ਕੁੜੀ ਜਿਸ ਨੂੰ 12 ਸਾਲ ਦੀ ਉਮਰ 'ਚ ਅਗਵਾ ਕਰਕੇ, ਜ਼ੰਜੀਰਾਂ ਨਾਲ ਬੰਨ੍ਹ ਕੇ ਵਿਆਹ ਲਈ ਮਜਬੂਰ ਕੀਤਾ

    • ਲੇਖਕ, ਮਾਈਕ ਥੌਮਸਨ
    • ਰੋਲ, ਬੀਬੀਸੀ ਪੱਤਰਕਾਰ

ਇੱਕ 12 ਸਾਲਾਂ ਈਸਾਈ ਕੁੜੀ ਫਰਾਹ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੀਆਂ ਗਰਮੀਆਂ ਦੇ ਮੌਸਮ ਵਿੱਚ ਪਾਕਿਸਤਾਨ 'ਚ ਉਸ ਦੇ ਘਰੋਂ ਲੈ ਕੇ ਗਏ, ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਇਸਲਾਮ ਧਰਮ ਧਾਰਨ ਕਰਨ ਅਤੇ ਉਸ ਨੂੰ ਅਗਵਾ ਕਰਨ ਵਾਲੇ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ।

ਇਸ ਨਾਲ ਦੇਸ਼ ਵਿੱਚ ਹਰ ਸਾਲ ਸੈਂਕੜੇ ਈਸਾਈ, ਹਿੰਦੂ ਅਤੇ ਸਿੱਖ ਕੁੜੀਆਂ ਅਤੇ ਬੱਚਿਆਂ ਦੀ ਹੋਣੀ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਜਿਨ੍ਹਾਂ ਨਾਲ ਅਜਿਹਾ ਵਾਪਰਦਾ ਹੈ।

25 ਜੂਨ ਨੂੰ ਫਰਾਹ ਪਾਕਿਸਤਾਨ ਦੇ ਤੀਜੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਫੈਸਲਾਬਾਦ ਵਿੱਚ ਆਪਣੇ ਦਾਦਾ, ਤਿੰਨ ਭਰਾਵਾਂ ਅਤੇ ਦੋ ਭੈਣਾਂ ਨਾਲ ਘਰ ਵਿੱਚ ਸੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਦਸਤਕ ਸੁਣਾਈ ਦਿੱਤੀ।

ਉਸ ਨੂੰ ਯਾਦ ਹੈ ਕਿ ਉਸ ਦੇ ਦਾਦਾ ਜੀ ਦਰਵਾਜ਼ਾ ਖੋਲ੍ਹਣ ਲਈ ਗਏ। ਫਿਰ ਤਿੰਨ ਵਿਅਕਤੀ ਅੰਦਰ ਆਏ, ਉਨ੍ਹਾਂ ਨੇ ਫਰਾਹ ਨੂੰ ਫੜ ਲਿਆ ਅਤੇ ਉਸ ਨੂੰ ਜ਼ਬਰਦਸਤੀ ਬਾਹਰ ਵੈਨ ਵਿੱਚ ਸੁੱਟ ਦਿੱਤਾ।

ਇਹ ਵੀ ਪੜ੍ਹੋ-

ਫਰਾਹ ਦੇ ਪਿਤਾ ਆਸਿਫ, ਜੋ ਉਸ ਸਮੇਂ ਕੰਮ 'ਤੇ ਸਨ, ਉਨ੍ਹਾਂ ਦਾ ਕਹਿਣਾ ਹੈ, 'ਉਨ੍ਹਾਂ ਨੇ ਪਰਿਵਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪਛਤਾਉਣਾ ਪਵੇਗਾ।'

ਆਸਿਫ ਇਸ ਅਪਰਾਧਕ ਘਟਨਾ ਦੀ ਰਿਪੋਰਟ ਦਰਜ ਕਰਾਉਣ ਲਈ ਨੇੜਲੇ ਪੁਲਿਸ ਸਟੇਸ਼ਨ ਗਏ, ਇੱਥੋਂ ਤੱਕ ਕਿ ਉਨ੍ਹਾਂ ਨੇ ਪੁਲਿਸ ਨੂੰ ਅਗਵਾਕਾਰਾਂ ਵਿੱਚੋਂ ਇੱਕ ਦਾ ਨਾਂ ਵੀ ਦੱਸ ਦਿੱਤਾ ਸੀ, ਜਿਸ ਨੂੰ ਫਰਾਹ ਦੇ ਦਾਦਾ ਜੀ ਨੇ ਪਛਾਣ ਲਿਆ ਸੀ, ਪਰ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਮਦਦ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।

