ਪੱਛਮੀ ਬੰਗਾਲ ਚੋਣਾਂ: ਕੀ ਟਰਨਿੰਗ ਪੁਆਇੰਟ ਸਾਬਿਤ ਹੋਣਗੀਆਂ ਮਮਤਾ ਦੀਆਂ 'ਗੰਭੀਰ ਸੱਟਾਂ'

    • ਲੇਖਕ, ਪ੍ਰਭਾਕਰ ਮਣੀ ਤਿਵਾਰੀ
    • ਰੋਲ, ਕੋਲਕਾਤਾ ਤੋਂ, ਬੀਬੀਸੀ ਲਈ

"ਦੀਦੀ ਹਮੇਸ਼ਾ ਜੁਝਾਰੂ ਰਹੀ ਹੈ। ਉਨ੍ਹਾਂ 'ਤੇ ਪਹਿਲੀ ਵਾਰ ਹਮਲਾ ਨਹੀਂ ਹੋਇਆ ਹੈ। ਪਰ ਮੈਨੂੰ ਭਰੋਸਾ ਹੈ ਕਿ ਉਹ ਇਸ ਵਾਰ ਉਬਰ ਕੇ ਹੋਰ ਜ਼ਿਆਦਾ ਜੋਸ਼ ਨਾਲ ਨਾਲ ਮੈਦਾਨ ਵਿੱਚ ਉਤਰੇਗੀ।"

ਕੋਲਕਾਤਾ ਦੇ ਸਰਕਾਰੀ ਹਸਪਤਾਲ ਦੇ ਵੂਡਬਰਨ ਵਾਰਡ ਵਿੱਚ ਦਾਖ਼ਲ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹਾਲ-ਚਾਲ ਪੁੱਛਣ ਦੱਖਣੀ 24-ਪਰਗਣਾ ਦੇ ਡਾਇਮੰਡ ਹਾਰਬਰ ਤੋਂ ਪਹੁੰਚੇ ਬਾਪਨ ਪਾਤਰਨ ਜਦੋਂ ਇਹ ਗੱਲ ਕਹਿੰਦੇ ਹਨ ਤਾਂ ਉਨ੍ਹਾਂ ਦੇ ਸਮਰਥਨ ਵਿੱਚ ਕਈ ਹੋਰ ਆਵਾਜ਼ਾਂ ਉੱਠ ਜਾਂਦੀਆਂ ਹਨ।

ਉਸੇ ਜ਼ਿਲ੍ਹੇ ਦੇ ਨਾਮਖ਼ਾਨਾ ਤੋਂ ਆਏ ਅਬਦੁੱਲ ਸ਼ੇਖ਼ ਕਹਿੰਦੇ ਹਨ, "ਦੀਦੀ 'ਤੇ ਹਮਲਾ ਹੋਇਆ ਹੈ ਜਾਂ ਇਹ ਇੱਕ ਹਾਦਸਾ ਹੈ, ਇਸ ਦਾ ਪਤਾ ਤਾਂ ਜਾਂਚ ਤੋਂ ਲੱਗੇਗਾ। ਪਰ ਇਹ ਤਾਂ ਸੱਚ ਹੈ ਕਿ ਉਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ ਹਨ। ਦੀਦੀ ਵਰਗੀ ਨੇਤਾ ਦੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ।"

ਪਰ ਦੂਜੇ ਪਾਸੇ, ਨੰਦੀਗ੍ਰਾਮ ਦੇ ਜਿਸ ਬਿਰੂਲੀਆ ਇਲਾਕੇ ਵਿੱਚ ਬੁੱਧਵਾਰ ਸ਼ਾਮ ਨੂੰ ਮਮਤਾ ਬੈਨਰਜੀ ਨੂੰ ਸੱਟ ਲੱਗੀ ਉੱਥੇ ਕੁਝ ਲੋਕ ਇਲਜ਼ਾਮਾਂ ਕਾਰਨ ਨਾਰਾਜ਼ ਹਨ।

ਇਹ ਵੀ ਪੜ੍ਹੋ-

ਇੱਕ ਸਥਾਨਕ ਦੁਕਾਨਦਾਰ ਸ਼ੀਸ਼ੈਂਦਰੂ ਕੁਮਾਰ (ਬਦਲਿਆ ਹੋਇਆ ਨਾਮ) ਕਹਿੰਦੇ ਹਨ, "ਬਿਨਾਂ ਕਿਸੇ ਠੋਸ ਸਬੂਤ ਸਾਜ਼ਿਸ਼ ਅਤੇ ਹਮਲੇ ਦਾ ਇਲਜ਼ਾਮ ਲਗਾਉਣਾ ਸਹੀ ਨਹੀਂ ਹੈ। ਅਸੀਂ ਭਲਾ ਆਪਣੀ ਪਿਆਰੀ ਨੇਤਾ ਦੇ ਖ਼ਿਲਾਫ਼ ਸਾਜ਼ਿਸ਼ ਕਿਉਂ ਕਰਾਂਗੇ? ਇਹ ਮਹਿਜ਼ ਇੱਕ ਹਾਦਸਾ ਸੀ।"

ਪਰ ਕੀ ਇਹ ਘਟਨਾ ਮੌਜੂਦਾ ਵਿਧਾਨ ਸਭਾ ਚੋਣਾਂ ਦਾ ਟਰਨਿੰਗ ਪੁਆਇੰਟ ਸਾਬਿਤ ਹੋ ਸਕਦਾ ਹੈ?

