You’re viewing a text-only version of this website that uses less data. View the main version of the website including all images and videos.
ਕੋਰੋਨਾ ਵੈਕਸੀਨ: ਕਿਵੇਂ ਅਤੇ ਕਿੰਨੀ ਤੇਜ਼ੀ ਨਾਲ ਮਿਲ ਰਿਹਾ ਹੈ ਟੀਕਾ
ਕੋਵਿਡ-19 ਦੇ ਟੀਕਾਕਰਨ ਸਬੰਧੀ ਬਹੁਤੇ ਲੋਕਾਂ ਦੇ ਮਨਾਂ 'ਚ ਇੱਕ ਹੀ ਸਵਾਲ ਹੈ ਕਿ ਆਖਰਕਾਰ ਮੈਨੂੰ ਇਹ ਟੀਕਾ ਕਦੋਂ ਲੱਗੇਗਾ? ਇਹ ਸਵਾਲ ਲਾਜ਼ਮੀ ਵੀ ਹੈ ਕਿਉਂਕਿ ਕੋਵਿਡ-19 ਦੇ ਖ਼ਿਲਾਫ਼ ਟੀਕਾਕਰਨ ਪੂਰੀ ਦੁਨੀਆ 'ਚ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਗਿਆ ਹੈ।
ਦੁਨੀਆ ਦੇ ਕੁਝ ਚੋਣਵੇਂ ਦੇਸ਼ਾਂ ਨੇ ਟੀਕਾਕਰਨ ਦਾ ਇਕ ਨਿਸ਼ਚਿਤ ਟੀਚਾ ਵੀ ਤੈਅ ਕਰ ਲਿਆ ਹੈ, ਪਰ ਬਾਕੀ ਦੁਨੀਆਂ 'ਚ ਇਸ ਸਬੰਧੀ ਤਸਵੀਰ ਕੁਝ ਧੁੰਦਲੀ ਹੀ ਹੈ।
ਹਾਲਾਂਕਿ ਟੀਕਾਕਰਨ ਦੀ ਇਹ ਕਿਵਾਇਦ ਕੋਈ ਸੌਖੀ ਨਹੀਂ ਹੈ। ਇਸ ਨਾਲ ਬਹੁਤ ਸਾਰੇ ਪਹਿਲੂ ਜੁੜੇ ਹੋਏ ਹਨ। ਇਸ ਪੂਰੇ ਸੰਘਰਸ਼ 'ਚ ਗੁੰਝਲਦਾਰ ਵਿਗਿਆਨਕ ਪ੍ਰਕ੍ਰਿਆਵਾਂ, ਬਹੁ-ਰਾਸ਼ਟਰੀ ਕੰਪਨੀਆਂ ਅਤੇ ਸਾਰੀਆਂ ਹੀ ਸਰਕਾਰਾਂ ਵਿਰੋਧਾਭਾਸੀ ਵਾਅਦੇ ਜੁੜੇ ਹੋਏ ਹਨ।
ਇਹ ਵੀ ਪੜ੍ਹੋ-
ਵੱਡੇ ਪੱਧਰ 'ਤੇ ਨੌਕਰਸ਼ਾਹੀ ਦੀ ਸ਼ਮੂਲੀਅਤ ਅਤੇ ਨੇਮਾਂ ਅਤੇ ਕਾਨੂੰਨਾਂ ਦਾ ਵੀ ਭਾਰੀ ਦਬਾਅ ਹੈ। ਇਹ ਕੋਈ ਸਿੱਧਾ-ਸਾਦਾ ਮਾਮਲਾ ਨਹੀਂ ਹੈ।
ਮੈਨੂੰ ਕਦੋਂ ਮਿਲੇਗੀ ਵੈਕਸੀਨ?
ਹੁਣ ਤੱਕ ਕਿੰਨੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲੱਗ ਚੁੱਕਾ ਹੈ?
ਹੁਣ ਤੱਕ 100 ਤੋਂ ਵੀ ਵੱਧ ਦੇਸ਼ਾਂ 'ਚ ਕੋਵਿਡ-19 ਦੇ 30 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਦੁਨੀਆਂ ਭਰ 'ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਹੈ।
ਪਹਿਲਾ ਟੀਕਾ ਵੁਹਾਨ (ਚੀਨ) 'ਚ ਕੋਰੋਨਾਵਾਇਰਸ ਦੇ ਦੇ ਸ਼ੁਰੂ ਹੋਣ ਤੋਂ ਇੱਕ ਸਾਲ ਦੇ ਅੰਦਰ-ਅੰਦਰ ਲੱਗ ਗਿਆ ਸੀ।
ਪਰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਇਸ ਸਬੰਧੀ ਟੀਕਾਕਰਨ ਦੀ ਮੁਹਿੰਮ ਇੱਕੋ ਸਮੇਂ 'ਤੇ ਸ਼ੁਰੂ ਨਹੀਂ ਹੋਈ ਹੈ। ਇਸ ਮਾਮਲੇ 'ਚ ਕਈ ਦੇਸ਼ਾਂ ਵਿਚਾਲੇ ਬਹੁਤ ਅੰਤਰ ਹੈ।
