You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੇ ਮਾਮਲੇ ਵਧੇ, ਪੰਜਾਬ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ - ਅਹਿਮ ਖ਼ਬਰਾਂ
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਦੇਸ਼-ਵਿਦੇਸ਼ ਦਾ ਪ੍ਰਮੁੱਖ ਘਟਨਾਕ੍ਰਮ ਪਹੁੰਚਾ ਰਹੇ ਹਾਂ। ਜੰਡਿਆਲਾ ਗੁਰੂ ਰੇਲਵੇ ਟਰੈਕ ਉੱਪਰ ਕਿਸਾਨਾਂ ਨੇ ਚੁੱਕਿਆ ਧਰਨਾ ਤੇ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੀ ਪਾਰਟੀ ਦੇ ਇਲਜ਼ਾਮਾਂ ਦਾ ਕਰੜਾ ਜਵਾਬ ਅਤੇ ਫਿਰ ਥਾਈਲੈਂਡ ਨੇ ਕਿਉਂ ਰੋਕਿਆ ਕੋਰੋਨਾਵਾਇਰਸ ਟੀਕਾਕਰਣ। ਸਭ ਤੋਂ ਪਹਿਲਾਂ ਪੰਜਾਬ ਦੇ ਪੰਜਾਬ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਹੋਣ ਵਾਲੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 13 ਮਾਰਚ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੋਵਿਡ ਦੀ ਸਥਿਤੀ ਨੂੰ ਰਿਵਿਊ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗਾਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਬਾਰੇ ਮਿਲੇ ਸੁਝਾਵਾਂ ਦੇ ਮੱਦੇਨਜ਼ਰ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਪਹਿਲਾਂ ਦੀ ਤਰ੍ਹਾਂ ਆਉਂਦੇ ਰਹਿਣਗੇ। ਸਾਰੀਆਂ ਜਮਾਤਾਂ ਦੇ ਇਮਤਿਹਾਨ ਕੋਵਿਡ-19 ਸਬੰਧੀ ਵੱਖ-ਵੱਖ ਸਮੇਂ 'ਤੇ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਲਾਈਨ ਲਏ ਜਾਣਗੇ। ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸਕੂਲਾਂ ਵਿੱਚ ਜ਼ਿਆਦਾ ਭੀੜ ਨਾ ਹੋਵੇ।
ਇਹ ਵੀ ਪੜ੍ਹੋ:
ਪੱਛਮੀ ਬੰਗਾਲ ਪਹੁੰਚੇ ਕਿਸਾਨ ਆਗੂ
ਪੱਛਮੀ ਬੰਗਾਲ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਅੰਦੋਲਨ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ, "ਸਰਕਾਰ ਨੂੰ ਗ਼ਲਤਫਹਿਮੀ ਹੈ ਕਿ ਉਹ ਕਣਕ ਦੀ ਵਾਢੀ ਦਾ ਵੇਲਾ ਹੈ ਪਰ ਉਹ ਭੁੱਲ ਰਹੀ ਹੈ ਜਦੋਂ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਆ ਕੇ ਬੈਠੇ ਸੀ ਤਾਂ ਉਹ ਝੋਨੇ ਦੀ ਕਟਾਈ ਦਾ ਸਮਾਂ ਸੀ ਤੇ ਕਣਕ ਦੀ ਬਿਜਾਈ ਦਾ ਸਮਾਂ ਸੀ ਤਾਂ ਵੀ ਜਮਾਵੜਾ ਨਹੀਂ ਘਟਿਆ। ਹੁਣ ਤਾਂ ਪਿੰਡ ਵਾਲਿਆਂ ਨੇ ਹਰੇਕ ਪਿੰਡ ਵਿੱਚੋਂ 10 ਬੰਦੇ ਭੇਜਣ ਦੀ ਵਾਰੀ ਲਗਾਈ ਹੈ।"