ਇਸ ਸਵਾਲ 'ਤੇ ਜ਼ਿਆਦਾ ਲੋਕਾਂ ਦੀ ਰਾਏ ਹਾਂ ਵਿੱਚ ਹੈ। ਪਰ ਫਾਇਦਾ ਕਿਸ ਨੂੰ ਹੋਵੇਗਾ ਅਤੇ ਕਿਸ ਨੂੰ ਨੁਕਸਾਨ, ਇਸ 'ਤੇ ਤੁਰੰਤ ਕੁਝ ਕਿਹਾ ਨਹੀਂ ਜਾ ਸਕਦਾ ਹੈ।

ਫਿਲਹਾਲ ਲੋਕਾਂ ਦੀ ਹਮਦਰਦੀ ਮਮਤਾ ਬੈਨਰਜੀ ਦੇ ਨਾਲ ਹੈ। ਇਸ ਨਾਲ ਇੱਕ ਜੁਝਾਰੂ ਨੇਤਾ ਅਤੇ ਸਟ੍ਰੀਟ ਫਾਈਟਰ ਵਜੋਂ ਉਨ੍ਹਾਂ ਦਾ ਅਕਸ ਹੋਰ ਮਜ਼ਬੂਤ ਹੋਇਆ ਹੈ।

ਨੰਦੀਗ੍ਰਾਮ 'ਤੇ ਅਸਰ

ਪਰ ਜਿਵੇਂ ਲੋਕ ਮੰਨਦੇ ਹਨ, ਇਸ ਘਟਨਾ ਨਾਲ ਮਮਤਾ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ ਤਾਂ ਦੋ ਪੈਮਾਨਿਆਂ 'ਤੇ ਉਸ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

ਪਹਿਲਾ ਹੈ ਨੰਦੀਗ੍ਰਾਮ ਅਤੇ ਉਸ ਦੇ ਆਸਪਾਸ ਦੀਆਂ ਉਹ ਸੀਟਾਂ ਜਿਨ੍ਹਾਂ 'ਤੇ ਪਹਿਲੇ ਅਤੇ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ ਹਨ। ਇਨ੍ਹਾਂ ਵਿੱਚ ਮੇਦਿਨੀਪੁਰ, ਬਾਂਕੁੜਾ ਅਤੇ ਪੁਰੂਲੀਆ ਦੀਆਂ ਸੀਟਾਂ ਸ਼ਾਮਿਲ ਹਨ।

ਖ਼ੁਦ ਮਮਤਾ ਜਿਸ ਨੰਦੀਗ੍ਰਾਮ ਤੋਂ ਮੈਦਾਨ ਵਿੱਚ ਹਨ, ਉੱਥੇ ਦੂਜੇ ਗੇੜ ਵਿੱਚ ਪਹਿਲੀ ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।

ਅਜਿਹੇ ਵਿੱਚ ਨਾ ਚਾਹੁੰਦੇ ਹੋਏ ਵੀ ਪਲਾਸਟਰ ਅਤੇ ਵ੍ਹੀਲ ਚੇਅਰ ਦੇ ਨਾਲ ਉਤਰਨਾ ਮਮਤਾ ਅਤੇ ਉਨ੍ਹਾਂ ਦੀ ਪਾਰਟੀ ਦੀ ਮਜਬੂਰੀ ਹੈ। ਇਸਦਾ ਕਾਰਨ ਇਹ ਹੈ ਕਿ ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਉਹ ਪਾਰਟੀ ਦੀ ਇਕੱਲੀ ਸਟਾਰ ਪ੍ਰਚਾਰਕ ਹੈ।

ਦੂਜੇ ਪਾਸੇ, ਭਾਜਪਾ ਦੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਤੋਂ ਲੈ ਕੇ ਦਿਲੀਪ ਘੋਸ਼, ਸ਼ੁਭੇਂਦਰੂ ਅਧਿਕਾਰੀ ਅਤੇ ਮਿਥੁਨ ਚੱਕਰਵਰਤੀ ਵਰਗੇ ਨੇਤਾਵਾਂ ਦੀ ਲੰਬੀ ਸੂਚੀ ਹੈ।

ਮਮਤਾ ਨੇ ਮੰਗਲਵਾਰ ਨੂੰ ਨੰਦੀਗ੍ਰਾਮ ਵਿੱਚ ਰੈਲੀ ਕੀਤੀ ਸੀ। ਪਰ ਉਸ ਤੋਂ ਬਾਅਦ ਸ਼ੁਭੇਂਦਰੂ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਕੱਲ੍ਹ ਤੋਂ ਹੀ ਇਲਾਕੇ ਵਿੱਚ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਵੀ ਦਾਖ਼ਲ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੂਰਬ ਮੇਦਿਨੀਪੁਰ ਵਿੱਚ ਰੈਲੀਆਂ ਕਰਨੀਆਂ ਹਨ। ਮੋਦੀ 18 ਅਤੇ 20 ਮਾਰਚ ਨੂੰ ਬੰਗਾਲ ਦੇ ਦੌਰੇ 'ਤੇ ਆਉਣਗੇ।