ਕੁਝ ਦੇਸ਼ਾਂ ਨੂੰ ਤਾਂ ਸ਼ੁਰੂ 'ਚ ਹੀ ਵੱਡੀ ਮਾਤਰਾ 'ਚ ਟੀਕੇ ਹਾਸਲ ਹੋ ਗਏ ਸਨ ਅਤੇ ਉਨ੍ਹਾਂ ਦੇ ਦੇਸ਼ਾਂ ਨੇ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਇਹ ਟੀਕੇ ਲਗਾ ਵੀ ਦਿੱਤੇ ਹਨ।
ਪਰ ਦੂਜੇ ਪਾਸੇ ਕੁਝ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ ਨੂੰ ਟੀਕੇ ਦੀ ਪਹਿਲੀ ਖੇਪ ਵੀ ਹਾਸਲ ਨਹੀਂ ਹੋਈ ਹੈ। ਜਿਨ੍ਹਾਂ ਦੇਸ਼ਾਂ 'ਚ ਪਹਿਲੇ ਗੇੜ੍ਹ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ, ਉੱਥੇ ਤਿੰਨ ਕਿਸਮਾਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਹਨ-
- 60 ਸਾਲ ਤੋਂ ਵੱਧ ਉਮਰ ਦੇ ਲੋਕ
- ਸਿਹਤ ਕਰਮਚਾਰੀ
- ਉਹ ਲੋਕ ਜੋ ਕਿ ਪਹਿਲਾਂ ਤੋਂ ਹੀ ਕਿਸੇ ਹੋਰ ਬਿਮਾਰੀ ਨਾਲ ਪੀੜ੍ਹਤ ਹਨ
ਇਜ਼ਰਾਈਲ ਅਤੇ ਬ੍ਰਿਟੇਨ ਵਰਗੇ ਦੇਸ਼ਾਂ 'ਚ ਇਸ ਦੇ ਬਹੁਤ ਵਧੀਆ ਨਤੀਜੇ ਵੇਖਣ ਨੂੰ ਮਿਲ ਰਹੇ ਹਨ।
ਟੀਕੇ ਕਾਰਨ ਕੋਰੋਨਾ ਨਾਲ ਪੀੜਤ ਲੋਕਾਂ ਨੂੰ ਹੁਣ ਹਸਪਤਾਲਾਂ 'ਚ ਭਰਤੀ ਕਰਨ ਦੀ ਜ਼ਰੂਰਤ ਬਹੁਤ ਘੱਟ ਹੋ ਗਈ ਹੈ। ਕਮਿਊਨਿਟੀ ਪੱਧਰ 'ਤੇ ਇਸ ਦਾ ਫੈਲਾਅ ਵੀ ਘੱਟ ਗਿਆ ਹੈ ਅਤੇ ਮੌਤ ਦਰ 'ਚ ਵੀ ਕਮੀ ਆਈ ਹੈ।
ਲਗਭਗ ਪੂਰੇ ਯੂਰਪ ਅਤੇ ਅਮਰੀਕਾ ( ਅਮਰੀਕਾ ਮਹਾਂਦੀਪ ਦੇ ਦੇਸ਼) 'ਚ ਟੀਕਾਕਰਨ ਮੁਹਿੰਮ ਦਾ ਆਗਾਜ਼ ਹੋ ਗਿਆ ਹੈ। ਪਰ ਅਫ਼ਰੀਕਾ ਇਸ ਕਿਵਾਇਦ 'ਚ ਬਹੁਤ ਪਿੱਛੇ ਹੈ। ਉੱਥੇ ਸਿਰਫ ਕੁਝ ਹੀ ਦੇਸ਼ਾਂ ਨੇ ਕੋਵਿਡ-19 ਦੇ ਖ਼ਿਲਾਫ਼ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ।
ਇਕਨੋਮਿਕ ਇੰਟੈਲੀਜੈਂਸ ਯੂਨਿਟ, ਈਆਈਯੂ 'ਚ ਗਲੋਬਲ ਭਵਿੱਖਬਾਣੀ ਦੀ ਨਿਰਦੇਸ਼ਕ ਅਗਾਥੇ ਡੈਮੇਰਿਸ ਨੇ ਇਸ ਮਾਮਲੇ 'ਚ ਬਹੁਤ ਹੀ ਵਿਸਥਾਰ ਨਾਲ ਖੋਜ ਕੀਤੀ ਹੈ।
ਇਕਨੋਮਿਕ ਇੰਟੈਲੀਜੈਂਸ ਯੂਨਿਟ ਨੇ ਦੁਨੀਆ ਭਰ 'ਚ ਟੀਕੇ ਦੀ ਉਤਪਾਦਨ ਸਮਰੱਥਾ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਨੇ ਇਸ ਗੱਲ 'ਤੇ ਵੀ ਗੌਰ ਫ਼ਰਮਾਇਆ ਹੈ ਕਿ ਟੀਕਾ ਲਗਵਾਉਣ ਵੇਲੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਸਿਹਤ ਬੁਨਿਆਦੀ ਢਾਂਚੇ ਦੀ ਲੋੜ ਹੈ।
