ਕਿਸਾਨ ਅੰਦੋਲਨ: ਦਿੱਲੀ ਬਾਰਡਰਾਂ ’ਤੇ ਹੁਣ ਕਿਸਾਨਾਂ ਨੇ ਬਣਾ ਲਏ ‘ਪੱਕੇ ਘਰ’, ਪੁਲਿਸ ਨੇ ਕੀਤਾ ਕੇਸ ਦਰਜ - ਅਹਿਮ ਖ਼ਬਰਾਂ

ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਸੌ ਤੋਂ ਵਧੇਰੇ ਦਿਨਾਂ ਤੋਂ ਧਰਨਿਆਂ 'ਤੇ ਬੈਠੇ ਹਨ।

ਮੁਜ਼ਾਹਰਾਕਾਰੀ ਕਿਸਾਨਾਂ ਦਾ ਤਿਉਹਾਰਾਂ ਦਾ ਸੀਜ਼ਨ ਅਤੇ ਠੰਢ ਵੀ ਧਰਨਿਆਂ ਵਿੱਚ ਇਨ੍ਹਾਂ ਬਾਰਡਰਾਂ ਉੱਪਰ ਹੀ ਲੰਘੀ ਹੈ।

ਹੁਣ ਦਿੱਲੀ ਦੀ ਗਰਮੀ ਦਾ ਮੁਕਾਬਲਾ ਕਰਨ ਲਈ ਕੂਲਰਾਂ ਪੱਖਿਆਂ, ਏਸੀਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਇਹ ਪੱਕੇ ਘਰ ਜਾਂ ਸ਼ੈਲਟਰ ਬਣਾਏ ਗਏ ਹਨ।

ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ, ਸੋਨੀਪਤ ਪੁਲਿਸ ਨੇ ਕੁਝ ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ:

ਕੁੰਡਲੀ ਦੇ ਐੱਸਐੱਚਓ ਇੰਸਪੈਕਟਰ ਰਵੀ ਕੁਮਾਰ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਤੇ ਕੁੰਡਲੀ ਨਗਰ ਨਿਗਮ ਦੀ ਸ਼ਿਕਾਇਤ ਤੇ ਦੋ ਕੇਸ ਦਰਜ ਕੀਤੇ ਗਏ ਹਨ। ਇੱਕ ਕੇਸ ਬੋਰਵੈੱਲ ਲਗਾਉਣ ਖਿਲਾਫ ਕੀਤਾ ਗਿਆ ਹੈ ਤੇ ਇੱਕ ਪੱਕੇ ਮਕਾਨ ਬਣਾਉਣ ਖਿਲਾਫ।

ਕਿਸਾਨ ਸੋਸ਼ਲ ਆਰਮੀ ਦੇ ਅਨਿਲ ਮਲਿਕ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,"ਇਹ ਘਰ ਮਜ਼ਬੂਤ ਹਨ ਅਤੇ ਕਿਸਾਨਾਂ ਦੇ ਇਰਾਦਿਆਂ ਵਾਂਗ ਪੱਕੇ ਹਨ।"

ਉਨ੍ਹਾਂ ਨੇ ਅੱਗੇ ਦੱਸਿਆ,"ਅਜਿਹੇ 25 ਘਰ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲ਼ੇ ਦਿਨਾਂ ਵਿੱਚ 1000-2000 ਹੋਰ ਬਣਾਏ ਜਾਣਗੇ।"

ਇਨ੍ਹਾਂ ਉਸਾਰੀਆਂ ਬਾਰੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਐੱਨਐੱਚ-1 ਉੱਪਰ ਮਕਾਨ ਨਾ ਬਣਨ ਤਾਂ ਤਿੰਨੇ ਕਾਨੂੰਨ ਵਾਪਸ ਲੈ ਲਵੇ ਅਤੇ ਐੱਮਐੱਸਪੀ ਦੀ ਗਰੰਟੀ ਦੇਵੇ, ਨਹੀਂ ਤਾਂ ਜਦੋਂ ਤੱਕ ਕਿਸਾਨ ਅੱਥੇ ਰਹਿਣਗੇ ਪੱਕੇ ਮਕਾਨ ਬਣਾ ਕੇ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਵਿਰਾਸਤ ਹੈ, ਚੰਗਾ ਖਾਂਦੇ-ਪੀਂਦੇ ਹੈ ਅਤੇ ਚੰਗੀ ਥਾਵੇਂ ਰਹਿੰਦੇ ਹਨ। ਇਸ ਲਈ ਇੱਟਾਂ ਲਿਆ ਕੇ ਮਕਾਨ ਬਣਾ ਰਹੇ ਹਨ। ਇਹ ਮਕਾਨ ਪੂਰਾ ਬਣ ਜਾਵੇਗਾ ਇਸ ਉੱਪਰ ਛੱਤ ਪਵੇਗੀ ਅਤੇ ਏਸੀ ਲਗਾ ਕੇ ਇੱਥੇ ਆਉਣ ਵਾਲੇ ਬਜ਼ੁਰਗਾਂ ਅਤੇ ਬੀਬੀਆਂ ਇੱਥੇ ਆ ਰਹੀਆਂ ਹਨ ਉਨ੍ਹਾਂ ਦੇ ਰਹਿਣ ਲਈ ਇੱਥੇ ਇੰਤਜ਼ਾਮ ਹੋ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਟਿਕਰੀ ਦੇ ਸਥਾਨਕ ਐੱਸਐੱਚਓ ਆਏ ਸਨ ਅਤੇ ਉਨ੍ਹਾਂ ਨੂੰ ਰੋਕਿਆ ਸੀ ਕਿ ਤੁਸੀਂ ਇੱਥੇ ਮਕਾਨ ਨਾ ਬਣਾਓ, ਸਾਡੇ ਉੱਪਰ ਦਬਾਅ ਹੈ। ਪਰ ਇਹ ਮਕਾਨ ਨਹੀਂ ਰੁਕਣਗੇ।