ਜਿੱਥੋਂ ਤੱਕ ਨੰਦੀਗ੍ਰਾਮ ਦੇ ਵੋਟਰਾਂ ਦਾ ਸਵਾਲ ਹੈ ਉੱਥੇ ਕਿਸੇ ਨੇ ਹੁਣ ਤੱਕ ਆਪਣੀ ਮੁੱਠੀ ਨਹੀਂ ਖੋਲ੍ਹੀ ਹੈ।

ਸ਼ਾਇਦ ਚੋਣਾਂ ਤੋਂ ਬਾਅਦ ਦੀ ਸੰਭਾਵੀ ਹਾਲਾਤ ਤੋਂ ਬਚਣ ਲਈ ਕੋਈ ਖੁੱਲ੍ਹ ਕੇ ਕਿਸੀ ਬਾਰੇ ਵਿੱਚ ਚਰਚਾ ਕਰਨ ਤੋਂ ਬਚ ਰਿਹਾ ਹੈ।

ਦੋ ਦਿੱਗਜਾਂ ਦੇ ਮੈਦਾਨ ਵਿੱਚ ਉਤਰਨ ਨਾਲ ਉੱਥੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਇਲਾਕੇ ਵਿੱਚ ਕਰੀਬ 30 ਫੀਸਦ ਘੱਟ ਗਿਣਤੀ ਵੋਟਰ ਹਨ ਅਤੇ 70 ਫੀਸਦ ਹਿੰਦੂ।

ਇਨ੍ਹਾਂ ਵਿੱਚ ਦਲਿਤਾਂ ਦੀ ਵੀ ਖ਼ਾਸੀ ਆਬਾਦੀ ਹੈ। ਉੱਥੇ ਦੋਵੇਂ ਪਾਰਟੀਆਂ ਧਾਰਮਿਕ ਪ੍ਰੋਗਰਾਮਾਂ ਅਤੇ ਮੰਦਿਰਾਂ ਵਿੱਚ ਪੂਜਾ ਦਰਸ਼ਨ 'ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ।

ਖ਼ੁਦ ਮਮਤਾ ਨੇ ਵੀ ਭਾਜਪਾ ਦੇ ਹਿੰਦੂ ਕਾਰਡ ਦੇ ਮੁਕਾਬਲੇ ਲਈ ਖ਼ੁਦ ਨੂੰ ਬ੍ਰਾਹਮਣ ਦੀ ਬੇਟੀ ਦੱਸਿਆ ਸੀ ਅਤੇ ਮੰਚ ਤੋਂ ਚੰਡੀਪਾਠ ਕੀਤਾ ਸੀ।

ਲੈਫਟ-ਕਾਂਗਰਸ ਗਠਜੋੜ ਨੇ ਪਹਿਲਾ ਇਹ ਸੀਟ ਇੰਡੀਅਨ ਸੈਕੂਲਰ ਫਰੰਟ (ਆਈਐੱਸਐੱਫ) ਨੂੰ ਦੇਣ ਦਾ ਫ਼ੈਸਲਾ ਕੀਤਾ ਸੀ। ਪਰ ਹੁਣ ਸੀਪੀਐੱਮ ਇੱਥੇ ਖ਼ੁਦ ਚੋਣਾਂ ਲੜੇਗੀ। ਇਸ ਨਾਲ ਭਾਜਪਾ ਖੇਮੇ ਵਿੱਚ ਕੁਝ ਚਿੰਤਾ ਵਧੀ ਹੈ। ਪਰ ਸ਼ੁਭੇਂਦਰੂ ਅਧਿਕਾਰੀ ਦਾ ਦਾਅਵਾ ਹੈ ਕਿ ਇੱਥੇ ਉਨ੍ਹਾਂ ਦੀ ਜਿੱਤ ਤੈਅ ਹੈ।

ਡਾਕਟਰਾਂ ਦੀ ਰਾਏ ਵਿੱਚ ਮਮਤਾ ਨੂੰ ਘੱਟੋ-ਘੱਟ ਦੋ ਹਫ਼ਤੇ ਤੱਕ ਵ੍ਹੀਲ ਚੇਅਰ 'ਤੇ ਰਹਿਣਾ ਹੋਵੇਗਾ। ਇਸ ਨਾਲ ਉਸ ਦੀਆਂ ਗਤੀਵਿਧੀਆਂ 'ਤੇ ਅਸਰ ਜ਼ਰੂਰ ਹੋਵੇਗਾ। ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਇਸੇ ਹਾਲਤ ਵਿੱਚ ਚੋਣ ਮੁਹਿੰਮ 'ਤੇ ਨਿਕਲਣ ਦੀ ਗੱਲ ਕਹੀ ਹੈ।