ਵੱਖ-ਵੱਖ ਦੇਸ਼ਾਂ ਦੀ ਆਬਾਦੀ ਕਿੰਨੀ ਹੈ ਅਤੇ ਉਹ ਦੇਸ਼ ਟੀਕਾਕਰਨ ਦੇ ਸਬੰਧ 'ਚ ਕੀ ਕਰਨ ਦੇ ਸਮਰੱਥ ਹਨ।
ਹਾਲਾਂਕਿ ਇਸ ਖੋਜ ਦੇ ਵਧੇਰੇ ਨਤੀਜੇ ਅਮੀਰ ਅਤੇ ਗਰੀਬ ਦੇਸ਼ਾਂ ਦੀ ਅੰਦਾਜਨ ਸੀਮਾ 'ਤੇ ਹੀ ਹਨ। ਜਿਵੇਂ ਕਿ ਬ੍ਰਿਟੇਨ ਅਤੇ ਅਮਰੀਕਾ 'ਚ ਕੋਵਿਡ-19 ਦੇ ਟੀਕੇ ਦੀ ਸਪਲਾਈ ਸਹੀ ਢੰਗ ਨਾਲ ਹੋ ਰਹੀ ਹੈ।
ਇੱਥੇ ਸਪਲਾਈ ਦੀ ਸਥਿਤੀ ਇਸ ਲਈ ਚੰਗੀ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਕੋਲ ਟੀਕਾ ਵਿਕਸਿਤ ਕਰਨ ਲਈ ਪੈਸਾ ਲਗਾਉਣ ਦੀ ਸਮਰੱਥਾ ਹੈ।
ਇਸੇ ਕਾਰਨ ਹੀ ਟੀਕਾਕਰਨ 'ਚ ਇਹ ਦੇਸ਼ ਸਿਖਰਲੇ ਸਥਾਨ 'ਤੇ ਹਨ। ਕੁਝ ਹੋਰ ਅਮੀਰ ਦੇਸ਼ ਜਿਵੇਂ ਕਿ ਕੈਨੇਡਾ ਅਤੇ ਯੂਰਪੀ ਯੂਨੀਅਨ ਦੇ ਦੇਸ਼ ਇਨ੍ਹਾਂ ਤੋਂ ਥੋੜੇ ਹੀ ਪਿੱਛੇ ਹਨ।
ਘੱਟ ਆਮਦਨੀ ਵਾਲੇ ਦੇਸ਼ਾਂ 'ਚ ਤਾਂ ਟੀਕਾਕਰਨ ਦਾ ਆਗਾਜ਼ ਵੀ ਨਹੀਂ ਹੋਇਆ ਹੈ।
ਕੀ ਅਮੀਰ ਦੇਸ਼ ਟੀਕਿਆਂ ਦੀ ਜਮਾਖੋਰੀ ਕਰ ਰਹੇ ਹਨ ?
ਪਿਛਲੇ ਸਾਲ ਦੇ ਅੰਤ 'ਚ ਕੈਨੇਡਾ ਦੀ ਇਸ ਗੱਲ ਨੂੰ ਲੈ ਕੇ ਬਹੁਤ ਅਲੋਚਨਾ ਹੋਈ ਸੀ ਕਿ ਉਸ ਨੇ ਆਪਣੀ ਕੁੱਲ ਆਬਾਦੀ ਦੇ ਟੀਕਾਕਰਨ ਲਈ ਜ਼ਰੂਰਤ ਤੋਂ ਪੰਜ ਗੁਣਾ ਵੱਧ ਟੀਕੇ ਇੱਕਠੇ ਕੀਤੇ ਹਨ।
ਪਰ ਅਜਿਹਾ ਲੱਗਦਾ ਹੈ ਕਿ ਕੈਨੇਡਾ ਪਹਿਲ ਦੇ ਅਧਾਰ 'ਤੇ ਟੀਕੇ ਦੀ ਸਪੁਰਦਗੀ ਲਈ ਤਿਆਰ ਨਹੀਂ ਸੀ।
ਦਰਅਸਲ ਕੈਨੇਡਾ ਨੇ ਯੂਰਪੀਅਨ ਦੇਸ਼ਾਂ ਦੀਆਂ ਫੈਕਟਰੀਆਂ 'ਚ ਬਣਨ ਵਾਲੇ ਟੀਕੇ 'ਚ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਕੈਨੇਡਾ ਨੂੰ ਚਿੰਤਾ ਸੀ ਕਿ ਟਰੰਪ ਪ੍ਰਸ਼ਾਸਨ ਟੀਕੇ ਦੀ ਬਰਾਮਦ 'ਤੇ ਪਾਬੰਦੀ ਲਗਾ ਸਕਦਾ ਹੈ। ਪਰ ਉਸ ਦੀ ਇਹ ਬਾਜ਼ੀ ਗ਼ਲਤ ਸਾਬਤ ਹੋਈ।
ਯੂਰਪੀ ਯੂਨੀਅਨ ਦੀਆਂ ਫਰਮਾ ਫੈਕਟਰੀਆਂ ਸਪਲਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਹੁਣ ਅਮਰੀਕਾ ਨਹੀਂ ਬਲਕਿ ਈਯੂ ਕੋਵਿਡ-19 ਦੇ ਟੀਕੇ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦੀ ਚੇਤਾਵਨੀ ਦੇ ਰਿਹਾ ਹੈ।
ਇਟਲੀ ਨੇ ਤਾਂ ਆਸਟ੍ਰੇਲੀਆ ਨੂੰ ਭੇਜੀ ਜਾ ਰਹੀ ਟੀਕੇ ਦੀ ਕੁਝ ਖੇਪ ਰੋਕ ਹੀ ਦਿੱਤੀ ਹੈ।
