ਅਡਾਨੀ ਨੇ ਅਮੀਰੀ ਦੇ ਮਾਮਲੇ 'ਚ ਅੰਬਾਨੀ ਸਮੇਤ ਕਿਸ-ਕਿਸ ਨੂੰ ਪਿੱਛੇ ਛੱਡਿਆ- ਪ੍ਰੈੱਸ ਰਿਵੀਊ

ਇਸ ਸਾਲ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੇ ਦੁਨੀਆਂ ਦੇ ਕਿਸੇ ਵੀ ਹੋਰ ਅਮੀਰ ਵਿਅਕਤੀ ਨਾਲੋਂ ਜ਼ਿਆਦਾ ਪੂੰਜੀ ਜੋੜੀ ਹੈ।

ਬਿਜ਼ਨਸ ਟੂਡੇ ਦੀ ਖ਼ਬਰ ਮੁਤਾਬਕ ਪਹਿਲੀ ਪੀੜ੍ਹੀ ਦੇ ਉੱਧਮੀ ਗੌਤਮ ਅਡਾਨੀ ਜੋ ਜਨਤਕ ਤੌਰ ਤੇ ਬਹੁਤ ਘੱਟ ਸਾਹਮਣੇ ਆਉਂਦੇ ਹਨ ਅਤੇ ਬਹੁਤਾ ਨਹੀਂ ਬੋਲਦੇ। ਉਨ੍ਹਾਂ ਦੀ ਸੰਪਤੀ 16.2 ਬਿਲੀਅਨ ਡਾਲਰ ਦੀ ਛਾਲ ਮਾਰ ਕੇ 2021 ਵਿੱਚ 50 ਬਿਲੀਅਨ ਡਾਲਰ ਨੂੰ ਪਹੁੰਚ ਗਈ ਹੈ।

ਇਸ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੇ ਜਾਇਦਾਦ ਦੇ ਮਾਮਲੇ ਵਿੱਚ ਮੁਕੇਸ਼ ਅੰਬਾਨੀ, ਐਮੇਜ਼ੌਨ ਦੇ ਮਾਲਕ ਜੈਫ਼ ਬੇਜ਼ੌਸ ਅਤੇ ਟੈਸਲਾ ਦੇ ਐਲਨ ਮਸਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਾਲ 2021 ਦੇ ਸ਼ੁਰੂ ਵਿੱਚ ਮਸਕ, ਜੈਫ਼ਬੋਜ਼ੇਸ ਨੂੰ ਪਿੱਛੇ ਕਰ ਕੇ ਦੁਨੀਆਂ ਦੇ ਸਭ ਤੋਂ ਧਨੀ ਵਿਅਕਤੀ ਬਣੇ ਸਨ।

ਇਹ ਵੀ ਪੜ੍ਹੋ:

ਬਲੂਮਬਰਗ ਬਿਲਿਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਤੋਂ ਬਾਅਦ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਅਤੇ ਸੈਰਜੀ ਬਰਿਨ ਹਨ ਜਿਨ੍ਹਾਂ ਨੇ ਆਪੋ-ਆਪਣੀ ਜਾਇਦਾਦ ਵਿੱਚ ਕ੍ਰਮਵਾਰ 14.4 ਬਿਲੀਅਨ ਅਤੇ 13.8 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

ਅਮਰੀਕੀ ਨਿਵੇਸ਼ਕ ਅਤੇ ਕਾਰੋਬਾਰੀ ਵਾਰਨ ਬਫ਼ੈਟ ਦੀ ਜਾਇਦਾਦ 12.1 ਬਿਲੀਅਨ ਡਾਲਰ ਵਧੀ ਹੈ, ਜਦਕਿ ਮਸਕ ਅਤੇ ਅਡਾਨੀ ਦੀ ਕ੍ਰਮਵਾਰ 10.3 ਬਿਲੀਅਨ ਅਤੇ 8.05 ਬਿਲੀਅਨ ਡਾਲਰ ਹੈ।

ਅਡਾਨੀ ਦੀ ਕਾਰੋਬਾਰੀ ਸਲਤਨਤ ਵਿੱਚ ਨਵਿਓਣਯੋਗ ਊਰਜਾ, ਬੰਦਰਗਾਹਾਂ, ਹਵਾਈ ਅੱਡੇ ਆਦਿ ਸ਼ਾਮਲ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਧਾਰਮਿਕ ਸਥਾਨਾਂ ਨੂੰ 'ਜਿਉਂ ਦਾ ਤਿਉਂ ਰੱਖਣ' ਬਾਰੇ ਕਾਨੂੰਨ ਨੂੰ ਚੁਣੌਤੀ

ਭਾਰਤ ਦੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਇੱਕ ਲੋਕ ਹਿੱਤ ਪਟੀਸ਼ਨ ਦੇ ਸਬੰਧ ਵਿੱਚ ਜਵਾਬ ਮੰਗਿਆ ਹੈ।

ਪਟੀਸ਼ਨ ਵਿੱਚ ਧਾਰਮਿਕ ਸਥਾਨਾਂ ਬਾਰੇ 1991 ਦੇ ਐਕਟ ਨੂੰ ਚੁਣੌਤੀ ਦਿੱਤੀ ਗਈ ਹੈ। ਇਹ ਐਕਟ ਕਹਿੰਦਾ ਹੈ ਕਿ ਅਯੁੱਧਿਆ ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਧਾਰਮਿਕ ਥਾਵਾਂ ਉੱਪਰ ਉਹੀ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇਗੀ ਜੋ ਕਿ 15 ਅਗਸਤ 1947 ਨੂੰ ਭਾਵ ਦੇਸ਼ ਦੀ ਅਜ਼ਾਦੀ ਸਮੇਂ ਸੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਪੀਲ ਦੀ ਸੁਣਵਾਈ ਮੁੱਖ ਜੱਜ ਏ ਐੱਸ ਬੋਬੜੇ ਦੀ ਅਗਵਾਈ ਵਾਲ਼ਾ ਬੈਂਚ ਕਰ ਰਿਹਾ ਹੈ। ਪਟੀਸ਼ਨਰ ਐਡਵੋਕੇਟ ਅਸ਼ਵਨੀ ਕੁਮਾਰ ਦਾ ਤਰਕ ਹੈ ਕਿ ਇਹ ਐਕਟ ਨਰਸਿਮ੍ਹਾ ਰਾਓ ਦੀ ਸਰਕਾਰ ਵੱਲੋਂ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਬਾਬਰੀ ਵਿਵਾਦ ਸਿਖ਼ਰਾਂ ’ਤੇ ਸੀ। ਇਹ ਜੁਡੀਸ਼ੀਅਲ ਰਿਵੀਊ ਦੀ ਸੰਵਿਧਾਨਿਕ ਵਿਸ਼ੇਸ਼ਤਾ ਦੇ ਉਲਟ ਹੈ।

ਪਟੀਸ਼ਨਰ ਦਾ ਅੱਗੇ ਕਹਿਣਾ ਹੈ ਕਿ ਇਹ ਐਕਟ ਨਾਲ ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਤੋਂ ਆਪਣੇ ਉਹ ਧਾਰਮਿਕ ਸਥਾਨ ਵਾਪਸ ਲੈਣ ਲਈ ਅਦਾਲਤ ਵਿੱਚ ਅਪੀਲ ਕਰਨ ਦਾ ਹੱਕ ਖੋਹ ਲੈਂਦਾ ਹੈ। ਧਰਮ ਸਥਾਨ ਜਿਨ੍ਹਾਂ ਨੂੰ "ਜਾਲਮ ਹਮਲਾਵਰਾਂ" ਨੇ ਬਰਬਾਦ ਕਰ ਦਿੱਤਾ ਸੀ ਜਾਂ ਉਨ੍ਹਾਂ ਉੱਪਰ ਕਬਜ਼ਾ ਕਰ ਲਿਆ ਗਿਆ ਸੀ।

ਪੰਜਾਬ ਵਿੱਚ ਕੋਰੋਨਾ: ਹਾਲਾਤ ਮੁੜ ਗੰਭੀਰਤਾ ਵੱਲ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਕੋਵਿਡ-19 ਦਾ ਮੁੜ ਫੈਲਾਅ ਦੇਖਿਆ ਜਾ ਰਿਹਾ ਹੈ। ਵੀਰਵਾਰ-ਸ਼ੁੱਕਰਵਾਰ ਦੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਸੂਬੇ ਵਿੱਚ 34 ਜਾਨਾਂ ਗਈਆਂ। ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 1.94.753 ਕੇਸ ਅਤੇ ਸਰਗਮਰ ਕੇਸ 10,452 ਹਨ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਸੂਬੇ ਵਿੱਚ 21 ਵਿਦਿਆਰਥੀ, 5 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਸਕੂਲਾਂ ਵਿੱਚ ਕੋਰੋਨਾ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਟਾਈਮਜ਼ ਆਫ਼ ਇੰਡੀਆ ਦੀ ਇੱਕ ਹੋਰ ਖ਼ਬਰ ਮੁਤਾਬਕ ਪੰਜਾਬ ਦੇ ਅੱਠ ਜਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਜ਼ਿਲ੍ਹੇ ਹਨ- ਲੁਧਿਆਣਾ, ਪਟਿਆਲਾ, ਮੁਹਾਲੀ, ਫ਼ਤਹਿਗੜ੍ਹ ਸਾਹਿਬ, ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)