ਟੀਐੱਮਸੀ ਮੁਖੀ ਨੇ ਆਸ ਜਤਾਈ ਹੈ ਕਿ ਉਹ ਦੋ-ਤਿੰਨ ਦਿਨਾਂ ਅੰਦਰ ਹੀ ਫੀਲਡ ਵਿੱਚ ਉਤਰ ਸਕਣਗੇ। ਵੀਰਵਾਰ ਨੂੰ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਦਾ ਕਹਿਣਾ ਸੀ, "ਪਿੰਡ ਵਿੱਚ ਸ਼ਾਇਦ ਪਲਾਸਟਰ ਰਹੇਗਾ। ਪਰ ਮੈਂ ਮੈਨੇਜ ਕਰ ਲਵਾਂਗੀ। ਮੈਂ ਇੱਕ ਵੀ ਮੀਟਿੰਗ ਰੱਦ ਨਹੀਂ ਕਰਾਂਗੀ। ਪਰ ਹੋ ਸਕਦਾ ਹੈ ਮੈਨੂੰ ਕੁਝ ਦਿਨਾਂ ਤੱਕ ਵ੍ਹੀਲ ਚੇਅਰ 'ਤੇ ਹੀ ਘੁੰਮਣਾ ਪਵੇਗਾ।"

ਮਮਤਾ ਨੇ ਤਾਂ 13 ਮਾਰਚ ਤੋਂ ਹੀ ਵ੍ਹੀਲ ਚੇਅਰ ਅਤੇ ਪਿੰਡ ਵਿੱਚ ਪਲਾਸਟਰ ਦੇ ਨਾਲ ਚੋਣ ਮੁਹਿੰਮ 'ਤੇ ਨਿਕਲਣ ਦੀ ਗੱਲ ਕਹੀ ਸੀ।

ਪਰ ਟੀਐੱਮਸੀ ਜਨਰਲ ਸਕੱਤਰ ਪਾਰਥ ਚੈਟਰਜੀ ਦੱਸਦੇ ਹਨ, "ਡਾਕਟਰਾਂ ਦੀ ਸਲਾਹ 'ਤੇ ਤਰੀਕ ਇੱਕ-ਅੱਧ ਅੱਗੇ ਵਧ ਸਕਦੀ ਹੈ। ਇਸ ਦਾ ਫ਼ੈਸਲਾ ਹਸਪਤਾਲ ਤੋਂ ਛੁੱਟੀ ਸਮੇਂ ਡਾਕਟਰਾਂ ਦੇ ਨਿਰਦੇਸ਼ 'ਤੇ ਕੀਤਾ ਜਾਵੇਗਾ।"

"ਅਗਲੇ ਪੰਜ ਦਿਨਾਂ ਵਿੱਚ ਮਮਤਾ ਨੂੰ ਮੇਦਿਨੀਪੁਰ, ਬਾਕੁੰਡਾ ਅਤੇ ਪੁਰੂਲੀਆ ਜ਼ਿਲ੍ਹਿਆਂ ਵਿੱਚ ਇੱਕ ਦਰਜਨ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਾ ਹੈ।"

ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੀ ਨੰਦੀਗ੍ਰਾਮ ਸੀਟ 'ਤੇ ਬੁੱਧਵਾਰ ਸ਼ਾਮ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਸ਼ਾਮ ਨੂੰ ਇੱਕ ਮੰਦਿਰ ਤੋਂ ਵਾਪਸ ਆਉਣ ਵਾਲੇ ਸੜਕ ਦੇ ਦੋਵੇਂ ਪਾਸੇ ਖੜ੍ਹੀ ਵੱਡੀ ਭੀੜ ਵਿਚਾਲੇ ਅਚਾਨਕ ਕਾਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਮਮਤਾ ਦੇ ਖੱਬੇ ਪੈਰ, ਮੋਢੇ ਅਤੇ ਗਲੇ ਵਿੱਚ ਕਾਫੀ ਸੱਟ ਲੱਗੀ ਹੈ।

ਉਨ੍ਹਾਂ ਨੂੰ ਤਤਕਾਲ ਗਰੀਨ ਕੋਰੀਡੋਰ ਰਾਹੀਂ ਕੋਲਕਾਤਾ ਲਿਆ ਕੇ ਐੱਸਐੱਸਕੇਐੱਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਉਸ ਵੇਲੇ ਖ਼ੁਦ ਮਮਤਾ ਨੇ ਇਲਜ਼ਾਮ ਲਗਾਇਆ ਸੀ ਕਿ ਇੱਕ ਸਾਜ਼ਿਸ਼ ਦੇ ਤਹਿਤ ਚਾਰ-ਪੰਜ ਬਾਹਰੀ ਲੋਕਾਂ ਨੇ ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਜਬਰਨ ਬੰਦ ਕਰ ਦਿੱਤਾ ਸੀ ਜਿਸ ਕਰਕੇ ਉਹ ਜਖ਼ਮੀ ਹੋ ਗਈ ਹੈ।