ਇਹ ਵੀ ਪੜ੍ਹੋ-
ਕਈ ਦੇਸ਼ਾਂ ਦਾ ਉਮੀਦ ਤੋਂ ਬਿਹਤਰ ਪ੍ਰਦਰਸ਼ਨ
ਸਰਬੀਆ ਆਪਣੀ ਆਬਾਦੀ ਦੇ ਵੱਡੇ ਹਿੱਸੇ ਦੇ ਟੀਕਾਕਰਨ ਦੇ ਮਾਮਲੇ 'ਚ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਸਭ ਤੋਂ ਅਗਾਂਹ ਹੈ।
ਸਰਬੀਆ ਵਿਸ਼ਵ ਦੇ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਰਬੀਆ ਨੂੰ ਇਸ ਸਫਲਤਾ ਪਿੱਛੇ ਕਿਸੇ ਹੱਦ ਤੱਕ ਉਸ ਦੇ ਬਿਹਤਰ ਟੀਕਾਕਰਨ ਪ੍ਰੋਗਰਾਮ ਦਾ ਹੱਥ ਹੈ, ਪਰ ਉਸ ਨੂੰ ਟੀਕੇ ਦੀ ਡਿਪਲੋਮੇਸੀ ਦਾ ਵੀ ਲਾਭ ਮਿਲਿਆ ਹੈ, ਖ਼ਾਸ ਕਰਕੇ ਚੀਨ ਅਤੇ ਰੂਸ ਦਰਮਿਆਨ ਚੱਲ ਰਹੀ ਮੁਕਾਬਲੇਬਾਜ਼ੀ ਦਾ।
ਦੋਵੇਂ ਹੀ ਮੁਲਕ ਆਪੋ-ਆਪਣੇ ਟੀਕੇ ਭੇਜ ਕੇ ਪੂਰਬੀ ਯੂਰਪੀਅਨ ਦੇਸ਼ਾਂ 'ਤੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਰਬੀਆ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ 'ਚੋਂ ਇੱਕ ਹੈ, ਜਿੱਥੇ ਰੂਸੀ ਟੀਕਾ ਸਪੁਤਨਿਕ, ਚੀਨੀ ਟੀਕਾ ਸਾਈਨੋਫਾਰਮ ਅਤੇ ਬ੍ਰਿਟੇਨ 'ਚ ਵਿਕਸਿਤ ਆਕਸਫੋਰਡ ਦਾ ਐਸਟਰਾਜ਼ੈਨੇਕਾ ਟੀਕਾ, ਇਹ ਤਿੰਨੇ ਹੀ ਉਪਲਬਧ ਹਨ।
ਹਾਲਾਂਕਿ ਅਜਿਹਾ ਲੱਗਦਾ ਹੈ ਕਿ ਸਰਬੀਆ 'ਚ ਜ਼ਿਆਦਾਤਰ ਲੋਕਾਂ ਨੂੰ ਸਾਈਨੋਫਾਰਮ ਟੀਕਾ ਹੀ ਲਗਾਇਆ ਗਿਆ ਹੈ।
ਕੀ ਹੈ ਟੀਕਾ ਡਿਪਲੋਮੇਸੀ?
ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਚੀਨ ਦਾ ਪ੍ਰਭਾਵ ਇੱਥੇ ਲੰਮੇ ਸਮੇਂ ਤੱਕ ਰਹਿਣ ਵਾਲਾ ਹੈ, ਕਿਉਂਕਿ ਜੋ ਦੇਸ਼ ਸਾਈਨੋਫਾਰਮ ਦੀ ਪਹਿਲੀ ਅਤੇ ਦੂਜੀ ਖੁਰਾਕ ਲੈ ਰਹੇ ਹਨ , ਉਹ ਜ਼ਰੂਰਤ ਪੈਣ 'ਤੇ ਬੂਸਟਰ ਖੁਰਾਕ ਵੀ ਚੀਨ ਤੋਂ ਹੀ ਲੈ ਸਕਦੇ ਹਨ।
ਸੰਯੁਕਤ ਅਰਬ ਅਮੀਰਾਤ ਵੀ ਸਾਈਨੋਫਾਰਮ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਫਰਵਰੀ ਮਹੀਨੇ ਤੱਕ ਇੱਥੇ ਟੀਕੇ ਦੀਆਂ ਜੋ ਖੁਰਾਕਾਂ ਦਿੱਤੀਆਂ ਗਈਆਂ ਹਨ, ਉਨ੍ਹਾਂ 'ਚ 80% ਸਾਈਨੋਫਾਰਮ ਦੀਆਂ ਹੀ ਖੁਰਾਕਾਂ ਹਨ।
ਹਾਲਾਤ ਇਹ ਹਨ ਕਿ ਅਮੀਰਾਤ ਸਾਈਨੋਫਾਰਮ ਟੀਕੇ ਦੇ ਉਤਪਾਦਨ ਲਈ ਇੱਕ ਪਲਾਂਟ ਵੀ ਸਥਾਪਿਤ ਕਰਨ ਜਾ ਰਿਹਾ ਹੈ।
