ਪੱਛਮੀ ਬੰਗਾਲ ਚੋਣਾਂ: ਮਮਤਾ ਬੈਨਰਜੀ ਨੇ ਕਿਹਾ, ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਨਾਮ ਮੋਦੀ ਦੇ ਨਾਮ 'ਤੇ ਰੱਖਿਆ ਜਾਵੇਗਾ - ਪ੍ਰੈੱਸ ਰਿਵੀਊ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਵਿਡ-19 ਟੀਕਾਕਰਨ ਦੇ ਸਰਟੀਫਿਕੇਟਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ 'ਤੇ ਤੰਜ਼ ਕੱਸਿਆ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਮਮਤਾ ਬੈਨਰਜੀ ਨੇ ਕਿਹਾ, "ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਨਾਮ ਵੀ ਉਨ੍ਹਾਂ ਦੇ ਨਾਮ 'ਤੇ ਹੋਵੇਗਾ।"

ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਦੇ ਨਾਮ 'ਤੇ ਸਟੇਡੀਅਮ ਬਣ ਗਿਆ। ਉਨ੍ਹਾਂ ਨੇ ਕੋਵਿਡ-19 ਦੇ ਸਰਟੀਫਿਕੇਟਾਂ 'ਤੇ ਆਪਣੀ ਤਸਵੀਰ ਲਗਾਈ ਹੈ। ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਦੇਸ਼ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਹੋ ਜਾਵੇਗਾ।"

ਕੌਮਾਂਤਰੀ ਔਰਤ ਦਿਹਾੜੇ ਮੌਕੇ ਕੋਲਕਾਤਾ ਵਿੱਚ ਟੀਐੱਮਸੀ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਪੱਛਮੀ ਬੰਗਾਲ ਦੀ ਸੱਤਾ 'ਤੇ ਮੁੜ ਕਾਬਜ਼ ਹੋਣਗੇ।

ਇਹ ਵੀ ਪੜ੍ਹੋ:-

ਕੇਜਰੀਵਾਲ ਵੱਲੋਂ ਬੇਬੇ ਮਹਿੰਦਰ ਕੌਰ ਦਾ ਸਨਮਾਨ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਸ਼ਕਲ ਹਾਲਾਤ ਵਿੱਚ ਦਲੇਰਾਨਾ ਤੇ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਸਨਮਾਨਿਆ।

ਉਨ੍ਹਾਂ ਇਸ ਮੌਕੇ ਮਹਿੰਦਰ ਕੌਰ ਦੇ ਹੌਂਸਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਭਿਨੇਤਰੀ ਕੰਗਣਾ ਰਣੌਤ ਨੇ ਸੁਰਖੀਆਂ ਬਟੋਰਨ ਲਈ ਦਾਦੀ 'ਤੇ ਟਵੀਟ ਕੀਤਾ ਪਰ ਦਾਦੀ ਅਜੇ ਵੀ ਖੇਤਾਂ ਵਿੱਚ ਕੰਮ ਕਰਦੀ ਹੈ ਅਤੇ ਜਦੋਂ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਮੈਦਾਨ ਵਿੱਚ ਆਉਂਦੀ ਤੇ ਸੰਘਰਸ਼ ਵਿੱਚ ਹਿੱਸਾ ਲੈਂਦੀ ਹੈ।

ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਆਪਣੀ ਸ਼ਾਨਦਾਰ ਕਹਾਣੀ ਹੁੰਦੀ ਹੈ। ਆਮ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਵਿਸ਼ੇਸ਼ ਗੱਲਾਂ ਕੀਤੀਆਂ ਹਨ।

ਮੁੱਖ ਮੰਤਰੀ ਨੇ ਇੰਡੀਆ ਹੈਬੀਟੈਟ ਸੈਂਟਰ ਵਿੱਚ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਬੇਬੇ ਮਹਿੰਦਰ ਕੌਰ ਦੀ ਸਨਮਾਨ ਕੀਤਾ।

ਪੰਜਾਬ ਵਿੱਚ ਵਧ ਰਹ ਹਨ ਕੋਰੋਨਾ ਦੇ ਨਵੇਂ ਮਾਮਲੇ

ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 1239 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਜਨਵਰੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੈਡੀਕਲ ਬੁਲੇਟਿਨ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਇਸ ਦੇ ਨਾਲ ਕੋਰੋਨਾ ਦੇ ਕੇਸਾਂ ਦਾ ਅੰਕੜਾ ਵਧ ਕੇ 1,89,620 ਹੋ ਗਿਆ ਹੈ ਜਦ ਕਿ 14 ਹੋਰ ਮੌਤਾਂ ਵੀ ਸਾਹਮਣੇ ਆਈਆਂ ਹਨ, ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 5941 ਹੋ ਗਿਆ ਹੈ।

ਸੂਬੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 7,497 ਪਹੁੰਚ ਗਈ ਹੈ।

ਐੱਸਬੀਐੱਸ ਨਗਰ ਵਿੱਚ ਸਭ ਤੋਂ ਵੱਧ 217 ਨਵੇਂ ਮਾਮਲੇ ਸਾਹਮਣੇ ਆਏ, ਹੁਸ਼ਿਆਰਪੁਰ 200, ਜਲੰਧਰ 191 ਅਤੇ ਮੋਹਾਲੀ 107 ਕੇਸ ਸਾਹਮਣੇ ਆਏ ਹਨ।

ਸੁਪਰੀਮ ਕੋਰਟ ਆਪਣੇ 3 ਦਹਾਕੇ ਪੁਰਾਣੇ ਰਾਖਵੇਂਕਰਨ ਦੇ ਫ਼ੈਸਲੇ ਦੀ ਕਰੇਗੀ ਜਾਂਚ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਪਣਾ ਤਿੰਨ ਦਹਾਕੇ ਪੁਰਾਣਾ ਫੈਸਲਾ ਜਾਂਚਣ ਦਾ ਫ਼ੈਸਲਾ ਲਿਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਆਪਣੇ ਤਿੰਨ ਦਹਾਕੇ ਪੁਰਾਣੇ ਫੈਸਲੇ, ਜਿਸ ਵਿੱਚ ਹਾਸ਼ੀਆਗਤ ਲੋਕਾਂ ਨੂੰ ਨੌਕਰੀਆਂ ਅਤੇ ਸਿੱਖਿਅਕ ਸੰਸਥਾਨਾਂ ਵਿੱਚ ਗਰੀਬਾਂ ਲਈ 50 ਫੀਸਦ ਰਾਖਵਾਂਕਰਨ ਤੈਅ ਕੀਤਾ ਗਿਆ ਸੀ, ਇਸ ਦੀ ਘੋਖ ਕਰੇਗੀ।

ਸਾਲ 1992 ਵਿੱਚ ਤਿੰਨਾਂ ਜੱਜਾਂ ਦੀ ਬੈਂਚ ਨੇ ਨੌਕਰੀਆਂ ਤੇ ਸਿੱਖਿਆ ਵਿੱਚ 50 ਫੀਸਦ ਸੀਟਾਂ ਰਾਖਵੀਆਂ ਰੱਖੀਆਂ ਸੀ।

ਹਾਲਾਂਕਿ, ਸਾਲਾਂ ਬਾਅਦ ਕਈ ਸੂਬੇ ਜਿਵੇਂ ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਇਸ ਨੂੰ ਪਾਰ ਕਰਕੇ 60 ਫੀਸਦ ਰਾਖਵੇਂਕਰਨ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)