ਪੱਛਮੀ ਬੰਗਾਲ ਦੀਆਂ ਮੌਜੂਦਾ ਚੋਣਾਂ 'ਤੇ ਇਸ ਮਾਮਲੇ ਦਾ ਕੀ ਅਸਰ ਹੋਵੇਗਾ? ਕੋਲਾਕਾਤਾ ਵਿੱਚ ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਈਸਿੰਜ਼ ਦੇ ਸ਼ੈਵਾਲ ਕਰ ਦਾ ਕਹਿਣਾ ਹੈ, "ਚੋਣ ਨਤੀਜਿਆਂ 'ਤੇ ਕਿੰਨਾ ਅਸਰ ਹੋਵੇਗਾ, ਇਸ ਬਾਰੇ ਤਾਂ ਅਜੇ ਕੋਈ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗਾ ਪਰ ਇਸ ਘਟਨਾ ਨੇ ਸੂਬੇ ਵਿੱਚ ਚੋਣ ਤਸਵੀਰ ਦਾ ਰੁਖ਼ ਜ਼ਰੂਰ ਬਦਲ ਦਿੱਤਾ ਹੈ।"

"ਬੁੱਧਵਾਰ ਸ਼ਾਮ ਤੋਂ ਹੀ ਹਰ ਪਾਸੇ ਇਸ ਮਾਮਲੇ ਦੀ ਚਰਚਾ ਹੈ। ਨਾ ਸਿਰਫ਼ ਬੰਗਾਲ ਵਿੱਚ ਸਗੋਂ ਪੂਰੇ ਦੇਸ਼ ਵਿੱਚ ਇਸ ਦਾ ਫਾਇਦਾ ਮਮਤਾ ਨੂੰ ਮਿਲ ਸਕਦਾ ਹੈ।"

ਪਰ ਸਿਆਸੀ ਵਿਸ਼ਲੇਸ਼ਕ ਪ੍ਰੋਫੈਸਰ ਸਮੀਰ ਪਾਲ ਕਹਿੰਦੇ ਹਨ, "ਇਹ ਮਾਮਲਾ ਇੱਕ ਦੋ-ਧਾਰੀ ਤਲਵਾਰ ਬਣ ਸਕਦਾ ਹੈ। ਜੇਕਰ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਹਿਜ਼ ਇੱਕ ਹਾਦਸਾ ਸੀ ਤਾਂ ਇਸ ਦਾ ਉਲਟਾ ਅਸਰ ਵੀ ਹੋ ਸਕਦਾ ਹੈ। ਚੋਣ ਕਮਿਸ਼ਨ ਦੇ ਰਵੱਈਏ ਤੋਂ ਸਾਫ਼ ਹੈ ਕਿ ਇਸ ਮਾਮਲੇ ਦਾ ਖੁਲਾਸਾ ਜਲਦੀ ਹੋ ਜਾਵੇਗਾ।"

ਇਹ ਵੀ ਪੜ੍ਹੋ-

ਜੁਝਾਰੂ ਨੇਤਾ ਦਾ ਅਕਸ

ਇਹ ਹਮਲਾ ਹੈ ਜਾਂ ਹਾਦਸਾ, ਅਜੇ ਇਸ 'ਤੇ ਕੁਝ ਵੀ ਪੱਕੇ ਤੌਰ 'ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ।

ਪਰ ਹਮਲਿਆਂ ਨਾਲ ਜੂਝਦਿਆਂ ਹੋਇਆ ਹੀ ਉਨ੍ਹਾਂ ਦੀ ਜੁਝਾਰੂ ਨੇਤਾ ਦਾ ਜੋ ਮਜਬੂਤ ਅਕਸ ਬਣਿਆ, ਉਸ ਨੇ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਅਤੇ ਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਟੀਐੱਮਸੀ ਨੂੰ ਸਥਾਪਿਤ ਕਰ ਕੇ 34 ਸਾਲ ਤੋਂ ਜਮੀ ਲੈਫਟ ਦੀ ਸਰਕਾਰ ਨੂੰ ਉਖਾੜ ਕੇ ਸੱਤਾ ਵਿੱਚ ਪਹੁੰਚਣ ਦਾ ਰਸਤਾ ਬਣਾਇਆ ਸੀ।

16 ਅਗਸਤ 1990 ਨੂੰ ਕੋਲਕਾਤਾ ਵਿੱਚ ਘਰ ਕੋਲ ਹਾਜਰਾ ਮੋੜ 'ਤੇ ਸੀਪੀਐੱਮ ਦੇ ਨੌਜਵਾਨ ਸੰਗਠਨ ਡੀਵਾਈਐੱਫਆ ਦੇ ਨੇਤਾ ਲਾਲੂ ਆਲਮ ਨੇ ਲਾਠੀ ਦੇ ਵਾਰ ਨਾਲ ਉਨ੍ਹਾਂ ਦਾ ਸਿਰ ਭੰਨ ਦਿੱਤਾ ਸੀ।

ਸਿਰ 'ਤੇ ਪੱਟੀ ਬੰਨੀ ਸੜਕਾਂ 'ਤੇ ਉਤਰੀ ਮਮਤਾ ਦੇ ਉਸ ਅਕਸ ਨੇ ਉਨ੍ਹਾਂ ਨੂੰ ਘਰ-ਘਰ ਹਰਮਨ ਪਿਆਰੀ ਬਣਾ ਦਿੱਤਾ ਸੀ।