ਅਗਾਥੇ ਡੈਮੇਰਿਸ ਦਾ ਕਹਿਣਾ ਹੈ ਕਿ "ਚੀਨ ਇਨ੍ਹਾਂ ਦੇਸ਼ਾਂ 'ਚ ਆਪਣੀ ਉਤਪਾਦਨ ਸਹੂਲਤ ਅਤੇ ਸਿੱਖਿਅਤ ਕਾਮਿਆਂ ਨਾਲ ਦਾਖ਼ਲ ਹੋ ਰਿਹਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਇਨ੍ਹਾਂ ਦੇਸ਼ਾਂ 'ਚ ਚੀਨ ਦਾ ਪ੍ਰਭਾਵ ਲੰਮੇ ਸਮੇਂ ਤੱਕ ਰਹਿ ਸਕਦਾ ਹੈ।"
"ਜੇਕਰ ਹੁਣ ਭਵਿੱਖ 'ਚ ਇਨ੍ਹਾਂ ਦੇਸ਼ਾਂ ਨੂੰ ਕਿਸੇ ਚੀਜ਼ ਲਈ ਚੀਨ ਨੂੰ ਨਾ ਕਹਿਣਾ ਪਵੇ ਤਾਂ ਇਹ ਬਹੁਤ ਹੀ ਮੁਸ਼ਕਲ ਭਰੀ ਸਥਿਤੀ ਹੋਵੇਗੀ। ਉਨ੍ਹਾਂ ਨੂੰ ਬਹੁਤ ਹੀ ਚਲਾਕੀ ਨਾਲ ਅਜਿਹੇ ਮਾਮਲਿਆਂ ਨੂੰ ਸੰਭਾਲਣਾ ਪਵੇਗਾ।"
ਹਾਲਾਂਕਿ, ਇੱਕ ਵਿਸ਼ਵਵਿਆਪੀ ਟੀਕਾ ਸੁਪਰ ਸ਼ਕਤੀ ਬਣਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਦੇਸ਼ 'ਚ ਟੀਕਾਕਰਨ ਕਵਾਇਦ ਮੁਕੰਮਲ ਕਰ ਲਈ ਹੈ ਅਤੇ ਹੁਣ ਤੁਸੀਂ ਦੂਜੇ ਦੇਸ਼ਾਂ ਨੂੰ ਟੀਕੇ ਵੰਡ ਰਹੇ ਹੋ।
ਈਆਈਯੂ ਦੀ ਖੋਜ ਅਨੁਸਾਰ ਦੁਨੀਆ 'ਚ ਸਭ ਤੋਂ ਵੱਧ ਟੀਕਾ ਉਤਪਾਦਨ ਕਰਨ ਵਾਲੇ ਦੋ ਦੇਸ਼ ਚੀਨ ਅਤੇ ਭਾਰਤ ਸਾਲ 2022 ਦੇ ਅੰਤ ਤੱਕ ਵੀ ਆਪਣੇ ਦੇਸ਼ ਅੰਦਰ ਲੋੜੀਂਦਾ ਟੀਕਾਕਰਨ ਨਹੀਂ ਕਰ ਸਕਣਗੇ। ਇਸ ਦਾ ਪ੍ਰਮੁੱਖ ਕਾਰਨ ਹੈ ਕਿ ਦੋਵੇਂ ਹੀ ਦੇਸ਼ਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਸਿਹਤ ਕਰਮਚਾਰੀਆਂ ਦੀ ਗਿਣਤੀ ਵੀ ਲੋੜ ਮੁਤਾਬਕ ਪੂਰੀ ਨਹੀਂ ਹੈ।
ਕੀ ਹਨ ਚੁਣੌਤੀਆਂ ?
ਕੋਵਿਡ ਦਾ ਟੀਕਾ ਬਣਾਉਣ 'ਚ ਭਾਰਤ ਦੀ ਸਫਲਤਾ ਮੁੱਖ ਤੌਰ 'ਤੇ ਇੱਕ ਹੀ ਵਿਅਕਤੀ 'ਤੇ ਨਿਰਭਰ ਹੈ ਅਤੇ ਉਹ ਹਨ ਅਦਾਰ ਪੂਨਾਵਾਲਾ। ਉਨ੍ਹਾਂ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਣ ਕਰਨ ਵਾਲੀ ਕੰਪਨੀ ਹੈ।
ਪਿਛਲੇ ਸਾਲ ਦੇ ਅੱਧ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ਦਾ ਦਿਮਾਗ ਖ਼ਰਾਬ ਹੋ ਗਿਆ ਹੈ, ਕਿਉਂਕਿ ਪੂਨਾਵਾਲਾ ਨੇ ਆਪਣੀ ਨਿੱਜੀ ਕਰੋੜਾਂ ਡਾਲਰ ਦੀ ਰਾਸ਼ੀ ਟੀਕੇ ਦੇ ਨਿਰਮਾਣ 'ਚ ਲਗਾ ਦਿੱਤੀ ਸੀ। ਉਨ੍ਹਾਂ ਨੇ ਇਸ ਗੱਲ ਦੀ ਬਿਲਕੁੱਲ ਵੀ ਪਰਵਾਹ ਨਾ ਕੀਤੀ ਕਿ ਇਹ ਟੀਕਾ ਕਾਰਗਰ ਸਿੱਧ ਹੋਵੇਗਾ ਜਾਂ ਫਿਰ ਨਹੀਂ, ਪਰ ਉਨ੍ਹਾਂ ਨੇ ਜ਼ੋਖਮ ਜ਼ਰੂਰ ਚੁੱਕਿਆ।