'ਉਨ੍ਹਾਂ ਦਾ ਵਤੀਰਾ ਬਹੁਤ ਅਸਹਿਯੋਗ ਵਾਲਾ ਸੀ ਅਤੇ ਉਨ੍ਹਾਂ ਨੇ ਅਪਰਾਧ ਦੀ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸਿਰਫ਼ ਇੰਨਾ ਹੀ ਨਹੀਂ ਬਲਕਿ ਉਨ੍ਹਾਂ ਨੇ ਮੈਨੂੰ ਧੱਕਾ ਦਿੱਤਾ ਅਤੇ ਜ਼ੁਬਾਨੀ ਮੇਰੇ ਨਾਲ ਬਦਸਲੂਕੀ ਵੀ ਕੀਤੀ।'

ਪੁਲਿਸ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਨੇ ਘਟਨਾ ਦੀ ਰਿਪੋਰਟ ਦਰਜ ਕਰਨ ਵਿੱਚ ਤਿੰਨ ਮਹੀਨੇ ਦਾ ਸਮਾਂ ਲਿਆ, ਪਰ ਫਿਰ ਵੀ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਸ ਸਮੇਂ ਦੌਰਾਨ 12 ਸਾਲਾ ਫਰਾਹ ਜਿਸ ਨੂੰ 70 ਮੀਲ (110 ਕਿਲੋਮੀਟਰ) ਨੇੜਲੇ ਸ਼ਹਿਰ ਹਾਫਿਜ਼ਾਬਾਦ ਵਿੱਚ ਇੱਕ ਘਰ ਲੈ ਗਏ ਸੀ। ਉਹ ਦੱਸਦੀ ਹੈ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ, ਉਸ ਨੂੰ ਬੰਨ੍ਹ ਕੇ ਰੱਖਿਆ ਗਿਆ ਅਤੇ ਇੱਕ ਗੁਲਾਮ ਵਾਂਗ ਵਿਹਾਰ ਕੀਤਾ ਗਿਆ।

'ਮੈਨੂੰ ਜ਼ਿਆਦਾਤਰ ਸਮਾਂ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਅਤੇ ਅਗਵਾ ਕਰਨ ਵਾਲੇ ਦੇ ਘਰ ਨੂੰ ਸਾਫ਼ ਕਰਨ ਦੇ ਨਾਲ-ਨਾਲ ਬਾਹਰਲੇ ਵਿਹੜੇ ਵਿੱਚ ਪਸ਼ੂਆਂ ਦੀ ਦੇਖਭਾਲ ਕਰਨ ਦੇ ਹੁਕਮ ਦਿੱਤੇ ਗਏ ਸਨ। ਇਹ ਸਭ ਡਰਾਉਣਾ ਸੀ।'

"ਉਨ੍ਹਾਂ ਨੇ ਮੇਰੇ ਗਿੱਟਿਆਂ 'ਤੇ ਜ਼ੰਜੀਰਾਂ ਪਾ ਦਿੱਤੀਆਂ ਅਤੇ ਮੈਨੂੰ ਰੱਸੀ ਨਾਲ ਬੰਨ੍ਹ ਦਿੱਤਾ। ਮੈਂ ਰੱਸੀ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਅਤੇ ਜ਼ੰਜੀਰਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਇਸ ਸਭ ਵਿੱਚ ਅਸਫ਼ਲ ਹੁੰਦੀ ਰਹੀ। ਮੈਂ ਹਰ ਰਾਤ ਅਰਦਾਸ ਕਰਦਿਆਂ ਕਹਿੰਦੀ ਹੁੰਦੀ ਸੀ, 'ਰੱਬ ਜੀ, ਕਿਰਪਾ ਕਰਕੇ ਮੇਰੀ ਸਹਾਇਤਾ ਕਰੋ।"