ਉਨ੍ਹਾਂ ਨੇ ਕਿਹਾ, "ਅਸੀਂ ਇੱਥੇ ਸਰਕਾਰ ਦੇ ਖ਼ਿਲਾਫ਼ ਆਏ ਨਾ ਕਿ ਕਿਸੇ ਸਿਆਸੀ ਪਾਰਟੀ ਦੇ ਹੱਕ 'ਚ, ਜਿਸ ਤਰ੍ਹਾਂ ਸਰਕਾਰ ਚੱਲ ਰਹੀ ਲੱਗਦਾ ਹੈ ਹੌਲੀ-ਹੌਲੀ ਸਾਰੇ ਅਦਾਰੇ ਵੇਚ ਦੇਵੇਗੀ।"
"ਸਰਕਾਰ ਵੱਲੋਂ ਦੇਸ਼ ਸਾਰਾ ਕੁਝ ਕਾਰਪੋਰੇਟ ਅਦਾਰਿਆਂ ਨੂੰ ਵੇਚਣਾ ਸਾਨੂੰ ਮਨਜ਼ੂਰ ਨਹੀਂ। ਇਸ ਲਈ ਇੱਥੇ ਅਪੀਲ ਕਰਨ ਆਏ ਹਾਂ ਕਿ ਘੱਟੋ-ਘੱਟ ਭਾਜਪਾ ਨੂੰ ਵੋਟ ਨਾ ਦਿਓ ਤਾਂ ਜੋ ਉਸ ਨੂੰ ਸਬਕ ਸਿਖਾਇਆ ਜਾ ਸਕੇ।"
ਇਸ ਦੌਰਾਨ ਯੋਗਿੰਦਰ ਯਾਦਵ ਨੇ ਕਿਹਾ, "ਅੱਜ ਦਾ ਦਿਨ ਇਤਿਹਾਸਕ ਦਿਨ ਹੈ ਕਿਉਂਕਿ ਇਸ ਦੇਸ਼ ਦੇ ਕਿਸਾਨਾਂ ਦਾ ਇਤਿਹਾਸਕ ਅੰਦੋਲਨ ਇੱਕ ਇਤਿਹਾਸਕ ਕਦਮ ਪੁੱਟਣ ਜਾ ਰਿਹਾ ਹੈ। ਬੰਗਾਲ, ਪੰਜਾਬ ਅਤੇ ਦੇਸ਼ ਦੀ ਹੋਰਨਾਂ ਲੋਕਾਂ ਨਾਲ ਆਪਸੀ ਸਾਂਝ ਦਰਸਾਉਣ ਜਾ ਰਿਹਾ ਹੈ। ਅਸੀਂ ਬੰਗਾਲ ਦੇ ਲੋਕਾਂ ਨੂੰ ਇਹ ਕਹਿਣ ਨਹੀਂ ਆਏ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਉਣ ਬਲਕਿ ਅਸੀਂ ਇੱਥੇ ਸਿਰਫ਼ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨ ਆਏ ਹਾਂ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕਿਸਾਨ ਧਰਨਾ ਚੁੱਕੇ ਜਾਣ ਮਗਰੋਂ 170 ਦਿਨਾਂ ਬਾਅਦ ਅੰਮ੍ਰਿਤਸਰ ਦੇ ਇਸ ਟਰੈਕ 'ਤੇ ਰੇਲਾਂ ਹੋਈਆਂ ਬਹਾਲ
ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੰਡਿਆਲਾ ਗੁਰੂ ਕੋਲ ਧਰਨਾ ਦੇ ਰਹੇ ਕਿਸਾਨਾਂ ਨੇ ਆਖ਼ਰ ਵੀਰਵਾਰ ਨੂੰ 169 ਦਿਨਾਂ ਬਾਅਦ ਧਰਨਾ ਚੁੱਕ ਲਿਆ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਫਿਲਹਾਲ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਯਾਤਰੀ ਗੱਡੀਆਂ ਚੱਲ ਰਹੀਆਂ ਹਨ।"