ਪਰ ਇਸ ਸਾਲ ਦੇ ਜਨਵਰੀ ਮਹੀਨੇ ਭਾਰਤ ਸਰਕਾਰ ਨੂੰ ਟੀਕੇ ਦੀ ਪਹਿਲੀ ਖੇਪ ਹਾਸਲ ਹੋਈ। ਇਸ ਨੂੰ ਆਕਸਫੋਰਡ ਅਤੇ ਐਸਟਰਾਜ਼ੇਨੇਕਾ ਨੇ ਵਿਕਸਤ ਕੀਤਾ ਸੀ। ਹੁਣ ਅਦਾਰ ਪੂਨਾਵਾਲਾ ਦੀ ਕੰਪਨੀ ਪ੍ਰਤੀ ਦਿਨ ਇਸ ਟੀਕੇ ਦੀਆਂ 24 ਲੱਖ ਖੁਰਾਕਾਂ ਬਣਾ ਰਹੀ ਹੈ।
ਅਦਾਰ ਪੂਨਾਵਾਲਾ ਕਹਿੰਦੇ ਹਨ, " ਮੈਂ ਸੋਚਿਆ ਸੀ ਕਿ ਟੀਕਾ ਬਣਾਉਣ ਦਾ ਦਬਾਅ ਅਤੇ ਹੋਰ ਪ੍ਰਕ੍ਰਿਆ ਜਲਦੀ ਖ਼ਤਮ ਹੋ ਜਾਵੇਗੀ, ਪਰ ਹੁਣ ਲਗਦਾ ਹੈ ਕਿ ਅਸਲ ਚੁਣੌਤੀ ਤਾਂ ਹਰ ਕਿਸੇ ਨੂੰ ਖੁਸ਼ ਰੱਖਣ ਦੀ ਹੈ।"
ਉਹ ਅੱਗੇ ਕਹਿੰਦੇ ਹਨ ਕਿ " ਉਤਪਾਦਨ ਰਾਤੋਂ ਰਾਤ ਨਹੀਂ ਵਧਾਇਆ ਜਾ ਸਕਦਾ ਹੈ।"
" ਲੋਕ ਸੋਚਦੇ ਹਨ ਕਿ ਸੀਰਮ ਇੰਸਟੀਚਿਊਟ ਦੇ ਹੱਥ ਕੋਈ ਜਾਦੂਈ ਨੁਸਖਾ ਲੱਗ ਗਿਆ ਹੈ। ਹਾਂ ਇਹ ਜ਼ਰੂਰ ਹੈ ਕਿ ਅਸੀਂ ਆਪਣੇ ਕੰਮ ਨੂੰ ਬਹੁਤ ਤਨਦੇਹੀ ਨਾਲ ਕਰ ਦੇ ਹਾਂ, ਪਰ ਸਾਡੇ ਹੱਥ ਕੋਈ ਜਾਦੂ ਦੀ ਛੜੀ ਨਹੀਂ ਲੱਗੀ ਹੈ।"
ਅਦਾਰ ਪੂਨਾਵਾਲਾ ਇਸ ਮਾਮਲੇ 'ਚ ਅੱਗੇ ਹਨ , ਕਿਉਂਕਿ ਉਨ੍ਹਾਂ ਦੀ ਕੰਪਨੀ ਨੇ ਪਿਛਲੇ ਸਾਲ ਮਾਰਚ ਮਹੀਨੇ ਤੋਂ ਹੀ ਟੀਕਾ ਬਣਾਉਣ ਦੀ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਨਾ ਸ਼ੂਰੂ ਕਰ ਦਿੱਤਾ ਸੀ। ਉਨ੍ਹਾਂ ਨੇ ਪਿਛਲੇ ਸਾਲ ਅਗਸਤ ਮਹੀਨੇ ਤੋਂ ਹੀ ਰਸਾਇਣ ਅਤੇ ਸ਼ੀਸ਼ੀਆਂ ਇੱਕਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਉਤਪਾਦਨ ਦੌਰਾਨ ਟੀਕੇ ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ ਅਤੇ ਟੀਕੇ ਦੇ ਉਤਪਾਦਨ ਦੌਰਾਨ ਕਈ ਪੜਾਵਾਂ 'ਤੇ ਗੜਬੜੀ ਵੀ ਹੋ ਸਕਦੀ ਹੈ। ਇਸ ਲਈ ਇਹ ਬਹੁਤ ਹੀ ਗੁੰਝਲਦਾਰ ਪ੍ਰਕ੍ਰਿਆ ਹੈ।
ਅਗਾਥੇ ਡੈਮੇਰਿਸ ਦਾ ਕਹਿਣਾ ਹੈ, " ਟੀਕਾ ਬਣਾਉਣਾ ਜੇਕਰ ਵਿਗਿਆਨ ਹੈ ਤਾਂ ਇਹ ਇੱਕ ਕਲਾ ਵੀ ਹੈ।"
ਜਿਹੜੇ ਨਿਰਮਾਤਾਵਾਂ ਨੇ ਹੁਣ ਇਸ ਦਾ ਉਤਪਾਦਨ ਸ਼ੁਰੂ ਕੀਤਾ ਹੈ ਉਨ੍ਹਾਂ ਨੂੰ ਇਸ ਟੀਕੇ ਦੇ ਉਤਪਾਦਨ 'ਚ ਕਈ ਮਹੀਨੇ ਲੱਗ ਜਾਣਗੇ। ਜੇਕਰ ਕੋਰੋਨਾਵਾਰਿਸ ਦੀ ਕੋਈ ਨਵੀਂ ਕਿਸਮ ਆ ਜਾਂਦੀ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਬੂਸਟਰ ਡੋਜ਼ ਬਣਾਉਣ 'ਚ ਵੀ ਵਧੇਰੇ ਸਮਾਂ ਲੱਗੇਗਾ।
ਕੀ 'ਕੋਵੈਕਸ' ਟੀਕਾ ਡਿਸਟਰੀਬਿਊਸ਼ਨ ਨੂੰ ਤੇਜ਼ੀ ਦੇ ਪਾਵੇਗਾ?