ਪਿਛਲੀ ਮਰਦਮਸ਼ੁਮਾਰੀ ਵੇਲੇ ਪਾਕਿਸਤਾਨ ਵਿੱਚ ਲਗਭਗ 20 ਲੱਖ ਈਸਾਈ ਸਨ, ਕੁੱਲ ਆਬਾਦੀ ਦੇ ਸਿਰਫ਼ 1% ਤੋਂ ਥੋੜ੍ਹੇ ਜਿਹੇ ਜ਼ਿਆਦਾ।

5 ਮਹੀਨਿਆਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ

ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ ਹਰ ਸਾਲ 1000 ਈਸਾਈ, ਹਿੰਦੂ ਅਤੇ ਸਿੱਖ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ।

ਉਨ੍ਹਾਂ ਵਿੱਚੋਂ ਬਹੁਤੀਆਂ ਨੂੰ ਇਸਲਾਮ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਂਕਿ ਪਾਕਿਸਤਾਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਵਿਆਹ ਕਰਨ ਵਾਲੇ ਦੋਵੇਂ ਮੁਸਲਮਾਨ ਹਨ ਤਾਂ 16 ਸਾਲ ਤੋਂ ਘੱਟ ਉਮਰ ਦੇ ਵਿਆਹ ਸ਼ਰੀਆ ਕਾਨੂੰਨ ਤਹਿਤ ਸਵੀਕਾਰਯੋਗ ਹਨ।

ਇਹ ਉਹੀ ਹੈ ਜੋ ਫਰਾਹ ਦੇ ਕੇਸ ਵਿੱਚ ਵਾਪਰਿਆ ਉਸ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਗਿਆ, ਫਿਰ ਉਸ ਦੇ ਅਗਵਾਕਾਰ ਨੇ ਹੀ ਉਸ ਨਾਲ ਵਿਆਹ ਕਰਵਾ ਲਿਆ।

ਨੈਸ਼ਨਲ ਕੌਂਸਲ ਆਫ਼ ਚਰਚਜ਼ ਇਨ ਪਾਕਿਸਤਾਨ (ਐੱਨ.ਸੀ.ਸੀ.ਪੀ.) ਦਾ ਕਹਿਣਾ ਹੈ ਕਿ ਇਸ ਤਰ੍ਹਾਂ ਅਗਵਾ ਕਰਨ ਦੀ ਗਿਣਤੀ ਵੱਧ ਰਹੀ ਹੈ।

ਐੱਨਸੀਸੀਪੀ ਦੇ ਜਨਰਲ ਸਕੱਤਰ ਬਿਸ਼ਪ ਵਿਕਟਰ ਅਜ਼ਾਰੀਆ ਕਹਿੰਦੇ ਹਨ, 'ਇੱਥੇ ਸੈਂਕੜੇ, ਬਹੁਤ ਸਾਰੀਆਂ ਕੁੜੀਆਂ ਨਾਲ ਹੁੰਦਾ ਹੈ। ਇਹ ਅਪਰਾਧ ਬਹੁਤ ਸਾਰੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਅਧਿਕਾਰੀ ਕੁਝ ਵੀ ਨਹੀਂ ਕਰਦੇ।'

ਫਰਾਹ ਦੇ ਬੇਹੱਦ ਚਿੰਤਤ ਪਿਤਾ ਆਸਿਫ ਨੇ ਆਪਣੀ ਸਥਾਨਕ ਚਰਚ ਤੋਂ ਮਦਦ ਦੀ ਮੰਗ ਕੀਤੀ, ਜਿਸ ਨੇ ਫਿਰ ਪਰਿਵਾਰ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ।

ਦਸੰਬਰ ਦੇ ਸ਼ੁਰੂ ਵਿੱਚ ਅਗਵਾ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਨ ਅਤੇ ਫਰਾਹ ਨੂੰ ਆਜ਼ਾਦ ਕਰਾਉਣ ਲਈ ਪੰਜ ਮਹੀਨਿਆਂ ਦੀ ਭੱਜ ਦੌੜ ਤੋਂ ਬਾਅਦ ਪੁਲਿਸ ਨੇ ਆਖਰਕਾਰ ਕਾਰਵਾਈ ਕੀਤੀ।