ਤਿੰਨ ਸਾਲ ਬਾਅਦ 1993 ਵਿੱਚ ਇੱਕ ਮੂਕ-ਬਧਿਰ ਬਲਾਤਕਾਰ ਪੀੜਤਾਂ ਨੂੰ ਨਿਆਂ ਦਵਾਉਣ ਦੀ ਮੰਗ ਨਾਲ ਉਨ੍ਹਾਂ ਨੇ ਰਾਈਟਰਸ ਬਿਲਡਿੰਗ ਵਿੱਚ ਮੁੱਖ ਮੰਤਰੀ ਜਯੋਤੀ ਬਸੂ ਦੇ ਆਵਾਸ 'ਤੇ ਧਰਨਾ ਦਿੱਤਾ ਸੀ

ਉਸ ਵੇਲੇ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਵਾਲ ਫੜ੍ਹ ਕੇ ਘਸੀਟ ਕੇ ਉੱਥੋਂ ਕੱਢਿਆ ਸੀ ਅਤੇ ਗ੍ਰਿਫ਼ਤਾਰ ਕਰ ਲਾਲਾਬਾਜ਼ਾਰ ਲੈ ਗਏ ਸਨ।

ਟੀਐੱਮਸੀ ਦੇ ਗਠਨ ਤੋਂ ਬਾਅਦ ਵੀ ਉਨ੍ਹਾਂ ਦਾ ਖ਼ਾਸ ਕਰਕੇ ਲੈਫਟ ਦੇ ਮਜ਼ਬੂਤ ਗੜ੍ਹ ਰਹੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਚਮਕਾਈਤਲਾ ਅਤੇ ਕੇਸ਼ਪੁਰ ਵਿੱਚ ਹਮਲੇ ਹੋ ਚੁੱਕੇ ਹਨ।

ਛੋਟੋ ਆਂਗੜੀਆ ਜਾਣ 'ਤੇ ਵੀ ਮਮਤਾ ਦੀ ਕਾਰ 'ਤੇ ਦੇਸੀ ਬੰਬ ਸੁੱਟਿਆ ਗਿਆ ਸੀ। ਪਰ ਉਹ ਵਾਲ-ਵਾਲ ਬਚੀ।

ਸਾਲ 2006 ਅਤੇ 2007 ਵਿੱਚ ਵੀ ਉਨ੍ਹਾਂ 'ਤੇ ਕਈ ਵਾਰ ਹਮਲੇ ਹੋਏ। ਸਿੰਗੁਰ ਵਿੱਚ ਅਧਿਗ੍ਰਹਿਣ ਵਿਰੋਧੀ ਅੰਦੋਲਨ ਦੌਰਾਨ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਘਸੀਟਦੇ ਹੋਏ ਬੀਡੀਓ ਦੇ ਦਫ਼ਤਰ ਦੇ ਸਾਹਮਣਿਓ ਹਟਾਇਆ ਸੀ।

ਇਨ੍ਹਾਂ ਸਾਰੀਆਂ ਘਟਨਾਵਾਂ ਨੇ ਇੱਕ ਨੇਤਾ ਵਜੋਂ ਉਨ੍ਹਾਂ ਨੂੰ ਸਥਾਪਿਤ ਹੀ ਕੀਤਾ।

ਦੁੱਚਿਤੀ ਵਿੱਚ ਭਾਜਪਾ

ਮਮਤਾ ਦੇ ਨਾਲ ਆਖਰ ਹੋਇਆ ਕੀ ਹੈ ਇਹ ਤਾਂ ਸ਼ਾਇਦ ਜਾਂਚ ਦੇ ਬਾਅਦ ਹੀ ਸਾਹਮਣੇ ਆਏ।

ਪਰ ਇਹ ਸੱਚ ਹੈ ਕਿ ਉਨ੍ਹਾਂ ਨੂੰ ਲੱਗੀਆਂ ਸੱਟਾਂ ਨੇ ਬੁੱਧਵਾਰ ਸ਼ਾਮ ਤੋਂ ਹੀ ਪੱਛਮੀ ਬੰਗਾਲ ਵਿੱਚ ਚੋਣ ਕਮਿਸ਼ਨ ਦੀ ਤਸਵੀਰ ਬਦਲ ਦਿੱਤੀ ਹੈ।

ਉਸ ਤੋਂ ਪਹਿਲਾਂ ਤੱਕ ਮਮਤਾ ਤੇ ਉਨ੍ਹਾਂ ਦੀ ਪਾਰਟੀ ਤ੍ਰਿਣਾਮੂਲ ਕਾਂਗਰਸ ਦੇ ਖਿਲਾਫ ਹਮਲਾਵਰ ਲੱਗ ਰਹੀ ਭਾਜਪਾ ਹੁਣ ਇਸ ਘਟਨਾ ਤੋਂ ਬਾਅਦ ਆਪਣੀ ਰਣਨੀਤੀ ਵਿੱਚ ਬਦਲਾਅ 'ਤੇ ਵਿਚਾਰ ਕਰ ਰਹੀ ਹੈ।