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ਉੱਪਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 25 ਕਿੱਲੋਮੀਟਰ ਦੂਰੀ 'ਤੇ ਸਥਿਤ ਦੇਵੀਦਾਸਪੁਰ ਜੋ ਕਿ ਜੰਡਿਆਲਾ ਦੇ ਨੇੜੇ ਪੈਂਦਾ ਹੈ ਤੋਂ ਕਿਸਾਨ ਜਥੇਬੰਦੀਆਂ ਨੇ ਆਪਸੀ ਬੈਠਕ ਤੋਂ ਬਾਅਦ ਧਰਨਾ ਚੁੱਕ ਲਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਵਿੰਦਰ ਸਿੰਘ ਨੇ ਦੱਸਿਆ,"ਕਿਸਾਨ ਸਿਰਫ਼ ਯਾਤਰੀ ਰੇਲਾਂ ਰੋਕ ਰਹੇ ਸਨ ਪਰ ਕੇਂਦਰ ਨੇ ਮਾਲ ਗੱਡੀਆਂ ਵੀ ਬੰਦ ਕਰ ਦਿੱਤੀਆਂ ਜਿਸ ਕਾਰਨ ਕਿਸਾਨਾਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਭਾਰੀ ਹਰਜਾਨਾ ਹੋ ਰਿਹਾ ਸੀ। ਮੌਜੂਦਾ ਹਾਲਤਾਂ ਦੀ ਰੌਸ਼ਨੀ ਵਿੱਚ ਕਿਸਾਨਾਂ ਨੇ ਸਰਬਸੰਮਤੀ ਨਾਲ ਇੱਥੇ ਧਰਨਾ ਚੁੱਕਣ ਦਾ ਫ਼ੈਸਲਾ ਲਿਆ ਹੈ।
ਟੀਐੱਸੀ ਦੇ ਇਲਜ਼ਾਮਾਂ ਦਾ ਚੋਣ ਕਮਿਸ਼ਨ ਨੇ ਦਿੱਤਾ ਇਹ ਜਵਾਬ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਥਿਤ ਧੱਕਾ ਮਾਰੇ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਚੋਣ ਕਮਿਸ਼ਨ ਉੱਪਰ ਇਲਜ਼ਾਮ ਲਾਏ ਗਏ ਹਨ।
ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਰੜਾ ਜਵਾਬ ਦਿੰਦਿਆਂ ਪੱਤਰ ਨੂੰ "ਚਾਲਬਾਜ਼ੀ" ਅਤੇ “ਘਰਿਣਾ ਦਾ ਪੁਲੰਦਾ“ ਦੱਸਿਆ ਹੈ ਜੋ “ਚੋਣ ਕਮਿਸ਼ਨ ਦੇ ਗਠਨ ਅਤੇ ਉਸ ਦੀ ਕਾਰਜ ਪ੍ਰਣਾਲੀ ਉੱਪਰ” ਸਵਾਲ ਖੜ੍ਹੇ ਕਰਦਾ ਹੈ।
ਟੀਐੱਮਸੀ ਨੇ ਚੋਣ ਕਮਿਸ਼ਨ ਉੱਪਰ ਇਲਜ਼ਾਮ ਲਾਇਆ ਸੀ ਕਿ ਉਸ ਨੇ ਸੱਤਾਧਾਰੀ ਭਾਜਪਾ ਦੇ ਦਬਾਅ ਹੇਠ ਸੂਬੇ ਦੇ ਡੀਜੀਪੀ ਨੂੰ ਹਟਾਇਆ ਸੀ।
ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਨੰਦੀਗ੍ਰਾਮ ਵਿੱਚ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਚਾਰ-ਪੰਜ ਜਣਿਆਂ ਨੇ ਧੱਕਾ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੇ ਮੋਢੇ, ਧੌਣ ਅਤੇ ਗਿੱਟੇ ਵਿੱਚ ਸੱਟ ਲੱਗਣ ਦਾ ਪਤਾ ਚੱਲਿਆ ਸੀ।
ਇਹ ਵੀ ਪੜ੍ਹੋ:
ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਨੁਮਾਇੰਦਿਆਂ ਨੇ ਕੋਲਕਾਤਾ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਜਾ ਕੇ ਮੈਮੋਰੈਂਡਮ ਦਿੱਤਾ। ਮੈਮੋਰੈਂਡਮ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਮੁਖੀ ਨੂੰ ਹਟਾਉਣ ਤੋਂ ਬਾਅਦ ਉਨ੍ਹਾਂ ਉੱਪਰ ਹਮਲਾ ਹੋਇਆ ਅਤੇ ਚੋਣ ਕਮਿਸ਼ਨ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਕਰ ਰਿਹਾ ਹੈ।
ਕਮਿਸ਼ਨ ਨੇ ਇਲਜ਼ਾਮਾਂ ਬਾਰੇ ਕਿਹਾ ਕਿ ਇਸ ਬਾਰੇ ਟਿੱਪਣੀ ਕਰਨਾ ਠੀਕ ਨਹੀਂ ਹੋਵੇਗਾ।
ਕਮਿਸ਼ਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗ਼ਲਤ ਹੈ ਕਿ ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਦੇ ਨਾਂਅ ਹੇਠ ਸੂਬੇ ਦੀ ਕਾਨੂੰਨ-ਪ੍ਰਣਾਲੀ ਆਪਣੇ ਹੱਥਾਂ ਵਿੱਚ ਲਈ ਹੈ।
ਕਮਸ਼ਿਨ ਮੁਤਾਬਕ ਇਹ ਇਲਜ਼ਾਮ ਭਾਰਤੀ ਸੰਵਿਧਾਨ ਦੀ ਨੀਂਹ ਕਮਜ਼ੋਰ ਕਰਨ ਦੇ ਬਰਾਬਰ ਹੈ।
ਕਮਿਸ਼ਨ ਨੇ ਡੀਜੀਪੀ ਵੀਰੇਂਦਰ ਨੂੰ ਹਟਾਉਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਮੁੱਖ ਮੰਤਰੀ ਉੱਪਰ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਕੋਰੋਨਾ ਵੈਕਸੀਨ: ਥਾਈਲੈਂਡ ਨੇ ਐਸਟਰਾਜ਼ੈਨਿਕਾ ਉੱਪਰ ਰੋਕ ਕਿਉਂ ਲਾਈ
ਥਾਈਲੈਂਡ ਨੇ ਖੂਨ ਦੇ ਥੱਥੇ ਜੰਮਣ ਦੀਆਂ ਰਿਪੋਰਟਾਂ ਆਉਣ ਕਾਰਨ ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਵਾਲੀ ਐਸਟਰਾਜ਼ੈਨਿਕਾ ਕੰਪਨੀ ਦੀ ਵੈਕਸੀਨ ਦੀ ਵਰਤੋਂ ਨੂੰ ਟਾਲ ਦਿੱਤਾ ਹੈ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਸ਼ੁੱਕਰਵਾਰ ਨੂੰ ਟੀਕਾ ਲਗਵਾ ਕੇ ਦੇਸ਼ ਵਿੱਚ ਟੀਕਾਕਰਨ ਦੀ ਸ਼ੁਰੂਆਤ ਕਰਨ ਵਾਲੇ ਸਨ ਪਰ ਹੁਣ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਡੈਨਮਾਰਕ, ਨਾਰਵੇ ਸਮੇਤ ਕਈ ਯੂਰਪੀ ਦੇਸ਼ਾਂ ਵਿੱਚ ਇਸ ਵੈਕਸੀਨ ਦੀ ਵਰਤੋਂ ਉੱਪਰ ਰੋਕ ਲਗਾ ਦਿੱਤੀ ਹੈ।
ਲਗਭਗ 50 ਲੱਖ ਯੂਰਪੀ ਲੋਕਾਂ ਨੂੰ ਐਸਟਰਾਜ਼ੈਨਿਕਾ ਦਾ ਟੀਕਾ ਲੱਗਿਆ ਹੈ ਜਿਨ੍ਹਾਂ ਵਿੱਚੋਂ 30 ਵਿੱਚ ਖੂਨ ਜੰਮਣ ਦੇ ਮਾਮਲੇ ਸਾਹਮਣੇ ਆਏ।