ਯਸ਼ਵੰਤ ਸਿਨਹਾ ਹੋਏ ਟੀਐੱਮਸੀ ਵਿੱਚ ਸ਼ਾਮਲ

ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨਹਾ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਉਹ ਸਾਲ 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ਤੋਂ ਬਾਅਦ ਹੀ ਭਾਜਪਾ ਨਾਲ ਖ਼ਫ਼ਾ ਚੱਲ ਰਹੇ ਸਨ।

ਇਸੇ ਨਾਰਜ਼ਗੀ ਵਿੱਚ ਉਨ੍ਹਾ ਨੇ ਪਾਰਟੀ ਛੱਡ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੇ ਬੇਟੇ ਜਯੰਤ ਸਿਨਹਾ ਹਾਲੇ ਵੀ ਭਾਜਪਾ ਵਿੱਚ ਹੀ ਹਨ।

ਇਸ ਮੌਕੇ ਯਸ਼ਵੰਤ ਸਿਨਹਾ ਨੇ ਕਿਹਾ,"ਹਾਲਾਂਕਿ ਮੈਂ ਇਸ ਗੱਲ ਦੀ ਹਮਾਇਤ ਕੀਤੀ ਸੀ ਕਿ ਜੋ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇ ਪਰ 2014 ਦੀਆਂ ਚੋਣਾਂ ਆਉਂਦੇ-ਆਉਂਦੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਦੇ ਨਾਲ ਚੱਲਣਾ ਮੁਸ਼ਕਲ ਹੋਵੇਗਾ। ਇਸ ਲਈ ਮੈਂ ਤੈਅ ਕੀਤਾ ਕਿ ਮੈਂ ਚੋਣਾਂ ਲੜਾਂਗਾ ਹੀ ਨਹੀਂ।"

ਯਸ਼ਵੰਤ ਸਿਨਹਾ ਨੇ ਭਾਰਤੀ ਜਨਤਾ ਪਾਰਟੀ ਵਿੱਚ ਨਾ ਤਾਂ ਸੰਘ ਤੋਂ ਆਏ ਸਨ ਅਤੇ ਨਾ ਹੀ ਅਬੀਵੀਪੀ ਤੋਂ। 24 ਸਾਲ ਆਈਏਐੱਸ ਅਫ਼ਸਰ ਰਹਿਣ ਤੋਂ ਬਾਅਦ ਉਹ 1984 ਵਿੱਚ ਸਿਆਸਤ ਵਿੱਚ ਆਏ। 1990 ਦੀ ਚੰਦਰਸ਼ੇਖਰ ਸਰਕਾਰ ਵਿੱਚ ਉਹ ਮੰਤਰੀ ਵੀ ਰਹੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਯਮੁਨਾ ਨਦੀ ਵਿੱਚ ਆਈ ਜ਼ਹਿਰੀਲੀ ਝੱਗ

ਯਮੁਨਾ ਨਦੀ ਵਿੱਚ ਜ਼ਹਿਰੀਲੀ ਝੱਗ ਦੇਖੀ ਗਈ। ਜਿਸ ਕਾਰਨ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨੀ ਵਿੱਚ ਹਨ।

ਇੱਕ ਵਿਅਕਤੀ ਅਭਿਸ਼ੇਕ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਯਮੁਨਾ ਪਿਛਲੇ ਪੰਜ ਸਾਲਾਂ ਦੌਰਾਨ ਕਾਫ਼ੀ ਗੰਦੀ ਹੋ ਗਈ ਹੈ, ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਗਲੇ ਹੋਰ ਦਸ ਸਾਲਾਂ ਵਿੱਚ ਯਮੁਨਾ ਦਿਸੇ ਹੀ ਨਾ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ ਅਤੇ ਜਨਤਾ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)