ਪੂਨਾਵਾਲਾ ਦਾ ਕਹਿਣਾ ਹੈ ਕਿ ਉਹ ਸਭ ਤੋਂ ਪਹਿਲਾਂ ਭਾਰਤ 'ਚ ਟੀਕੇ ਦੀ ਲੋੜੀਂਦੀ ਸਪਲਾਈ ਲਈ ਵਚਨਬੱਧ ਹਨ। ਇਸ ਤੋਂ ਬਾਅਦ ਉਹ ਅਫ਼ਰੀਕਾ 'ਚ ਟੀਕੇ ਦੀ ਸਪਲਾਈ ਯਕੀਨੀ ਬਣਾਉਣਗੇ।
''ਉਨ੍ਹਾਂ ਦੀ ਕੰਪਨੀ ਇਹ ਕੰਮ ਇਕ ਵਿਸ਼ੇਸ਼ ਯੋਜਨਾ ਤਹਿਤ ਕਰ ਰਹੀ ਹੈ। ਇਸ ਯੋਜਨਾ ਦਾ ਨਾਂਅ ਹੈ ਕੋਵੈਕਸ ਸਹੂਲਤ। ਬਹੁਤ ਸਾਰੇ ਗਰੀਬ ਦੇਸ਼ ਕੌਵੈਕਸ ਦੀ ਸਪੁਰਦਗੀ 'ਤੇ ਨਿਰਭਰ ਹਨ। ਇਹ ਇੱਕ ਅੰਤਰਰਾਸ਼ਟਰੀ ਪਹਿਲ ਹੈ ਜਿਸ ਦਾ ਮਕਸਦ ਹੈ ਕਿ ਦੁਨੀਆ ਦੇ ਹਰ ਵਿਅਕਤੀ ਤੱਕ ਕੋਰੋਨਾ ਦੇ ਟੀਕੇ ਦੀ ਪਹੁੰਚ ਸੰਭਵ ਹੋਵੇ।''
ਇਸ ਯੋਜਨਾ ਦੀ ਸ਼ੁਰੂਆਤ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੀ ਗਈ ਹੈ। ਇਸ 'ਚ ਗਲੋਬਲ ਟੀਕਾ ਗਠਜੋੜ, ਗਾਵੀ ਅਤੇ ਸੀਈਪੀਆਈ ਵੀ ਸ਼ਾਮਲ ਹੈ।
ਇਸ ਦਾ ਵਾਅਦਾ ਹੈ ਕਿ ਇਹ ਟੀਕੇ ਦੀ ਇੰਨੀ ਮਾਤਰਾ ਮੁਹੱਈਆ ਕਰਵਾ ਦੇਵੇਗਾ ਕਿ ਯੋਗ ਦੇਸ਼ ਆਪਣੀ ਆਬਾਦੀ ਦੇ 20% ਹਿੱਸੇ ਨੂੰ ਟੀਕਾ ਲਗਾ ਸਕਣਗੇ। ਇਸ ਪ੍ਰੋਗਰਾਮ ਤਹਿਤ ਟੀਕਾ ਹਾਸਲ ਕਰਨ ਵਾਲਾ ਪਹਿਲਾ ਦੇਸ਼ ਘਾਨਾ ਬਣ ਗਿਆ ਹੈ। 24 ਫਰਵਰੀ ਨੂੰ ਉਸ ਨੂੰ ਟੀਕੇ ਦੀ ਖੇਪ ਹਾਸਲ ਹੋਈ ਹੈ।
ਕੋਵੈਕਸ ਨੇ ਫ਼ੈਸਲਾ ਲਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਵਿਸ਼ਵ ਭਰ 'ਚ ਟੀਕੇ ਦੀਆਂ 2 ਅਰਬ ਖੁਰਾਕਾਂ ਸਪਲਾਈ ਕੀਤੀਆਂ ਜਾਣਗੀਆਂ। ਪਰ ਇਸ ਯੋਜਨਾ ਨੂੰ ਝਟਕਾ ਵੀ ਲੱਗਿਆ ਹੈ ਕਿਉਂਕਿ ਬਹੁਤ ਸਾਰੇ ਦੇਸ਼ ਕੋਵੈਕਸ ਤੋਂ ਵੱਖ ਆਪੋ ਆਪਣੇ ਹੀ ਪੱਧਰ 'ਤੇ ਟੀਕਾ ਹਾਸਲ ਕਰਨ ਲਈ ਸੌਦੇਬਾਜ਼ੀ 'ਚ ਰੁੱਝੇ ਹੋਏ ਹਨ।
ਪੂਨਾਵਾਲਾ ਦਾ ਕਹਿਣਾ ਹੈ ਕਿ ਅਫ਼ਰੀਕੀ ਦੇਸ਼ਾਂ ਦਾ ਲਗਭਗ ਹਰ ਸੂਬਾ ਮੁਖੀ ਉਨ੍ਹਾਂ ਦੇ ਸੰਪਰਕ 'ਚ ਹੈ। ਉਹ ਆਪਣੇ ਹੀ ਪੱਧਰ 'ਤੇ ਉਨ੍ਹਾਂ ਤੋਂ ਟੀਕਾ ਖਰੀਦਣਾ ਚਾਹੁੰਦੇ ਹਨ।
ਅਗਾਥੇ ਡੈਮੇਰਿਸ ਅਤੇ ਈਆਈਯੂ ਨੂੰ ਕੋਵੈਕਸ ਦੀਆਂ ਕੋਸ਼ਿਸ਼ਾਂ ਤੋਂ ਜ਼ਿਆਦਾ ਉਮੀਦ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਯੋਜਨਾ ਤਹਿਤ ਸਾਰੀਆਂ ਚੀਜ਼ਾਂ ਚੱਲਦੀਆਂ ਵੀ ਹਨ ਤਾਂ ਇਸ ਸਾਲ ਕਿਸੇ ਵੀ ਦੇਸ਼ ਦੀ ਕੁੱਲ ਆਬਾਦੀ ਦੇ 20 ਤੋਂ 27 ਫ਼ੀਸਦ ਹਿੱਸੇ ਨੂੰ ਟੀਕਾ ਲਗਾਉਣ ਦਾ ਟੀਚਾ ਹਾਸਲ ਹੋ ਸਕਦਾ ਹੈ।