ਫਰਾਹ ਕਹਿੰਦੀ ਹੈ, 'ਚਾਰ ਪੁਲਿਸ ਵਾਲੇ ਅਗਵਾ ਕਰਨ ਵਾਲੇ ਦੇ ਘਰ ਆਏ ਅਤੇ ਉੱਥੇ ਲੋਕਾਂ ਨੂੰ ਦੱਸਿਆ ਕਿ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਮੈਨੂੰ ਉਨ੍ਹਾਂ ਦੇ ਨਾਲ ਥਾਣੇ ਜਾਣਾ ਚਾਹੀਦਾ ਹੈ।'

5 ਦਸੰਬਰ ਨੂੰ ਉਸ ਦਾ ਕੇਸ ਫੈਸਲਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਸਾਹਮਣੇ ਆਇਆ ਅਤੇ ਮੈਜਿਸਟਰੇਟ ਨੇ ਉਸ ਨੂੰ ਔਰਤਾਂ ਅਤੇ ਬੱਚਿਆਂ ਦੇ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਅਤੇ ਅੱਗੇ ਦੀ ਜਾਂਚ ਕੀਤੀ ਗਈ।

ਪਰਿਵਾਰ ਨੂੰ ਮਾਰਨ ਦੀ ਧਮਕੀ

ਪਰ ਇੱਕ ਵਾਰ ਫਿਰ ਬੁਰੀ ਖ਼ਬਰ ਮਿਲੀ।

ਜਦੋਂ ਪਰਿਵਾਰ ਅਦਾਲਤ ਤੋਂ ਅੰਤਿਮ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਸੀ, ਪੁਲਿਸ ਨੇ ਫਰਾਹ ਦੇ ਪਿਤਾ ਨੂੰ ਕਿਹਾ ਕਿ ਉਹ ਆਪਣੀ ਜਾਂਚ ਛੱਡ ਰਹੇ ਹਨ, ਕਿਉਂਕਿ ਫਰਾਹ ਨੇ ਕਿਹਾ ਕਿ ਉਹ ਵਿਆਹ ਅਤੇ ਧਰਮ ਪਰਿਵਰਤਨ ਦੋਵਾਂ ਨਾਲ ਸਹਿਮਤ ਹੈ।

ਫਿਰ ਫਰਾਹ ਨੇ ਇਸ ਬਿਆਨ ਨੂੰ 23 ਜਨਵਰੀ ਨੂੰ ਅਦਾਲਤ ਵਿੱਚ ਦੁਹਰਾਇਆ, ਪਰ ਅਦਾਲਤ ਦੇ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਸ਼ਾਇਦ ਉਸ ਨੂੰ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਫਰਾਹ ਕਹਿੰਦੀ ਹੈ ਕਿ ਅਸਲ ਵਿੱਚ ਉਸ ਨੇ ਅਜਿਹਾ ਹੀ ਕਿਹਾ ਸੀ।

"ਮੈਂ ਇਹ ਇਸ ਲਈ ਕਿਹਾ ਕਿਉਂਕਿ ਅਗਵਾਕਾਰ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਅਜਿਹਾ ਨਾ ਕੀਤਾ, ਤਾਂ ਉਹ ਪਹਿਲਾਂ ਮੈਨੂੰ ਮਾਰ ਦੇਵੇਗਾ, ਫਿਰ ਮੇਰੇ ਪਿਤਾ ਦਾ ਕਤਲ ਕਰੇਗਾ, ਉਸ ਤੋਂ ਬਾਅਦ ਮੇਰੇ ਭਰਾ ਅਤੇ ਭੈਣਾਂ ਦਾ। ਮੇਰਾ ਪੂਰਾ ਪਰਿਵਾਰ ਮਾਰ ਦੇਵੇਗਾ। ਮੈਂ ਸੱਚਮੁੱਚ ਡਰ ਗਈ ਸੀ ਕਿ ਉਹ ਅਜਿਹਾ ਕਰੇਗਾ, ਇਸ ਲਈ ਮੈਂ ਉਹ ਕਹਿਣ ਲਈ ਰਾਜ਼ੀ ਹੋ ਗਈ ਜੋ ਉਸ ਨੇ ਮੈਨੂੰ ਕਿਹਾ ਸੀ।"

ਤਿੰਨ ਹਫ਼ਤੇ ਬਾਅਦ 16 ਫਰਵਰੀ ਨੂੰ ਜਦੋਂ ਉਸ ਨੂੰ ਉਸ ਦੇ ਘਰੋਂ ਅਗਵਾ ਕੀਤਿਆਂ ਲਗਭਗ ਅੱਠ ਮਹੀਨੇ ਹੋ ਗਏ ਸਨ, ਜੱਜਾਂ ਨੇ ਦਲੀਲ ਦਿੱਤੀ ਕਿ ਫਰਾਹ ਦਾ ਵਿਆਹ ਸਹੀ ਢੰਗ ਨਾਲ ਰਜਿਸਟਰਡ ਨਹੀਂ ਹੋਇਆ ਸੀ ਅਤੇ ਇਸ ਲਈ ਇਹ ਵਿਆਹ ਅਯੋਗ ਹੈ।

ਉਹ ਇੱਕ ਤਕਨੀਕੀ ਤਰੁੱਟੀ ਦੀ ਬਦੌਲਤ ਬਚ ਗਈ ਅਤੇ ਆਪਣੇ ਪਰਿਵਾਰ ਨੂੰ ਮੁੜ ਮਿਲੀ।

ਇੱਥੋਂ ਤੱਕ ਕਿ ਜਦੋਂ ਅਗਵਾ ਕੀਤੇ ਬੱਚਿਆਂ ਨੂੰ ਬਚਾਇਆ ਜਾਂਦਾ ਹੈ ਤਾਂ ਉਨ੍ਹਾਂ ਦੀ ਪ੍ਰੀਖਿਆ ਉੱਥੇ ਹੀ ਖ਼ਤਮ ਨਹੀਂ ਹੁੰਦੀ। ਬਹੁਤ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਦੁਬਾਰਾ ਅਗਵਾ ਕਰਨ ਜਾਂ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਅਤੇ ਇਹ ਸਦਮਾ ਜਾਰੀ ਰਹਿੰਦਾ ਹੈ।

ਇਹੀ ਗੱਲ 14 ਸਾਲ ਦੀ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਵਿੱਚ ਵਾਪਰੀ, ਜੋ ਅਗਵਾ ਹੋਣ ਤੋਂ ਬਾਅਦ ਭੱਜਣ ਵਿੱਚ ਸਫਲ ਹੋ ਗਈ ਅਤੇ ਉਸ ਨੂੰ ਅਗਵਾਕਾਰ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਉਸ ਸਮੇਂ ਤੋਂ ਹੀ ਮੌਤ ਦੀਆਂ ਧਮਕੀਆਂ ਮਿਲਣ ਕਾਰਨ ਲੁਕਣ ਲਈ ਮਜਬੂਰ ਕੀਤਾ ਗਿਆ।

ਮਾਰੀਆ ਦੀ ਮਦਦ ਕਰਨ ਦੇ ਯਤਨ ਵਜੋਂ ਯੂਕੇ ਸਥਿਤ ਚੈਰਿਟੀ 'ਏਡ ਟੂ ਦਿ ਚਰਚ ਇਨ ਨੀਡ' ਵੱਲੋਂ ਕੀਤੀ ਗਈ ਇੱਕ 12,500 ਨਾਵਾਂ ਦੀ ਪਟੀਸ਼ਨ ਨੂੰ ਹਾਲ ਹੀ ਵਿੱਚ ਯੂਕੇ ਸਰਕਾਰ ਨੂੰ ਸੌਂਪਿਆ ਗਿਆ।

ਇਸ 'ਤੇ 30 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਵੱਲੋਂ ਹਸਤਾਖਰ ਕੀਤੇ ਗਏ, ਜਿਨ੍ਹਾਂ ਵਿੱਚ ਬਿਸ਼ਪ, ਪੀਅਰਜ਼ ਅਤੇ ਸੰਸਦ ਮੈਂਬਰ ਸ਼ਾਮਲ ਹਨ, ਇਸ ਵਿੱਚ ਉਸ ਨੂੰ ਸ਼ਰਨ ਦੇਣ ਦੀ ਮੰਗ ਕੀਤੀ ਗਈ ਹੈ।

ਏਡ ਟੂ ਦਿ ਚਰਚ ਇਨ ਨੀਡ ਦੇ ਬੁਲਾਰੇ ਜੌਨ ਪੋਂਟੀਫੈਕਸ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਕਈ ਅਗਵਾ ਕੀਤੀਆਂ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

"ਇਨ੍ਹਾਂ ਬੱਚਿਆਂ ਨੂੰ ਜਿਸ ਸਦਮੇ ਵਿੱਚੋਂ ਲੰਘਣਾ ਪੈਂਦਾ ਹੈ, ਅਕਸਰ ਉਨ੍ਹਾਂ ਦੇ ਅਗਵਾਕਾਰਾਂ ਤੋਂ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਜਿਵੇਂ ਕਿ ਮਾਰੀਆ ਯੂਕੇ ਵਿੱਚ ਪਨਾਹ ਲੈਣੀ, ਉਨ੍ਹਾਂ ਲਈ ਸੁਰੱਖਿਆ ਦੀ ਇੱਕੋ ਇੱਕ ਉਮੀਦ ਹੈ।'

ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਮੁੱਖ ਤੌਰ 'ਤੇ ਮੁਸਲਮਾਨ ਦੇਸ਼ ਵਿੱਚ ਘੱਟ ਗਿਣਤੀਆਂ ਦੇ ਜਬਰੀ ਧਰਮ ਪਰਿਵਰਤਨ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਧਾਰਮਿਕ ਸਦਭਾਵਨਾ ਬਾਰੇ ਉਨ੍ਹਾਂ ਦੇ ਵਿਸ਼ੇਸ਼ ਨੁਮਾਇੰਦੇ ਤਾਹਿਰ ਮਹਿਮੂਦ ਅਸ਼ਰਫੀ ਨੇ ਹਾਲ ਹੀ ਵਿੱਚ ਕਿਹਾ ਸੀ: 'ਜਬਰੀ ਵਿਆਹ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਨਾਂ 'ਤੇ ਹੋਰ ਧਰਮਾਂ ਦੀਆਂ ਘੱਟ ਉਮਰ ਦੀਆਂ ਕੁੜੀਆਂ ਨੂੰ ਅਗਵਾ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।'

ਹਾਲਾਂਕਿ, ਪੁਲਿਸ ਨਾਲ ਆਸਿਫ ਦਾ ਤਜਰਬਾ ਦੱਸਦਾ ਹੈ ਕਿ ਅਜੇ ਬਹੁਤ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ। ਉਸ ਨੇ ਆਪਣੀ ਧੀ ਨੂੰ ਅਗਵਾ ਕਰਨ ਦੇ ਇਲਜ਼ਾਮ ਵਿੱਚ ਤਿੰਨਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਚਲਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ।

ਫਰਾਹ, ਜੋ ਹੁਣ 13 ਸਾਲਾਂ ਦੀ ਹੈ, ਦੁਬਾਰਾ ਘਰ ਵਿੱਚ ਰਹਿ ਕੇ ਬਹੁਤ ਖੁਸ਼ ਹੈ, ਅਤੇ ਇੱਕ ਮਨੋਵਿਗਿਆਨੀ ਦੀ ਮਦਦ ਨਾਲ ਉਸ ਨਾਲ ਜੋ ਵਾਪਰਿਆ ਉਸ ਦੇ ਸਦਮੇ ਤੋਂ ਉਹ ਠੀਕ ਹੋ ਰਹੀ ਹੈ।

ਉਸ ਨੇ ਪੂਰੀ ਉਮੀਦ ਪ੍ਰਗਟਾਈ ਕਿ ਹੋਰਨਾਂ ਕੁੜੀਆਂ ਨਾਲ ਵੀ ਇਸੇ ਤਰ੍ਹਾਂ ਹੋਣ ਤੋਂ ਬਚਾਉਣ ਲਈ ਕਾਰਵਾਈ ਕੀਤੀ ਜਾਵੇਗੀ।

'ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪਰਮਾਤਮਾ ਪਾਕਿਸਤਾਨ ਦੇ ਸਾਰੇ ਬੱਚਿਆਂ ਦੀ ਰੱਖਿਆ ਕਰੇਗਾ, ਉਹ ਉਨ੍ਹਾਂ ਸਾਰਿਆਂ 'ਤੇ ਸਵੱਲੀ ਨਜ਼ਰ ਰੱਖੇਗਾ।'

ਤਸਵੀਰਾਂ 'ਏਡ ਟੂ ਦਿ ਚਰਚ ਇਨ ਨੀਡ' ਦੇ ਸਹਿਯੋਗ ਨਾਲ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)