ਇਟਲੀ ਅਤੇ ਆਸਟਰੀਆ ਨੇ ਵੀ ਅਹਿਤਿਆਤ ਵਜੋਂ ਦਵਾਈ ਦੇ ਕੁਝ ਬੈਚਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਡੈਨਮਾਰਕ, ਨਾਰਵੇ ਅਤੇ ਆਈਸਲੈਂਡ ਨੇ ਐਸਟਰਾਜ਼ੈਨਿਕਾ ਵੈਕਸੀਨ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਹੈ।
ਯੂਰਪੀ ਮੈਡਿਸਨ ਏਜੰਸੀ (ਈਐੱਮਏ) ਨੂੰ ਵੀਰਵਾਰ ਨੂੰ ਕਿਹਾ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਖੂਨ ਜੰਮਣ ਦੇ ਪਿੱਛੇ ਇਸ ਵੈਕਸੀਨ ਦੀ ਵਰਤੋਂ ਹੀ ਕਾਰਨ ਹੈ ਪਰ ਇਹ ਵਧੀਆ ਹੋਵੇਗਾ ਜੇ ਇਸ ਦੇ "ਖ਼ਤਰਿਆਂ ਨੂੰ ਘਟਾਉਣ ਦੀ ਕੋਸ਼ਿਸ਼ ਜਾਰੀ ਰੱਖੀ ਜਾਵੇ।"
ਥਾਈਲੈਂਡ ਦੇ ਸਿਹਤ ਮੰਤਰਾਲੇ ਦੇ ਅਫ਼ਸਰਾਂ ਨੇ ਕਿਹਾ ਹੈ ਕਿ ਐਸਟਰਾਜ਼ੈਨਿਕਾ ਟੀਕਿਆਂ ਦੀ ਜੋ ਕੇਪ ਯੂਰਪ ਨੂੰ ਭੇਜੀ ਗਈ ਉਹ ਵੱਖਰੀ ਹੈ। ਖੂਨ ਜੰਮਣ ਦੀ ਸਮੱਸਿਆ ਆਮ ਤੌਰ ਤੇ ਏਸ਼ੀਆਈ ਲੋਕਾਂ ਵਿੱਚ ਨਹੀਂ ਦੇਖੀ ਗਈ ਹੈ।
ਦੇਸ਼ ਦੀ ਕੋਵਿਡ-19 ਵੈਕਸੀਨ ਕਮੇਟੀ ਦੇ ਸਲਾਹਕਾਰ ਪਿਆਸਕੋਲ ਸਕੋਲਸਟਾਯਰਡਨ ਨੇ ਕਿਹਾ,"ਉਂਝ ਤਾਂ ਐਸਟਰਾਜ਼ੈਨਿਕਾ ਦੀ ਕੁਆਲਿਟੀ ਵਧੀਆ ਹੈ ਪਰ ਕੁਝ ਦੇਸ਼ਾਂ ਨੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਹੈ। ਇਸ ਲਈ ਅਸੀਂ ਵੀ ਰੋਕ ਰਹੇ ਹਾਂ।"
ਉੱਥੇ ਹੀ ਦੂਜੇ ਪਾਸੇ ਐਸਟਰਾਜ਼ੈਨਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੈਕਸੀਨ ਸੁਰੱਖਿਅਤ ਹੋਵੇ ਇਸ ਗੱਲ ਦਾ ਟਰਾਇਲ ਦੌਰਾਨ ਹੀ ਡੂੰਘਾ ਅਧਿਐਨ ਕੀਤਾ ਹੈ।
ਐਸਟਰਾਜ਼ੈਨਿਕਾ ਟੀਕੇ ਦੀਆਂ 117,300 ਖ਼ੁਰਾਕਾਂ ਦੀ ਪਹਿਲੀ ਖੇਪ 24 ਫ਼ਰਵਰੀ ਨੂੰ ਥਾਈਲੈਂਡ ਪਹੁੰਚੀ ਸੀ। ਇਸ ਦੇ ਨਾਲ ਹੀ ਚੀਨ ਦੀ ਵੈਕਸੀਨ ਕੋਰੋਨਾਵੈਕਸੀਨ ਦੀਆਂ ਦੋ ਲੱਖ ਖ਼ੁਰਾਕਾਂ ਵੀ ਥਾਈਲੈਂਡ ਨੂੰ ਪਹੁੰਚਾਈਆਂ ਸਨ।
ਥਾਈਲੈਂਡ ਵਿੱਚ 28 ਫ਼ਰਵਰੀ ਨੂੰ ਟੀਕਾਕਰਣ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇ ਥਾਈਲੈਂਡ ਵਿੱਚ 30,000 ਤੋਂ ਵਧੇਰੇ ਲੋਕ ਪਹਿਲਾਂ ਹੀ ਟੀਕਾ ਲਗਵਾ ਚੁੱਕੇ ਹਨ।
ਐਸਟਰਾਜ਼ੈਨਿਕਾ ਨੇ ਇਸ ਵੈਕਸੀਨ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ: