿਹੀਆਂ ਚੀਜ਼ਾਂ ਲਈ ਬਣਾਏ ਗਏ ਹਨ।

ਕਾਸੀਮ ਸਈਦ ਨੇ ਲਾਹੌਰ ਯੂਨੀਵਰਸਿਟੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਪਰ ਕੁਝ ਲੋਕ ਸਾਰੀ ਸਥਿਤੀ ਨੂੰ ਦੇਖ ਕੇ ਖੁਸ਼ ਹੋ ਰਹੇ ਸਨ ਅਤੇ ਉਨ੍ਹਾਂ ਨੇ ਕਈ ਮੀਮ ਸਾਂਝੇ ਕੀਤੇ।

ਅੰਬਰ ਫਾਰੂਕ ਨੇ ਬਾਲੀਵੁੱਡ ਫ਼ਿਲਮ 'ਥ੍ਰੀ ਇਡੀਅਟਸ' ਦਾ ਇੱਕ ਦ੍ਰਿਸ਼ ਪੋਸਟ ਕੀਤਾ ਜਿਸ ਵਿੱਚ ਸੰਸਥਾ ਦੇ ਪ੍ਰਿੰਸੀਪਲ ਵੀਰੋ ਸਹਿਤ੍ਰਬਧੀ (ਵਾਇਰਸ) ਇੱਕੋ ਸਮੇਂ ਦੋਹਾਂ ਹੱਥਾਂ ਨਾਲ ਫਰਹਾਨ ਅਤੇ ਰਾਜੂ ਨੂੰ ਬੇਦਖ਼ਲ ਕਰਨ ਦੇ ਹੁਕਮ ਲਿਖ ਰਹੇ ਸੀ।

ਇੱਕ ਹੋਰ ਯੂਜ਼ਰ ਮੁਹੰਮਦ ਆਦਿਲ ਮੈਮਨ ਨੇ ਇੱਕ ਹੋਰ ਬਾਲੀਵੁੱਡ ਫਿਲਮ 'ਮੁਹੱਬਤੇਂ' ਵਿੱਚ ਅਮਿਤਾਭ ਬੱਚਨ ਦੀ ਭੂਮਿਕਾ ਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਉਹ ਲਾਹੌਰ ਯੂਨੀਵਰਸਿਟੀ ਦੇ ਨਵੇਂ ਪ੍ਰਿੰਸੀਪਲ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)