"ਇਸ ਨਾਲ ਬਹੁਤ ਜ਼ਿਆਦਾ ਫ਼ਰਕ ਨਹੀਂ ਪਵੇਗਾ। ਇਹ ਕੋਈ ਵੱਡਾ ਗੇਮ ਚੇਂਜਰ ਸਾਬਤ ਨਹੀਂ ਹੋਵੇਗਾ।"
ਈਆਈਯੂ ਦੇ ਲਈ ਉਨ੍ਹਾਂ ਨੇ ਆਪਣੀ ਭਵਿੱਖਬਾਣੀ 'ਚ ਕਿਹਾ ਹੈ ਕਿ ਕੁਝ ਦੇਸ਼ਾਂ 'ਚ ਤਾਂ 2023 ਜਾਂ ਫਿਰ ਇਸ ਤੋਂ ਬਾਅਦ ਵੀ ਕੋਵਿਡ ਟੀਕਾਕਰਨ ਮੁਕੰਮਲ ਨਹੀਂ ਹੋਵੇਗਾ।
ਹੋ ਸਕਦਾ ਹੈ ਕਿ ਕੁਝ ਦੇਸ਼ਾਂ ਲਈ ਟੀਕਾਕਰਨ ਤਰਜੀਹੀ ਨਾ ਹੋਵੇ। ਖ਼ਾਸ ਕਰਕੇ ਉਨ੍ਹਾਂ ਦੇਸ਼ਾਂ 'ਚ ਜਿੱਥੇ ਜਵਾਨ ਵਸੋਂ ਵਧੇਰੇ ਹੈ ਅਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਵੱਡੀ ਗਿਣਤੀ 'ਚ ਲੋਕ ਬਿਮਾਰ ਨਹੀਂ ਹੋ ਸਕਦੇ ਹਨ।
ਇਸ ਸਥਿਤੀ 'ਚ ਇੱਕ ਮੁਸ਼ਕਲ ਇਹ ਹੈ ਕਿ ਜੇਕਰ ਵਾਇਰਸ ਵੱਧਦਾ ਹੈ ਤਾਂ ਇਸ ਦਾ ਫੈਲਾਅ ਵੀ ਵਧੇਗਾ। ਬਾਅਦ 'ਚ ਐਂਟੀ ਟੀਕਾ ਵਾਇਰਸ ਵੀ ਫੈਲ ਸਕਦਾ ਹੈ। ਹਾਂਲਾਕਿ ਇਹ ਕੋਈ ਬੁਰੀ ਖ਼ਬਰ ਨਹੀਂ ਹੈ, ਕਿਉਂਕਿ ਟੀਕੇ ਦਾ ਉਤਪਾਦਨ ਬਹੁਤ ਹੀ ਤੇਜ਼ੀ ਨਾਲ ਹੋ ਰਿਹਾ ਹੈ। ਪਰ ਕਹਿ ਸਕਦੇ ਹਾਂ ਕਿ ਇਹ ਕੰਮ ਅਜੇ ਵੀ ਬਹੁਤ ਵੱਡਾ ਹੈ।
ਵਿਸ਼ਵ ਭਰ 'ਚ 7.7 ਅਰਬ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਜਾਣਾ ਬਾਕੀ ਹੈ। ਇੰਨੇ ਵੱਡੇ ਪੱਧਰ 'ਤੇ ਟੀਕਾਕਰਨ ਦੀਆਂ ਕੋਸ਼ਿਸ਼ਾਂ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਹੋਈਆਂ ਹਨ।
ਡੈਮੇਰਿਸ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਟੀਕੇ ਸਬੰਧੀ ਆਪਣੇ ਲੋਕਾਂ ਨਾਲ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਲੋਕਾਂ ਅੱਗੇ ਸਪੱਸ਼ਟ ਸਥਿਤੀ ਬਿਆਨ ਕਰਨੀ ਚਾਹੀਦੀ ਹੈ। ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਮੌਕੇ ਟੀਕਾਕਰਨ ਦੀ ਕੀ ਸੰਭਾਵਨਾ ਹੈ।
" ਹਾਲਾਂਕਿ ਕਿਸੇ ਵੀ ਸਰਕਾਰ ਲਈ ਇਹ ਕਹਿਣਾ ਬਹੁਤ ਹੀ ਮੁਸ਼ਕਲ ਹੈ ਕਿ ਅਸੀਂ ਕਈ ਸਾਲਾਂ ਤੱਕ ਟੀਕਾਕਰਨ ਤੋਂ ਬਾਅਦ ਵੀ ਆਪਣੀ ਪੂਰੀ ਆਬਾਦੀ ਤੱਕ ਇਸ ਦੀ ਪਹੁੰਚ ਕਰ ਸਕਾਂਗੇ। ਕੋਈ ਵੀ ਇਹ ਸੁਣਨਾ ਪਸੰਦ ਨਹੀਂ ਕਰੇਗਾ।"
ਡੇਟਾ ਪੱਤਰਕਾਰ: ਬੇਕੀ ਡੇਲ ਅਤੇ ਨਾਸੋਜ ਸਟੀਲਿਓਨੋ
ਇਹ ਵੀ ਪੜ੍ਹੋ: