ਸਿੱਖ ਜਥਿਆਂ ਦੀ ਸੁਰੱਖਿਆ ਬਾਰੇ ਭਾਰਤੀ ਖ਼ਦਸ਼ਿਆਂ 'ਤੇ ਪਾਕਿਸਤਾਨ ਦਾ ਜਵਾਬ ਅਤੇ ਵਿਸਾਖੀ ਦਾ ਸੱਦਾ -ਪ੍ਰੈੱਸ ਰਿਵੀਊ

ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਦੀ ਸੁਰੱਖਿਆ ਬਾਰੇ ਭਾਰਤ ਸਰਕਾਰ ਦੇ ਖ਼ਦਸ਼ਿਆਂ ਦਾ ਜਵਾਬ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉੱਥੇ ਜਥਿਆਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ।

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਦਿ ਡਾਅਨ ਦੀ ਖ਼ਬਰ ਦੇ ਮੁਤਾਬਕ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਹਿਦ ਹਾਫ਼ੀਜ਼ ਚੌਧਰੀ ਨੇ ਕਿਹਾ,"ਪਾਕਿਸਤਾਨ ਆਪਣੇ ਧਰਮ ਸਥਾਨਾਂ ਦੀ ਯਾਤਰਾ ਕਰਨ ਆਉਣ ਵਾਲੇ ਭਾਰਤ ਸਮੇਤ ਦੁਨੀਆਂ ਭਰ ਦੇ ਸਿੱਖ ਯਾਤਰੀਆਂ ਦਾ ਪੂਰਾ ਖ਼ਿਆਲ ਰਖਦਾ ਹੈ।"

ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਵੀਂ ਯਾਦਗਾਰ ਮੌਕੇ 18-25 ਫ਼ਰਵਰੀ ਨੂੰ ਲਗਭਗ 600 ਸਿੱਖ ਯਾਤਰੀਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਸਿੱਖ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰਨ ਵਿੱਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਅਤੇ ਸ਼ਰਧਾਲੂਆਂ ਲਈ ਕੀਤੇ ਬੰਦੋਬਸਤਾਂ ਦੀ ਤਾਰੀਫ਼ ਕਰਦੇ ਹਨ।

ਚੌਧਰੀ ਨੇ ਕਿਹਾ ਕਿ ਕਿਹਾ ਕਿ ਪਾਕਿਸਤਾਨ ਨੇ ਸਿੱਖਾਂ ਦੀ ਸਹੂਲਤ ਲਈ ਕਰਤਾਰਪੁਰ ਖੋਲ੍ਹਿਆ ਸੀ। ਜਿਸ ਦੀ ਸਿੱਖਾਂ ਤੋਂ ਇਲਾਵਾ ਕੌਮਾਂਤਰੀ ਭਾਈਚਾਰੇ ਨੇ ਵੀ ਸ਼ਲਾਘਾ ਕੀਤੀ ਸੀ।

ਤਰਜਮਾਨ ਨੇ ਕਿਹਾ ਕਿ ਭਾਰਤ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਯਾਤਰੀਆਂ ਦੇ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਵਿੱਚ ਸਹਿਯੋਗ ਕਰੇ।

ਦੂਜੇ ਪਾਸੇ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸਾਖੀ ਮੌਕੇ ਪਾਕਿਸਤਾਨ ਆਉਣ ਦਾ ਸੱਦਾ ਭੇਜਿਆ ਹੈ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਜਾ ਸਕਦਾ ਹੈ ਅਤੇ 22 ਅਪ੍ਰੇਲ ਨੂੰ ਵਾਪਸ ਆਵੇਗਾ।

ਪਾਕਿਸਤਾਨ ਵਿੱਚ ਵਿਸਾਖੀ ਦਾ ਮੁੱਖ ਸਮਾਗਮ ਗੁਰਦੁਆਰਾ ਪੰਜਾ ਸਾਹਿਬ ਵਿੱਚ ਰੱਖਿਆ ਗਿਆ ਹੈ।

ਮਨਪ੍ਰੀਤ ਬਾਦਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ

ਖ਼ਬਰ ਚੈਨਲ ਐੱਨਡੀਟੀਵੀ ਦੀ ਵੈਬਸਾਈਟ ਦੇ ਮੁਤਾਬਕ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਮਲੋਹ ਦੇ ਇੱਕ ਸਰਕਾਰੀ ਸਕੂਲ ਵਿੱਚ 25 ਵਿਦਿਆਰਥੀ ਤੇ 2 ਅਧਿਆਪਕ ਕੋਰੋਨਾ ਪੌਜ਼ੀਟਿਵ ਆਏ ਹਨ। ਇਸ ਤੋਂ ਇਲਾਵਾ ਪੂਰੇ ਸੂਬੇ ਵਿੱਚ ਹੀ ਸਕੂਲਾਂ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੇਂਦਰ ਵੱਲੋਂ ਪੰਜਾਬ ਵਿੱਚ ਵਧ ਰਹੇ ਕੋਰੋਨਾ ਕੇਸਾਂ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਸਿਹਤ ਵਿਭਾਗ ਦਾ ਹੱਥ ਵਟਾਉਣ ਲਈ ਭੇਜੀ ਗਈ ਉੱਚ ਸ਼ਕਤੀ ਕਮੇਟੀ ਨੇ ਕਪੂਰਥਲਾ, ਅੰਮ੍ਰਿਤਸਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਦੌਰੇ ਤੋਂ ਬਾਅਦ ਆਪਣੀ ਰਿਪੋਰਟ ਪੇਸ਼ ਕੀਤੀ ਹੈ।

ਰਿਪੋਰਟ ਮੁਤਾਬਕ ਕੋਰੋਨਾ ਤੋਂ ਲਾਪਰਵਾਹੀ ਵਾਲ਼ਾ ਰੁਖ਼ ਜਿਵੇਂ ਮਾਸਕ ਨਾ ਪਾਉਣਾ, ਕੰਟੇਕਟ ਟਰੇਸਿੰਗ ਦੇ ਮੰਦੇ ਹਾਲ, ਕੰਟੇਨਮੈਂਟ ਜ਼ੋਨਾਂ ਬਾਰੇ ਹਦਾਇਤਾਂ ਨੂੰ ਲਾਗੂ ਕਰਨ ਵਿੱਚ ਲਾਪਰਵਾਹੀ ਸੂਬੇ ਵਿੱਚ ਕੇਸਾਂ ਦੇ ਵਾਧੇ ਦੇ ਕੁਝ ਪ੍ਰਮੁੱਖ ਕਾਰਨ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਿਸਾਨਾਂ ਨੇ 169 ਦਿਨਾਂ ਬਾਅਦ ਰੇਲਵੇ ਸਟੇਸ਼ਨ ਤੋਂ ਧਰਨਾ ਚੁੱਕਿਆ

ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲਵੇ ਟਰੈਕ ਉਪਰ ਧਰਨਾ ਦੇ ਰਹੇ ਕਿਸਾਨਾਂ ਨੇ ਆਖ਼ਰ 169 ਦਿਨਾਂ ਬਾਅਦ ਧਰਨਾ ਚੁੱਕ ਲਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ਉੱਪਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 25 ਕਿੱਲੋਮੀਟਰ ਦੂਰੀ 'ਤੇ ਸਥਿਤ ਦੇਵੀਦਾਸਪੁਰ ਜੋ ਕਿ ਜੰਡਿਆਲਾ ਦੇ ਨੇੜੇ ਪੈਂਦਾ ਹੈ ਤੋਂ ਕਿਸਾਨ ਜਥੇਬੰਦੀਆਂ ਨੇ ਆਪਸੀ ਬੈਠਕ ਤੋਂ ਬਾਅਦ ਧਰਨਾ ਚੁੱਕ ਲਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਵਿੰਦਰ ਸਿੰਘ ਨੇ ਦੱਸਿਆ,"ਕਿਸਾਨ ਸਿਰਫ਼ ਯਾਤਰੀ ਰੇਲਾਂ ਰੋਕ ਰਹੇ ਸਨ ਪਰ ਕੇਂਦਰ ਨੇ ਮਾਲ ਗੱਡੀਆਂ ਵੀ ਬੰਦ ਕਰ ਦਿੱਤੀਆਂ ਜਿਸ ਕਾਰਨ ਕਿਸਾਨਾਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਨੂੰ ਭਾਰੀ ਹਰਜਾਨਾ ਹੋ ਰਿਹਾ ਸੀ। ਮੌਜੂਦਾ ਹਾਲਤਾਂ ਦੀ ਰੌਸ਼ਨੀ ਵਿੱਚ ਕਿਸਨਾਂ ਨੇ ਸਰਬਸੰਮਤੀ ਨਾਲ ਇੱਥੇ ਧਰਨਾ ਚੁੱਕਣ ਦਾ ਫ਼ੈਸਲਾ ਲਿਆ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)