ਇਹੀ ਕਾਰਨ ਹੈ ਕਿ ਵੀਰਵਾਰ ਤੋਂ ਬਾਅਦ ਕਿਸੇ ਵੀ ਨੇਤਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਮਮਤਾ, ਉਨ੍ਹਾਂ ਦੀ ਪਾਰਟੀ ਅਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ, ਭ੍ਰਿਸ਼ਟਾਚਾਰ ਵਰਗੇ ਮੁੱਦਿਆਂ 'ਤੇ ਇੱਕ ਸ਼ਬਦ ਵੀ ਨਹੀਂ ਕਿਹਾ ਹੈ।

ਮਮਤਾ ਦੇ ਖਿਲਾਫ਼ ਮੈਦਾਨ ਵਿੱਚ ਉਤਰਨ ਵਾਲੇ ਸ਼ੁਭੇਂਦਰੂ ਅਧਿਕਾਰੀ ਨੰਦੀਗ੍ਰਾਮ ਇਲਾਕੇ ਵਿੱਚ ਹਨ। ਪਰ ਉਨ੍ਹਾਂ ਨੇ ਨਾ ਤਾਂ ਇਸ ਘਟਨਾ ਬਾਰੇ ਗੱਲ ਕੀਤੀ ਹੈ ਤੇ ਨਾ ਹੀ ਟੀਐਮਸੀ ਬਾਰੇ।

ਮਮਤਾ ਨੂੰ ਸੱਟ ਵੱਜਣ ਤੋਂ ਬਾਅਦ ਭਾਜਪਾ ਦੇ ਸੂਬੇ ਦੇ ਆਗੂਆਂ ਨੇ ਇੱਕੋ ਸੁਰ ਵਿੱਚ ਇਸ ਨੂੰ ਨੌਟੰਕੀ ਕਿਹਾ ਸੀ। ਹਾਲਾਂਕਿ ਮਮਤਾ ਨਾਲ ਹੋਈ ਘਟਨਾ ਬਾਰੇ ਭਾਜਪਾ ਵਿੱਚ ਦੁੱਚਿਤੀ ਸਾਫ ਨਜ਼ਰ ਆ ਰਹੀ ਹੈ।

ਘਟਨਾ ਦੇ ਅਗਲੇ ਦਿਨ ਸ਼ਮੀਕ ਭੱਟਾਚਾਰਿਆ, ਤਥਾਗਤ ਰਾਇ ਤੇ ਲਾਕੇਟ ਚੈਟਰਜੀ ਸਣੇ ਕਈ ਨੇਤਾ ਮਮਤਾ ਨਾਲ ਮੁਲਾਕਾਤ ਕਰਨ ਲਈ ਹਸਪਤਾਲ ਪਹੁੰਚੇ। ਪਰ ਡਾਕਟਰਾਂ ਨੇ ਮਮਤਾ ਦੀ ਸਿਹਤ ਦਾ ਹਵਾਲਾ ਦਿੰਦਿਆਂ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ।

ਹਸਪਤਾਲ ਪਹੁੰਚੇ ਭਾਜਪਾ ਦੇ ਸਾਰੇ ਆਗੂਆਂ ਨੇ ਜਿੱਥੇ ਮਮਤਾ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉੱਥੇ ਹੀ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਦੁਹਰਾਇਆ, "ਨੰਦੀਗ੍ਰਾਮ ਤੋਂ ਬਚਣ ਦਾ ਕੋਈ ਰਸਤਾ ਨਾ ਦੇਖ ਕੇ ਮਮਤਾ ਨੇ ਇਹ ਨਾਟਕ ਕੀਤਾ ਹੈ।''

''ਉਹ ਨੰਦੀਗ੍ਰਾਮ ਵਿੱਚ ਵੀ ਹਾਰਨਗੇ ਤੇ ਬੰਗਾਲ ਵਿੱਚ ਵੀ। ਖੰਬੇ ਨਾਲ ਟਕਰਾਅ ਕੇ ਮੁੱਖ ਮੰਤਰੀ ਭਾਜਪਾ 'ਤੇ ਇਸ ਦਾ ਦੋਸ਼ ਲਾ ਰਹੀ ਹੈ।"

ਦੂਜੇ ਪਾਸੇ, ਮਮਤਾ ਦੇ ਵਿਰੋਧੀ ਮੰਨੇ ਜਾਣ ਵਾਲੇ ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਚੌਧਰੀ ਨੇ ਵੀ ਮਮਤਾ ਦੇ ਨਾਲ ਹੋਈ ਘਟਨਾ ਨੂੰ ਪਖੰਡ ਦੱਸਿਆ ਸੀ।

ਉਸ ਦੇ ਬਾਅਦ ਖਬਰਾਂ ਆਈਆਂ ਕਿ ਉਨ੍ਹਾਂ ਨੂੰ ਲੋਕ ਸਭਾ ਵਿੱਚ ਕਾਂਗਰਸ ਦੇ ਦਲ ਦੇ ਨੇਤਾ ਦੀ ਜ਼ਿੰਮੇਵਾਰੀ ਤੋਂ ਕੁਝ ਸਮੇ ਲਈ ਹਟਾ ਦਿੱਤਾ ਗਿਆ ਹੈ। ਹਾਲਾਂਕਿ ਕਾਂਗਰਸ ਨੇ ਚੋਣਾਂ ਦੀ ਤਿਆਰੀ ਨੂੰ ਇਸ ਦਾ ਕਾਰਨ ਦੱਸਿਆ। ਪਰ ਪੱਛਮੀ ਬੰਗਾਲ ਦੇ ਰਾਜਨੀਤਿਕ ਹਲਕਿਆਂ ਵਿੱਚ ਇਸ ਫੈਸਲੇ ਨੂੰ ਮਮਤਾ ਦੇ ਖਿਲਾਫ਼ ਉਨ੍ਹਾਂ ਦੀ ਟਿੱਪਣੀ ਨਾਲ ਜੋੜ ਕੇ ਦਿਖਿਆ ਜਾ ਰਿਹਾ ਹੈ।

ਮਮਤਾ 'ਤੇ ਕਥਿਤ ਹਮਲੇ ਦੇ ਖਿਲਾਫ਼ ਟੀਐਮਸੀ ਦੇ ਵਰਕਰਾਂ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਇਸੇ ਕਾਰਨ ਮਮਤਾ ਨੂੰ ਹਸਪਤਾਲ ਤੋਂ ਜਾਰੀ ਵੀਡੀਓ ਸੰਦੇਸ਼ ਵਿੱਚ ਟੀਐਮਸੀ ਦੇ ਵਰਕਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਨੀ ਪਈ।

ਮਮਤਾ ਨੇ ਕਿਹਾ ਹੈ ਕਿ ਉਹ ਛੇਤੀ ਹੀ ਮੈਦਾਨ ਵਿੱਚ ਉਤਰਨਗੇ। ਇਸ ਘਟਨਾ ਤੋਂ ਬਾਅਦ ਭਾਜਪਾ ਤੇ ਚੋਣ ਕਮਿਸ਼ਨ ਨਾਲ ਵੱਧ ਰਿਹਾ ਟਕਰਾਅ ਹੁਣ ਰਾਜਨੀਤੀ ਦੀ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ। ਦੋਵੇਂ ਰਾਜਨੀਤਿਕ ਦਲਾਂ ਨੇ ਚੋਣ ਕਮਿਸ਼ਨ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਤਾਂਕਿ ਹਕੀਕਤ ਸਾਹਮਣੇ ਆ ਸਕੇ।

ਪੂਰੇ ਮਾਮਲੇ ਦੀ ਜਾਂਚ ਜਾਰੀ

ਘਟਨਾ ਦੇ ਅਗਲੇ ਦਿਨ ਮੌਕੇ 'ਤੇ ਪਹੁੰਚੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਐੱਸਪੀ ਪ੍ਰਵੀਨ ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਕਿਹਾ, "ਮੌਕੇ 'ਤੇ ਬਹੁਤ ਭੀੜ ਸੀ ਤੇ ਕੋਈ ਸਾਫ ਫੁਟੇਜ ਵੀ ਮੌਜੂਦ ਨਹੀਂ ਹੈ। ਇਸ ਲਈ ਅਜੇ ਇਹ ਕਹਿਣਾ ਔਖਾ ਹੈ ਕਿ ਘਟਨਾ ਦਾ ਕਾਰਨ ਕੀ ਸੀ।"

ਸੂਬੇ ਦੇ ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਐੱਸਪੀ ਨੇ ਡੀਜੀਪੀ ਨੂੰ ਜੋ ਸ਼ੁਰੂਆਤੀ ਰਿਪੋਰਟ ਭੇਜੀ ਹੈ ਉਸ ਵਿੱਚ ਇਸ ਘਟਨਾ ਦਾ ਹਾਦਸਾ ਹੋਣ ਦਾ ਸੰਕੇਤ ਹੈ। ਪਰ ਅਜੇ ਪੂਰੀ ਰਿਪੋਰਟ ਨਹੀਂ ਮਿਲੀ ਹੈ।

ਮਮਤਾ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਐੱਸਐੱਸਕੇਐੱਮ ਹਸਪਤਾਲ ਦੇ ਡਾਇਰੈਕਟਰ ਮਣੀਮਯ ਬੈਨਰਜੀ ਨੇ ਵੀਰਵਾਰ ਸ਼ਾਮ ਨੂੰ ਦੱਸਿਆ ਸੀ, "ਉਨ੍ਹਾਂ ਦੇ ਖੱਬੇ ਪੈਰ ਦੀ ਹੱਡੀ ਵਿੱਚ ਸੱਟ ਵੱਜੀ ਹੈ। ਨਾਲ ਹੀ ਸੋਡੀਅਮ ਦਾ ਪੱਧਰ ਵੀ ਘੱਟ ਹੈ। ਅਸੀਂ ਉਨ੍ਹਾਂ ਦੀ ਹਾਲਤ ਦੀ ਜਾਂਚ ਕਰ ਰਹੇ ਹਾਂ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੱਡਣ ਬਾਰੇ ਫੈਸਲਾ ਕੀਤਾ ਜਾਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)